੨
ਸੁਲੇਮਾਨ ਨੂੰ ਦਾਊਦ ਦੀ ਆਖਰੀ ਆਗਿਆ
੧ ਜਦ ਦਾਊਦ ਦੇ ਮਰਨ ਦੇ ਦਿਨ ਨੇੜੇ ਆਏ, ਤਾਂ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਆਗਿਆ ਦਿੱਤੀ ੨ ਕਿ ਮੈਂ ਸਾਰੀ ਸਰਿਸ਼ਟੀ ਦੀ ਤਰ੍ਹਾਂ ਮਰਨ ਨੂੰ ਹਾਂ, ਤੂੰ ਤਕੜਾ ਹੋ ਤੇ ਮਰਦ ਬਣ । ੩ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨੂੰ ਮੰਨ ਕੇ ਉਹ ਦੇ ਮਾਰਗ ਉੱਤੇ ਚੱਲ ਅਤੇ ਉਹ ਦੀਆਂ ਬਿਧੀਆਂ, ਹੁਕਮਾਂ, ਨਿਯਮਾਂ, ਅਤੇ ਸਾਖੀਆਂ ਦੀ ਪਾਲਨਾ ਕਰ ਕੇ ਰਾਖੀ ਕਰ, ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੈ । ਇਸ ਕਾਰਨ ਤੂੰ ਉਸ ਸਾਰੇ ਕੰਮ ਵਿੱਚ ਜਿਹੜਾ ਤੂੰ ਕਰੇਂ ਅਤੇ ਉਸ ਸਭ ਕਾਸੇ ਵੱਲ ਜਿੱਧਰ ਤੂੰ ਮੂੰਹ ਕਰੇਂ, ਸਫ਼ਲ ਹੋਵੇਂਗਾ । ੪ ਜਿਸ ਕਰਕੇ ਯਹੋਵਾਹ ਆਪਣੇ ਉਸ ਬਚਨ ਉੱਤੇ ਬਣਿਆ ਰਹੇ, ਜੋ ਉਸ ਨੇ ਮੇਰੇ ਬਾਰੇ ਆਖਿਆ ਸੀ ਕਿ ਜੇਕਰ ਤੇਰੀ ਸੰਤਾਨ ਆਪਣੇ ਮਾਰਗ ਉੱਤੇ ਧਿਆਨ ਰੱਖੇ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਮੇਰੇ ਅੱਗੇ ਸਚਿਆਈ ਨਾਲ ਚਲੇ, ਤਾਂ ਤੇਰੇ ਵੰਸ਼ ਵਿੱਚ ਇਸਰਾਏਲ ਦੀ ਰਾਜ ਗੱਦੀ ਦੇ ਲਈ ਮਨੁੱਖ ਦੀ ਕਮੀ ਨਾ ਹੋਵੇਗੀ । ੫ ਤੂੰ ਜਾਣਦਾ ਵੀ ਹੈਂ, ਜੋ ਕੁਝ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਅਤੇ ਇਸਰਾਏਲ ਦੇ ਦੋਹਾਂ ਸੈਨਾਪਤੀਆਂ ਅਰਥਾਤ ਨੇਰ ਦੇ ਪੁੱਤਰ ਅਬਨੇਰ ਅਤੇ ਯਥਰ ਦੇ ਪੁੱਤਰ ਅਮਾਸਾ ਨਾਲ ਕੀਤਾ, ਜਿਨ੍ਹਾਂ ਨੂੰ ਉਸ ਨੇ ਵੱਢ ਸੁੱਟਿਆ ਅਤੇ ਸੁਲਾਹ ਦੇ ਵਿੱਚ ਯੁੱਧ ਦਾ ਲਹੂ ਵਹਾਇਆ ਅਤੇ ਯੁੱਧ ਦੇ ਲਹੂ ਨੂੰ ਆਪਣੀ ਪੇਟੀ ਉੱਤੇ ਜਿਹੜੀ ਉਹ ਦੇ ਲੱਕ ਨਾਲ ਸੀ ਅਤੇ ਆਪਣੀ ਜੁੱਤੀ ਉੱਤੇ ਜਿਹੜੀ ਉਹ ਦੇ ਪੈਰਾਂ ਵਿੱਚ ਸੀ, ਛਿੜਕਿਆ । ੬ ਤੂੰ ਆਪਣੀ ਬੁੱਧ ਦੇ ਅਨੁਸਾਰ ਕਰੀਂ ਅਤੇ ਉਹ ਦਾ ਧੋਲਾ ਸਿਰ ਸਲਾਮਤੀ ਨਾਲ ਅਧੋਲੋਕ ਵਿੱਚ ਨਾ ਜਾਣ ਦੇਵੀਂ । ੭ ਪਰ ਬਰਜ਼ਿੱਲਈ ਗਿਲਆਦੀ ਦੇ ਪੁੱਤਰਾਂ ਉੱਤੇ ਦਯਾ ਕਰੀਂ ਅਤੇ ਉਨ੍ਹਾਂ ਨੂੰ ਉਹਨਾਂ ਦੇ ਵਿੱਚ ਜੋ ਤੇਰੀ ਮੇਜ਼ ਵਿੱਚੋਂ ਖਾਂਦੇ ਹਨ ਰਲਾ ਦੇਈਂ, ਕਿਉਂ ਜੋ ਜਿਸ ਵੇਲੇ ਮੈਂ ਤੇਰੇ ਭਰਾ ਅਬਸ਼ਾਲੋਮ ਦੇ ਅੱਗੋਂ ਭੱਜਿਆ ਸੀ, ਤਾਂ ਉਹ ਉਵੇਂ ਹੀ ਮੇਰੇ ਕੋਲ ਆਏ ਸਨ । ੮ ਵੇਖ ਬਹੁਰੀਮ ਦੇ ਬਿਨਯਾਮੀਨੀ ਗੇਰਾ ਦਾ ਪੁੱਤਰ ਸ਼ਿਮਈ ਤੇਰੇ ਨਾਲ ਹੈ । ਜਿਸ ਦਿਨ ਮੈਂ ਮਹਨਇਮ ਨੂੰ ਜਾਂਦਾ ਸੀ, ਤਾਂ ਉਸ ਮੈਨੂੰ ਸੜਿਆ ਹੋਇਆ ਸਰਾਪ ਦਿੱਤਾ ਸੀ ਪਰ ਉਹ ਯਰਦਨ ਉੱਤੇ ਮੈਨੂੰ ਲੈਣ ਲਈ ਆਇਆ ਅਤੇ ਮੈਂ ਉਹ ਨੂੰ ਯਹੋਵਾਹ ਦੀ ਸਹੁੰ ਖਾ ਕੇ ਆਖਿਆ ਸੀ ਕਿ ਮੈਂ ਤੈਨੂੰ ਤਲਵਾਰ ਨਾਲ ਨਾ ਵੱਢਾਂਗਾ । ੯ ਹੁਣ ਤੂੰ ਉਸ ਨੂੰ ਸਜ਼ਾ ਦਿੱਤੇ ਬਿਨਾਂ ਨਾ ਛੱਡੀ ਕਿਉਂ ਜੋ ਤੂੰ ਬੁੱਧਵਾਨ ਮਨੁੱਖ ਹੈਂ ਅਤੇ ਜੋ ਕੁਝ ਉਸ ਦੇ ਨਾਲ ਕਰਨ ਦੀ ਜ਼ਰੂਰਤ ਹੈ ਉਸ ਨੂੰ ਤੂੰ ਜਾਣਦਾ ਹੈਂ, ਇਸ ਲਈ ਤੂੰ ਉਸ ਦਾ ਧੋਲਾ ਸਿਰ ਲਹੂ ਨਾਲ ਕਬਰ ਵਿੱਚ ਉਤਾਰੀ ।
ਦਾਊਦ ਦੀ ਮੌਤ
੧੦ ਦਾਊਦ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ । ੧੧ ਦਾਊਦ ਨੇ ਇਸਰਾਏਲ ਉੱਤੇ ਚਾਲ੍ਹੀ ਸਾਲ ਰਾਜ ਕੀਤਾ । ਸੱਤ ਸਾਲ ਉਸ ਨੇ ਹਬਰੋਨ ਵਿੱਚ ਰਾਜ ਕੀਤਾ ਅਤੇ ਤੇਤੀ ਸਾਲ ਉਸ ਨੇ ਯਰੂਸ਼ਲਮ ਵਿੱਚ ਰਾਜ ਕੀਤਾ । ੧੨ ਸੁਲੇਮਾਨ ਆਪਣੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬੈਠਾ ਅਤੇ ਉਸ ਦਾ ਰਾਜ ਬਹੁਤ ਹੀ ਦ੍ਰਿੜ ਹੋ ਗਿਆ ।
ਅਦੋਨੀਯਾਹ ਮੌਤ ਦੀ ਸਜ਼ਾ
੧੩ ਇਸ ਤੋਂ ਬਾਅਦ ਹਗੀਥ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਤਾ ਬਥ-ਸ਼ਬਾ ਕੋਲ ਆਇਆ । ਅੱਗੋਂ ਉਸ ਨੇ ਆਖਿਆ, ਤੂੰ ਸੁਲਾਹ ਨਾਲ ਆਇਆ ਹੈਂ ? ਤਾਂ ਉਸ ਨੇ ਉੱਤਰ ਦਿੱਤਾ, ਸੁਲਾਹ ਨਾਲ । ੧੪ ਫਿਰ ਉਸ ਨੇ ਆਖਿਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈਂ ? ਉਸ ਆਖਿਆ, ਬੋਲ । ੧੫ ਤਦ ਉਸ ਨੇ ਆਖਿਆ, ਤੂੰ ਜਾਣਦੀ ਹੈਂ ਕਿ ਰਾਜ ਤਾਂ ਮੇਰਾ ਸੀ ਅਤੇ ਉਸ ਵੇਲੇ ਸਾਰੇ ਇਸਰਾਏਲ ਦਾ ਮੂੰਹ ਮੇਰੇ ਉੱਤੇ ਸੀ ਕਿ ਮੈਂ ਰਾਜ ਕਰਾਂ, ਪਰ ਰਾਜ ਉਲਟ ਗਿਆ ਅਤੇ ਮੇਰੇ ਭਰਾ ਦਾ ਹੋ ਗਿਆ, ਕਿਉਂ ਜੋ ਉਹ ਯਹੋਵਾਹ ਦੀ ਵੱਲੋਂ ਉਹ ਦਾ ਹੀ ਸੀ । ੧੬ ਹੁਣ ਮੈਂ ਤੇਰੇ ਕੋਲੋਂ ਇੱਕ ਗੱਲ ਮੰਗਦਾ ਹਾਂ । ਤੂੰ ਮੈਨੂੰ ਨਾਂਹ ਨਾ ਕਰੀਂ । ਉਸ ਨੇ ਆਖਿਆ, ਬੋਲ । ੧੭ ਤਦ ਉਸ ਨੇ ਆਖਿਆ, ਦਯਾ ਕਰਕੇ ਸੁਲੇਮਾਨ ਪਾਤਸ਼ਾਹ ਨੂੰ ਆਖ ਕਿ ਉਹ ਅਬੀਸ਼ਗ ਸ਼ੂਨੰਮੀ ਨੂੰ ਮੇਰੀ ਪਤਨੀ ਹੋਣ ਲਈ ਦੇਵੇ, ਕਿਉਂ ਜੋ ਉਹ ਤੇਰੀ ਗੱਲ ਨਾ ਮੋੜੇਗਾ । ੧੮ ਬਥ-ਸ਼ਬਾ ਆਖਿਆ, ਚੰਗਾ ਮੈਂ ਤੇਰੇ ਬਾਰੇ ਪਾਤਸ਼ਾਹ ਨਾਲ ਗੱਲ ਕਰਾਂਗੀ । ੧੯ ਬਥ-ਸ਼ਬਾ ਸੁਲੇਮਾਨ ਪਾਤਸ਼ਾਹ ਕੋਲ ਅੰਦਰ ਗਈ ਕਿ ਅਦੋਨੀਯਾਹ ਲਈ ਉਹ ਦੇ ਨਾਲ ਗੱਲ ਕਰੇ, ਤਾਂ ਪਾਤਸ਼ਾਹ ਉਸ ਦੇ ਮਿਲਣ ਲਈ ਉੱਠ ਖੜ੍ਹਾ ਹੋਇਆ ਅਤੇ ਉਸ ਨੂੰ ਮੱਥਾ ਟੇਕਿਆ, ਅਤੇ ਆਪਣੀ ਰਾਜ ਗੱਦੀ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ । ਉਹ ਉਹ ਦੇ ਸੱਜੇ ਪਾਸੇ ਵੱਲ ਬੈਠ ਗਈ । ੨੦ ਅੱਗੋਂ ਉਸ ਆਖਿਆ, ਮੈਂ ਤੇਰੇ ਕੋਲੋਂ ਇੱਕ ਛੋਟੀ ਜਿਹੀ ਮੰਗ ਮੰਗਦੀ ਹਾਂ । ਮੈਨੂੰ ਖਾਲੀ ਨਾ ਮੋੜੀ ਤਾਂ ਪਾਤਸ਼ਾਹ ਨੇ ਆਖਿਆ, ਮਾਤਾ ਜੀ ਮੰਗੋ ਮੈਂ ਤੁਹਾਡੇ ਬੋਲ ਨੂੰ ਨਾ ਮੋੜਾਂਗਾ । ੨੧ ਉਸ ਨੇ ਆਖਿਆ ਕਿ ਅਬੀਸ਼ਗ ਸ਼ੂਨੰਮੀ ਨੂੰ ਆਪਣੇ ਭਰਾ ਅਦੋਨੀਯਾਹ ਦੀ ਪਤਨੀ ਹੋਣ ਲਈ ਦੇ ਦੇ । ੨੨ ਸੁਲੇਮਾਨ ਪਾਤਸ਼ਾਹ ਨੇ ਉੱਤਰ ਦੇ ਕੇ ਆਪਣੀ ਮਾਤਾ ਜੀ ਨੂੰ ਆਖਿਆ, ਤੂੰ ਅਦੋਨੀਯਾਹ ਲਈ ਅਬੀਸ਼ਗ ਸ਼ੂਨੰਮੀ ਨੂੰ ਹੀ ਕਿਉਂ ਮੰਗਦੀ ਹੈਂ ? ਸਗੋਂ ਉਸ ਦੇ ਲਈ ਰਾਜ ਵੀ ਮੰਗ ਕਿਉਂ ਜੋ ਉਹ ਮੇਰਾ ਵੱਡਾ ਭਰਾ ਹੈ, ਸਗੋਂ ਉਹ ਦੇ ਲਈ ਅਤੇ ਅਬਯਾਥਾਰ ਜਾਜਕ ਅਤੇ ਸਰੂਯਾਹ ਦੇ ਪੁੱਤਰ ਯੋਆਬ ਲਈ ਵੀ । ੨੩ ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੀ ਸਹੁੰ ਖਾ ਕੇ ਆਖਿਆ, ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ ਸਗੋਂ ਇਸ ਤੋਂ ਵੀ ਵੱਧ । ੨੪ ਹੁਣ ਜੀਉਂਦੇ ਯਹੋਵਾਹ ਦੀ ਸਹੁੰ ਜਿਸ ਮੈਨੂੰ ਕਾਇਮ ਕੀਤਾ ਹੈ, ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਬਚਨ ਅਨੁਸਾਰ ਇੱਕ ਘਰ ਬਣਾਇਆ ਹੈ, ਅਦੋਨੀਯਾਹ ਅੱਜ ਦੇ ਦਿਨ ਹੀ ਵੱਢਿਆ ਜਾਵੇਗਾ । ੨੫ ਸੁਲੇਮਾਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਅਤੇ ਉਹ ਨੇ ਜਾ ਕੇ ਉਸ ਉੱਤੇ ਅਜਿਹਾ ਹਮਲਾ ਕੀਤਾ ਕਿ ਉਹ ਮਰ ਗਿਆ ।
ਅਬਯਾਥਾਰ ਨੂੰ ਹਟਾਉਣਾ
੨੬ ਫੇਰ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਆਖਿਆ ਕਿ ਤੂੰ ਅਨਾਥੋਥ ਨੂੰ ਆਪਣੇ ਖੇਤਾਂ ਵੱਲ ਚੱਲਾ ਜਾ, ਕਿਉਂ ਜੋ ਤੂੰ ਮਰਨ ਜੋਗ ਮਨੁੱਖ ਹੈ ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਦਾ ਕਿਉਂ ਜੋ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਯਹੋਵਾਹ ਪ੍ਰਭੂ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਤੂੰ ਉਨ੍ਹਾਂ ਸਭਨਾਂ ਦੁੱਖਾਂ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ । ੨੭ ਸੁਲੇਮਾਨ ਨੇ ਅਬਯਾਥਾਰ ਨੂੰ ਕੱਢ ਦਿੱਤਾ ਕਿ ਉਹ ਯਹੋਵਾਹ ਦਾ ਜਾਜਕ ਨਾ ਰਹੇ ਇਸ ਲਈ ਕਿ ਉਹ ਯਹੋਵਾਹ ਦਾ ਉਹ ਬਚਨ ਪੂਰਾ ਕਰੇ, ਜਿਹੜਾ ਉਸ ਨੂੰ ਸ਼ੀਲੋਹ ਵਿੱਚ ਏਲੀ ਦੇ ਘਰਾਣੇ ਦੇ ਦੁਆਰਾ ਬੋਲਿਆ ਸੀ ।
ਯੋਆਬ ਨੂੰ ਮੌਤ ਦੀ ਸਜ਼ਾ
੨੮ ਇਹ ਖ਼ਬਰ ਯੋਆਬ ਤੱਕ ਪਹੁੰਚੀ, ਕਿਉਂ ਜੋ ਯੋਆਬ ਅਦੋਨੀਯਾਹ ਦੇ ਪਿੱਛੇ ਤਾਂ ਲੱਗਾ ਹੀ ਸੀ, ਭਾਵੇਂ ਉਹ ਅਬਸ਼ਾਲੋਮ ਦੇ ਪਿੱਛੇ ਨਹੀਂ ਸੀ ਲੱਗਾ । ਯੋਆਬ ਯਹੋਵਾਹ ਦੇ ਤੰਬੂ ਵੱਲ ਨੂੰ ਭੱਜਾ ਅਤੇ ਜਗਵੇਦੀ ਦੇ ਸਿੰਙਾਂ ਨੂੰ ਘੁੱਟ ਕੇ ਜਾ ਫੜਿਆ । ੨੯ ਸੁਲੇਮਾਨ ਨੇ ਪਾਤਸ਼ਾਹ ਨੂੰ ਦੱਸਿਆ ਗਿਆ ਕਿ ਯੋਆਬ ਯਹੋਵਾਹ ਦੇ ਤੰਬੂ ਨੂੰ ਭੱਜ ਗਿਆ ਹੈ ਅਤੇ ਵੇਖੋ ਉਹ ਜਗਵੇਦੀ ਦੇ ਕੋਲ ਹੈ, ਤਾਂ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਕਿ ਉਸ ਉੱਤੇ ਜਾ ਪਓ । ੩੦ ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਗਿਆ ਅਤੇ ਉਸ ਨੂੰ ਆਖਿਆ ਕਿ ਪਾਤਸ਼ਾਹ ਇਸ ਤਰ੍ਹਾਂ ਆਖਦਾ ਹੈ ਕਿ ਨਿੱਕਲ ਆ । ਅੱਗੋਂ ਉਸ ਨੇ ਆਖਿਆ, ਨਹੀਂ, ਮੈਂ ਤਾਂ ਇੱਥੇ ਹੀ ਮਰਾਂਗਾ । ਫੇਰ ਇਸ ਗੱਲ ਲਈ ਬਨਾਯਾਹ ਪਾਤਸ਼ਾਹ ਵੱਲ ਮੁੜ ਆਇਆ ਅਤੇ ਆਖਿਆ, ਯੋਆਬ ਇਸ ਤਰ੍ਹਾਂ ਬੋਲਿਆ ਹੈ ਅਤੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ । ੩੧ ਪਾਤਸ਼ਾਹ ਨੇ ਉਹ ਨੂੰ ਆਖਿਆ, ਉਸ ਦੇ ਬੋਲ ਅਨੁਸਾਰ ਕਰ ਅਤੇ ਉਸ ਦੇ ਉੱਤੇ ਜਾ ਪਓ ਪਰ ਉਸ ਨੂੰ ਦੱਬ ਦੇਵੀਂ ਅਤੇ ਉਨ੍ਹਾਂ ਬੇਦੋਸ਼ਿਆਂ ਦੇ ਖ਼ੂਨ ਨੂੰ ਜੋ ਯੋਆਬ ਨੇ ਵਹਾਇਆ ਮੇਰੇ ਤੋਂ ਅਤੇ ਮੇਰੇ ਪਿਤਾ ਦੇ ਘਰ ਤੋਂ ਮਿਟਾ ਦੇਵੀਂ । ੩੨ ਯਹੋਵਾਹ ਉਸ ਦਾ ਖ਼ੂਨ ਉਸ ਦੇ ਸਿਰ ਉੱਤੇ ਰੱਖੇ, ਕਿਉਂ ਜੋ ਉਹ ਦੋਂਹਾਂ ਮਨੁੱਖਾਂ ਉੱਤੇ ਜਾ ਪਿਆ ਜਿਹੜੇ ਉਸ ਨਾਲੋਂ ਵੱਧ ਸੱਚੇ ਅਤੇ ਭਲੇ ਸਨ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ ਸੀ ਅਤੇ ਮੇਰੇ ਪਿਤਾ ਦਾਊਦ ਨੂੰ ਨਾ ਦੱਸਿਆ ਗਿਆ, ਅਰਥਾਤ ਨੇਰ ਦਾ ਪੁੱਤਰ ਅਬਨੇਰ ਜੋ ਇਸਰਾਏਲ ਦਾ ਸੈਨਾਪਤੀ ਸੀ ਅਤੇ ਯਥਰ ਦਾ ਪੁੱਤਰ ਅਮਾਸਾ ਜੋ ਯਹੂਦਾਹ ਦਾ ਸੈਨਾਪਤੀ ਸੀ । ੩੩ ਇਸ ਲਈ ਉਨ੍ਹਾਂ ਦਾ ਖ਼ੂਨ ਯੋਆਬ ਦੇ ਸਿਰ ਉੱਤੇ ਅਤੇ ਉਸ ਦੀ ਅੰਸ ਦੇ ਸਿਰ ਉੱਤੇ ਸਦਾ ਤੱਕ ਰਹੇ, ਪਰ ਦਾਊਦ ਉੱਤੇ, ਉਹ ਦੀ ਅੰਸ ਉੱਤੇ, ਉਹ ਦੇ ਘਰ ਉੱਤੇ ਅਤੇ ਉਹ ਦੀ ਰਾਜਗੱਦੀ ਉੱਤੇ ਸਦਾ ਤੱਕ ਯਹੋਵਾਹ ਵੱਲੋਂ ਸੁੱਖ-ਸਾਂਦ ਰਹੇਗੀ । ੩੪ ਯਹੋਯਾਦਾ ਦਾ ਪੁੱਤਰ ਬਨਾਯਾਹ ਉਤਾਹਾਂ ਚੜ੍ਹ ਗਿਆ, ਉਸ ਦੇ ਉੱਤੇ ਹਮਲਾ ਕਰਕੇ ਉਸ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਉਸੇ ਦੇ ਘਰ ਵਿੱਚ ਦੱਬ ਦਿੱਤਾ । ੩੫ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਪਾਤਸ਼ਾਹ ਨੇ ਉਸ ਦੇ ਥਾਂ ਸੈਨਾਪਤੀ ਬਣਾਇਆ ਅਤੇ ਸਾਦੋਕ ਜਾਜਕ ਨੂੰ ਪਾਤਸ਼ਾਹ ਨੇ ਅਬਯਾਥਾਰ ਦਾ ਥਾਂ ਦਿੱਤਾ ।
ਸ਼ਿਮਈ ਨੂੰ ਮੌਤ ਦੀ ਸਜ਼ਾ
੩੬ ਫੇਰ ਪਾਤਸ਼ਾਹ ਨੇ ਸ਼ਿਮਈ ਨੂੰ ਸੱਦਾ ਭੇਜਿਆ ਅਤੇ ਉਹ ਨੂੰ ਆਖਿਆ, ਤੂੰ ਯਰੂਸ਼ਲਮ ਵਿੱਚ ਇੱਕ ਘਰ ਬਣਾ ਕੇ ਉੱਥੇ ਹੀ ਰਹਿ ਅਤੇ ਉੱਥੋਂ ਕਿਤੇ ਬਾਹਰ ਨਾ ਜਾਈਂ । ੩੭ ਕਿਉਂ ਜੋ ਅਜਿਹਾ ਹੋਵੇਗਾ ਕਿ ਜਿਸ ਦਿਨ ਤੂੰ ਬਾਹਰ ਨਿੱਕਲ ਕੇ ਕਿਦਰੋਨ ਦੀ ਵਾਦੀ ਤੋਂ ਲੰਘੇਗਾ, ਤਾਂ ਤੂੰ ਸੱਚਮੁੱਚ ਚੇਤੇ ਰੱਖੀਂ ਕਿ ਤੂੰ ਮਾਰਿਆ ਜਾਵੇਂਗਾ ਅਤੇ ਤੇਰਾ ਖ਼ੂਨ ਤੇਰੇ ਹੀ ਸਿਰ ਉੱਤੇ ਹੋਵੇਗਾ । ੩੮ ਸ਼ਿਮਈ ਨੇ ਪਾਤਸ਼ਾਹ ਨੂੰ ਆਖਿਆ, ਸੱਚ ਬਚਨ । ਜਿਵੇਂ ਮੇਰੇ ਮਾਲਕ ਪਾਤਸ਼ਾਹ ਨੇ ਆਖਿਆ, ਤਿਵੇਂ ਹੀ ਤੁਹਾਡਾ ਸੇਵਕ ਕਰੇਗਾ । ਸ਼ਿਮਈ ਬਹੁਤ ਦਿਨਾਂ ਤੱਕ ਯਰੂਸ਼ਲਮ ਵਿੱਚ ਟਿਕਿਆ ਰਿਹਾ । ੩੯ ਤੀਜੇ ਸਾਲ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਗਥ ਦੇ ਰਾਜਾ ਮਆਕਾਹ ਦੇ ਪੁੱਤਰ ਅਕੀਸ਼ ਦੇ ਕੋਲ ਭੱਜ ਗਏ, ਤਦ ਸ਼ਿਮਈ ਨੂੰ ਦੱਸਿਆ ਗਿਆ ਕਿ ਵੇਖ ਤੇਰੇ ਸੇਵਕ ਗਥ ਵਿੱਚ ਹਨ । ੪੦ ਸ਼ਿਮਈ ਨੇ ਉੱਠ ਕੇ ਆਪਣੇ ਖੋਤੇ ਉੱਤੇ ਕਾਠੀ ਪਾਈ ਅਤੇ ਆਪਣੇ ਸੇਵਕਾਂ ਦੀ ਖ਼ੋਜ ਵਿੱਚ ਗਥ ਵਿੱਚ ਅਕੀਸ਼ ਨੂੰ ਗਿਆ । ਇਸ ਤੋਂ ਬਾਅਦ ਸ਼ਿਮਈ ਗਿਆ ਅਤੇ ਗਥ ਸ਼ਹਿਰ ਤੋਂ ਆਪਣੇ ਸੇਵਕਾਂ ਨੂੰ ਮੋੜ ਲਿਆਇਆ । ੪੧ ਤਦ ਸੁਲੇਮਾਨ ਨੂੰ ਦੱਸਿਆ ਗਿਆ ਕਿ ਸ਼ਿਮਈ ਯਰੂਸ਼ਲਮ ਵਿੱਚੋਂ ਗਥ ਨੂੰ ਗਿਆ ਅਤੇ ਮੁੜ ਆਇਆ । ੪੨ ਪਾਤਸ਼ਾਹ ਨੇ ਸ਼ਿਮਈ ਨੂੰ ਸੱਦ ਭੇਜਿਆ ਅਤੇ ਉਹ ਨੂੰ ਆਖਿਆ ਕੀ ਮੈਂ ਤੈਨੂੰ ਯਹੋਵਾਹ ਦੀ ਸਹੁੰ ਨਹੀਂ ਖਵਾਈ ਸੀ ਅਤੇ ਤੈਨੂੰ ਸਖ਼ਤੀ ਨਾਲ ਨਹੀਂ ਸੀ ਆਖਿਆ ਕਿ ਤੂੰ ਸੱਚ ਜਾਣੀ ਕਿ ਜਿਸ ਦਿਨ ਤੂੰ ਬਾਹਰ ਜਾਵੇਂਗਾ, ਉਸ ਦਿਨ ਤੂੰ ਸੱਚ-ਮੁੱਚ ਮਾਰਿਆ ਜਾਵੇਂਗਾ ? ਅਤੇ ਤੂੰ ਮੈਨੂੰ ਆਖਿਆ ਸੱਚ ਬਚਨ । ਮੈਂ ਗੱਲ ਸੁਣ ਲਈ ਹੈ । ੪੩ ਫੇਰ ਤੂੰ ਕਿਉਂ ਯਹੋਵਾਹ ਦੀ ਸਹੁੰ ਦੀ ਪਾਲਨਾ ਨਾ ਕੀਤੀ ਅਤੇ ਉਸ ਹੁਕਮ ਉੱਤੇ ਜਿਹੜਾ ਮੈਂ ਤੈਨੂੰ ਦਿੱਤਾ ਸੀ ਨਾ ਚੱਲਿਆ ? ੪੪ ਤਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, ਤੂੰ ਉਸ ਸਾਰੀ ਬੁਰਿਆਈ ਨੂੰ ਜਾਣਦਾ ਹੈਂ ਜਿਹੜੀ ਤੇਰੇ ਮਨ ਵਿੱਚ ਹੈ ਅਤੇ ਜਿਹੜੀ ਤੂੰ ਮੇਰੇ ਪਿਤਾ ਦਾਊਦ ਨਾਲ ਕੀਤੀ, ਯਹੋਵਾਹ ਉਸ ਬੁਰਿਆਈ ਨੂੰ ਤੇਰੇ ਸਿਰ ਮੋੜ ਲਿਆਵੇਗਾ । ੪੫ ਪਰ ਸੁਲੇਮਾਨ ਪਾਤਸ਼ਾਹ ਮੁਬਾਰਕ ਹੋਵੇਗਾ ਅਤੇ ਦਾਊਦ ਦੀ ਰਾਜ ਗੱਦੀ ਯਹੋਵਾਹ ਅੱਗੇ ਸਦਾ ਤੱਕ ਕਾਇਮ ਰਹੇਗੀ । ੪੬ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, ਤਾਂ ਉਹ ਬਾਹਰ ਗਿਆ ਅਤੇ ਉਸ ਉੱਤੇ ਹਮਲਾ ਕੀਤਾ ਕਿ ਉਹ ਮਰ ਗਿਆ, ਸੋ ਰਾਜ ਸੁਲੇਮਾਨ ਦੇ ਹੱਥ ਵਿੱਚ ਪੱਕਾ ਹੋ ਗਿਆ ।