੭
ਸੁਲੇਮਾਨ ਦਾ ਮਹਿਲ
੧ ਸੁਲੇਮਾਨ ਨੇ ਆਪਣੇ ਮਹਿਲ ਨੂੰ ਤੇਰਾਂ ਸਾਲਾਂ ਵਿੱਚ ਬਣਾਇਆ ਅਤੇ ਸਾਰੇ ਮਹਿਲ ਨੂੰ ਸੰਪੂਰਨ ਕੀਤਾ । ੨ ਉਸ ਨੇ “ਲਬਾਨੋਨ ਬਣ ਦੀ ਲੱਕੜ ਨਾਲ ਮਹਿਲ” ਬਣਾਇਆ ਜਿਹ ਦੀ ਲੰਬਾਈ ਸੌ ਹੱਥ, ਚੁੜਾਈ ਪੰਜਾਹ ਹੱਥ ਅਤੇ ਉਚਾਈ ਤੀਹ ਹੱਥ ਦੀ ਸੀ ਅਤੇ ਉਹ ਦਿਆਰ ਦੇ ਥੰਮਾਂ ਦੀਆਂ ਚਾਰ ਕਤਾਰਾਂ ਉੱਤੇ ਸੀ ਅਤੇ ਥੰਮਾਂ ਦੇ ਉੱਤੇ ਦਿਆਰ ਦੇ ਸ਼ਤੀਰ ਸਨ । ੩ ਉਹ ਬਾਲਿਆਂ ਦੇ ਉੱਪਰਲੀ ਵੱਲੋਂ ਦਿਆਰ ਨਾਲ ਢੱਕਿਆ ਗਿਆ ਜਿਹੜੇ ਪੰਤਾਲੀਆਂ ਥੰਮਾਂ ਉੱਤੇ ਸਨ ਅਤੇ ਇੱਕ-ਇੱਕ ਕਤਾਰ ਵਿੱਚ ਪੰਦਰਾਂ ਪੰਦਰਾਂ ਸਨ । ੪ ਤਿੰਨ ਕਤਾਰਾਂ ਚੁਗਾਠਾਂ ਦੀਆਂ ਸਨ ਅਤੇ ਖਿੜਕੀਆਂ ਆਹਮੋ ਸਾਹਮਣੇ ਤਿੰਨ ਸਤਰਾਂ ਵਿੱਚ ਸਨ । ੫ ਸਾਰੇ ਦਰਵਾਜ਼ੇ ਅਤੇ ਚੁਗਾਠਾਂ ਚੌਰਸ ਸਨ ਅਤੇ ਖਿੜਕੀਆਂ ਆਹਮੋ ਸਾਹਮਣੇ ਤਿੰਨ ਮੰਜਿਲਾਂ ਵਿੱਚ ਸਨ । ੬ ਉਸ ਨੇ ਥੰਮਾਂ ਦਾ ਇੱਕ ਦਲਾਨ ਬਣਾਇਆ ਜਿਸ ਦੀ ਲੰਬਾਈ ਪੰਜਾਹ ਹੱਥ, ਚੁੜਾਈ ਤੀਹ ਹੱਥ ਅਤੇ ਇੱਕ ਦਲਾਨ ਉਸ ਦੇ ਸਾਹਮਣੇ ਸੀ ਅਤੇ ਉਨ੍ਹਾਂ ਦੇ ਅੱਗੇ ਥੰਮ੍ਹ ਅਤੇ ਇੱਕ ਚਬੂਤਰਾ ਸੀ । ੭ ਉਸ ਨੇ ਇੱਕ ਦਲਾਨ ਰਾਜਗੱਦੀ ਲਈ ਬਣਾਇਆ ਜਿੱਥੇ ਉਹ ਨਿਆਂ ਕਰਦਾ ਸੀ ਅਰਥਾਤ ਨਿਆਂ ਦਾ ਦਲਾਨ ਅਤੇ ਉਹ ਥੱਲਿਓਂ ਛੱਤ ਤੱਕ ਦਿਆਰ ਨਾਲ ਢੱਕਿਆ ਗਿਆ । ੮ ਉਸ ਦਾ ਮਹਿਲ ਜਿੱਥੇ ਉਹ ਰਹਿੰਦਾ ਸੀ ਅਤੇ ਚੌਂਕ ਜਿਹੜਾ ਮਹਿਲ ਦੇ ਦਲਾਨ ਦੇ ਪਛਵਾੜੇ ਸੀ ਉਹ ਉੱਸੇ ਕਾਰੀਗਰੀ ਦਾ ਸੀ ਅਤੇ ਉਸ ਨੇ ਇੱਕ ਮਹਿਲ ਫਿਰਊਨ ਦੀ ਧੀ ਲਈ ਬਣਾਇਆ ਜਿਸ ਨੂੰ ਸੁਲੇਮਾਨ ਨੇ ਵਿਆਹ ਲਿਆ ਸੀ । ਉਹ ਇਸੇ ਦਲਾਨ ਵਰਗਾ ਸੀ । ੯ ਇਹ ਸਾਰੇ ਅੰਦਰੋਂ ਬਾਹਰੋਂ ਬਹੁਮੁੱਲੇ ਪੱਥਰਾਂ ਦੇ ਸਨ ਜਿਨ੍ਹਾਂ ਦੀ ਘੜਤ ਮਿਣਤੀ ਦੇ ਅਨੁਸਾਰ ਸੀ ਅਤੇ ਆਰੇ ਨਾਲ ਚੀਰੇ ਹੋਏ ਸਨ ਅਰਥਾਤ ਨਿਉਂ ਤੋਂ ਲੈ ਕੇ ਛੱਜੇ ਤੱਕ ਅਤੇ ਬਾਹਰ ਵੱਡੇ ਵਿਹੜੇ ਤੱਕ । ੧੦ ਨਿਉਂ ਬਹੁਮੁੱਲੇ ਪੱਥਰਾਂ ਦੀ ਅਤੇ ਵੱਡੇ-ਵੱਡੇ ਪੱਥਰਾਂ ਦੀ ਸੀ ਅਰਥਾਤ ਦਸ ਹੱਥ ਦੇ ਪੱਥਰ ਅਤੇ ਅੱਠ ਹੱਥ ਦੇ ਪੱਥਰ । ੧੧ ਉੱਤੇ ਵੀ ਬਹੁਮੁੱਲੇ ਅਤੇ ਮਿਣਤੀ ਅਨੁਸਾਰ ਘੜੇ ਹੋਏ ਪੱਥਰ ਸਨ ਨਾਲੇ ਦਿਆਰ ਸੀ । ੧੨ ਵੱਡੇ ਵਿਹੜੇ ਦੇ ਦੁਆਲੇ ਤਿੰਨ ਰਦੇ ਘੜੇ ਹੋਏ ਪੱਥਰਾਂ ਦੇ ਸਨ ਅਤੇ ਇੱਕ ਦਿਆਰ ਦੇ ਸ਼ਤੀਰਾਂ ਦਾ ਸੀ । ਇਸ ਤਰ੍ਹਾਂ ਯਹੋਵਾਹ ਦੇ ਭਵਨ ਦੇ ਅੰਦਰਲੇ ਚੌਂਕ ਲਈ ਅਤੇ ਮਹਿਲ ਦੇ ਦਲਾਨ ਲਈ ਵੀ ਸੀ ।
ਹੀਰਾਮ ਦਾ ਕੰਮ
੧੩ ਸੁਲੇਮਾਨ ਪਾਤਸ਼ਾਹ ਨੇ ਸੁਨੇਹਾ ਭੇਜ ਕੇ ਹੀਰਾਮ ਨੂੰ ਸੂਰ ਤੋਂ ਬੁਲਾ ਲਿਆ । ੧੪ ਉਹ ਨਫਤਾਲੀ ਦੇ ਗੋਤ ਵਿੱਚੋਂ ਵਿਧਵਾ ਦਾ ਪੁੱਤਰ ਸੀ, ਅਤੇ ਉਹ ਦਾ ਪਿਤਾ ਇੱਕ ਸੂਰੀ ਠਠਿਆਰ ਸੀ । ਉਹ ਬੁੱਧ, ਸਮਝ ਅਤੇ ਹੁਨਰ ਵਿੱਚ ਇਸ ਤਰ੍ਹਾਂ ਭਰਪੂਰ ਸੀ ਕਿ ਉਹ ਪਿੱਤਲ ਦੇ ਸਾਰੇ ਕੰਮ ਕਰ ਸਕੇ । ਉਹ ਸੁਲੇਮਾਨ ਪਾਤਸ਼ਾਹ ਕੋਲ ਆਇਆ ਅਤੇ ਉਸ ਦਾ ਸਾਰਾ ਕੰਮ ਕੀਤਾ ।
ਪਿੱਤਲ ਦੇ ਦੋ ਥੰਮ੍ਹ
੧੫ ਉਹ ਨੇ ਪਿੱਤਲ ਨੂੰ ਢਾਲ਼ ਕੇ ਥੰਮ੍ਹ ਬਣਾਏ ਇੱਕ ਥੰਮ੍ਹ ਦੀ ਉਚਿਆਈ ਅਠਾਰਾਂ ਹੱਥ ਸੀ ਅਤੇ ਦੂਜੇ ਦਾ ਘੇਰ ਬਾਰਾਂ ਹੱਥ ਦੀ ਰੱਸੀ ਦੇ ਨਾਪ ਦਾ ਸੀ । ੧੬ ਉਹ ਨੇ ਥੰਮਾਂ ਦੇ ਸਿਰਾਂ ਉੱਤੇ ਦੇਣ ਲਈ ਦੋ ਮੁਕਟ ਪਿੱਤਲ ਢਾਲ਼ ਕੇ ਬਣਾਏ । ਇੱਕ ਪੰਜ ਹੱਥ ਉੱਚਾ ਸੀ ਅਤੇ ਦੂਜਾ ਵੀ ਪੰਜ ਹੱਥ ਉੱਚਾ ਸੀ । ੧੭ ਥੰਮਾਂ ਦੇ ਸਿਰਾਂ ਉਤਲੇ ਮੁਕਟਾਂ ਲਈ ਬਣਤ ਦੀਆਂ ਜਾਲੀਆਂ ਅਤੇ ਗੋਠਵੀਆਂ ਮਾਲਾਂ ਸਨ, ਸੱਤ ਇੱਕ ਮੁਕਟ ਲਈ ਸੱਤ ਦੂਜੇ ਮੁਕਟ ਲਈ । ੧੮ ਇਸੇ ਤਰ੍ਹਾਂ ਉਸ ਨੇ ਥੰਮਾਂ ਨੂੰ ਬਣਾਇਆ ਅਤੇ ਇੱਕ-ਇੱਕ ਜਾਲੀ ਉੱਤੇ ਦੋ ਕਤਾਰਾਂ ਅਨਾਰਾਂ ਦੀਆਂ ਦੁਆਲੇ ਬਣਾਈਆਂ, ਤਾਂ ਜੋ ਉਨ੍ਹਾਂ ਦੋਹਾਂ ਮੁਕਟਾਂ ਨੂੰ ਜੋ ਉਨ੍ਹਾਂ ਦੋਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਢੱਕਣ ਅਤੇ ਇਸੇ ਤਰ੍ਹਾਂ ਦੂਜੇ ਮੁਕਟ ਲਈ ਬਣਾਇਆ । ੧੯ ਉਹ ਮੁਕਟ ਜਿਹੜੇ ਥੰਮਾਂ ਦੇ ਸਿਰਾਂ ਉੱਤੇ ਦਲਾਨ ਵਿੱਚ ਸਨ ਚਾਰ ਹੱਥ ਤੱਕ ਸੋਸਨੀ ਕੰਮ ਦੇ ਸਨ । ੨੦ ਉਨ੍ਹਾਂ ਦੋਹਾਂ ਥੰਮਾਂ ਦੇ ਉੱਤੇ ਉਤਾਹਾਂ ਵੀ ਮੁਕਟ ਸਨ ਜੋ ਉਸ ਗੁਲਆਈ ਦੇ ਕੋਲ ਸਨ ਜਿਹੜੀ ਜਾਲੀ ਦੇ ਨਾਲ ਲਗਵੀਂ ਸੀ, ਅਨਾਰ ਬਣੇ ਹੋਏ ਸਨ ਅਰਥਾਤ ਉਸ ਦੂਜੇ ਮੁਕਟ ਉੱਤੇ ਆਲੇ-ਦੁਆਲੇ ਕਤਾਰਾਂ ਵਿੱਚ ਦੋ ਸੌ ਅਨਾਰ ਸਨ । ੨੧ ਉਹ ਨੇ ਹੈਕਲ ਦੇ ਬਰਾਂਡੇ ਕੋਲ ਥੰਮ੍ਹ ਟਿਕਾ ਦਿੱਤੇ ਇੱਕ ਥੰਮ੍ਹ ਸੱਜੇ ਪਾਸੇ ਟਿਕਾਇਆ ਅਤੇ ਉਸ ਦਾ ਨਾਮ ਯਾਕੀਨ ਰੱਖਿਆ ਅਤੇ ਦੂਜਾ ਥੰਮ੍ਹ ਖੱਬੇ ਪਾਸੇ ਟਿਕਾਇਆ ਅਤੇ ਉਸ ਦਾ ਨਾਮ ਬੋਅਜ਼ ਰੱਖਿਆ । ੨੨ ਥੰਮਾਂ ਦੇ ਸਿਰਾਂ ਉੱਤੇ ਸੋਸਨੀ ਕੰਮ ਸੀ, ਸੋ ਥੰਮਾਂ ਦਾ ਕੰਮ ਸੰਪੂਰਨ ਹੋਇਆ ।
ਪਿੱਤਲ ਦਾ ਹੌਦ
੨੩ ਫੇਰ ਉਹ ਨੇ ਇੱਕ ਸਾਗਰੀ ਹੌਦ ਢਾਲ਼ ਕੇ ਬਣਾਇਆ ਜਿਹੜਾ ਕੰਢੇ ਤੋਂ ਕੰਢੇ ਤੱਕ ਦਸ ਹੱਥ ਸੀ । ਉਹ ਆਲਿਓਂ ਦੁਆਲਿਓਂ ਗੋਲ ਸੀ, ਉਹ ਪੰਜ ਹੱਥ ਉੱਚਾ ਸੀ ਅਤੇ ਉਸ ਦਾ ਘੇਰਾ ਤੀਹ ਹੱਥ ਦੀ ਰੱਸੀ ਨਾਲ ਮਿਣਿਆ ਹੋਇਆ ਸੀ । ੨੪ ਉਸ ਦੇ ਕੰਢੇ ਦੇ ਹੇਠ ਆਲੇ-ਦੁਆਲੇ ਗੋਲੇ ਇੱਕ ਹੱਥ ਵਿੱਚ ਦਸ ਸਨ, ਜਿਹੜੇ ਸਾਗਰੀ ਹੌਦ ਦੇ ਚੁਫ਼ੇਰੇ ਸਨ । ਗੋਲੇ ਦੋ ਕਤਾਰਾਂ ਵਿੱਚ ਸਨ ਅਤੇ ਉਹ ਉਸ ਦੇ ਨਾਲ ਹੀ ਢਾਲ਼ੇ ਹੋਏ ਸਨ । ੨੫ ਉਹ ਬਾਰਾਂ ਬਲ਼ਦਾਂ ਦੇ ਉੱਤੇ ਧਰਿਆ ਹੋਇਆ ਸੀ । ਤਿੰਨਾਂ ਦੇ ਮੂੰਹ ਉੱਤਰ ਵੱਲ, ਤਿੰਨਾਂ ਦੇ ਮੂੰਹ ਪੱਛਮ ਵੱਲ, ਤਿੰਨਾਂ ਦੇ ਮੂੰਹ ਦੱਖਣ ਵੱਲ ਅਤੇ ਤਿੰਨਾਂ ਦੇ ਮੂੰਹ ਪੂਰਬ ਵੱਲ ਸਨ । ਉਹ ਸਾਗਰੀ ਹੌਦ ਉਨ੍ਹਾਂ ਦੇ ਉੱਤੇ ਧਰਿਆ ਹੋਇਆ ਸੀ ਅਤੇ ਉਨ੍ਹਾਂ ਦੀਆਂ ਸਾਰੀਆਂ ਪਛਾੜੀਆਂ ਅੰਦਰਲੀ ਵੱਲ ਸਨ । ੨੬ ਉਸ ਦਾ ਦਲ ਇੱਕ ਚੱਪਾ ਭਰ ਸੀ । ਉਸ ਦੇ ਕੰਢੇ ਕਟੋਰੇ ਦੇ ਕੰਢੇ ਵਰਗੇ ਸੋਸਨੀ ਫੁੱਲਾਂ ਦੇ ਘੜੇ ਹੋਏ ਸਨ ਅਤੇ ਉਸ ਦੇ ਵਿੱਚ ਚਾਲ੍ਹੀ ਹਜ਼ਾਰ ਲੀਟਰ ਸਮਾਉਂਦਾ ਸੀ ।
ਪਿੱਤਲ ਦੀਆਂ ਕੁਰਸੀਆਂ
੨੭ ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ । ਉਨ੍ਹਾਂ ਵਿੱਚ ਇੱਕ-ਇੱਕ ਕੁਰਸੀ ਦੀ ਲੰਬਾਈ ਚਾਰ ਹੱਥ, ਚੁੜਾਈ ਚਾਰ ਹੱਥ ਅਤੇ ਉਚਿਆਈ ਤਿੰਨ ਹੱਥ ਸੀ । ੨੮ ਉਨ੍ਹਾਂ ਕੁਰਸੀਆਂ ਦੀ ਬਣਤ ਇਸ ਤਰ੍ਹਾਂ ਸੀ ਕਿ ਉਨ੍ਹਾਂ ਦੀਆਂ ਪਟੜੀਆਂ ਸਨ ਅਤੇ ਪਟੜੀਆਂ ਵਿੱਚ ਜੋੜ ਸਨ । ੨੯ ਪਟੜੀਆਂ ਦੇ ਉੱਤੇ ਜਿਹੜੀਆਂ ਜੋੜਾਂ ਵਿੱਚ ਸਨ ਸ਼ੇਰ ਬਲ਼ਦ ਅਤੇ ਕਰੂਬ ਸਨ ਅਤੇ ਜੋੜ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਸੀ ਅਤੇ ਸ਼ੇਰਾਂ ਅਤੇ ਬਲ਼ਦਾਂ ਦੇ ਹੇਠ ਲਟਕਵੇਂ ਹਾਰ ਸਨ । ੩੦ ਹਰ ਕੁਰਸੀ ਲਈ ਪਿੱਤਲ ਦੇ ਚਾਰ ਪਹੀਏ ਸਨ ਅਤੇ ਉਨ੍ਹਾਂ ਦੀਆਂ ਧੁਰਾਂ ਪਿੱਤਲ ਦੀਆਂ ਸਨ । ਉਨ੍ਹਾਂ ਦੇ ਚੋਹਾਂ ਪਹੀਆਂ ਹੇਠ ਫਰਸ਼ੀਆਂ ਸਨ ਹੌਦ ਦੇ ਹੇਠ ਢਲਵੀਆਂ ਫਰਸ਼ੀਆਂ ਸਨ ਅਤੇ ਹਰ ਇੱਕ ਦੇ ਪਾਸੇ ਉੱਤੇ ਹਾਰ ਸਨ । ੩੧ ਉਹ ਦਾ ਮੂੰਹ ਮੁਕਟ ਦੇ ਵਿੱਚ ਅਤੇ ਉੱਤੇ ਇੱਕ ਹੱਥ ਸੀ । ਉਹ ਦਾ ਮੂੰਹ ਗੋਲ ਅਤੇ ਕੁਰਸੀ ਦੀ ਬਣਤ ਅਨੁਸਾਰ ਡੇਢ ਹੱਥ ਸੀ ਅਤੇ ਉਹ ਦੇ ਮੂੰਹ ਦੇ ਉੱਤੇ ਵੀ ਉੱਕਰਾਈ ਦਾ ਕੰਮ ਸੀ ਅਤੇ ਉਨ੍ਹਾਂ ਦੀਆਂ ਪਟੜੀਆਂ ਚੋਰਸ ਸਨ, ਗੋਲ ਨਹੀਂ ਸਨ । ੩੨ ਉਹ ਚਾਰ ਪਹੀਏ ਉਨ੍ਹਾਂ ਪਟੜੀਆਂ ਦੇ ਹੇਠ ਸਨ ਅਤੇ ਪਹੀਆਂ ਦੇ ਧੁਰੇ ਕੁਰਸੀ ਵਿੱਚ ਲੱਗੇ ਹੋਏ ਸਨ ਅਤੇ ਹਰ ਪਹੀਏ ਦੀ ਉਚਿਆਈ ਡੇਢ ਹੱਥ ਸੀ । ੩੩ ਪਹੀਏ ਦੀ ਬਣਤਰ ਰਥ ਦੇ ਪਹੀਆਂ ਦੀ ਬਣਤਰ ਵਾਂਗੂ ਸੀ, ਉਨ੍ਹਾਂ ਦੇ ਧੁਰੇ, ਉਨ੍ਹਾਂ ਦੇ ਆਓਲ, ਉਨ੍ਹਾਂ ਦੀਆਂ ਪੁੱਠੀਆਂ, ਉਨ੍ਹਾਂ ਦੀਆਂ ਅਰਾਂ ਅਤੇ ਉਨ੍ਹਾਂ ਦੀਆਂ ਨਾਭਾਂ ਸਭ ਢਲੀਆਂ ਹੋਈਆਂ ਸਨ । ੩੪ ਹਰ ਕੁਰਸੀ ਦੀਆਂ ਚੌਹਾਂ ਨੁਕਰਾਂ ਉੱਤੇ ਚਾਰ ਫਰਸ਼ੀਆਂ ਸਨ ਅਤੇ ਉਹ ਫਰਸ਼ੀਆਂ ਕੁਰਸੀਆਂ ਦੇ ਵਿੱਚੋਂ ਸਨ । ੩੫ ਕੁਰਸੀ ਦੇ ਸਿਰੇ ਵਿੱਚ ਆਲੇ-ਦੁਆਲੇ ਅੱਧ ਹੱਥ ਦੀ ਇੱਕ ਗੋਲ ਉਚਾਨ ਸੀ ਅਤੇ ਕੁਰਸੀ ਦੇ ਸਿਰ ਉੱਤੇ ਉਹ ਦੇ ਢਾਸਣੇ ਅਤੇ ਪਟੜੀਆਂ ਉੱਸੇ ਵਿੱਚੋਂ ਸਨ । ੩੬ ਉਹ ਦੇ ਢਾਸਣਿਆਂ ਦੀਆਂ ਪੱਟੀਆਂ ਉੱਤੇ ਅਤੇ ਉਹ ਦੀਆਂ ਪਟੜੀਆਂ ਉੱਤੇ ਉਸ ਨੇ ਕਰੂਬ, ਸ਼ੇਰ ਅਤੇ ਖਜ਼ੂਰਾਂ ਦੇ ਬਿਰਛ ਹਰ ਇੱਕ ਦੇ ਵਿੱਤ ਅਨੁਸਾਰ ਉੱਕਰੇ ਅਤੇ ਆਲੇ-ਦੁਆਲੇ ਹਾਰ ਸਨ । ੩੭ ਇਸੇ ਤਰ੍ਹਾਂ ਉਸ ਨੇ ਦਸੇ ਕੁਰਸੀਆਂ ਬਣਾਈਆਂ ਉਨ੍ਹਾਂ ਦਾ ਇੱਕੋ ਹੀ ਸੰਚਾ, ਇੱਕੋ ਹੀ ਨਾਪ ਅਤੇ ਇੱਕੋ ਹੀ ਰੂਪ ਸੀ । ੩੮ ਉਸ ਨੇ ਪਿੱਤਲ ਦੀਆਂ ਦਸ ਹੌਦੀਆਂ ਬਣਾਈਆਂ ਅਤੇ ਇੱਕ-ਇੱਕ ਹੌਦੀ ਵਿੱਚ ਅੱਠ ਸੌ ਲੀਟਰ ਸਮਾਉਂਦਾ ਸੀ । ਹਰ ਇੱਕ ਹੌਦੀ ਚਾਰ ਹੱਥ ਦੀ ਸੀ । ਹਰ ਇੱਕ ਹੌਦੀ ਦਸਾਂ ਕੁਰਸੀਆਂ ਉੱਤੇ ਸੀ । ੩੯ ਉਸ ਪੰਜ ਕੁਰਸੀਆਂ ਭਵਨ ਦੇ ਸੱਜੇ ਪਾਸੇ ਅਤੇ ਪੰਜ ਭਵਨ ਦੇ ਖੱਬੇ ਪਾਸੇ ਰੱਖੀਆਂ ਅਤੇ ਉਹ ਸਾਗਰੀ ਹੌਦ ਉਸ ਨੇ ਭਵਨ ਦੇ ਸੱਜੇ ਪਾਸੇ ਪੂਰਬ ਵੱਲ ਦੱਖਣ ਦੇ ਸਾਹਮਣੇ ਰੱਖ ਦਿੱਤਾ ।
ਹੈਕਲ ਦੇ ਪਵਿੱਤਰ ਭਾਂਡੇ ਅਤੇ ਹੋਰ ਚੀਜ਼ਾਂ
੪੦ ਹੀਰਾਮ ਨੇ ਉਨ੍ਹਾਂ ਹੌਦੀਆਂ, ਬਾਟੀਆਂ ਅਤੇ ਕੜਛਿਆਂ ਨੂੰ ਬਣਾਇਆ ਅਤੇ ਹੀਰਾਮ ਨੇ ਉਹ ਸਾਰਾ ਕੰਮ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ । ੪੧ ਅਰਥਾਤ ਉਹ ਦੋ ਥੰਮ੍ਹ ਅਤੇ ਕੌਲਾਂ ਵਰਗੇ ਮੁਕਟ ਜਿਹੜੇ ਉਨ੍ਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਅਤੇ ਦੋ ਜਾਲੀਆਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਤਲੇ ਕੌਲਾਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ । ੪੨ ਉਨ੍ਹਾਂ ਦੋਹਾਂ ਜਾਲੀਆਂ ਦੇ ਚਾਰ ਸੌ ਅਨਾਰ ਅਰਥਾਤ ਹਰ ਇੱਕ ਜਾਲੀ ਲਈ ਅਨਾਰਾਂ ਦੀਆਂ ਦੋ ਕਤਾਰਾਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਤਲੇ ਕੌਲਾਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ । ੪੩ ਉਹ ਦਸ ਕੁਰਸੀਆਂ ਅਤੇ ਉਨ੍ਹਾਂ ਕੁਰਸੀਆਂ ਦੀਆਂ ਦਸੇ ਹੌਦੀਆਂ । ੪੪ ਇੱਕ ਸਾਗਰੀ ਹੌਦ ਅਤੇ ਸਾਗਰੀ ਹੌਦ ਦੇ ਹੇਠ ਬਾਰਾਂ ਬਲ਼ਦ । ੪੫ ਵਲਟੋਹੀਆਂ, ਬਾਟੀਆਂ ਅਤੇ ਕੜਛੇ ਅਤੇ ਇਹ ਸਾਰੇ ਭਾਂਡੇ ਜਿਹੜੇ ਹੀਰਾਮ ਨੇ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਭਵਨ ਦੇ ਵਾਸਤੇ ਬਣਾਏ, ਮਾਂਜੇ ਹੋਏ ਪਿੱਤਲ ਦੇ ਸਨ । ੪੬ ਯਰਦਨ ਦੇ ਮਦਾਨ ਵਿੱਚ ਪਾਤਸ਼ਾਹ ਨੇ ਉਨ੍ਹਾਂ ਨੂੰ ਢਾਲਿਆ ਉਸ ਦੀ ਚੀਕਣੀ ਮਿੱਟੀ ਵਿੱਚ ਜਿਹੜੀ ਸੁੱਕੋਥ ਅਤੇ ਸਾਰਥਾਨ ਦੇ ਵਿਚਾਲੇ ਸੀ । ੪੭ ਸੁਲੇਮਾਨ ਨੇ ਇਹ ਸਾਰੇ ਭਾਂਡੇ ਨਾ ਤੋਲੇ । ਉਹ ਐਨੇ ਵੱਧ ਸਨ ਕਿ ਉਹ ਪਿੱਤਲ ਦੇ ਭਾਰ ਦਾ ਪਤਾ ਨਾ ਲਗਾ ਸਕੇ । ੪੮ ਸੁਲੇਮਾਨ ਨੇ ਇਹ ਸਾਰੇ ਭਾਂਡੇ ਬਣਾਏ ਜਿਹੜੇ ਯਹੋਵਾਹ ਦੇ ਭਵਨ ਲਈ ਸਨ ਅਰਥਾਤ ਸੋਨੇ ਦੀ ਜਗਵੇਦੀ ਅਤੇ ਸੋਨੇ ਦੀ ਮੇਜ਼ ਜਿਹ ਦੇ ਉੱਤੇ ਹਜ਼ੂਰੀ ਦੀ ਰੋਟੀ ਸੀ । ੪੯ ਕੁੰਦਨ ਸੋਨੇ ਦੇ ਸ਼ਮਾਦਾਨ ਪੰਜ ਸੱਜੇ ਪਾਸੇ ਵੱਲ ਅਤੇ ਪੰਜ ਖੱਬੇ ਪਾਸੇ ਵੱਲ ਵਿੱਚਲੀ ਕੋਠੜੀ ਦੇ ਅੱਗੇ ਅਤੇ ਸੋਨੇ ਦੇ ਫੁੱਲ, ਦੀਵੇ ਅਤੇ ਚਿੱਮਟੇ । ੫੦ ਕੁੰਦਨ ਸੋਨੇ ਦੇ ਭਾਂਡੇ, ਬਾਟੇ, ਗੁਲ ਤਰਾਸ਼ਾਂ, ਕੌਲੀਆਂ ਅਤੇ ਅੰਗੀਠੀਆਂ ਨਾਲੇ ਸੋਨੇ ਦੇ ਕਬਜ਼ੇ ਜਿਹੜੇ ਅੰਦਰਲੇ ਭਵਨ ਦੇ ਦਰਵਾਜ਼ਿਆਂ ਲਈ ਅਰਥਾਤ ਅੱਤ ਪਵਿੱਤਰ ਸਥਾਨ ਲਈ ਅਤੇ ਭਵਨ ਦੇ ਦਰਵਾਜ਼ਿਆਂ ਲਈ ਅਰਥਾਤ ਹੈਕਲ ਲਈ । ੫੧ ਇਸ ਤਰ੍ਹਾਂ ਯਹੋਵਾਹ ਦੇ ਭਵਨ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਬਣਾਇਆ ਸੰਪੂਰਨ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਚੀਜ਼ਾਂ ਅੰਦਰ ਲਿਆਇਆ ਅਰਥਾਤ ਚਾਂਦੀ, ਸੋਨਾ ਅਤੇ ਭਾਂਡੇ । ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਵਿੱਚ ਰੱਖ ਦਿੱਤਾ ।