੨
ਜੀਵਤ ਪੱਥਰ ਅਤੇ ਪਵਿੱਤਰ ਪਰਜਾ
੧ ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ ੨ ਨਵੇਂ ਜਨਮੇ ਬੱਚਿਆਂ ਦੀ ਤਰ੍ਹਾਂ ਆਤਮਿਕ ਅਤੇ ਸ਼ੁੱਧ ਦੁੱਧ ਦੀ ਖੋਜ ਕਰੋ ਤਾਂ ਜੋ ਤੁਸੀਂ ਉਸ ਨਾਲ ਮੁਕਤੀ ਲਈ ਵਧਦੇ ਜਾਓ ੩ ਕਿਉਂ ਜੋ ਤੁਸੀਂ ਸੁਆਦ ਚੱਖ ਕੇ ਵੇਖਿਆ ਹੈ, ਕਿ ਪ੍ਰਭੂ ਕਿਰਪਾਲੂ ਹੈ l ੪ ਜਿਸ ਦੇ ਕੋਲ ਤੁਸੀਂ ਆਏ ਹੋ, ਮੰਨੋ ਇੱਕ ਜਿਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰ ਪਰਮੇਸ਼ੁਰ ਦੀ ਨਜਰ ਵਿੱਚ ਚੁਣਿਆ ਹੋਇਆ ਅਤੇ ਬਹੁਮੁੱਲਾ ਹੈ l ੫ ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੇ ਵਾਂਗੂੰ ਇੱਕ ਆਤਮਕ ਘਰ ਬਣਦੇ ਜਾਂਦੇ ਹੋ ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਚੰਗੇ ਲੱਗਦੇ ਹਨ l ੬ ਇਸ ਲਈ ਜੋ ਪਵਿੱਤਰ ਗ੍ਰੰਥ ਵਿੱਚ ਇਹ ਆਇਆ ਹੈ ਵੇਖੋ, ਮੈਂ ਸੀਯੋਨ ਵਿੱਚ ਇੱਕ ਖੂੰਜੇ ਦਾ ਪੱਥਰ, ਚੁਣਿਆ ਹੋਇਆ, ਬਹੁਮੁੱਲਾ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਕਦੇ ਸ਼ਰਮਿੰਦਾ ਨਾ ਹੋਵੇਗਾ । ੭ ਸੋ ਉਹ ਤੁਹਾਡੇ ਲਈ ਜਿਹੜੇ ਵਿਸ਼ਵਾਸ ਕਰਦੇ ਹੋ ਬਹੁਮੁੱਲਾ ਹੈ, ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ, ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ ੮ ਅਤੇ, ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ । ਉਹ ਅਣ-ਆਗਿਆਕਾਰੀ ਹੋ ਕੇ ਬਚਨ ਤੋਂ ਠੋਕਰ ਖਾਂਦੇ ਹਨ, ਜਿਹ ਦੇ ਲਈ ਉਹ ਠਹਿਰਾਏ ਵੀ ਗਏ ਸਨ ੯ ਪਰ ਤੁਸੀਂ ਪਰਮੇਸ਼ੁਰ ਦਾ ਚੁਣਿਆ ਹੋਇਆ ਵੰਸ਼, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖ਼ਾਸ ਪਰਜਾ ਹੋ ਤਾਂ ਕਿ ਤੁਸੀਂ ਉਹ ਦੇ ਗੁਣਾ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ ੧੦ ਤੁਸੀਂ ਤਾਂ ਅੱਗੇ ਪਰਜਾ ਹੀ ਨਹੀਂ ਸੀ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ । ਤੁਹਾਡੇ ਉੱਤੇ ਕਿਰਪਾ ਨਹੀਂ ਹੋਈ ਸੀ ਪਰ ਹੁਣ ਹੋਈ ਹੈ ।
ਪਰਾਈਆਂ ਕੌਮਾਂ ਦੇ ਵਿੱਚ ਨੇਕ ਚਾਲ ਚੱਲਣਾ
੧੧ ਹੇ ਪਿਆਰਿਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਦੇਸੀ ਅਤੇ ਮੁਸਾਫ਼ਰ ਹੋ ਕੇ ਸਰੀਰਕ ਕਾਮਨਾ ਤੋਂ ਦੂਰ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ l ੧੨ ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਤਾਂ ਕਿ ਜਿਸ ਗੱਲ ਵਿੱਚ ਉਹ ਤੁਹਾਨੂੰ ਬੁਰਾ ਮੰਨ ਕੇ ਤੁਹਾਡੇ ਵਿਰੁੱਧ ਬੋਲਦੇ ਹਨ, ਉਹ ਤੁਹਾਡੇ ਚੰਗੇ ਕੰਮਾਂ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰਨ ਜਿਸ ਦਿਨ ਉਹਨਾਂ ਉੱਤੇ ਦਯਾ ਦ੍ਰਿਸ਼ਟੀ ਹੋਵੇ l ੧੩ ਤੁਸੀਂ ਪ੍ਰਭੂ ਦੇ ਨਮਿੱਤ ਮਨੁੱਖ ਦੇ ਹਰੇਕ ਪ੍ਰਬੰਧ ਦੇ ਅਧੀਨ ਹੋਵੋ, ਭਾਵੇਂ ਪਾਤਸ਼ਾਹ ਦੇ ਕਿਉਂਕਿ ਉਹ ਸਭ ਤੋਂ ਵੱਡਾ ਹੈ ੧੪ ਭਾਵੇਂ ਹਾਕਮਾਂ ਦੇ ਕਿਉਂਕਿ ਉਹ ਉਸ ਦੇ ਭੇਜੇ ਹੋਏ ਹਨ ਤਾਂ ਕਿ ਬੁਰੇ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਚੰਗੇ ਕੰਮ ਕਰਨ ਵਾਲਿਆਂ ਦੀ ਸ਼ੋਭਾ ਕਰਨ । ੧੫ ਕਿਉਂਕਿ ਪਰਮੇਸ਼ੁਰ ਦੀ ਮਰਜ਼ੀ ਹੈ ਕਿ ਤੁਸੀਂ ਚੰਗੇ ਕੰਮ ਕਰਕੇ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ l ੧੬ ਤੁਸੀਂ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ, ਸਗੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਗੁਲਾਮ ਸਮਝੋ l ੧੭ ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪਿਆਰ ਰੱਖੋ, ਪਰਮੇਸ਼ੁਰ ਦਾ ਡਰ ਰੱਖੋ ਅਤੇ ਪਾਤਸ਼ਾਹ ਦਾ ਆਦਰ ਕਰੋ l ੧੮ ਹੇ ਨੌਕਰੋ, ਪੂਰੇ ਅਦਬ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ, ਕੇਵਲ ਭਲਿਆਂ ਅਤੇ ਅਸੀਲਾਂ ਦੇ ਹੀ ਨਹੀਂ ਸਗੋਂ ਸਖ਼ਤ ਸੁਭਾਅ ਵਾਲਿਆਂ ਦੇ ਵੀ l ੧੯ ਕਿਉਂਕਿ ਜੇ ਕੋਈ ਪਰਮੇਸ਼ੁਰ ਦੇ ਲਈ ਬੇਇਨਸਾਫ਼ੀ ਝੱਲ ਕੇ ਦੁੱਖ ਸਹਿ ਲਵੇ, ਤਾਂ ਇਹ ਪ੍ਰਵਾਨ ਹੈ l ੨੦ ਪਰ ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ ? ਪਰ ਜੇ ਤੁਸੀਂ ਸ਼ੁਭ ਕੰਮਾਂ ਦੇ ਕਾਰਨ ਦੁੱਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪ੍ਰਵਾਨ ਹੈ l ੨੧ ਕਿਉਂਕਿ ਤੁਸੀਂ ਇਸੇ ਕਾਰਨ ਸੱਦੇ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ ਇੱਕ ਨਮੂਨਾ ਛੱਡ ਗਿਆ ਕਿ ਤੁਸੀਂ ਉਸ ਦੇ ਕਦਮਾਂ ਉੱਤੇ ਚੱਲੋ l ੨੨ ਉਹ ਨੇ ਕੋਈ ਪਾਪ ਨਹੀਂ ਕੀਤਾ, ਨਾ ਉਹ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਿੱਕਲੀ l ੨੩ ਉਹ ਗਾਲਾਂ ਸੁਣ ਕੇ ਗਾਲ ਨਹੀਂ ਦਿੰਦਾ ਸੀ ਅਤੇ ਦੁੱਖ ਪਾ ਕੇ ਦਬਕਾ ਨਹੀਂ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਠੀਕ ਨਿਆਂ ਕਰਦਾ ਹੈ l ੨੪ ਉਸ ਨੇ ਆਪ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ (ਸਲੀਬ) ਉੱਤੇ ਚੁੱਕ ਲਿਆ ਕਿ ਅਸੀਂ ਪਾਪ ਦੀ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜਿਉਂਦੇ ਰਹੀਏ l ੨੫ ਤੁਸੀਂ ਤਾਂ ਭੇਡਾਂ ਵਾਂਗੂੰ ਭਟਕਦੇ ਫਿਰਦੇ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ ਦੇ ਕੋਲ ਮੁੜ ਆਏ ਹੋ ।