੩
ਦਾਊਦ ਦੇ ਪੁੱਤਰ
੧ ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਲੰਮੇ ਸਮੇਂ ਤੱਕ ਯੁੱਧ ਹੁੰਦਾ ਰਿਹਾ, ਪਰ ਦਾਊਦ ਦਿਨੋ ਦਿਨ ਤਕੜਾ ਹੁੰਦਾ ਗਿਆ, ਪਰ ਸ਼ਾਊਲ ਦਾ ਘਰਾਣਾ ਕਮਜ਼ੋਰ ਹੁੰਦਾ ਗਿਆ । ੨ ਫਿਰ ਹਬਰੋਨ ਵਿੱਚ ਦਾਊਦ ਦੇ ਪੁੱਤਰ ਪੈਦਾ ਹੋਏ, ਉਹ ਦੇ ਜੇਠੇ ਪੁੱਤਰ ਦਾ ਅਮਨੋਨ ਜੋ ਯਿਜ਼ਰੇਲਣ ਅਰੀਨੋਅਮ ਦੀ ਕੁੱਖੋਂ ਹੋਇਆ, ੩ ਦੂਜੇ ਦਾ ਨਾਮ ਕਿਲਆਬ ਸੀ ਜੋ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਅਤੇ ਤੀਜੇ ਦਾ ਅਬਸ਼ਾਲੋਮ ਸੀ ਜੋ ਗਸ਼ੂਰ ਦੇ ਰਾਜੇ ਤਲਮੈਂ ਦੀ ਧੀ ਮਆਕਾਰ ਦੀ ਕੁੱਖੋਂ ਪੈਦਾ ਹੋਇਆ, ੪ ਅਤੇ ਚੋਥੇ ਦਾ ਨਾਮ ਅਦੋਨੀਯਾਹ ਜਿਸ ਨੂੰ ਹੱਗੀਬ ਨੇ ਜਨਮ ਦਿੱਤਾ ਅਤੇ ਪੰਜਵੇ ਦਾ ਨਾਮ ਸਫਟਯਾਹ ਸੀ ਜਿਸ ਨੂੰ ਅਬੀਟਾਲ ਨੇ ਜਨਮ ਦਿੱਤਾ ੫ ਅਤੇ ਛੇਵਾਂ ਯਿਥਰਆਮ ਸੀ, ਉਹ ਜੋ ਦਾਊਦ ਦੀ ਪਤਨੀ ਅਗਲਾਹ ਦੀ ਕੁੱਖੋਂ ਪੈਦਾ ਹੋਇਆ ਸੀ । ਦਾਊਦ ਦੇ ਇਹ ਪੁੱਤਰ ਹਬਰੋਨ ਵਿੱਚ ਪੈਦਾ ਹੋਏ ।
ਅਬਨੇਰ ਦਾ ਦਾਊਦ ਦੇ ਪੱਖ ਵਿੱਚ ਆਉਣਾ
੬ ਜਦ ਸ਼ਾਊਲ ਦੇ ਘਰਾਣੇ ਅਤੇ ਦਾਊਦ ਘਰਾਣੇ ਵਿੱਚ ਲੜਾਈ ਹੋ ਰਹੀ ਸੀ ਤਾਂ ਅਜਿਹਾ ਹੋਇਆ ਕਿ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਤਕੜਾ ਕੀਤਾ । ੭ ਸ਼ਾਊਲ ਦੀ ਇੱਕ ਰਖ਼ੇਲ ਰਿਜ਼ਪਾਹ ਜੋ ਅੱਯਾਹ ਦੀ ਧੀ ਸੀ, ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, ਤੂੰ ਮੇਰੇ ਪਿਤਾ ਦੀ ਰਖ਼ੇਲ ਨਾਲ ਕਿਉਂ ਸੰਗ ਕੀਤਾ ? ੮ ਅਬਨੇਰ ਈਸ਼ਬੋਸ਼ਥ ਦੀ ਇਸ ਗੱਲ ਦੇ ਕਾਰਨ ਗੁੱਸੇ ਹੋਇਆ ਅਤੇ ਆਖਿਆ, ਕੀ ਮੈਂ ਯਹੂਦਾਹ ਦੇ ਕੁੱਤੇ ਦਾ ਸਿਰ ਹਾਂ ? ਮੈਂ ਯਹੂਦਾਹ ਨਾਲ ਵਿਰੋਧ ਕਰ ਕੇ ਅੱਜ ਦੇ ਦਿਨ ਤੱਕ ਤੇਰੇ ਪਿਤਾ ਸ਼ਾਊਲ ਦੇ ਘਰਾਣੇ ਉੱਤੇ ਅਤੇ ਉਹ ਦੇ ਭਰਾਵਾਂ ਉੱਤੇ ਅਤੇ ਉਹ ਦੇ ਮਿੱਤਰਾਂ ਉੱਤੇ ਕਿਰਪਾ ਕਰਦਾ ਰਿਹਾ ਹਾਂ ਅਤੇ ਮੈਂ ਤੈਨੂੰ ਦਾਊਦ ਦੇ ਹੱਥ ਨਹੀਂ ਸੌਂਪਿਆ, ਪਰ ਤੂੰ ਅੱਜ ਇਸ ਇਸਤਰੀ ਦੇ ਕਾਰਨ ਮੇਰੇ ਉੱਤੇ ਦੋਸ਼ ਲਗਾਉਂਦਾ ਹੈਂ ? ੯ ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੇਰੇ ਮੈਂ ਉਸੇ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ । ੧੦ ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਤੇ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸਥਿਰ ਕਰ ਦੇਵਾਂ ! ੧੧ ਤਦ ਉਹ ਅਬਨੇਰ ਦੇ ਸਾਹਮਣੇ ਫਿਰ ਕੁਝ ਉੱਤਰ ਨਾ ਦੇ ਸਕਿਆ, ਕਿਉਂ ਜੋ ਉਹ ਉਸ ਤੋਂ ਡਰ ਗਿਆ ਸੀ । ੧੨ ਇਸ ਲਈ ਅਬਨੇਰ ਨੇ ਦਾਊਦ ਕੋਲ ਦੂਤ ਭੇਜੇ ਅਤੇ ਆਖਿਆ, ਦੇਸ਼ ਕਿਹ ਦਾ ਹੈ ? ਤੁਸੀਂ ਮੇਰੇ ਨਾਲ ਵਾਇਦਾ ਕਰੋ ਅਤੇ ਵੇਖੋ, ਮੈਂ ਤੁਹਾਡੀ ਸਹਾਇਤਾ ਕਰਾਂਗਾ ਜੋ ਸਾਰੇ ਇਸਰਾਏਲ ਦੇ ਮਨਾਂ ਨੂੰ ਤੁਹਾਡੀ ਵੱਲ ਕਰ ਦੇਵਾਂ । ੧੩ ਤਦ ਦਾਊਦ ਬੋਲਿਆ, ਚੰਗੀ ਗੱਲ, ਮੈਂ ਤੇਰੇ ਨਾਲ ਬਚਨ ਕਰਾਂਗਾ, ਪਰ ਤੈਥੋਂ ਮੈਂ ਇੱਕ ਗੱਲ ਮੰਗਦਾ ਕਿ ਜਿਸ ਵੇਲੇ ਤੂੰ ਮੈਨੂੰ ਮਿਲਣ ਲਈ ਆਵੇਂ ਅਤੇ ਸ਼ਾਊਲ ਦੀ ਧੀ ਮੀਕਲ ਨੂੰ ਆਪਣੇ ਨਾਲ ਨਾ ਲਿਆਵੇਂ ਤਾਂ ਤੂੰ ਮੇਰਾ ਮੂੰਹ ਕਦੇ ਨਾ ਵੇਖੇਂਗਾ । ੧੪ ਫਿਰ ਦਾਊਦ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਦੂਤਾਂ ਦੇ ਰਾਹੀਂ ਸੁਨੇਹਾ ਭੇਜਿਆ, ਮੇਰੀ ਪਤਨੀ ਮੀਕਲ ਨੂੰ, ਜੋ ਮੈਂ ਫ਼ਲਿਸਤੀਆਂ ਦੀਆਂ ਸੌ ਖਲੜੀਆਂ ਦੇ ਕੇ ਵਿਆਹੀ ਸੀ ਮੇਰੇ ਹੱਥ ਸੌਂਪ ਦੇ । ੧੫ ਤਦ ਈਸ਼ਬੋਸ਼ਥ ਨੇ ਲੋਕ ਭੇਜੇ ਅਤੇ ਉਸ ਇਸਤਰੀ ਨੂੰ ਉਸ ਦੇ ਪਤੀ ਲਾਵੀਸ਼ ਦੇ ਪੁੱਤਰ ਫ਼ਲਟੀਏਲ ਕੋਲੋਂ ਖੋਹ ਲਿਆ । ੧੬ ਤਦ ਉਸ ਦਾ ਪਤੀ ਉਸ ਇਸਤਰੀ ਦੇ ਨਾਲ ਤੁਰਿਆ ਉਸ ਦੇ ਪਿੱਛੇ ਬਹੁਰੀਮ ਸ਼ਹਿਰ ਤੱਕ ਰੋਂਦਾ ਆਇਆ । ਤਦ ਅਬਨੇਰ ਨੇ ਉਹ ਨੂੰ ਆਖਿਆ, ਜਾ, ਮੁੜ ਜਾ ! ਤਦ ਉਹ ਮੁੜ ਗਿਆ । ੧੭ ਤਦ ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲਾ ਬਾਤਾਂ ਕਰ ਕੇ ਆਖਿਆ, ਤੁਸੀਂ ਤਾਂ ਪਹਿਲਾ ਹੀ ਚਾਹੁੰਦੇ ਸੀ ਕਿ ਦਾਊਦ ਸਾਡਾ ਰਾਜਾ ਬਣੇ, ੧੮ ਇਸ ਲਈ ਹੁਣ ਤੁਸੀਂ ਅਜਿਹਾ ਹੀ ਕਰੋਂ ਕਿਉਂ ਜੋ ਯਹੋਵਾਹ ਨੇ ਦਾਊਦ ਦੇ ਲਈ ਆਖਿਆ ਹੈ ਕਿ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਸ ਦੇ ਸਾਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦਿਆਂਗਾ । ੧੯ ਤਦ ਅਬਨੇਰ ਨੇ ਬਿਨਯਾਮੀਨ ਨੂੰ ਵੀ ਇਹ ਗੱਲ ਸੁਣਾਈ ਤਾਂ ਫਿਰ ਅਬਨੇਰ ਹਬਰੋਨ ਨੂੰ ਗਿਆ ਤਾਂ ਕਿ ਜੋ ਸਭ ਕੁਝ ਜਿਹੜਾ ਇਸਰਾਏਲ ਨੂੰ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਚੰਗਾ ਲੱਗਿਆ ਸੀ ਉਹ ਸਭ ਕੁਝ ਦਾਊਦ ਨੂੰ ਸੁਣਾਵੇ । ੨੦ ਸੋ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਵੀਹ ਮਨੁੱਖ ਉਹ ਦੇ ਨਾਲ ਸਨ । ਤਦ ਦਾਊਦ ਨੇ ਅਬਨੇਰ ਦੀ ਅਤੇ ਉਹ ਦੇ ਨਾਲ ਦੇ ਲੋਕਾਂ ਦੀ ਦਾਵਤ ਕੀਤੀ । ੨੧ ਅਬਨੇਰ ਨੇ ਦਾਊਦ ਨੂੰ ਆਖਿਆ, ਹੁਣ ਮੈਂ ਉੱਠ ਕੇ ਜਾਂਵਾਂਗਾ ਅਤੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਰਾਜਾ ਦੇ ਕੋਲ ਇੱਕਠਿਆਂ ਕਰਾਂਗਾ ਜੋ ਓਹ ਤੁਹਾਡੇ ਨਾਲ ਵਾਇਦਾ ਕਰਨ ਅਤੇ ਜਿੱਥੇ ਤੁਹਾਡਾ ਜੀਅ ਕਰੇ ਉੱਥੇ ਹੀ ਤੁਸੀਂ ਰਾਜ ਕਰੋ । ਦਾਊਦ ਨੇ ਅਬਨੇਰ ਨੂੰ ਵਿਦਾ ਕੀਤਾ ਅਤੇ ਉਹ ਸੁਖ ਸਾਂਦ ਨਾਲ ਚੱਲਿਆ ਗਿਆ ।
ਅਬਨੇਰ ਦੀ ਹੱਤਿਆ
੨੨ ਵੇਖੋ, ਉਸ ਵੇਲੇ ਦਾਊਦ ਦੇ ਸੇਵਕਾਂ ਅਤੇ ਯੋਆਬ ਕਿਸੇ ਟੋਲੀ ਦਾ ਪਿੱਛਾ ਕਰ ਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ । ਉਸ ਵੇਲੇ ਅਬਨੇਰ ਹਬਰੋਨ ਵਿੱਚ ਦਾਊਦ ਦੇ ਕੋਲ ਨਹੀਂ ਸੀ ਕਿਉਂ ਜੋ ਉਸ ਨੇ ਉਹ ਨੂੰ ਤੋਰ ਦਿੱਤਾ ਸੀ । ਉਹ ਸੁਖ-ਸਾਂਦ ਨਾਲ ਚੱਲਿਆ ਗਿਆ । ੨੩ ਜਦ ਯੋਆਬ ਅਤੇ ਦਲ ਦੇ ਸਭ ਲੋਕ ਜੋ ਉਹ ਦੇ ਨਾਲ ਸਨ ਆਏ ਤਾਂ ਉਨ੍ਹਾਂ ਨੇ ਯੋਆਬ ਨੂੰ ਆਖਿਆ, ਨੇਰ ਦਾ ਪੁੱਤਰ ਅਬਨੇਰ ਰਾਜਾ ਕੋਲ ਆਇਆ ਸੀ ਅਤੇ ਉਸ ਨੇ ਉਹ ਨੂੰ ਤੋਰ ਦਿੱਤਾ ਅਤੇ ਉਹ ਸੁਖ ਸਾਂਦ ਨਾਲ ਚੱਲਿਆ ਗਿਆ । ੨੪ ਸੋ ਯੋਆਬ ਰਾਜਾ ਦੇ ਕੋਲ ਆ ਕੇ ਬੋਲਿਆ, ਇਹ ਤੂੰ ਕੀ ਕੀਤਾ ? ਵੇਖ ਅਬਨੇਰ ਤੇਰੇ ਕੋਲ ਆਇਆ ਸੋ ਤੂੰ ਉਹ ਨੂੰ ਕਿਉਂ ਵਿਦਾ ਕੀਤਾ ਅਤੇ ਉਹ ਚੱਲਿਆ ਗਿਆ । ੨੫ ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ ਉਹ ਜੋ ਤੇਰੇ ਨਾਲ ਧੋਖਾ ਕਰਨ ਨੂੰ ਅਤੇ ਤੇਰੇ ਆਉਣ ਜਾਣ ਅਤੇ ਤੇਰੇ ਸਾਰੇ ਕੰਮਾਂ ਦਾ ਭੇਦ ਲੈਣ ਆਇਆ ਸੀ । ੨੬ ਫਿਰ ਜਦ ਯੋਆਬ ਦਾਊਦ ਕੋਲੋਂ ਨਿੱਕਲ ਆਇਆ ਤਾਂ ਉਸ ਨੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਓਹ ਉਸ ਨੂੰ ਸਿਗਹ ਦੇ ਖੂਹ ਕੋਲੋਂ ਮੋੜ ਲਿਆਏ ਪਰ ਦਾਊਦ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ । ੨੭ ਜਦ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਇਕੱਲੇ ਵਿੱਚ ਗੱਲ ਕਰਨ ਲਈ ਉਹ ਡਿਉੜ੍ਹੀ ਦੀ ਨੁੱਕਰ ਵਿੱਚ ਲੈ ਗਿਆ ਅਤੇ ਉੱਥੇ ਉਸ ਦੇ ਢਿੱਡ ਵਿੱਚ ਆਪਣੇ ਭਰਾ ਅਸਾਹੇਲ ਦੇ ਖੂਨ ਬਦਲੇ ਅਜਿਹਾ ਮਾਰਿਆ ਕਿ ਉਹ ਮਰ ਗਿਆ । ੨੮ ਇਹ ਦੇ ਪਿੱਛੋਂ ਜਦ ਦਾਊਦ ਨੇ ਸੁਣਿਆ ਤਾਂ ਉਹ ਬੋਲਿਆ, ਮੈਂ ਆਪਣੇ ਰਾਜ ਸਮੇਤ ਯਹੋਵਾਹ ਦੇ ਅੱਗੇ ਨੇਰ ਦੇ ਪੁੱਤਰ ਅਬਨੇਰ ਦੇ ਖੂਨ ਤੋਂ ਨਿਰਦੋਸ਼ ਹਾਂ । ੨੯ ਉਹ ਯੋਆਬ ਦੇ ਸਿਰ ਅਤੇ ਉਹ ਦੇ ਪਿਤਾ ਦੇ ਸਾਰੇ ਘਰਾਣੇ ਦੇ ਉੱਤੇ ਰਹੇ ਅਤੇ ਯੋਆਬ ਦੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਰਹੇ ਜਿਹ ਦਾ ਲਹੂ ਬਹੇ ਜਾਂ ਕੋੜ੍ਹ ਹੋਵੇ ਜਾਂ ਲਾਠੀ ਫੜ੍ਹ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਰੋਟੀ ਦੀ ਘਾਟ ਹੋਵੇ ! ੩੦ ਸੋ ਯੋਆਬ ਅਤੇ ਉਸ ਦੇ ਭਰਾ ਅਬਿਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਕਿਉਂ ਜੋ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਦੀ ਲੜਾਈ ਦੇ ਵਿੱਚ ਮਾਰ ਸੁੱਟਿਆ ਸੀ ।
ਅਬਨੇਰ ਨੂੰ ਦਫਨਾਇਆ ਜਾਣਾ
੩੧ ਦਾਊਦ ਨੇ ਯੋਆਬ ਅਤੇ ਸਾਰੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਆਖਿਆ ਆਪਣੇ ਕੱਪੜੇ ਪਾੜੋ ਅਤੇ ਤੱਪੜ ਪਹਿਨ ਲਓ ਅਤੇ ਅਬਨੇਰ ਦੇ ਅੱਗੇ ਤੁਰ ਕੇ ਰੋਵੋ ਅਤੇ ਦਾਊਦ ਰਾਜਾ ਆਪ ਅਰਥੀ ਪਿੱਛੇ-ਪਿੱਛੇ ਤੁਰਿਆ । ੩੨ ਸੋ ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫ਼ਨਾ ਦਿੱਤਾ ਅਤੇ ਰਾਜਾ ਉੱਚੀ ਅਵਾਜ਼ ਨਾਲ ਅਬਨੇਰ ਦੀ ਕਬਰ ਉੱਤੇ ਰੋਇਆ ਅਤੇ ਲੋਕ ਵੀ ਰੋਏ । ੩੩ ਰਾਜਾ ਨੇ ਅਬਨੇਰ ਲਈ ਵਿਰਲਾਪ ਕੀਤਾ ਅਤੇ ਆਖਿਆ, ਹਾਏ ਅਬਨੇਰ ! ਕੀ ਤੂੰ ਇੱਕ ਮੂਰਖ ਦੀ ਮੌਤ ਮਰਿਆ ? ੩੪ ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ, ਨਾ ਤੇਰੇ ਪੈਰੀਂ ਬੇੜੀਆਂ ਸਨ, ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ ! ਤਦ ਉਹ ਦੇ ਉੱਤੇ ਸਭ ਲੋਕ ਹੋਰ ਰੋਏ । ੩੫ ਤਾਂ ਸਭ ਲੋਕ ਉਥੋਂ ਆਏ ਤੇ ਦਿਨ ਰਹਿੰਦਿਆਂ ਦਾਊਦ ਨੂੰ ਕੁਝ ਖੁਵਾਉਣ ਲੱਗੇ । ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਜੇਕਰ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਖਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋ ਵੀ ਵੱਧ ਕਰੇ ! ੩੬ ਸਾਰੇ ਲੋਕਾਂ ਨੇ ਇਸ ਗੱਲ ਉੱਤੇ ਧਿਆਨ ਕੀਤਾ ਅਤੇ ਇਹ ਗੱਲ ਉਨ੍ਹਾਂ ਨੂੰ ਚੰਗੀ ਲੱਗੀ ਕਿਉਂਕਿ ਜੋ ਕੁਝ ਰਾਜਾ ਕਰਦਾ ਸੀ, ਸਭ ਲੋਕ ਉਸ ਤੇ ਰਾਜ਼ੀ ਹੁੰਦੇ ਸਨ । ੩੭ ਸਾਰੇ ਲੋਕਾਂ ਨੇ ਅਤੇ ਸਾਰੇ ਇਸਰਾਏਲ ਨੇ ਉਸ ਦਿਨ ਇਹ ਜਾਣ ਲਿਆ ਕਿ ਨੇਰ ਦਾ ਪੁੱਤਰ ਅਬਨੇਰ ਰਾਜੇ ਦੀ ਮਰਜ਼ੀ ਨਾਲ ਨਹੀਂ ਮਰਿਆ । ੩੮ ਰਾਜੇ ਨੇ ਆਪਣੇ ਸੇਵਕਾਂ ਨੂੰ ਆਖਿਆ, ਭਲਾ, ਤੁਸੀਂ ਨਹੀਂ ਜਾਣਦੇ ਕਿ ਅੱਜ ਦੇ ਦਿਨ ਇੱਕ ਪ੍ਰਧਾਨ ਸਗੋਂ ਇੱਕ ਮਹਾਂ ਪੁਰਸ਼ ਇਸਰਾਏਲ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ ? ੩੯ ਭਾਵੇਂ ਮੈਂ ਅਭਿਸ਼ੇਕ ਕੀਤਾ ਹੋਇਆ ਰਾਜਾ ਹਾਂ, ਫ਼ਿਰ ਵੀ ਅੱਜ ਦੇ ਦਿਨ ਮੈਂ ਕਮਜ਼ੋਰ ਹਾਂ ਅਤੇ ਇਹ ਲੋਕ ਸੂਰਯਾਹ ਦੇ ਪੁੱਤਰ ਮੇਰੇ ਨਾਲ ਜ਼ੋਰਾਵਰੀ ਕਰਦੇ ਹਨ, ਪਰ ਯਹੋਵਾਹ ਬੁਰਿਆਰ ਨੂੰ ਉਹ ਦੀ ਬੁਰਿਆਈ ਦਾ ਪੂਰਾ ਬਦਲਾ ਦੇਵੇਗਾ ।