੨
ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਰਾਜਾ
੧ ਕੌਮਾਂ ਕਿਸ ਗੱਲ ਲਈ ਡੰਡ ਪਾਉਂਦੀਆਂ ਹਨ, ਅਤੇ ਦੇਸ-ਦੇਸ ਦੇ ਲੋਕ ਕਿਉਂ ਵਿਅਰਥ ਸੋਚ ਸੋਚਦੇ ਹਨ ? ੨ ਯਹੋਵਾਹ ਅਤੇ ਉਸ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉਠ ਖੜੇ ਹੋਏ, ਅਤੇ ਹਾਕਮ ਆਪਸ ਵਿੱਚ ਮਤਾ ਪਕਾਉਂਦੇ ਹਨ, ੩ ਕਿ ਆਓ, ਅਸੀਂ ਉਨ੍ਹਾਂ ਦੇ ਬੰਧਨਾਂ ਨੂੰ ਤੋੜ ਦੇਈਏ, ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉੱਤੋਂ ਲਾਹ ਸੁੱਟੀਏ । ੪ ਜਿਹੜਾ ਸਵਰਗ ਵਿੱਚ ਬੈਠਾ ਹੈ ਉਹ ਹੱਸੇਗਾ, ਪ੍ਰਭੂ ਉਹਨਾਂ ਨੂੰ ਮਖ਼ੌਲਾਂ ਵਿੱਚ ਉਡਾਵੇਗਾ । ੫ ਤਦ ਉਹ ਓਹਨਾਂ ਨਾਲ ਆਪਣੇ ਕ੍ਰੋਧ ਵਿੱਚ ਬੋਲੇਗਾ, ਅਤੇ ਆਪਣੇ ਕ੍ਰੋਧ ਨਾਲ ਓਹਨਾਂ ਨੂੰ ਘਬਰਾਹਟ ਵਿੱਚ ਪਾ ਦੇਵਾਂਗਾ । ੬ ਪਰ ਮੈਂ ਆਪਣੇ ਯਰੂਸ਼ਲਮ ਸ਼ਹਿਰ ਅਰਥਾਤ ਪਵਿੱਤਰ ਪਰਬਤ ਸੀਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਿਠਾ ਦਿੱਤਾ ਹੈ । ੭ ਮੈਂ ਬਚਨ ਦਾ ਪ੍ਰਚਾਰ ਕਰਾਂਗਾ, ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੈਂਨੂੰ ਜਨਮ ਦਿੱਤਾ ਹੈ । ੮ ਮੈਥੋਂ ਮੰਗ ਅਤੇ ਮੈਂ ਕੌਮਾਂ ਨੂੰ ਤੇਰੀ ਮੀਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ਼ ਕਰ ਦਿਆਂਗਾ । ੯ ਤੂੰ ਲੋਹੇ ਦੇ ਡੰਡੇ ਨਾਲ ਓਹਨਾਂ ਨੂੰ ਭੰਨ ਸੁੱਟੇਂਗਾ, ਘੁਮਿਆਰ ਦੇ ਭਾਂਡੇ ਵਾਂਗੂੰ ਤੂੰ ਓਹਨਾਂ ਨੂੰ ਚਕਨਾ-ਚੂਰ ਕਰ ਦੇਵੇਂਗਾ । ੧੦ ਇਸ ਲਈ ਹੁਣ ਹੇ ਰਾਜਿਓ, ਸਿਆਣੇ ਬਣੋ, ਅਤੇ ਹੇ ਧਰਤੀ ਦੇ ਨਿਆਈਂਓ, ਤੁਸੀਂ ਸਮਝ ਜਾਓ । ੧੧ ਭੈ ਨਾਲ ਯਹੋਵਾਹ ਦੀ ਸੇਵਾ ਕਰੋ ਅਤੇ ਕੰਬਦੇ-ਕੰਬਦੇ ਅਨੰਦ ਮਨਾਓ, ੧੨ ਪੁੱਤਰ ਨੂੰ ਚੁੰਮੋ ਕਿਤੇ ਅਜਿਹਾ ਨਾ ਹੋਵੇ ਉਹ ਕ੍ਰੋਧ ਵਿੱਚ ਆਵੇ, ਅਤੇ ਤੁਸੀਂ ਰਾਹ ਦੇ ਵਿੱਚ ਹੀ ਨਾਸ਼ ਹੋ ਜਾਓ, ਕਿਉਂ ਜੋ ਉਸ ਦਾ ਕ੍ਰੋਧ ਛੇਤੀ ਭੜਕ ਉਠੇਗਾ । ਧੰਨ ਹਨ ਓਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ ।