੧੧
ਦੋ ਗਵਾਹ
੧ ਡੰਡੇ ਵਰਗਾ ਇੱਕ ਕਾਨਾ ਮੈਨੂੰ ਦਿੱਤਾ ਗਿਆ ਅਤੇ ਇਹ ਬਚਨ ਹੋਇਆ ਕਿ ਉੱਠ, ਪਰਮੇਸ਼ੁਰ ਦੀ ਹੈਕਲ, ਜਗਵੇਦੀ ਅਤੇ ਉਹਨਾਂ ਨੂੰ ਜਿਹੜੇ ਉੱਥੇ ਬੰਦਗੀ ਕਰਦੇ ਹਨ ਮਿਣ ਲੈ । ੨ ਅਤੇ ਉਸ ਵਿਹੜੇ ਨੂੰ ਜਿਹੜਾ ਹੈਕਲ ਤੋਂ ਬਾਹਰ ਹੈ ਛੱਡ ਦੇ ਅਤੇ ਉਹ ਨੂੰ ਨਾ ਮਿਣ, ਕਿਉਂਕਿ ਉਹ ਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ ਅਤੇ ਉਹ ਪਵਿੱਤਰ ਨਗਰੀ ਨੂੰ ਬਤਾਲੀਆਂ ਮਹੀਨਿਆਂ ਤੱਕ ਲਤਾੜਨਗੀਆਂ । ੩ ਮੈਂ ਆਪਣਿਆਂ ਦੋਹਾਂ ਗਵਾਹਾਂ ਨੂੰ ਇਹ ਸਮਰੱਥ ਦੇਵਾਂਗਾ ਭਈ ਉਹ ਤੱਪੜ ਪਹਿਨੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਅਗੰਮ ਵਾਕ ਕਰਨਗੇ । ੪ ਇਹ ਉਹ ਦੋ ਜ਼ੈਤੂਨ ਦੇ ਰੁੱਖ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ । ੫ ਜੇ ਕੋਈ ਉਹਨਾਂ ਦਾ ਨੁਕਸਾਨ ਕਰਨਾ ਚਾਹੇ ਤਾਂ ਉਹਨਾਂ ਦੇ ਮੂੰਹੋਂ ਅੱਗ ਨਿੱਕਲਦੀ ਹੈ ਅਤੇ ਉਹਨਾਂ ਦੇ ਵੈਰੀਆਂ ਨੂੰ ਭਸਮ ਕਰ ਦਿੰਦੀ ਹੈ । ਸੋ ਜੇ ਉਹਨਾਂ ਦਾ ਨੁਕਸਾਨ ਕਰਨਾ ਚਾਹੇ ਤਾਂ ਉਹ ਇਸੇ ਤਰ੍ਹਾਂ ਜ਼ਰੂਰ ਮਾਰਿਆ ਜਾਵੇ । ੬ ਅਕਾਸ਼ ਬੰਦ ਕਰਨਾ ਉਹਨਾਂ ਦੇ ਵੱਸ ਵਿੱਚ ਹੈ ਤਾਂ ਕਿ ਉਹਨਾਂ ਦੇ ਅਗੰਮ ਵਾਕ ਦੇ ਦਿਨੀਂ ਮੀਂਹ ਨਾ ਪਵੇ, ਅਤੇ ਪਾਣੀ ਉਹਨਾਂ ਦੇ ਵੱਸ ਵਿੱਚ ਹਨ ਕਿ ਉਨ੍ਹਾਂ ਨੂੰ ਲਹੂ ਬਣਾ ਦੇਣ ਅਤੇ ਜਦੋਂ ਕਦੇ ਉਹਨਾਂ ਦਾ ਮਨ ਕਰੇ, ਤਾਂ ਉਹ ਧਰਤੀ ਨੂੰ ਸਭ ਪਰਕਾਰ ਦੀਆਂ ਮਹਾਂਮਾਰੀਆਂ ਨਾਲ ਮਾਰਨ । ੭ ਜਦ ਉਹ ਆਪਣੀ ਗਵਾਹੀ ਦੇ ਹਟਣਗੇ ਤਦ ਉਹ ਦਰਿੰਦਾ ਜਿਹੜਾ ਅਥਾਹ ਕੁੰਡ ਵਿੱਚੋਂ ਆਉਂਦਾ ਹੈ, ਉਹਨਾਂ ਨਾਲ ਯੁੱਧ ਕਰਕੇ ਉਹਨਾਂ ਨੂੰ ਜਿੱਤ ਲਵੇਗਾ ਅਤੇ ਉਹਨਾਂ ਨੂੰ ਮਾਰ ਸੁੱਟੇਗਾ । ੮ ਅਤੇ ਉਹਨਾਂ ਦੀਆਂ ਲਾਸ਼ਾਂ ਉਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਸ ਨੂੰ ਆਤਮਿਕ ਰੀਤੀ ਨਾਲ ਸਦੂਮ ਅਤੇ ਮਿਸਰ ਕਿਹਾ ਜਾਂਦਾ ਹੈ, ਜਿੱਥੇ ਉਹਨਾਂ ਦਾ ਪ੍ਰਭੂ ਵੀ ਸਲੀਬ ਉੱਤੇ ਚੜ੍ਹਾਇਆ ਗਿਆ ਸੀ । ੯ ਉੱਮਤਾਂ, ਗੋਤਾਂ, ਭਾਸ਼ਾਵਾਂ ਅਤੇ ਕੌਮਾਂ ਵਿੱਚੋਂ ਕਈ ਉਹਨਾਂ ਦੀਆਂ ਲਾਸ਼ਾਂ ਨੂੰ ਸਾਢੇ ਤਿੰਨ ਦਿਨ ਵੇਖਣਗੇ ਪਰ ਉਹਨਾਂ ਦੀਆਂ ਲਾਸ਼ਾਂ ਨੂੰ ਕਬਰ ਵਿੱਚ ਨਾ ਰੱਖਣਗੇ । ੧੦ ਅਤੇ ਧਰਤੀ ਦੇ ਵਾਸੀ ਖੁਸ਼ ਹੋਣਗੇ ਅਤੇ ਉਹਨਾਂ ਉੱਤੇ ਅਨੰਦ ਕਰਨਗੇ ਅਤੇ ਇੱਕ ਦੂਜੇ ਦੇ ਕੋਲ ਸੁਗਾਤਾਂ ਭੇਜਣਗੇ ਕਿਉਂਕਿ ਇਨ੍ਹਾਂ ਦੋਹਾਂ ਨਬੀਆਂ ਨੇ ਧਰਤੀ ਦੇ ਵਾਸੀਆਂ ਨੂੰ ਔਖਾ ਕੀਤਾ ਹੋਇਆ ਸੀ । ੧੧ ਸਾਢੇ ਤਿੰਨਾਂ ਦਿਨਾਂ ਤੋਂ ਬਾਅਦ ਜੀਵਨ ਦਾ ਸੁਆਸ ਪਰਮੇਸ਼ੁਰ ਦੀ ਵੱਲੋਂ ਉਹਨਾਂ ਵਿੱਚ ਆ ਗਿਆ ਅਤੇ ਉਹ ਆਪਣਿਆਂ ਪੈਰਾਂ ਉੱਤੇ ਖੜ੍ਹੇ ਹੋ ਗਏ ਅਤੇ ਜਿਨ੍ਹਾਂ ਉਹਨਾਂ ਨੂੰ ਵੇਖਿਆ, ਉਹ ਬਹੁਤ ਡਰ ਗਏ । ੧੨ ਅਤੇ ਉਨ੍ਹਾਂ ਨੇ ਅਕਾਸ਼ ਤੋਂ ਇੱਕ ਵੱਡੀ ਅਵਾਜ਼ ਉਹਨਾਂ ਨੂੰ ਇਹ ਆਖਦੇ ਸੁਣੀ ਕਿ ਐਧਰ ਉਤਾਹਾਂ ਨੂੰ ਆ ਜਾਓ ! ਤਾਂ ਉਹ ਬੱਦਲ ਵਿੱਚ ਅਕਾਸ਼ ਨੂੰ ਉਤਾਹਾਂ ਚੜ੍ਹ ਗਏ ਅਤੇ ਉਹਨਾਂ ਦੇ ਵੈਰੀਆਂ ਨੇ ਉਹਨਾਂ ਨੂੰ ਦੇਖਿਆ । ੧੩ ਉਸੇ ਵੇਲੇ ਵੱਡਾ ਭੂਚਾਲ ਆਇਆ, ਜਿਸ ਨਾਲ ਨਗਰੀ ਦਾ ਦਸਵਾਂ ਹਿੱਸਾ ਢਹਿ ਗਿਆ ਅਤੇ ਸੱਤ ਹਜ਼ਾਰ ਆਦਮੀ ਮਾਰੇ ਗਏ, ਜਿਹੜੇ ਬਚ ਗਏ ਉਹ ਡਰ ਗਏ ਅਤੇ ਸਵਰਗ ਦੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ ।
੧੪ ਦੂਜਾ ਦੁੱਖ ਬੀਤ ਗਿਆ । ਵੇਖੋ, ਤੀਜਾ ਦੁੱਖ ਛੇਤੀ ਆਉਂਦਾ ਹੈ ! ।
ਸੱਤਵੀਂ ਤੁਰ੍ਹੀ
੧੫ ਫੇਰ ਸੱਤਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਸਵਰਗ ਵਿੱਚ ਵੱਡੀ ਅਵਾਜ਼ ਇਹ ਆਖਦਿਆਂ ਸੁਣੀ - ਸੰਸਾਰ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ-ਜੁੱਗ ਰਾਜ ਕਰੇਗਾ ! ੧੬ ਉਹ ਚੌਵੀ ਬਜ਼ੁਰਗ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਆਪੋ ਆਪਣੇ ਸਿੰਘਾਸਣਾਂ ਉੱਤੇ ਬੈਠੇ ਹੋਏ ਸਨ, ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਹਿਣ ਲੱਗੇ,
੧੭ ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਅਤੇ ਜਿਹੜਾ ਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਇਸ ਲਈ ਜੋ ਤੂੰ ਆਪਣੀ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ, ੧੮ ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਿਆ ਜੋ ਉਹਨਾਂ ਦਾ ਨਿਆਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਉਹਨਾਂ ਨੂੰ ਜੋ ਤੇਰੇ ਨਾਮ ਦਾ ਡਰ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਉਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ ! ।
੧੯ ਅਤੇ ਪਰਮੇਸ਼ੁਰ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ ਖੋਲ੍ਹੀ ਗਈ ਅਤੇ ਉਹ ਦੀ ਹੈਕਲ ਵਿੱਚ ਉਹ ਦੇ ਨੇਮ ਦਾ ਸੰਦੂਕ ਦਿਖਾਈ ਦੇਣ ਲੱਗ ਪਿਆ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਭੂਚਾਲ ਆਇਆ ਅਤੇ ਵੱਡੇ - ਵੱਡੇ ਗੜੇ ਪਏ ।