ਪੌਲੁਸ ਰਾਜਾ ਅਗ੍ਰਿਪਾ ਦੇ ਸਾਹਮਣੇ
26
ਅਗ੍ਰਿਪਾ ਨੇ ਪੌਲੁਸ ਨੂੰ ਆਖਿਆ, “ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਇਜਾਜ਼ਤ ਹੈ।” ਤਾਂ ਪੌਲੁਸ ਆਪਣੇ ਹੱਥ ਨਾਲ ਲੋਕਾਂ ਨੂੰ ਸੁਨਣ ਦਾ ਇਸ਼ਾਰਾ ਕਰਦਿਆਂ ਹੋਇਆਂ ਆਖਣ ਲੱਗਾ। “ਹੇ ਰਾਜਾ ਅਗ੍ਰਿਪਾ, ਤੁਹਾਡੇ ਅੱਗੇ ਖੜ੍ਹਾ ਹੋਕੇ ਅੱਜ ਮੈਂ ਆਪਣੇ ਆਪਨੂੰ ਬੜਾ ਭਾਗਸ਼ਾਲੀ ਸਮਝਦਾ ਹਾਂ ਅਤੇ ਮੈਂ ਯਹੂਦੀਆਂ ਦੁਆਰਾ ਆਪਣੇ ਉੱਤੇ ਲਾਏ ਗਏ ਸਾਰੇ ਇਲਜ਼ਾਮਾਂ ਦਾ ਉੱਤਰ ਦੇਵਾਂਗਾ। ਮੈਂ ਵੱਧੇਰੇ ਖੁਸ਼ ਹਾਂ ਕਿਉਂਕਿ ਤੈਨੂੰ ਯਹੂਦੀ ਰਿਵਾਜ਼ਾਂ ਬਾਰੇ ਅਤੇ ਜਿਹੜੀਆਂ ਗੱਲਾਂ ਬਾਰੇ ਇਹ ਬਹਿਸ ਕਰਦੇ ਹਨ ਉਨ੍ਹਾਂ ਬਾਰੇ ਪੂਰਾ ਗਿਆਨ ਹੈ। ਇਸ ਲਈ ਕਿਰਪਾ ਕਰਕੇ ਮੇਰੀ ਗੱਲ ਸਬਰ ਨਾਲ ਸੁਣੋ।
“ਸਾਰੇ ਯਹੂਦੀ ਮੇਰੇ ਸਾਰੇ ਜੀਵਨ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਕਿਵੇਂ ਮੈਂ ਮੁਢੋ ਆਪਣੇ ਦੇਸ਼ ਵਿੱਚ ਰਿਹਾ ਹਾਂ ਅਤੇ ਬਾਦ ਵਿੱਚ ਯਰੂਸ਼ਲਮ ਦੇ ਵਿੱਚ। ਇਹ ਯਹੂਦੀ ਮੈਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ ਹਨ। ਜੇਕਰ ਇਹ ਚਾਹੁਣ, ਉਹ ਤੈਨੂੰ ਦੱਸ ਸੱਕੱਦੇ ਹਨ ਕਿ ਮੈਂ ਆਪਣਾ ਜੀਵਨ ਇੱਕ ਫ਼ਰੀਸੀ ਵਾਂਗ ਬਤੀਤ ਕੀਤਾ ਹੈ। ਫ਼ਰੀਸੀ ਯਹੂਦੀ ਧਰਮ ਦੇ ਨੇਮਾਂ ਦੀ ਪਾਲਣਾ ਹੋਰਨਾਂ ਯਹੂਦੀ ਧੜਿਆਂ ਤੋਂ ਵੀ ਵੱਧੇਰੇ ਧਿਆਨ ਨਾਲ ਕਰਦੇ ਹਨ। ਹੁਣ ਮੈਂ ਉਸ ਵਿਸ਼ਵਾਸ ਕਾਰਣ ਕਚਿਹਰੀ ਦੇ ਸਾਹਮਣੇ ਖੜ੍ਹਾ ਹਾਂ ਜੋ ਮੈਨੂੰ ਉਸ ਵਾਅਦੇ ਕਾਰਣ ਮਿਲੀ ਹੈ ਜਿਹੜਾ ਪਰਮੇਸ਼ੁਰ ਨੇ ਸਾਡੇ ਬਜ਼ੁਰਗਿਆਂ ਨਾਲ ਕੀਤਾ ਸੀ। ਉਸੇ ਕਰਾਰ ਨੂੰ ਪ੍ਰਾਪਤ ਕਰਨ ਦੀ ਆਸ ਉੱਪਰ ਸਾਡੀਆਂ ਬਾਰ੍ਹਾਂ ਗੋਤਾਂ ਦਿਨ ਰਾਤ ਵੱਡੇ ਯਤਨ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਹਨ। ਹੇ ਰਾਜਾ। ਇਸੇ ਆਸ ਦੇ ਵਚਨ ਦੇ ਬਦਲੇ ਯਹੂਦੀ ਮੇਰੇ ਉੱਪਰ ਦੋਸ਼ ਮੜ੍ਹ ਰਹੇ ਹਨ। ਤੁਸੀਂ ਇਸ ਗੱਲ ਨੂੰ ਅਸੰਭਵ ਕਿਉਂ ਮੰਨਦੇ ਹੋ ਕਿ ਪਰਮੇਸ਼ੁਰ ਮੁਰਦਿਆਂ ਨੂੰ ਜਿਵਾਲੇ?
“ਜਦੋਂ ਮੈਂ ਇੱਕ ਫ਼ਰੀਸੀ ਸਾਂ ਮੈਂ ਵੀ ਸੋਚਿਆ ਕਿ ਮੈਨੂੰ ਯਿਸੂ ਨਾਸਰੀ ਦੇ ਨਾਂ ਦੇ ਵਿਰੁੱਧ ਸਾਰੀਆਂ ਸੰਭਵ ਗੱਲਾਂ ਕਰਨੀਆਂ ਚਾਹੀਦੀਆਂ ਹਨ। 10 ਅਤੇ ਯਰੂਸ਼ਲਮ ਵਿੱਚ ਮੈਂ ਨਿਹਚਾਵਾਨਾਂ ਦੇ ਖਿਲਾਫ਼ ਵੀ ਬੜੇ ਕੰਮ ਕੀਤੇ। ਪਰਧਾਨ ਜਾਜਕਾਂ ਨੇ ਮੈਨੂੰ ਇਹ ਇਖਤਿਆਰ ਦਿੱਤਾ ਹੋਇਆ ਸੀ, ਇਸ ਲਈ ਮੈਂ ਬਹੁਤ ਸਾਰੇ ਨਿਹਚਾਵਾਨਾਂ ਨੂੰ ਕੈਦ ਕੀਤਾ ਅਤੇ ਉਨ੍ਹਾਂ ਨੂੰ ਕੈਦਖਾਨੇ ਵਿੱਚ ਪਾ ਦਿੱਤਾ। ਜਦੋਂ ਉਹ ਮਾਰੇ ਜਾ ਰਹੇ ਸਨ, ਤਾਂ ਮੈਂ ਵੀ ਹਾਂਮੀ ਭਰੀ। 11 ਹਰ ਪ੍ਰਾਰਥਨਾ ਸਥਾਨ ਵਿੱਚ ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ। ਮੈਂ ਉਨ੍ਹਾਂ ਨੂੰ ਯਿਸੂ ਦੇ ਖਿਲਾਫ਼ ਬੇਇੱਜ਼ਤੀ ਦੇ ਸ਼ਬਦ ਆਖਣ ਲਈ ਮਜਬੂਰ ਕੀਤਾ। ਮੈਂ ਉਨ੍ਹਾਂ ਦੇ ਇੰਨਾ ਖਿਲਾਫ਼ ਸੀ ਕਿ ਮੈਂ ਉਨ੍ਹਾਂ ਦੀ ਭਾਲ ਵਿੱਚ ਹੋਰ ਥਾਵਾਂ ਤੇ ਵੀ ਗਿਆ।
ਪੌਲੁਸ ਦਾ ਯਿਸੂ ਨੂੰ ਵੇਖਣ ਬਾਰੇ ਦੱਸਣਾ
12 “ਇੱਕ ਅਜਿਹੀ ਯਾਤਰਾ ਵੇਲੇ, ਮੈਂ ਪ੍ਰਧਾਨ ਜਾਜਕਾਂ ਦੁਆਰਾ ਦਿੱਤੇ ਅਧਿਕਾਰ ਅਤੇ ਸ਼ਕਤੀ ਨਾਲ ਦੰਮਿਸਕ ਨੂੰ ਜਾਂਦੇ ਰਾਹ ਤੇ ਸੀ। 13 ਇਹ ਦੁਪਿਹਰ ਸੀ ਅਤੇ ਮੈਂ ਦੰਮਿਸਕ ਨੂੰ ਜਾਂਦੇ ਰਾਹ ਤੇ ਸੀ। ਫ਼ੇਰ, ਹੇ ਪਾਤਸ਼ਾਹ, ਮੈਂ ਅਕਾਸ਼ ਤੋਂ ਇੱਕ ਰੋਸ਼ਨੀ ਵੇਖੀ ਜੋ ਕਿ ਸੂਰਜ ਤੋਂ ਵੀ ਵੱਧ ਚਮਕੀਲੀ ਸੀ। ਉਹ ਰੋਸ਼ਨੀ ਮੇਰੇ ਚਾਰੇ ਪਾਸੇ ਫ਼ੈਲ ਗਈ ਅਤੇ ਮੇਰੇ ਨਾਲ ਜਿਹੜੇ, ਮੇਰੇ ਸਾਥੀ ਸਫ਼ਰ ਕਰ ਰਹੇ ਸਨ ਉਨ੍ਹਾਂ ਉੱਤੇ ਵੀ। 14 ਅਸੀਂ ਸਾਰੇ ਜ਼ਮੀਨ ਤੇ ਡਿੱਗ ਗਏ। ਫ਼ੇਰ ਮੈਂ ਇਬਰਾਨੀ ਭਾਸ਼ਾ ਵਿੱਚ ਆਖਦੀ ਇੱਕ ਅਵਾਜ਼ ਸੁਣੀ। ‘ਸੌਲੁਸ, ਸੌਲੁਸ, ਤੂੰ ਮੈਨੂੰ ਕਸ਼ਟ ਕਿਉਂ ਦੇ ਰਿਹਾ ਹੈਂ? ਮੇਰੇ ਖਿਲਾਫ਼ ਲੜਕੇ ਤੂੰ ਆਪਣੇ ਆਪ ਨੂੰ ਸੱਟ ਮਾਰ ਰਿਹਾ ਹੈਂ।’
15 “ਮੈਂ ਕਿਹਾ, ‘ਪ੍ਰਭੂ, ਤੂੰ ਕੌਣ ਹੈਂ?’
“ਪ੍ਰਭੂ ਨੇ ਆਖਿਆ, ‘ਮੈਂ ਯਿਸੂ ਹਾਂ, ਜਿਸ ਨੂੰ ਤੂੰ ਕਸ਼ਟ ਦੇ ਰਿਹਾ ਹੈਂ। 16 ਉੱਠ ਖੜ੍ਹਾ ਹੋ। ਮੈਂ ਤੈਨੂੰ ਆਪਣਾ ਸੇਵਕ ਚੁਣਿਆ ਹੈ। ਤੂੰ ਮੇਰਾ ਗਵਾਹ ਹੋਵੇਂਗਾ। ਤੂੰ ਜੋ ਕੁਝ ਹੁਣ ਵੇਖਿਆ ਹੈ ਤੇ ਜੋ ਮੈਂ ਤੈਨੂੰ ਅਗਲੇ ਸਮੇਂ ਵਿੱਚ ਵਿਖਾਵਾਂਗਾ, ਇਸ ਬਾਰੇ ਤੂੰ ਲੋਕਾਂ ਨਾਲ ਮੇਰੀ ਚਰਚਾ ਕਰੇਂਗਾ। ਇਸੇ ਲਈ ਅੱਜ ਮੈਂ ਤੇਰੇ ਕੋਲ ਆਇਆ ਹਾਂ। 17 ਮੈਂ ਤੈਨੂੰ ਤੇਰੇ ਆਪਣੇ ਲੋਕਾਂ ਤੋਂ ਅਤੇ ਗੈਰ-ਯਹੂਦੀ ਲੋਕਾਂ ਤੋਂ ਵੀ ਬਚਾਵਾਂਗਾ। ਮੈਂ ਤੈਨੂੰ ਇਨ੍ਹਾਂ ਲੋਕਾਂ ਕੋਲ ਭੇਜ ਰਿਹਾ ਹਾਂ। 18 ਤੂੰ ਇਨ੍ਹਾਂ ਲੋਕਾਂ ਨੂੰ ਸੱਚ ਬਾਰੇ ਦੱਸੇਂਗਾ ਤਾਂ ਲੋਕ ਹਨੇਰੇ ਤੋਂ ਭੱਜ ਕੇ ਉਜਾਲੇ ਦੇ ਰਾਹ ਵੱਲ ਮੁੜਣਗੇ ਅਤੇ ਸ਼ੈਤਾਨ ਦੀ ਸ਼ਕਤੀ ਤੋਂ ਉਹ ਪਰਮੇਸ਼ੁਰ ਵੱਲ ਪਰਤਣਗੇ, ਫ਼ੇਰ ਉਨ੍ਹਾਂ ਦੇ ਪਾਪ ਬਖਸ਼ ਦਿੱਤੇ ਜਾਣਗੇ ਅਤੇ ਉਹ ਉਨ੍ਹਾਂ ਨਾਲ ਸਾਂਝ ਪਾਉਣਗੇ ਜੋ ਕਿ ਮੇਰੇ ਵਿੱਚ ਵਿਸ਼ਵਾਸ ਰਾਹੀਂ ਪਵਿੱਤਰ ਬਣਾਏ ਗਏ ਹਨ।’”
ਪੌਲੁਸ ਦਾ ਆਪਣੇ ਕੰਮ ਬਾਰੇ ਦੱਸਣਾ
19 ਪੌਲੁਸ ਨੇ ਆਪਣਾ ਭਾਸ਼ਣ ਜਾਰੀ ਰੱਖਿਆ, “ਜਦੋਂ ਮੈਂ ਸਵਰਗ ਤੋਂ ਇਹ ਦਰਸ਼ਨ ਵੇਖਿਆ, ਤਾਂ ਮੈਂ ਇਸ ਨੂੰ ਮੰਨਣ ਤੋਂ ਇਨਕਾਰ ਨਾ ਕੀਤਾ। 20 ਮੈਂ ਲੋਕਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਉਨ੍ਹਾਂ ਨੂੰ ਆਪਣੇ ਦਿਲ ਅਤੇ ਜੀਵਨ ਬਦਲਣੇ ਚਾਹੀਦੇ ਹਨ ਅਤੇ ਪਰਮੇਸ਼ੁਰ ਵੱਲ ਮੁੜਨਾ ਚਾਹੀਦਾ ਹੈ। ਮੈਂ ਲੋਕਾਂ ਨੂੰ ਵਰਨਣ ਕੀਤਾ ਕਿ ਉਨ੍ਹਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਜੋ ਇਹ ਵਿਖਾਉਣ ਕਿ ਉਨ੍ਹਾਂ ਨੇ ਸੱਚ ਮੁੱਚ ਆਪਣੇ ਦਿਲ ਅਤੇ ਜੀਵਨ ਬਦਲ ਲਏ ਹਨ। ਸਭ ਤੋਂ ਪਹਿਲਾਂ ਇਹ ਉਪਦੇਸ਼ ਮੈਂ ਦੰਮਿਸਕ ਵਿੱਚ ਦਿੱਤਾ ਫ਼ਿਰ ਮੈਂ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਵਿੱਚ ਇਸਦਾ ਪ੍ਰਚਾਰ ਕੀਤਾ। ਮੈਂ ਪਰਾਈਆਂ ਕੌਮਾਂ ਵਿੱਚ ਜਾਕੇ ਵੀ ਇਸਦਾ ਪ੍ਰਚਾਰ ਕੀਤਾ।
21 “ਇਸੇ ਕਰਕੇ ਯਹੂਦੀ ਮੈਨੂੰ ਫ਼ੜਕੇ ਲੈ ਗਏ ਜਦ ਮੈਂ ਮੰਦਰ ਵਿੱਚ ਸੀ ਅਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। 22 ਪਰ ਪਰਮੇਸ਼ੁਰ ਨੇ ਮੇਰੀ ਮਦਦ ਕੀਤੀ ਅਤੇ ਉਹ ਅੱਜ ਦਿਨ ਤੱਕ ਵੀ ਮੇਰੀ ਮਦਦ ਕਰ ਰਿਹਾ ਹੈ। ਮੈਂ ਇੱਥੇ ਪਰਮੇਸ਼ੁਰ ਦੀ ਮਦਦ ਨਾਲ ਖੜ੍ਹਾ ਹਾਂ ਅਤੇ ਸਭ ਲੋਕਾਂ, ਵੱਡਿਆਂ ਅਤੇ ਛੋਟਿਆਂ ਦੋਹਾਂ ਨੂੰ, ਗਵਾਹੀ ਦੇ ਰਿਹਾ ਹਾਂ। ਪਰ ਮੈਂ ਨਵਾਂ ਕੁਝ ਵੀ ਨਹੀਂ ਆਖ ਰਿਹਾ। ਮੈਂ ਉਹੀ ਕੁਝ ਦੱਸ ਰਿਹਾ ਹਾਂ ਜੋ ਮੂਸਾ ਅਤੇ ਨਬੀਆਂ ਨੇ ਆਖਿਆ ਸੀ, ਜੋ ਅੱਗੋਂ ਵਾਪਰੇਗਾ। 23 ਉਨ੍ਹਾਂ ਆਖਿਆ ਸੀ ਕਿ ਮਸੀਹ ਹੋਵੇਗਾ ਅਤੇ ਉਹ ਪਹਿਲਾਂ ਹੋਵੇਗਾ ਜੋ ਮਰ ਕੇ ਜਿਉਂ ਉੱਠੇਗਾ। ਮੂਸਾ ਅਤੇ ਨਬੀਆਂ ਦਾ ਕਹਿਣਾ ਹੈ ਕਿ ਮਸੀਹ ਯਹੂਦੀਆਂ ਲਈ ਅਤੇ ਗੈਰ-ਯਹੂਦੀਆਂ ਲਈ ਰੌਸ਼ਨੀ ਦੀ ਮਿਸਾਲ ਲੈ ਕੇ ਆਵੇਗਾ।”
ਪੌਲੁਸ ਦੀ ਅਗ੍ਰਿਪਾ ਨੂੰ ਮਨਾਉਣ ਦੀ ਕੋਸ਼ਿਸ਼
24 ਜਦੋਂ ਪੌਲੁਸ ਅਪਣੀ ਰੱਖਿਆ ਕਰਨ ਲਈ ਇਹ ਗੱਲਾਂ ਆਖ ਰਿਹਾ ਸੀ ਤਾਂ ਫ਼ੇਸਤੁਸ ਨੇ ਰੌਲਾ ਪਾਇਆ, “ਪੌਲੁਸ। ਤੂੰ ਪਾਗਲ ਹੈਂ। ਬਹੁਤ ਜ਼ਿਆਦਾ ਵਿਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ।”
25 ਪੌਲੁਸ ਨੇ ਆਖਿਆ, “ਹੇ ਫ਼ੇਸਤੁਸ ਬਹਾਦੁਰ। ਮੈਂ ਕਮਲਾ ਨਹੀਂ। ਜੋ ਮੈਂ ਕਹਿ ਰਿਹਾ ਹਾਂ ਸਗੋਂ ਉਹ ਸੱਚ ਹੈ। ਮੇਰੇ ਸ਼ਬਦ ਕਿਸੇ ਮੂਰਖ ਦੇ ਸ਼ਬਦ ਨਹੀਂ ਹਨ। ਜੋ ਮੈਂ ਆਖ ਰਿਹਾ ਹਾਂ ਸੱਚ ਹੈ ਅਤੇ ਤਰਕ ਪੂਰਣ ਹੈ। 26 ਰਾਜਾ ਅਗ੍ਰਿਪਾ ਇਨ੍ਹਾਂ ਗੱਲਾਂ ਬਾਰੇ ਜਾਣਦਾ ਹੈ ਅਤੇ ਮੈਂ ਉਸ ਨਾਲ ਖੁਲ੍ਹੇਆਮ ਬੋਲ ਸੱਕਦਾ ਹਾਂ, ਉਸ ਲਈ ਇਨ੍ਹਾਂ ਵਿੱਚੋਂ ਕੁਝ ਵੀ ਨਵਾਂ ਨਹੀਂ ਹੈ। ਕਿਉਂਕਿ ਇਹ ਸਭ ਗੱਲਾਂ ਸਭ ਦੀ ਹਾਜਰੀ ਵਿੱਚ ਹੋਈਆਂ ਨਾ ਕਿ ਗੁਪਤ ਤੌਰ ਤੇ। 27 ਰਾਜਾ ਅਗ੍ਰਿਪਾ, ਕੀ ਤੂੰ ਨਬੀਆਂ ਦੀਆਂ ਲਿਖਤਾਂ ਵਿੱਚ ਨਿਹਚਾ ਕਰਦਾ ਹੈਂ? ਮੈਂ ਜਾਣਦਾ ਹਾਂ ਕਿ ਤੂੰ ਨਿਹਚਾ ਰੱਖਦਾ ਹੈਂ।”
28 ਰਾਜਾ ਅਗ੍ਰਿਪਾ ਨੇ ਪੌਲੁਸ ਨੂੰ ਕਿਹਾ, “ਕੀ ਤੂੰ ਸੋਚਦਾ ਹੈਂ ਕਿ ਤੂੰ ਮੈਨੂੰ ਇੰਨੀ ਸੌਖੀ ਤਰ੍ਹਾਂ ਮਸੀਹੀ ਹੋਣ ਲਈ ਉਕਸਾ ਲਵੇਂਗਾ?”
29 ਪੌਲੁਸ ਨੇ ਆਖਿਆ, “ਇਹ ਔਖਾ ਹੋਵੇ ਜਾਂ ਸੌਖਾ, ਪਰ ਇਹ ਮਾਮਲਾ ਨਹੀਂ ਹੈ; ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਹੀ ਨਹੀਂ ਸਗੋਂ ਉਹ ਸਭ ਜੋ ਅੱਜ ਮੈਨੂੰ ਸੁਣ ਰਹੇ ਹਨ, ਮੇਰੇ ਵਾਂਗ ਬਚਾਏ ਜਾ ਸੱਕਣ, ਸਿਵਾਏ ਇਨ੍ਹਾਂ ਜੰਜ਼ੀਰਾਂ ਦੇ।”
30 ਰਾਜਾ ਅਗ੍ਰਿਪਾ, ਫ਼ੇਸਤੁਸ ਹਾਕਮ, ਬਰਨੀਕੇ ਅਤੇ ਸਾਰੇ ਉਨ੍ਹਾਂ ਨਾਲ ਬੈਠੇ ਹੋਏ ਲੋਕ ਖਲੋ ਗਏ ਅਤੇ ਕਚਿਹਰੀ ਚੋਂ ਉੱਠ ਕੇ ਚੱਲੇ ਗਏ। 31 ਜਾਂਦੇ ਹੋਏ ਉਹ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਆਖ ਰਹੇ ਸਨ, “ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਜੋ ਇਹ ਮੌਤ ਜਾਂ ਕੈਦ ਦਾ ਅਧਿਕਾਰੀ ਹੋਵੇ। ਸੱਚਮੁੱਚ ਇਸਨੇ ਕੁਝ ਵੀ ਬੁਰਾ ਨਹੀਂ ਕੀਤਾ।” 32 ਤਾਂ ਅਗ੍ਰਿਪਾ ਨੇ ਫ਼ੇਸਤੁਸ ਨੂੰ ਕਿਹਾ, “ਜੇਕਰ ਇਸਨੇ ਕੈਸਰ ਨੂੰ ਬੇਨਤੀ ਨ ਕੀਤੀ ਹੁੰਦੀ, ਤਾਂ ਉਸ ਨੂੰ ਅਜ਼ਾਦ ਕੀਤਾ ਜਾ ਸੱਕਦਾ ਸੀ।”