ਅੰਮੋਨੀਆਂ ਦੇ ਵਿਰੱਧ ਭਵਿੱਖਬਾਣੀ
25
1 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,
2 “ਆਦਮੀ ਦੇ ਪੁੱਤਰ, ਅੰਮੋਨੀਆਂ ਦੇ ਲੋਕਾਂ ਵੱਲ ਵੇਖ ਅਤੇ ਮੇਰੇ ਲਈ ਉਨ੍ਹਾਂ ਦੇ ਖਿਲਾਫ਼ ਬੋਲ।
3 ਅੰਮੋਨੀਆਂ ਦੇ ਲੋਕਾਂ ਨੂੰ ਆਖ: ‘ਯਹੋਵਾਹ ਮੇਰਾ ਪ੍ਰਭੂ ਦੇ ਸ਼ਬਦ ਨੂੰ ਸੁਣੋ! ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ: ਜਦੋਂ ਮੇਰਾ ਪਵਿੱਤਰ ਸਬਾਨ ਬਰਬਾਦ ਹੋਇਆ ਤਾਂ ਤੁਸੀਂ ਖੁਸ਼ ਸੀ। ਤੁਸੀਂ ਇਸਰਾਏਲ ਦੀ ਧਰਤੀ ਦੇ ਖਿਲਾਫ਼ ਸੀ ਜਦੋਂ ਇਹ ਪ੍ਰਦੂਸ਼ਿਤ ਸੀ। ਤੁਸੀਂ ਯਹੂਦਾਹ ਦੇ ਪਰਿਵਾਰ ਦੇ ਖਿਲਾਫ਼ ਸੀ, ਜਦੋਂ ਲੋਕਾਂ ਨੂੰ ਬੰਦੀ ਬਣਾਕੇ ਦੂਰ ਲਿਜਾਇਆ ਗਿਆ।
4 ਇਸ ਲਈ ਮੈਂ ਤੈਨੂੰ ਪੂਰਬ ਦੇ ਲੋਕਾਂ ਦੇ ਹਵਾਲੇ ਕਰ ਦਿਆਂਗਾ। ਉਹ ਤੇਰੀ ਧਰਤੀ ਖੋਹ ਲੈਣਗੇ। ਉਨ੍ਹਾਂ ਦੀਆਂ ਫ਼ੌਜਾਂ ਤੇਰੇ ਦੇਸ਼ ਵਿੱਚ ਡੇਰਾ ਲਾ ਲੈਣਗੀਆਂ। ਉਹ ਤੁਹਾਡੇ ਦਰਮਿਆਨ ਰਹਿਣਗੀਆਂ। ਉਹ ਤੁਹਾਡੇ ਫ਼ਲ ਖਾਣਗੀਆਂ ਅਤੇ ਤੁਹਾਡਾ ਦੁੱਧ ਪੀਣਗੀਆਂ।
5 “‘ਮੈਂ ਰੱਬਾਹ ਸ਼ਹਿਰ ਨੂੰ ਊਠਾਂ ਦੀ ਚਰਾਂਦ ਬਣਾ ਦਿਆਂਗਾ। ਅਤੇ ਅੰਮੋਨੀਆਂ ਦੇ ਦੇਸ਼ ਨੂੰ ਭੇਡਾਂ ਦਾ ਵਾੜਾ ਬਣਾ ਦਿਆਂਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।
6 ਯਹੋਵਾਹ ਇਹ ਗੱਲਾਂ ਆਖਦਾ ਹੈ: ਤੁਸੀਂ ਖੁਸ਼ ਸੀ ਕਿ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ ਗਿਆ। ਤੁਸੀਂ ਤਾੜੀਆਂ ਮਾਰੀਆਂ ਅਤੇ ਪੈਰ ਪਟਕਾਏ। ਤੁਹਾਨੂੰ ਇਸਰਾਏਲ ਦੀ ਧਰਤੀ ਦੀ ਬੇਇੱਜ਼ਤੀ ਕਰਦਿਆਂ ਖੁਸ਼ੀ ਮਿਲੀ।
7 ਇਸ ਲਈ ਮੈਂ ਤੁਹਾਨੂੰ ਸਜ਼ਾ ਦਿਆਂਗਾ। ਤੁਸੀਂ ਉਨ੍ਹਾਂ ਕੀਮਤੀ ਚੀਜ਼ਾਂ ਵਰਗੇ ਹੋਵੋਂਗੇ, ਜਿਨ੍ਹਾਂ ਨੂੰ ਫ਼ੌਜੀ ਜੰਗ ਵਿੱਚ ਹਾਸਿਲ ਕਰਦੇ ਹਨ। ਤੁਸੀਂ ਆਪਣੀ ਵਿਰਾਸਤ ਗੁਆ ਲਵੋਂਗੇ। ਤੁਸੀਂ ਦੂਰ ਦੁਰਾਡੀਆਂ ਧਰਤੀਆਂ ਵਿੱਚ ਮਰੋਗੇ। ਮੈਂ ਤੁਹਾਡੇ ਦੇਸ ਨੂੰ ਤਬਾਹ ਕਰ ਦਿਆਂਗਾ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।’”
ਮੋਆਬ ਅਤੇ ਸ਼ੇਈਰ ਦੇ ਵਿਰੱਧ ਭਵਿੱਖਬਾਣੀ
8 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਮੋਆਬ ਅਤੇ ਸ਼ੇਈਰ ਆਖਦੇ ਹਨ, ‘ਯਹੂਦਾਹ ਦਾ ਪਰਿਵਾਰ ਬਸ ਕਿਸੇ ਹੋਰ ਕੌਮ ਵਰਗਾ ਹੀ ਹੈ।’
9 ਮੈਂ ਮੋਆਬ ਦਾ ਮੋਢਾ ਵੱਢ ਸੁੱਟਾਂਗਾ-ਮੈਂ ਇਸਦੇ ਉਨ੍ਹਾਂ ਸ਼ਹਿਰਾਂ ਨੂੰ ਲੈ ਲਵਾਂਗਾ ਜਿਹੜੇ ਸਰਹੱਦ ਉੱਤੇ ਹਨ, ਧਰਤੀ ਦਾ ਪਰਤਾਪ, ਬੈਤ-ਯਸ਼ੀਮੋਬ, ਬਅਲ ਮਅੋਨ ਅਤੇ ਕਿਰਿਯਾਬਇਮ।
10 ਫ਼ੇਰ ਮੈਂ ਇਨ੍ਹਾਂ ਸ਼ਹਿਰਾਂ ਨੂੰ ਪੂਰਬ ਦੇ ਲੋਕਾਂ ਦੇ ਹਵਾਲੇ ਕਰ ਦਿਆਂਗਾ। ਉਹ ਤੁਹਾਡੀ ਧਰਤੀ ਲੈ ਲੈਣਗੇ। ਅਤੇ ਮੈਂ ਉਨ੍ਹਾਂ ਪੂਰਬ ਦੇ ਲੋਕਾਂ ਤੋਂ ਅੰਮੋਨੀ ਦੇ ਲੋਕਾਂ ਨੂੰ ਤਬਾਹ ਕਰਵਾਵਾਂਗਾ। ਫ਼ੇਰ ਹਰ ਕੋਈ ਇਹ ਭੁੱਲ ਜਾਵੇਗਾ ਕਿ ਅੰਮੋਨੀਆਂ ਦੇ ਲੋਕ ਕਦੇ ਇੱਕ ਕੌਮ ਹੁੰਦੇ ਸਨ।
11 ਇਸ ਲਈ ਮੈਂ ਮੋਆਬ ਨੂੰ ਸਜ਼ਾ ਦਿਆਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”
ਅਦੋਮ ਦੇ ਵਿਰੱਧ ਭਵਿੱਖਬਾਣੀ
12 ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ, “ਅਦੋਮ ਦੇ ਲੋਕ ਯਹੂਦਾਹ ਦੇ ਪਰਿਵਾਰ ਦੇ ਵਿਰੁੱਧ ਹੋ ਗਏ ਅਤੇ ਉਨ੍ਹਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ। ਅਦੋਮ ਦੇ ਲੋਕੀ ਦੋਸ਼ੀ ਸਨ।”
13 ਇਸ ਲਈ ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: “ਮੈਂ ਅਦੋਮ ਨੂੰ ਸਜ਼ਾ ਦੇਵਾਂਗਾ। ਮੈਂ ਅਦੋਮ ਦੇ ਲੋਕਾਂ ਅਤੇ ਜਾਨਵਰਾਂ ਨੂੰ ਤਬਾਹ ਕਰ ਦਿਆਂਗਾ। ਮੈਂ ਅਦੋਮ ਦੇ ਸਾਰੇ ਦੇਸ ਨੂੰ ਤਬਾਹ ਕਰ ਦਿਆਂਗਾ, ਤੀਮਾਨ ਤੋਂ ਲੈ ਕੇ ਦਦਾਨ ਤੀਕਰ। ਅਦੋਮੀ ਲੋਕ ਜੰਗ ਵਿੱਚ ਮਾਰੇ ਜਾਣਗੇ।
14 ਮੈਂ ਇਸਰਾਏਲ ਦੇ ਆਪਣੇ ਲੋਕਾਂ ਦੀ ਵਰਤੋਂ ਕਰਾਂਗਾ ਅਤੇ ਅਦੋਮ ਨਾਲ ਹਿਸਾਬ ਬਰਾਬਰ ਕਰਾਂਗਾ। ਇਸ ਤਰ੍ਹਾਂ, ਇਸਰਾਏਲ ਦੇ ਲੋਕ ਅਦੋਮ ਦੇ ਖਿਲਾਫ਼ ਮੇਰਾ ਕਹਿਰ ਦਰਸਾਉਣਗੇ। ਫ਼ੇਰ ਉਹ ਅਦੋਮ ਦੇ ਲੋਕ ਜਾਣ ਲੈਣਗੇ ਕਿ ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ।” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
ਫ਼ਿਲਿਸਤੀਆਂ ਦੇ ਵਿਰੁੱਧ ਭਵਿੱਖਬਾਣੀ
15 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਫ਼ਿਲਿਸਤੀਆਂ ਨੇ ਬਦਲਾ ਚੁਕਾਣ ਦੀ ਕੋਸ਼ਿਸ਼ ਕੀਤੀ। ਉਹ ਬਹੁਤ ਜ਼ਾਲਿਮ ਸਨ। ਉਨ੍ਹਾਂ ਨੇ ਆਪਣੇ ਅੰਦਰ ਬਹੁਤ ਦੇਰ ਤੀਕ ਗੁੱਸੇ ਦੀ ਅੱਗ ਮਘਦੀ ਰੱਖੀ!”
16 ਇਸ ਲਈ ਯਹੋਵਾਹ ਮੇਰੇ ਪ੍ਰਭੂ ਨੇ ਆਖਿਆ, “ਮੈਂ ਫਿਲਿਸਤੀਆਂ ਨੂੰ ਸਜ਼ਾ ਦੇਵਾਂਗਾ। ਹਾਂ, ਮੈਂ ਕਰੇਤੀਆਂ ਦੇ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਆਂਗਾ। ਮੈਂ ਸਮੁੰਦਰ ਕੰਢੇ ਰਹਿੰਦੇ ਉਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।
17 ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ-ਮੈਂ ਹਿਸਾਬ ਬਰਾਬਰ ਕਰਾਂਗਾ। ਮੈਂ ਆਪਣੇ ਕਹਿਰ ਰਾਹੀਂ ਉਨ੍ਹਾਂ ਨੂੰ ਸਬਕ ਸਿੱਖਾਵਾਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ!”