ਕੂਚ
ਮਿਸਰ ਵਿੱਚ ਯਾਕੂਬ ਦਾ ਪਰਿਵਾਰ
1
ਯਾਕੂਬ ਆਪਣੇ ਪੁੱਤਰਾਂ ਨਾਲ ਮਿਸਰ ਵਿੱਚ ਚੱਲਿਆ ਗਿਆ। ਉਸ ਦੇ ਹਰੇਕ ਪੁੱਤਰ ਨਾਲ ਉਸਦਾ ਆਪਣਾ ਪਰਿਵਾਰ ਸੀ। ਇਸਰਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ; ਰਊਬੇਨ, ਸਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੂਲੁਨ, ਬਿਨਯਾਮੀਨ, ਦਾਨ, ਨਫ਼ਤਾਲੀ, ਗਾਦ, ਆਸ਼ੇਰ। ਕੁੱਲ 70 ਲੋਕ ਸਨ, ਜਿਹੜੇ ਯਾਕੂਬ ਦੇ ਉਤਰਾਧਿਕਾਰੀਆਂ ਵਿੱਚੋਂ ਸਨ। (ਯੂਸੁਫ਼ ਵੀ 12 ਪੁੱਤਰਾਂ ਵਿੱਚੋਂ ਇੱਕ ਸੀ, ਪਰ ਉਹ ਪਹਿਲਾਂ ਹੀ ਮਿਸਰ ਵਿੱਚ ਸੀ।)
ਬਾਦ ਵਿੱਚ ਯੂਸੁਫ਼, ਉਸ ਦੇ ਭਰਾਵਾਂ ਅਤੇ ਉਸਦੀ ਪੀੜੀ ਦੇ ਸਾਰੇ ਲੋਕਾਂ ਦਾ ਦੇਹਾਂਤ ਹੋ ਗਿਆ। ਪਰ ਇਸਰਾਏਲ ਦੇ ਲੋਕਾਂ ਦੀ ਔਲਾਦ ਬਹੁਤ ਸੀ ਅਤੇ ਉਨ੍ਹਾਂ ਦੀ ਗਿਣਤੀ ਵੱਧਦੀ ਗਈ। ਇਸਰਾਏਲ ਦੇ ਲੋਕ ਤਾਕਤਵਰ ਬਣ ਗਏ, ਅਤੇ ਮਿਸਰ ਦਾ ਦੇਸ਼ ਇਸਰਾਏਲੀਆਂ ਨਾਲ ਭਰ ਗਿਆ।
ਇਸਰਾਏਲ ਦੇ ਲੋਕਾਂ ਲਈ ਮੁਸੀਬਤਾਂ
ਫ਼ੇਰ ਇੱਕ ਨਵਾਂ ਰਾਜਾ ਮਿਸਰ ਵਿੱਚ ਰਾਜ ਕਰਨ ਲੱਗਾ। ਇਹ ਰਾਜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ। ਉਸ ਨੇ ਆਪਣੇ ਲੋਕਾਂ ਨੂੰ ਆਖਿਆ, “ਵੇਖੋ, ਇਸਰਾਏਲ ਦੇ ਲੋਕ ਬਹੁਤ ਸਾਰੇ ਹਨ। ਅਤੇ ਉਹ ਸਾਡੇ ਨਾਲੋਂ ਵੱਧੇਰੇ ਤਾਕਤਵਰ ਹਨ। 10 ਸਾਨੂੰ ਇਸਰਾਏਲੀਆਂ ਨੂੰ ਤਾਕਤਵਰ ਹੋਣ ਤੋਂ ਰੋਕਣ ਦੀਆਂ ਵਿਉਂਤਾਂ ਜ਼ਰੂਰ ਬਨਾਉਣੀਆਂ ਚਾਹੀਦੀਆਂ ਹਨ। ਜੇ ਲੜਾਈ ਹੋਈ, ਤਾਂ ਹੋ ਸੱਕਦਾ ਹੈ ਕਿ ਇਸਰਾਏਲ ਦੇ ਲੋਕ ਸਾਡੇ ਦੁਸ਼ਮਨਾਂ ਨਾਲ ਰਲ ਜਾਣ। ਤਾਂ ਹੋ ਸੱਕਦਾ ਹੈ ਕਿ ਉਹ ਸਾਨੂੰ ਹਰਾ ਦੇਣ ਅਤੇ ਸਾਡੇ ਕੋਲੋਂ ਬਚ ਕੇ ਨਿਕਲ ਜਾਣ।”
11 ਇਸ ਲਈ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮਾਂ ਵਾਂਗ ਕੰਮ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਸਤਾਉਣ ਲਈ ਉਨ੍ਹਾਂ ਉੱਪਰ ਕੰਮ ਨਿਰੀਖਕ ਨਿਯੁਕਤ ਕਰ ਦਿੱਤੇ। ਜਦੋਂ ਉਹ ਫ਼ਿਰਊਨ ਲਈ ਭਂਡਾਰ ਰੱਖਣ ਵਾਲੇ ਸ਼ਹਿਰ ਫ਼ਿਤੋਮ ਤੇ ਰਾਮਸੇਸ ਉਸਾਰ ਰਹੇ ਸਨ।
12 ਮਿਸਰੀਆਂ ਨੇ ਇਸਰਾਏਲੀਆਂ ਨੂੰ ਔਖੇ ਤੋਂ ਔਖੇ ਕੰਮ ਕਰਨ ਲਈ ਮਜਬੂਰ ਕੀਤਾ। ਪਰ ਇਸਰਾਏਲ ਦੇ ਲੋਕਾਂ ਨੂੰ ਜਿੰਨਾ ਵੱਧੇਰੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਉਹ ਓਨਾ ਹੀ ਵੱਧੇਰੇ ਵੱਧੇ ਫ਼ੁੱਲੇ ਤੇ ਫ਼ੈਲੇ। ਅਤੇ ਮਿਸਰੀ ਲੋਕ ਇਸਰਾਏਲ ਦੇ ਲੋਕਾਂ ਤੋਂ ਹੋਰ ਵੱਧੇਰੇ ਡਰ ਗਏ। 13 ਤਾਂ ਮਿਸਰੀਆਂ ਨੇ ਇਸਰਾਏਲ ਦੇ ਲੋਕਾਂ ਨੂੰ ਹੋਰ ਵੀ ਵੱਧੇਰੇ ਸਖਤੀ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ।
14 ਮਿਸਰੀਆਂ ਨੇ ਇਸਰਾਏਲੀਆਂ ਲਈ ਜਿਉਣਾ ਮੁਸ਼ਕਿਲ ਕਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਇੱਟਾਂ ਗਾਰੇ ਦਾ ਔਖਾ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਖੇਤਾਂ ਵਿੱਚ ਵੀ ਔਖੇ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਦੇ ਹਰ ਕੰਮ ਵਿੱਚ ਸਖਤ ਮਿਹਨਤ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ।
ਉਹ ਦਾਈਆਂ ਜਿਹੜੀਆਂ ਪਰਮੇਸ਼ੁਰ ਦੇ ਰਾਹ ਤੁਰੀਆਂ
15 ਦੋ ਦਾਈਆਂ ਸਨ ਜਿਹੜੀਆਂ ਇਸਰਾਏਲੀ ਔਰਤਾਂ ਨੂੰ ਬੱਚੇ ਜੰਮਣ ਵਿੱਚ ਸਹਾਇਤਾ ਕਰਦੀਆਂ ਸਨ। ਉਨ੍ਹਾਂ ਦੇ ਨਾਮ ਸਨ ਸਿਫ਼ਰਾਹ ਤੇ ਫ਼ੂਆਹ। ਮਿਸਰ ਦੇ ਰਾਜੇ ਨੇ ਦਾਈਆਂ ਨਾਲ ਗੱਲ ਕੀਤੀ। 16 ਰਾਜੇ ਨੇ ਆਖਿਆ, “ਤੁਸੀਂ ਇਬਰਾਨੀ ਔਰਤਾਂ ਦੀ ਬੱਚੇ ਜੰਮਣ ਵਿੱਚ ਸਹਾਇਤਾ ਕਰਦੀਆਂ ਰਹੋਂਗੀਆਂ। ਜੇ ਕੁੜੀ ਜੰਮੇ ਤਾਂ ਉਸ ਨੂੰ ਜਿਉਣ ਦਿਓ ਪਰ ਜੇ ਮੁੰਡਾ ਜੰਮੇ ਤਾਂ ਤੁਸੀਂ ਉਸ ਨੂੰ ਜ਼ਰੂਰ ਮਾਰ ਦਿਓ।”
17 ਪਰ ਦਾਈਆਂ ਨੇ ਪਰਮੇਸ਼ੁਰ ਤੇ ਭਰੋਸਾ ਰੱਖਿਆ ਅਤੇ ਉਹ ਨਹੀਂ ਕੀਤਾ ਜੋ ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਮੁੰਡਿਆਂ ਨੂੰ ਜਿਉਣ ਦਿੱਤਾ।
18 ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜਿਹਾ ਕਿਉਂ ਕੀਤਾ? ਤੁਸੀਂ ਮੁੰਡਿਆਂ ਨੂੰ ਕਿਉਂ ਜਿਉਂਦਿਆਂ ਛੱਡ ਦਿੱਤਾ?”
19 ਦਾਈਆਂ ਨੇ ਫ਼ਿਰਊਨ ਨੂੰ ਆਖਿਆ, “ਇਬਰਾਨੀ ਔਰਤਾਂ ਮਿਸਰੀ ਔਰਤਾਂ ਨਾਲੋਂ ਵੱਧ ਤਾਕਤਵਰ ਹਨ। ਉਹ ਸਾਡੇ ਉੱਥੇ ਪਹੁੰਚ ਕੇ ਉਨ੍ਹਾਂ ਦੀ ਮਦਦ ਕਰਨ ਤੋਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਜਨਮ ਦੇ ਦਿੰਦੀਆਂ ਹਨ।” 20-21 ਇਸ ਲਈ ਪਰਮੇਸ਼ੁਰ ਨੇ ਦਾਈਆਂ ਦਾ ਭਲਾ ਕੀਤਾ, ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਿੱਤੇ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਨਮਾਨ ਦਿੱਤਾ ਅਤੇ ਉਸ ਤੋਂ ਭੈ ਖਾਧਾ।
ਇਬਰਾਨੀਆਂ ਦੇ ਬੱਚਿਆਂ ਨੇ ਜਨਮ ਲੈਣਾ ਜਾਰੀ ਰੱਖਿਆ ਅਤੇ ਉਨ੍ਹਾਂ ਦੀ ਗਿਣਤੀ ਵੱਧਦੀ ਗਈ ਅਤੇ ਉਹ ਬਹੁਤ ਸ਼ਕਤੀਸ਼ਾਲੀ ਬਣ ਗਏ। 22 ਇਸ ਲਈ ਫ਼ਿਰਊਨ ਨੇ ਆਪਣੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ; “ਸਾਰੀਆਂ ਕੁੜੀਆਂ ਨੂੰ ਜਿਉਂਦਿਆਂ ਰਹਿਣ ਦਿਓ। ਪਰ ਜਦੋਂ ਵੀ ਕੋਈ ਮੁੰਡਾ ਜਨਮੇ ਉਸ ਨੂੰ ਅਵੱਸ਼ ਹੀ ਨੀਲ ਨਦੀ ਵਿੱਚ ਸੁੱਟ ਦਿਓ।”