22
“ਉਸ ਆਦਮੀ ਨੂੰ ਤੁਸੀਂ ਕੀ ਸਜ਼ਾ ਦਿਉਂਗੇ ਜਿਹੜਾ ਕਿਸੇ ਬਲਦ ਜਾਂ ਭੇਡ ਨੂੰ ਚੁਰਾ ਲੈਂਦਾ ਹੈ? ਜੇ ਉਹ ਆਦਮੀ ਉਸ ਜਾਨਵਰ ਨੂੰ ਮਾਰ ਦਿੰਦਾ ਹੈ ਜਾਂ ਵੇਚ ਦਿੰਦਾ ਹੈ, ਤਾਂ ਉਹ ਇਸ ਨੂੰ ਵਾਪਸ ਨਹੀਂ ਕਰ ਸੱਕਦਾ। ਇਸ ਲਈ ਉਸ ਨੂੰ ਚੁਰਾਏ ਹੋਏ ਬਲਦ ਬਦਲੇ ਪੰਜ ਬਲਦ ਦੇਣੇ ਪੈਣਗੇ। ਜਾਂ ਉਸ ਨੂੰ ਚੋਰੀ ਕੀਤੀ ਇੱਕ ਭੇਡ ਬਦਲੇ ਚਾਰ ਭੇਡਾਂ ਦੇਣੀਆਂ ਪੈਣਗੀਆਂ। ਉਸ ਨੂੰ ਚੋਰੀ ਕਰਨ ਦਾ ਇਵਜ਼ਾਨਾ ਦੇਣਾ ਪਵੇਗਾ। 2-4 ਜੇ ਉਸ ਬੰਦੇ ਕੋਲ ਕੁਝ ਵੀ ਨਹੀਂ ਤਾਂ ਉਸ ਨੂੰ ਗੁਲਾਮ ਦੇ ਤੌਰ ਤੇ ਵੇਚ ਦਿੱਤਾ ਜਾਵੇਗਾ। ਪਰ ਜੇ ਉਸ ਆਦਮੀ ਕੋਲ ਉਹ ਜਾਨਵਰ ਹੈ ਅਤੇ ਤੁਸੀਂ ਉਸ ਨੂੰ ਲੱਭ ਲਿਆ ਤਾਂ ਉਸ ਆਦਮੀ ਨੂੰ ਮਾਲਕ ਨੂੰ ਹਰ ਇੱਕ ਚੁਰਾਏ ਹੋਏ ਜਾਨਵਰ ਬਦਲੇ ਦੋ ਜਾਨਵਰ ਦੇਣੇ ਪੈਣਗੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜਾਨਵਰ ਬਲਦ ਸੀ ਜਾਂ ਖੋਤਾ ਜਾਂ ਭੇਡ।
“ਜੇ ਕੋਈ ਚੋਰ ਰਾਤ ਵੇਲੇ ਕਿਸੇ ਘਰ ਵਿੱਚ ਸੰਨ੍ਹ ਲਾਉਂਦਾ ਮਾਰਿਆ ਜਾਵੇ, ਤਾਂ ਉਸ ਨੂੰ ਮਾਰਨ ਲਈ ਕੋਈ ਵੀ ਦੋਸ਼ੀ ਨਹੀਂ ਹੋਵੇਗਾ। ਪਰ ਜੇ ਅਜਿਹਾ ਦਿਨ ਵੇਲੇ ਵਾਪਰਦਾ ਹੈ, ਤਾਂ ਉਹ ਬੰਦਾ ਜਿਸਨੇ ਉਸ ਨੂੰ ਮਾਰਿਆ, ਕਤਲ ਦਾ ਦੋਸ਼ੀ ਹੋਵੇਗਾ।
“ਜੇ ਕੋਈ ਬੰਦਾ ਆਪਣੇ ਜਾਨਵਰਾਂ ਨੂੰ ਚਰਨ ਲਈ ਬਾਹਰ ਖੇਤ ਜਾਂ ਅੰਗੂਰਾਂ ਦੇ ਬਾਗ ਵਿੱਚ ਛੱਡਦਾ ਹੈ ਅਤੇ ਜੇਕਰ ਉਹ ਉਨ੍ਹਾਂ ਜਾਨਵਰਾਂ ਨੂੰ ਆਪਣੇ ਗੁਆਂਢੀ ਦੇ ਖੇਤ ਜਾਂ ਅੰਗੂਰ ਦੇ ਬਾਗ ਵਿੱਚ ਧੱਕੇ ਨਾਲ ਵੜਕੇ ਚਰਨ ਦਿੰਦਾ ਹੈ, ਤਾਂ ਉਸ ਨੂੰ ਨੁਕਸਾਨ ਦੀ ਅਦਾਇਗੀ ਵਜੋਂ ਆਪਣੀ ਸਭ ਤੋਂ ਚੰਗੀ ਖੇਤੀ ਦੇਣੀ ਪਵੇਗੀ।
“ਹੋ ਸੱਕਦਾ ਹੈ ਕੋਈ ਬੰਦਾ ਆਪਣੇ ਖੇਤ ਵਿੱਚ ਕੰਡਿਆਲੀਆਂ ਝਾੜੀਆਂ ਨੂੰ ਸਾੜਨ ਲਈ ਅੱਗ ਬਾਲੇ। ਪਰ ਜੇ ਇਹ ਅੱਗ ਫ਼ੈਲ ਜਾਂਦੀ ਹੈ ਅਤੇ ਉਸ ਦੇ ਗੁਆਂਢੀ ਦੀਆਂ ਫ਼ਸਲਾਂ ਜਾਂ ਉਸ ਦੇ ਖੇਤ ਦੇ ਅਨਾਜ ਨੂੰ ਸਾੜ ਦਿੰਦੀ ਹੈ, ਤਾਂ ਜਿਸ ਬੰਦੇ ਨੇ ਅੱਗ ਲਾਈ ਸੀ, ਉਸ ਨੂੰ ਉਨ੍ਹਾਂ ਸਾੜੀਆਂ ਹੋਈਆਂ ਚੀਜ਼ਾਂ ਦਾ ਇਵਜ਼ਾਨਾ ਦੇਣਾ ਪਵੇਗਾ।
“ਹੋ ਸੱਕਦਾ ਹੈ ਕੋਈ ਬੰਦਾ ਆਪਣੇ ਲਈ ਗੁਆਂਢੀ ਦੇ ਘਰ ਵਿੱਚ ਕੁਝ ਚੀਜ਼ਾਂ ਜਾਂ ਪੈਸੇ ਰੱਖਣ ਲਈ ਆਖੇ। ਜੇ ਉਹ ਪੈਸੇ ਜਾਂ ਚੀਜ਼ਾਂ ਉਸ ਗੁਆਂਢੀ ਦੇ ਘਰੋਂ ਚੋਰੀ ਹੋ ਜਾਣ ਤਾਂ ਫ਼ੇਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਚੋਰ ਨੂੰ ਫ਼ੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਸੀਂ ਚੋਰ ਨੂੰ ਫ਼ੜ ਲਵੋਂ ਤਾਂ ਉਸ ਨੂੰ ਉਨ੍ਹਾਂ ਚੀਜ਼ਾਂ ਦਾ ਦੁੱਗਣਾ ਅਦਾ ਕਰਨਾ ਚਾਹੀਦਾ ਹੈ। ਪਰ ਜੇ ਤੁਸੀਂ ਚੋਰ ਨੂੰ ਨਾ ਫ਼ੜ ਸੱਕੋਂ, ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਕੀ ਘਰ ਦਾ ਮਾਲਕ ਦੋਸ਼ੀ ਹੈ ਜਾਂ ਨਹੀਂ। ਘਰ ਦੇ ਮਾਲਕ ਨੂੰ ਨਿਆਂਕਾਰਾਂ ਦੇ ਸਾਹਮਣੇ ਜਾਣਾ ਚਾਹੀਦਾ ਹੈ, ਅਤੇ ਉਹ ਸੌਂਹ ਖਾਵੇ ਕਿ ਉਸ ਨੇ ਆਪਣੇ ਗੁਆਂਢੀ ਦੀਆਂ ਚੀਜ਼ਾਂ ਨਹੀਂ ਚੁਰਾਈਆਂ।
“ਜੇ ਦੋ ਵਿਅਕਤੀਆਂ ਵਿੱਚਕਾਰ ਕਿਸੇ ਬਲਦ ਜਾਂ ਖੋਤੇ ਜਾਂ ਭੇਡ ਜਾਂ ਕੱਪੜੇ ਜਾਂ ਕਿਸੇ ਗੁਆਚੀ ਹੋਈ ਚੀਜ਼ ਬਾਰੇ ਝਗੜਾ ਹੋ ਜਾਵੇ, ਜਿੱਥੇ ਇੱਕ ਵਿਅਕਤੀ ਆਖੇ, ‘ਇਹ ਮੇਰਾ ਹੈ’, ਅਤੇ ਦੂਸਰਾ ਆਖੇ, ‘ਨਹੀਂ, ਇਹ ਮੇਰਾ ਹੈ’, ਉਨ੍ਹਾਂ ਦੋਹਾਂ ਨੂੰ ਨਿਆਂਕਾਰਾਂ ਦੇ ਸਾਹਮਣੇ ਜਾਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਨਿਆਂਕਾਰ ਦੋਸ਼ੀ ਘੋਸ਼ਿਤ ਕਰੇ, ਉਸ ਨੂੰ ਦੂਸਰੇ ਵਿਅਕਤੀ ਨੂੰ ਦੁੱਗਣਾ ਹਿੱਸਾ ਅਦਾ ਕਰਨਾ ਪਵੇਗਾ।
10 “ਹੋ ਸੱਕਦਾ ਹੈ ਕਿ ਕੋਈ ਬੰਦਾ ਆਪਣੇ ਗੁਆਂਢੀ ਨੂੰ ਕੁਝ ਸਮੇਂ ਲਈ ਕਿਸੇ ਜਾਨਵਰ ਦੀ ਦੇਖ-ਭਾਲ ਕਰਨ ਲਈ ਆਖੇ। ਇਹ ਖੋਤਾ ਜਾਂ ਬਲਦ ਜਾਂ ਭੇਡ ਵੀ ਹੋ ਸੱਕਦੀ ਹੈ। ਪਰ ਜੇ ਉਹ ਜਾਨਵਰ ਜ਼ਖਮੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਜਾਂ ਕੋਈ ਉਸ ਜਾਨਵਰ ਨੂੰ ਅੱਖ ਬਚਾ ਕੇ ਚੁਰਾ ਲੈਂਦਾ ਹੈ, ਤਾਂ ਫ਼ੇਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? 11 ਉਸ ਗੁਆਂਢੀ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਸ ਨੇ ਜਾਨਵਰ ਨਹੀਂ ਚੁਰਾਇਆ। ਜੇ ਇਹ ਸਹੀ ਹੈ, ਤਾਂ ਉਹ ਗੁਆਂਢੀ ਯਹੋਵਾਹ ਅੱਗੇ ਇਕਰਾਰ ਕਰੇਗਾ ਕਿ ਉਸ ਨੇ ਇਸ ਨੂੰ ਨਹੀਂ ਚੁਰਾਇਆ। ਜਾਨਵਰ ਦੇ ਮਾਲਕ ਨੂੰ ਇਸ ਇਕਰਾਰ ਨੂੰ ਮੰਨ ਲੈਣਾ ਚਾਹੀਦਾ ਹੈ। ਗੁਆਂਢੀ ਨੂੰ ਜਾਨਵਰ ਲਈ ਮਾਲਕ ਨੂੰ ਪੈਸੇ ਦੇਣ ਦੀ ਲੋੜ ਨਹੀਂ। 12 ਪਰ ਜੇਕਰ ਜਾਨਵਰ ਉਦੋਂ ਚੋਰੀ ਹੁੰਦਾ ਹੈ ਜਦੋਂ ਉਹ ਗੁਆਂਢੀ ਦੀ ਨਿਗਰਾਨੀ ਵਿੱਚ ਸੀ, ਤਾਂ ਉਸ ਨੂੰ ਜਾਨਵਰ ਦੀ ਕੀਮਤ ਮਾਲਕ ਨੂੰ ਅਦਾ ਕਰਨੀ ਪਵੇਗੀ। 13 ਜੇ ਜੰਗਲੀ ਜਾਨਵਰਾਂ ਨੇ ਉਸ ਜਾਨਵਰ ਨੂੰ ਮਾਰ ਦਿੱਤਾ ਹੋਵੇ, ਤਾਂ ਗੁਆਂਢੀ ਨੂੰ ਜਾਨਵਰ ਦੀ ਲਾਸ਼ ਸਬੂਤ ਵਜੋਂ ਪੇਸ਼ ਕਰਨੀ ਪਵੇਗੀ। ਗੁਆਂਢੀ ਨੂੰ ਉਸ ਜਾਨਵਰ ਦੀ ਕੀਮਤ ਮਾਲਕ ਨੂੰ ਨਹੀਂ ਦੇਣੀ ਪਵੇਗੀ ਜਿਹੜਾ ਮਾਰਿਆ ਗਿਆ ਸੀ।
14 “ਜੇ ਕੋਈ ਆਦਮੀ ਆਪਣੇ ਗੁਆਂਢੀ ਤੋਂ ਕੋਈ ਜਾਨਵਰ ਲੈਂਦਾ ਅਤੇ ਜੇਕਰ ਉਹ ਜਾਨਵਰ ਜਦੋਂ ਮਾਲਕ ਉੱਥੇ ਨਹੀਂ ਸੀ ਜ਼ਖਮੀ ਹੋ ਜਾਂਦਾ ਹੈ, ਜਾਂ ਉਹ ਜਾਨਵਰ ਮਰ ਜਾਂਦਾ, ਤਾਂ ਗੁਆਂਢੀ ਨੂੰ ਇਸਦੀ ਕੀਮਤ ਮਾਲਕ ਨੂੰ ਅਦਾ ਕਰਨੀ ਚਾਹੀਦੀ ਹੈ। 15 ਪਰ ਜੇ ਮਾਲਕ ਜਾਨਵਰ ਦੇ ਨਾਲ ਸੀ, ਤਾਂ ਗੁਆਂਢੀ ਨੂੰ ਕੁਝ ਦੇਣ ਦੀ ਲੋੜ ਨਹੀਂ। ਜਾਂ, ਜੇ ਗੁਆਂਢੀ ਇਸ ਕੰਮ ਲਈ ਜਾਨਵਰ ਦੀ ਵਰਤੋਂ ਲਈ ਪੈਸੇ ਦੇ ਰਿਹਾ ਸੀ। ਤਾਂ ਉਸ ਨੂੰ ਕੁਝ ਨਹੀਂ ਦੇਣਾ ਪਵੇਗਾ ਜੇ ਜਾਨਵਰ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ। ਜਿਹੜਾ ਪੈਸਾ ਉਸ ਨੇ ਜਾਨਵਰ ਦੀ ਵਰਤੋਂ ਲਈ ਦਿੱਤਾ ਉਹ ਅਦਾਇਗੀ ਲਈ ਕਾਫ਼ੀ ਹੋਵੇਗਾ।
16 “ਜੇ ਕਿਸੇ ਬੰਦੇ ਦੇ ਕਿਸੇ ਕੁਆਰੀ ਮੁਟਿਆਰ ਨਾਲ ਜਿਨਸੀ ਸੰਬੰਧ ਹਨ, ਤਾਂ ਉਸ ਨੂੰ ਉਸ ਨਾਲ ਵਿਆਹ ਕਰਾਉਣਾ ਪਵੇਗਾ। ਅਤੇ ਉਸ ਨੂੰ ਉਸ ਦੇ ਪਿਤਾ ਨੂੰ ਪੂਰਾ ਦਾਜ ਦੇਣਾ ਪਵੇਗਾ। 17 ਜੇ ਪਿਤਾ ਉਸ ਨੂੰ ਆਪਣੀ ਧੀ ਨਾਲ ਵਿਆਹ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਵੀ ਉਸ ਆਦਮੀ ਨੂੰ ਪੈਸਾ ਦੇਣਾ ਪਵੇਗਾ। ਉਸ ਨੂੰ ਉਸ ਲਈ ਪੂਰਾ ਪੂਰਾ ਪੈਸਾ ਦੇਣਾ ਪਵੇਗਾ।
18 “ਜੇਕਰ ਕੋਈ ਔਰਤ ਕਾਲਾ ਜਾਦੂ ਕਰਦੀ ਹੈ, ਤੁਹਾਨੂੰ ਉਸ ਨੂੰ ਜਿਉਂਦਿਆਂ ਨਹੀਂ ਰਹਿਣ ਦੇਣਾ ਚਾਹੀਦਾ।
19 “ਤੁਹਾਨੂੰ ਕਿਸੇ ਬੰਦੇ ਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਰੱਖਣ ਦੇਣੇ ਚਾਹੀਦੇ। ਜੇ ਅਜਿਹਾ ਹੁੰਦਾ ਹੈ ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ।
20 “ਜੇ ਕੋਈ ਬੰਦਾ ਕਿਸੇ ਝੂਠੇ ਦੇਵਤੇ ਨੂੰ ਬਲੀ ਚੜ੍ਹਾਉਂਦਾ ਹੈ, ਤਾ ਉਸ ਬੰਦੇ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਇੱਕ ਯਹੋਵਾਹ ਪਰਮੇਸ਼ੁਰ ਹੀ ਹੈ ਜਿਸ ਨੂੰ ਤੁਹਾਨੂੰ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ।
21 “ਚੇਤੇ ਰੱਖੋ, ਅਤੀਤ ਵਿੱਚ ਤੁਸੀਂ ਮਿਸਰ ਦੀ ਧਰਤੀ ਉੱਤੇ ਵਿਦੇਸ਼ੀ ਸੀ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਕਿਸੇ ਅਜਿਹੇ ਬੰਦੇ ਨੂੰ ਧੋਖਾ ਨਾ ਦਿਓ ਜਾਂ ਨੁਕਸਾਨ ਨਾ ਪੁਚਾਓ ਜਿਹੜਾ ਤੁਹਾਡੇ ਦੇਸ਼ ਵਿੱਚ ਵਿਦੇਸ਼ੀ ਹੈ।
22 “ਤੁਹਾਨੂੰ ਕਦੇ ਵੀ ਉਨ੍ਹਾਂ ਔਰਤਾਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਪਤੀ ਮਰ ਚੁੱਕੇ ਹਨ ਜਾਂ ਉਨ੍ਹਾਂ ਬੱਚਿਆਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਹੜੇ ਯਤੀਮ ਹਨ। 23 ਜੇ ਤੁਸੀਂ ਉਨ੍ਹਾਂ ਵਿਧਵਾਵਾਂ ਜਾਂ ਯਤੀਮਾਂ ਨਾਲ ਮੰਦਾ ਕਰੋਂਗੇ, ਤਾਂ ਮੈਂ ਇਸ ਨੂੰ ਜਾਣ ਜਾਵਾਂਗਾ। ਮੈਂ ਉਨ੍ਹਾਂ ਦੀਆਂ ਤਕਲੀਫ਼ਾਂ ਸੁਣਾਂਗਾ। 24 ਅਤੇ ਮੈਂ ਬਹੁਤ ਕਰੋਧਵਾਨ ਹੋਵਾਂਗਾ। ਮੈਂ ਤੁਹਾਨੂੰ ਤਲਵਾਰ ਨਾਲ ਕਤਲ ਕਰ ਦਿਆਂਗਾ। ਫ਼ੇਰ ਤੁਹਾਡੀਆਂ ਪਤਨੀਆਂ ਵਿਧਵਾ ਹੋ ਜਾਣਗੀਆਂ। ਅਤੇ ਤੁਹਾਡੇ ਬੱਚੇ ਯਤੀਮ ਹੋ ਜਾਣਗੇ।
25 “ਜੇ ਮੇਰੇ ਬੰਦਿਆਂ ਵਿੱਚੋਂ ਕੋਈ ਗਰੀਬ ਹੈ, ਅਤੇ ਤੁਸੀਂ ਉਸ ਨੂੰ ਪੈਸਾ ਉਧਾਰ ਦਿੰਦੇ ਹੋ ਤਾਂ ਤੁਹਾਨੂੰ ਉਸ ਪੈਸੇ ਦਾ ਬਿਆਜ ਨਹੀਂ ਲੈਣਾ ਚਾਹੀਦਾ। ਅਤੇ ਤੁਹਾਨੂੰ ਚਾਹੀਦਾ ਹੈ ਕਿ ਉਸ ਨੂੰ ਛੇਤੀ ਪੈਸਾ ਵਾਪਸ ਕਰਨ ਲਈ ਮਜਬੂਰ ਨਾ ਕਰੋ। 26 ਹੋ ਸੱਕਦਾ ਹੈ ਕੋ ਕੋਈ ਬੰਦਾ ਤੁਹਾਨੂੰ ਇਸ ਇਕਰਾਰ ਵਜੋਂ ਆਪਣਾ ਕੋਟ ਦੇ ਦੇਵੇ ਕਿ ਉਹ ਤੁਹਾਡਾ ਦਿੱਤਾ ਪੈਸਾ ਵਾਪਸ ਮੋੜ ਦੇਵੇਗਾ। ਪਰ ਤੁਹਾਨੂੰ ਚਾਹੀਦਾ ਹੈ ਕਿ ਸੂਰਜ ਛੁਪਣ ਤੋਂ ਪਹਿਲਾਂ ਉਸ ਨੂੰ ਉਹ ਕੋਟ ਵਾਪਸ ਕਰ ਦਿਓ। 27 ਜੇ ਉਸ ਬੰਦੇ ਕੋਲ ਕੋਟ ਨਹੀਂ ਹੋਵੇਗਾ ਤਾਂ ਉਸ ਕੋਲ ਆਪਣਾ ਸ਼ਰੀਰ ਢੱਕਣ ਲਈ ਕੁਝ ਨਹੀਂ ਹੋਵੇਗਾ। ਉਸ ਨੂੰ ਸੁੱਤਿਆਂ ਹ੍ਹੋਇਆਂ ਸਰਦੀ ਲੱਗ ਜਾਵੇਗੀ। ਅਤੇ ਜੇ ਉਹ ਮੇਰੇ ਅੱਗੇ ਪੁਕਾਰ ਕਰੇਗਾ, ਤਾਂ ਮੈਂ ਉਸਦੀ ਪੁਕਾਰ ਸੁਣਾਂਗਾ। ਮੈਂ ਧਿਆਨ ਦੇਵਾਂਗਾ ਕਿਉਂਕਿ ਮੈਂ ਮਿਹਰਬਾਨ ਹਾਂ।
28 “ਤੁਹਾਨੂੰ ਆਪਣੇ ਲੋਕਾਂ ਦੇ ਆਗੂਆਂ ਜਾਂ ਆਪਣੇ ਨਿਆਂਕਾਰਾਂ ਨੂੰ ਕੁਝ ਗਲਤ ਨਹੀਂ ਆਖਣਾ ਚਾਹੀਦਾ।
29 “ਫ਼ਸਲ ਦੀ ਵਾਢੀ ਵੇਲੇ ਤੁਸੀਂ ਮੈਨੂੰ ਪਹਿਲਾ ਅਨਾਜ ਤੇ ਆਪਣੇ ਫ਼ਲਾਂ ਦਾ ਪਹਿਲਾ ਰਸ ਜ਼ਰੂਰ ਭੇਂਟ ਕਰੋਂਗੇ। ਵਰ੍ਹੇ ਦੇ ਦੌਰਾਨ ਦੇਰੀ ਨਾ ਕਰੋ।
“ਆਪਣੇ ਪਲੋਠੇ ਪੁੱਤਰ ਮੈਨੂੰ ਦਿਓ। 30 ਆਪਣੇ ਪਲੋਠੇ ਪਸ਼ੂ ਅਤੇ ਭੇਡਾਂ ਵੀ ਮੈਨੂੰ ਦਿਓ। ਪਲੋਠੀ ਸੰਤਾਨ ਨੂੰ ਸੱਤਾਂ ਦਿਨਾਂ ਤੱਕ ਆਪਣੀ ਮਾਂ ਕੋਲ ਰਹਿਣ ਦਿਓ। ਫ਼ੇਰ ਅੱਠਵੇਂ ਦਿਨ ਉਸ ਨੂੰ ਮੈਨੂੰ ਦੇ ਦੇਵੋ।
31 “ਤੁਸੀਂ ਮੇਰੇ ਖਾਸ ਲੋਕ ਹੋ, ਇਸ ਲਈ ਉਸ ਜਾਨਵਰ ਦਾ ਗੋਸ਼ਤ ਨਾ ਖਾਓ ਜੋ ਜੰਗਲੀ ਜਾਨਵਰ ਦੁਆਰਾ ਮਾਰਿਆ ਗਿਆ ਹੋਵੇ। ਤੁਹਾਨੂੰ ਇਸ ਨੂੰ ਕੁਤਿਆਂ ਅੱਗੇ ਸੁੱਟ ਦੇਣਾ ਚਾਹੀਦਾ ਹੈ।