ਪਰਮੇਸ਼ੁਰ ਦੇ ਬੱਚੇ ਦੁਨੀਆਂ ਨੂੰ ਜਿੱਤ ਲੈਂਦੇ ਹਨ
5
1 ਜਿਹੜੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਹੀ ਮਸੀਹ ਹੈ। ਉਹ ਪਰਮੇਸ਼ੁਰ ਦੇ ਬੱਚੇ ਹਨ। ਜਿਹੜਾ ਵਿਅਕਤੀ ਪਿਤਾ ਨੂੰ ਪਿਆਰ ਕਰਦਾ ਹੈ, ਉਹ ਉਸ ਦੇ ਬੱਚਿਆਂ ਨੂੰ ਵੀ ਪਿਆਰ ਕਰਦਾ ਹੈ।
2 ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ? ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ।
3 ਅਸਲ ਵਿੱਚ, ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਉਸ ਦੇ ਹੁਕਮਾਂ ਨੂੰ ਮੰਨਣਾ ਹੈ। ਅਤੇ ਉਸ ਦੇ ਹੁਕਮਾਂ ਦਾ ਅਨੁਸਰਣ ਕਰਨਾ ਔਖਾ ਨਹੀਂ ਹੈ।
4 ਕਿਉਂਕਿ ਹਰ ਉਹ ਵਿਅਕਤੀ ਜਿਹੜਾ ਪਰਮੇਸ਼ੁਰ ਦਾ ਬੱਚਾ ਹੈ ਦੁਨੀਆਂ ਨੂੰ ਜਿੱਤ ਲੈਣ ਦੀ ਸ਼ਕਤੀ ਰੱਖਦਾ ਹੈ।
5 ਇਹ ਸਾਡੀ ਨਿਹਚਾ ਹੀ ਹੈ ਜਿਸਨੇ ਦੁਨੀਆਂ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਹੈ। ਇਸ ਲਈ ਉਹ ਵਿਅਕਤੀ ਕਿਹੜਾ ਹੈ ਜਿਹੜਾ ਦੁਨੀਆਂ ਨੂੰ ਜਿੱਤਦਾ ਹੈ? ਸਿਰਫ਼ ਉਹੀ ਵਿਅਕਤੀ ਜਿਹੜਾ ਇਹ ਵਿਸ਼ਵਾਸ ਰੱਖਦਾ ਹੈ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ।
ਪਰਮੇਸ਼ੁਰ ਨੇ ਸਾਨੂੰ ਆਪਣੇ ਪੁੱਤਰ ਬਾਰੇ ਦੱਸਿਆ ਸੀ
6 ਯਿਸੂ ਮਸੀਹ ਹੀ ਇੱਕ ਹੈ ਜਿਹੜਾ ਪਾਣੀ ਅਤੇ ਖੂਨ ਨਾਲ ਆਇਆ; ਉਹ ਸਿਰਫ਼ ਪਾਣੀ ਰਾਹੀਂ ਹੀ ਨਹੀਂ ਆਇਆ ਸਗੋਂ ਪਾਣੀ ਅਤੇ ਲਹੂ ਨਾਲ ਆਇਆ। ਅਤੇ ਆਤਮਾ ਸਾਨੂੰ ਦੱਸਦਾ ਹੈ ਕਿ ਇਹ ਸੱਚ ਹੈ। ਆਤਮਾ ਹੀ ਸੱਚ ਹੈ।
7 ਇਹ ਤਿੰਨ ਪ੍ਰਮਾਣ ਹਨ ਜਿਹੜੇ ਸਾਨੂੰ ਯਿਸੂ ਬਾਰੇ ਦੱਸਦੇ ਹਨ।
8 ਆਤਮਾ, ਪਾਣੀ ਅਤੇ ਖੂਨ ਇਹ ਤਿੰਨ ਪ੍ਰਮਾਣ ਇੱਕ ਦੂਸਰੇ ਨਾਲ ਮਿਲਦੇ ਹਨ।
9 ਅਸੀਂ ਲੋਕਾਂ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਉਹ ਕੁਝ ਅਜਿਹਾ ਆਖਦੇ ਹਨ ਜੋ ਸੱਚ ਹੈ। ਪਰ ਜੋ ਪਰਮੇਸ਼ੁਰ ਆਖਦਾ ਹੈ ਉਹ ਵੱਧੇਰੇ ਮਹੱਤਵਪੂਰਣ ਹੈ। ਜੋ ਪਰਮੇਸ਼ੁਰ ਨੇ ਆਖਿਆ ਹੈ; ਉਸ ਨੇ ਆਪਣੇ ਪੁੱਤਰ ਬਾਰੇ ਸਾਨੂੰ ਸੱਚ ਦੱਸਿਆ।
10 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦਾ ਹੈ ਉਸ ਕੋਲ ਉਹ ਸੱਚ ਹੈ ਜੋ ਸਾਨੂੰ ਪਰਮੇਸ਼ੁਰ ਨੇ ਦੱਸਿਆ। ਜਿਹੜਾ ਵਿਅਕਤੀ ਪਰਮੇਸ਼ੁਰ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਝੂਠਾ ਸਿੱਧ ਕਰਦਾ ਹੈ। ਕਿਉਂਕਿ ਉਹ ਵਿਅਕਤੀ ਉਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ ਜਿਹੜੀ ਸਾਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਆਖੀ ਹੈ।
11 ਇਹੀ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਖਿਆ; ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ। ਅਤੇ ਇਹ ਸਦੀਪਕ ਜੀਵਨ ਉਸ ਦੇ ਪੁੱਤਰ ਵਿੱਚ ਹੈ।
12 ਜਿਸ ਵਿਅਕਤੀ ਕੋਲ ਪੁੱਤਰ ਹੈ ਉਸ ਕੋਲ ਸੱਚਾ ਜੀਵਨ ਹੈ। ਪਰ ਜਿਸ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ ਉਸ ਕੋਲ ਸੱਚਾ ਜੀਵਨ ਨਹੀਂ ਹੈ।
ਹੁਣ ਸਦੀਪਕ ਜੀਵਨ ਸਾਡਾ ਹੈ
13 ਮੈਂ ਇਹ ਖਤ ਤੁਹਾਨੂੰ ਲਿਖ ਰਿਹਾ ਹਾਂ ਜਿਹੜੇ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦੇ ਹੋ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਤਾਂ ਤੁਹਾਨੂੰ ਪਤਾ ਲੱਗ ਸੱਕੇ ਕਿ ਸਦੀਪਕ ਜੀਵਨ ਤੁਹਾਡਾ ਹੈ।
14 ਇਸ ਲਈ ਅਸੀਂ ਪਰਮੇਸ਼ੁਰ ਕੋਲ ਇਸ ਵਿਸ਼ਵਾਸ ਨਾਲ ਆ ਸੱਕਦੇ ਹਾਂ ਕਿ ਜਦੋਂ ਅਸੀਂ ਉਸਦੀ ਰਜ਼ਾ ਅਨੁਸਾਰ ਉਸਤੋਂ ਕੁਝ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।
15 ਇਸ ਲਈ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਉਸ ਪਾਸੋਂ ਕੁਝ ਮੰਗਦੇ ਹਾਂ, ਉਹ ਸਾਨੂੰ ਸੁਣਦਾ ਹੈ। ਤਾਂ ਸਾਨੂੰ ਪਤਾ ਹੈ ਕਿ ਉਹ ਸਾਨੂੰ ਉਹ ਦਿੰਦਾ ਹੈ ਜੋ ਅਸੀਂ ਉਸ ਪਾਸੋਂ ਮੰਗਦੇ ਹਾਂ।
16 ਜੇਕਰ ਕੋਈ ਇਹ ਵੇਖਦਾ ਹੈ ਕਿ ਉਸਦਾ ਭਰਾ ਜਾਂ ਭੈਣ ਕੋਈ ਅਜਿਹਾ ਪਾਪ ਕਰ ਰਿਹਾ ਹੈ ਜੋ ਉਸ ਨੂੰ ਮੌਤ ਵੱਲ ਨਹੀਂ ਲਿਜਾਂਦਾ, ਫ਼ੇਰ ਉਸ ਨੂੰ ਆਪਣੇ ਭਰਾ ਜਾਂ ਭੈਣ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰਮੇਸ਼ੁਰ ਉਸ ਨੂੰ ਜੀਵਨ ਪ੍ਰਦਾਨ ਕਰੇਗਾ। ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਪਾਪ ਕਰਦੇ ਹਨ ਪਰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮੌਤ ਯੋਗ ਨਹੀਂ ਹੈ। ਇੱਥੇ ਅਜਿਹੇ ਪਾਪ ਜਿਹੜੇ ਸਜ਼ਾ ਦੇ ਤੌਰ ਤੇ ਮੌਤ ਵਿੱਚ ਮੁੱਕਦੇ ਹਨ। ਮੈਂ ਤੁਹਾਨੂੰ ਇਸ ਪਾਪ ਬਾਰੇ ਪ੍ਰਾਰਥਨਾ ਕਰਨ ਲਈ ਨਹੀਂ ਕਹਿ ਰਿਹਾ।
17 ਕੁਝ ਬੁਰਾ ਕਰਨਾ ਹਮੇਸ਼ਾ ਪਾਪ ਹੈ। ਪਰ ਅਜਿਹੇ ਪਾਪ ਵੀ ਹਨ ਜਿਹੜੇ ਸਦੀਵੀ ਮੌਤ ਵੱਲ ਨਹੀਂ ਲਿਜਾਂਦੇ।
18 ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਪਰਮੇਸ਼ੁਰ ਦਾ ਬੱਚਾ ਬਣ ਗਿਆ ਹੈ ਉਹ ਪਾਪ ਕਰਨਾ ਜਾਰੀ ਨਹੀਂ ਰੱਖਦਾ। ਪਰਮੇਸ਼ੁਰ ਦਾ ਪੁੱਤਰ ਉਸ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਦੁਸ਼ਟ (ਸ਼ੈਤਾਨ) ਅਜਿਹੇ ਵਿਅਕਤੀ ਨੂੰ ਹਾਨੀ ਨਹੀਂ ਪਹੁੰਚਾ ਸੱਕਦਾ।
19 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਲੋਕ ਹਾਂ ਪਰ ਦੁਸ਼ਟ (ਸ਼ੈਤਾਨ) ਸਾਰੀ ਦੁਨੀਆਂ ਨੂੰ ਨਿਯੰਤ੍ਰਣ ਵਿੱਚ ਰੱਖਦਾ ਹੈ।
20 ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆ ਚੁੱਕਿਆ ਹੈ ਅਤੇ ਸਾਨੂੰ ਸਿਆਣਪ ਦਿੱਤੀ ਹੈ ਤਾਂ ਜੋ ਹੁਣ ਅਸੀਂ ਉਸ ਇੱਕ ਸੱਚੇ ਨੂੰ ਜਾਣ ਸੱਕਦੇ ਹਾਂ। ਅਤੇ ਅਸਲ ਵਿੱਚ ਸਾਡੀਆਂ ਜ਼ਿੰਦਗੀਆਂ ਉਸ ਇੱਕ ਸੱਚੇ ਵਿੱਚ ਹਨ। ਉਹੀ ਸੱਚਾ ਪਰਮੇਸ਼ੁਰ ਹੈ ਅਤੇ ਉਹੀ ਸਦੀਪਕ ਜੀਵਨ ਹੈ।
21 ਇਸ ਲਈ ਮੇਰੇ ਬੱਚਿਓ, ਆਪਣੇ ਆਪ ਨੂੰ ਝੂਠੇ ਦੇਵਤਿਆਂ ਤੋਂ ਦੂਰ ਰੱਖੋ।