11
ਯਿਫ਼ਤਾਹ ਗਿਲਆਦ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਤਾਕਤਵਰ ਸਿਪਾਹੀ ਸੀ। ਪਰ ਯਿਫ਼ਤਾਹ ਵਿੱਚ ਵੇਸਵਾ ਦਾ ਪੁੱਤਰ ਸੀ। ਉਸਦਾ ਪਿਤਾ ਗਿਲਆਦ ਨਾਮ ਦਾ ਇੱਕ ਆਦਮੀ ਸੀ। ਗਿਲਆਦ ਦੀ ਪਤਨੀ ਦੇ ਕਈ ਪੁੱਤਰ ਸਨ। ਜਦੋਂ ਉਹ ਪੁੱਤਰ ਵੱਡੇ ਹੋਏ ਤਾਂ ਉਹ ਯਿਫ਼ਤਾਹ ਨੂੰ ਪਸੰਦ ਨਹੀਂ ਸੀ ਕਰਦੇ। ਉਨ੍ਹਾਂ ਪੁੱਤਰਾਂ ਨੇ ਯਿਫ਼ਤਾਹ ਨੂੰ ਆਪਣਾ ਕਸਬਾ ਛੱਡ ਜਾਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਆਖਿਆ, “ਤੈਨੂੰ ਸਾਡੇ ਪਿਤਾ ਦੀ ਜਾਇਦਾਦ ਵਿੱਚੋਂ ਕੁਝ ਵੀ ਨਹੀਂ ਮਿਲੇਗਾ।” ਤੂੰ ਕਿਸੇ ਹੋਰ ਔਰਤ ਦਾ ਪੁੱਤਰ ਹੈਂ। ਇਸ ਲਈ ਯਿਫ਼ਤਾਹ ਆਪਣੇ ਭਰਾਵਾਂ ਕਾਰਣ ਦੂਰ ਚੱਲਾ ਗਿਆ ਅਤੇ ਤੋਂਬ ਵਿੱਚ ਰਹਿਣ ਲੱਗਾ। ਕੁਝ ਆਦਮੀਆਂ ਦੇ ਟੋਲਿਆਂ ਨੇ ਯਿਫ਼ਤਾਹ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਉਸ ਦੇ ਨਾਲ ਛਾਪੇ ਮਾਰਨ ਲਈ ਗਏ।
ਕੁਝ ਸਮੇਂ ਬਾਦ ਅੰਮੋਨੀ ਲੋਕ ਇਸਰਾਏਲ ਦੇ ਲੋਕਾਂ ਨਾਲ ਲੜ ਪਏ। ਅੰਮੋਨੀ ਲੋਕ ਇਸਰਾਏਲ ਦੇ ਖਿਲਾਫ਼ ਦੇ ਲੜ ਰਹੇ ਸਨ, ਇਸ ਲਈ ਗਿਲਆਦ ਦੇ ਬਜ਼ੁਰਗ ਯਿਫ਼ਤਾਹ ਕੋਲ ਗਏ। ਉਹ ਚਾਹੁੰਦੇ ਸੀ ਕਿ ਯਿਫ਼ਤਾਹ ਤੋਬ ਦੀ ਧਰਤੀ ਛੱਡ ਕੇ ਵਾਪਸ ਗਿਲਆਦ ਆ ਜਾਵੇ।
ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਆ ਅਤੇ ਸਾਡਾ ਆਗੂ ਬਣ ਜਾ ਤਾਂ ਜੋ ਅਸੀਂ ਅੰਮੋਨੀ ਲੋਕਾਂ ਨਾਲ ਜੰਗ ਕਰ ਸੱਕੀਏ।”
ਪਰ ਯਿਫ਼ਤਾਹ ਨੇ ਗਿਲਆਦ ਦੀ ਧਰਤੀ ਦੇ ਬਜ਼ੁਰਗਾਂ ਨੂੰ ਆਖਿਆ, “ਤੁਸੀਂ ਮੈਨੂੰ ਮੇਰੇ ਪਿਤਾ ਦੇ ਘਰੋਂ ਕੱਢਿਆ ਸੀ। ਤੁਸੀਂ ਮੈਨੂੰ ਨਫ਼ਰਤ ਕਰਦੇ ਹੋ! ਇਸ ਲਈ ਹੁਣ ਮੇਰੇ ਕੋਲ ਕਿਉਂ ਆ ਰਹੇ ਹੋ ਜਦੋਂ ਕਿ ਤੁਸੀਂ ਮੁਸੀਬਤ ਵਿੱਚ ਹੋ?”
ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਇਹੀ ਕਾਰਣ ਹੈ ਕਿ ਅਸੀਂ ਹੁਣ ਤੇਰੇ ਕੋਲ ਆਏ ਹਾਂ। ਮਿਹਰਬਾਨੀ ਕਰਕੇ ਸਾਡੇ ਨਾਲ ਆ ਅਤੇ ਅੰਮੋਨੀ ਲੋਕਾਂ ਨਾਲ ਲੜ। ਤੂੰ ਗਿਲਆਦ ਦੇ ਰਹਿਣ ਵਾਲੇ ਸਾਰੇ ਲੋਕਾਂ ਦਾ ਕਮਾਂਡਰ ਹੋਵੇਂਗਾ।”
ਤਾਂ ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਆਖਿਆ, “ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਵਾਪਸ ਗਿਲਆਦ ਵਿੱਚ ਆਵਾਂ ਅਤੇ ਅੰਮੋਨੀ ਲੋਕਾਂ ਨਾਲ ਜੰਗ ਕਰਾਂ, ਤਾਂ ਠੀਕ ਹੈ। ਪਰ ਜੇ ਯਹੋਵਾਹ ਨੇ ਮੇਰੀ ਜਿੱਤਣ ਵਿੱਚ ਸਹਾਇਤਾ ਕੀਤੀ ਤਾਂ ਮੈਂ ਤੁਹਾਡਾ ਨਵਾਂ ਆਗੂ ਹੋਵਾਂਗਾ।”
10 ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਅਸੀਂ ਜੋ ਵੀ ਆਖ ਰਹੇ ਹਾਂ, ਯਹੋਵਾਹ ਹਰ ਗੱਲ ਸੁਣ ਰਿਹਾ ਹੈ। ਅਤੇ ਅਸੀਂ ਹਰ ਉਹ ਗੱਲ ਕਰਨ ਦਾ ਇਕਰਾਰ ਕਰਦੇ ਹਾਂ ਜੋ ਤੂੰ ਸਾਨੂੰ ਕਰਨ ਲਈ ਆਖੇਂਗਾ।”
11 ਇਸ ਲਈ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ (ਆਗੂਆਂ) ਨਾਲ ਚੱਲਾ ਗਿਆ। ਉਨ੍ਹਾਂ ਲੋਕਾਂ ਨੇ ਯਿਫ਼ਤਾਹ ਨੂੰ ਆਪਣਾ ਆਗੂ ਅਤੇ ਕਮਾਂਡਰ ਬਣਾ ਲਿਆ। ਯਿਫ਼ਤਾਹ ਨੇ ਮਿਸਫ਼ਾਹ ਸ਼ਹਿਰ ਵਿੱਚ ਯਹੋਵਾਹ ਦੇ ਸਾਹਮਣੇ ਆਪਣੇ ਸਾਰੇ ਸ਼ਬਦ ਦੁਹਰਾਏ।
ਯਿਫ਼ਤਾਹ ਦਾ ਅੰਮੋਨ ਦੇ ਰਾਜੇ ਨੂੰ ਸੰਦੇਸ਼
12 ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜੇ। ਸੰਦੇਸ਼ਵਾਹਕਾਂ ਨੇ ਰਾਜੇ ਨੂੰ ਇਹ ਸੰਦੇਸ਼ ਦਿੱਤਾ: “ਅੰਮੋਨੀਆਂ ਅਤੇ ਇਸਰਾਏਲ ਦੇ ਲੋਕਾਂ ਦਰਮਿਆਨ ਕੀ ਝਗੜਾ ਹੈ? ਤੂੰ ਸਾਡੇ ਉੱਤੇ ਲੜਨ ਲਈ ਕਿਉਂ ਆਇਆ ਹੈ?”
13 ਅੰਮੋਨੀਆਂ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ਵਾਹਕਾਂ ਨੂੰ ਆਖਿਆ, “ਅਸੀਂ ਇਸਰਾਏਲ ਦੇ ਨਾਲ ਵਿਰੋਧ ਵਿੱਚ ਲੜ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਮਿਸਰ ਤੋਂ ਵਾਪਸ ਆਉਣ ਤੋਂ ਬਾਦ ਸਾਡੀ ਧਰਤੀ ਖੋਹ ਲਈ। ਉਨ੍ਹਾਂ ਨੇ ਅਰਨੋਨ ਨਦੀ ਤੋਂ ਯਬੋਕ ਨਦੀ ਤੱਕ ਉੱਥੋਂ ਯਰਦਨ ਨਦੀ ਤੱਕ ਦੀ ਸਾਡੀ ਧਰਤੀ ਮੱਲ ਲਈ ਸੀ। ਹੁਣ ਸਾਨੂੰ ਸਾਡੀ ਧਰਤੀ, ਸ਼ਾਂਤੀ ਨਾਲ ਵਾਪਸ ਦੇ ਦੇਵੋ।”
14 ਇਸ ਲਈ ਯਿਫ਼ਤਾਹ ਦੇ ਸੰਦੇਸ਼ਵਾਹਕ ਇਹ ਸੰਦੇਸ਼ ਯਿਫ਼ਤਾਹ ਵੱਲ ਵਾਪਸ ਲੈ ਕੇ ਆਏ। ਫ਼ੇਰ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਵੱਲ ਸੰਦੇਸ਼ਵਾਹਕ ਦੁਬਾਰਾ ਭੇਜੇ। 15 ਉਹ ਇਹ ਸੰਦੇਸ਼ ਲੈ ਕੇ ਗਏ:
“ਇਹੀ ਹੈ ਜੋ ਯਿਫ਼ਤਾਹ ਆਖਦਾ ਹੈ: ਇਸਰਾਏਲ ਦੇ ਮੋਆਬ ਦੇ ਲੋਕਾਂ ਦੀ ਧਰਤੀ ਜਾਂ ਅੰਮੋਨ ਦੇ ਲੋਕਾਂ ਦੀ ਧਰਤੀ ਨਹੀਂ ਮੱਲੀ। 16 ਜਦੋਂ ਇਸਰਾਏਲ ਦੇ ਲੋਕ ਮਿਸਰ ਦੀ ਧਰਤੀ ਤੋਂ ਬਾਹਰ ਆਏ, ਤਾਂ ਇਸਰਾਏਲ ਦੇ ਲੋਕ ਮਾਰੂਥਲ ਵਿੱਚ ਚੱਲੇ ਗਏ। ਇਸਰਾਏਲ ਦੇ ਲੋਕ ਲਾਲ ਸਾਗਰ ਵਿੱਚ ਚੱਲੇ ਗਏ। ਫ਼ੇਰ ਉਹ ਕਾਦੇਸ਼ ਨੂੰ ਚੱਲੇ ਗਏ। 17 ਇਸਰਾਏਲ ਦੇ ਲੋਕਾਂ ਨੇ ਰਾਜੇ ਅਦੋਮ ਵੱਲ ਸੰਦੇਸ਼ਵਾਹਕ ਭੇਜੇ। ਸੰਦੇਸ਼ਵਾਹਕਾਂ ਨੇ ਇੱਕ ਰਿਆਇਤ ਮੰਗੀ। ਉਨ੍ਹਾਂ ਨੇ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਪਣੀ ਧਰਤੀ ਵਿੱਚੋਂ ਲੰਘ ਜਾਣ ਦਿਉ।” ਪਰ ਅਦੋਮ ਦੇ ਰਾਜੇ ਨੇ ਸਾਨੂੰ ਆਪਣੀ ਧਰਤੀ ਵਿੱਚੋਂ ਨਹੀਂ ਲੰਘਣ ਦਿੱਤਾ। ਅਸੀਂ ਇਹੋ ਸੰਦੇਸ਼ ਮੋਆਬ ਦੇ ਰਾਜੇ ਨੂੰ ਭੇਜਿਆ। ਪਰ ਮੋਆਬ ਦੇ ਰਾਜੇ ਨੇ ਵੀ ਸਾਨੂੰ ਆਪਣੀ ਧਰਤੀ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਲਈ ਇਸਰਾਏਲ ਦੇ ਲੋਕ ਕਾਦੇਸ਼ ਵਿਖੇ ਠਹਿਰ ਗਏ।
18 “ਫ਼ੇਰ ਇਸਰਾਏਲ ਦੇ ਲੋਕ ਮਾਰੂਥਲ ਵਿੱਚੋਂ ਹੋਕੇ ਅਤ ਅਦੋਮ ਦੀ ਧਰਤੀ ਅਤੇ ਮੋਆਬ ਦੀ ਧਰਤੀ ਦੇ ਕਿਨਾਰਿਆਂ ਦੁਆਲਿਉਂ ਦੀ ਲੰਘੇ। ਉਨ੍ਹਾਂ ਨੇ ਮੋਆਬ ਦੀ ਧਰਤੀ ਦੇ ਪੂਰਬ ਵੱਲ ਸਫ਼ਰ ਕੀਤਾ। ਉਨ੍ਹਾਂ ਨੇ ਅਰਨੋਨ ਨਦੀ ਦੇ ਦੂਸਰੇ ਪਾਸੇ ਮੋਆਬ ਦੀ ਧਰਤੀ ਦੀ ਸਰਹੱਦ ਉੱਤੇ ਆਪਣਾ ਡੇਰਾ ਲਾ ਲਿਆ। ਉਨ੍ਹਾਂ ਨੇ ਮੋਆਬ ਦੀ ਧਰਤੀ ਦੀ ਸਰਹੱਦ ਪਾਰ ਨਹੀਂ ਕੀਤੀ ਸੀ।
19 “ਫ਼ੇਰ ਇਸਰਾਏਲ ਦੇ ਲੋਕਾਂ ਨੇ ਅਮੋਰੀ ਲੋਕਾਂ ਦੇ ਰਾਜੇ, ਸੀਹੋਨ ਵੱਲ ਸੰਦੇਸ਼ਵਾਹਕ ਭੇਜੇ। ਸੀਹੋਨ ਹਸ਼ਬੋਨ ਸ਼ਹਿਰ ਦਾ ਰਾਜਾ ਸੀ। ਸੰਦੇਸ਼ਵਾਹਕਾਂ ਨੇ ਪੁੱਛਿਆ, “ਇਸਰਾਏਲ ਦੇ ਲੋਕਾਂ ਨੂੰ ਆਪਣੀ ਧਰਤੀ ਵਿੱਚੋਂ ਲੰਘ ਜਾਣ ਦਿਉ। ਅਸੀਂ ਆਪਣੀ ਧਰਤੀ ਉੱਤੇ ਜਾਣਾ ਚਾਹੁੰਦੇ ਹਾਂ।” 20 ਪਰ ਅਮੋਰੀ ਲੋਕਾਂ ਦੇ ਰਾਜੇ ਸੀਹੋਨ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੀ ਸਰਹੱਦਾਂ ਪਾਰ ਨਹੀਂ ਕਰਨ ਦਿੱਤੀਆਂ। ਸੀਹੋਨ ਨੇ ਆਪਣੇ ਸਾਰੇ ਬੰਦੇ ਇਕੱਠੇ ਕਰਕੇ ਯਹਾਸ ਵਿਖੇ ਡੇਰਾ ਲਾ ਲਿਆ। ਤਾਂ ਅੰਮੋਰੀ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਜੰਗ ਕੀਤੀ। 21 ਪਰ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਦੀ ਸੀਹੋਨ, ਅਤੇ ਉਸਦੀ ਫ਼ੌਜ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। ਇਸ ਲਈ ਅੰਮੋਰੀ ਲੋਕਾਂ ਦੀ ਧਰਤੀ ਇਸਰਾਏਲ ਦੇ ਲੋਕਾਂ ਦੀ ਜੈਦਾਦ ਬਣ ਗਈ। 22 ਇਸ ਤਰ੍ਹਾਂ, ਇਸਰਾਏਲੀਆਂ ਨੇ ਅਮੋਰੀਆਂ ਦੀ ਸਾਰੀ ਜ਼ਮੀਨ ਦਾ ਕਬਜ਼ਾ ਲੈ ਲਿਆ। ਉਹ ਧਰਤੀ ਅਰਨੋਨ ਨਦੀ ਤੋਂ ਲੈ ਕੇ ਯਬੋਕ ਨਦੀ ਤੱਕ ਅਤੇ ਮਾਰੂਥਲ ਤੋਂ ਯਰਦਨ ਨਦੀ ਤੱਕ ਜਾਂਦੀ ਸੀ।
23 “ਇਹ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਹੀ ਸੀ ਜਿਸਨੇ ਅਮੋਰੀ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕੀਤਾ। ਅਤੇ ਯਹੋਵਾਹ ਨੇ ਇਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਦੇ ਦਿੱਤੀ। ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਇਸਰਾਏਲ ਦੇ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਸੱਕਦੇ ਹੋ? 24 ਅਵੱਸ਼ ਹੀ ਤੁਸੀਂ ਉਸ ਧਰਤੀ ਉੱਤੇ ਰਹਿ ਸੱਕਦੇ ਹੋ ਜਿਹੜੀ ਤੁਹਾਨੂੰ ਤੁਹਾਡੇ ਦੇਵਤੇ ਸ਼ਕਮ ਨੇ ਦਿੱਤੀ ਹੈ। ਇਸ ਲਈ ਅਸੀਂ ਉਸ ਧਰਤੀ ਉੱਤੇ ਰਹਾਂਗੇ ਜਿਹੜੀ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਦਿੱਤੀ ਹੈ! 25 ਕੀ ਤੁਸੀਂ ਕਿਸੇ ਤਰ੍ਹਾਂ ਵੀ ਸਿੱਫੋਰ ਦੇ ਪੁੱਤਰ ਬਾਲਾਕ* ਨਾਲੋਂ ਬਿਹਤਰ ਹੋਂ? ਉਹ ਮੋਆਬ ਦੀ ਧਰਤੀ ਦਾ ਰਾਜਾ ਸੀ। ਕੀ ਉਸ ਨੇ ਇਸਰਾਏਲ ਦੇ ਲੋਕਾਂ ਨਾਲ ਝਗੜਾ ਕੀਤਾ ਸੀ? ਕੀ ਉਹ ਸੱਚਮੁੱਚ ਇਸਰਾਏਲ ਦੇ ਲੋਕਾਂ ਨਾਲ ਲੜਿਆ ਸੀ? 26 ਇਸਰਾਏਲ ਦੇ ਲੋਕ ਹਸ਼ਬੋਨ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ 300 ਸਾਲਾਂ ਤੋਂ ਰਹਿ ਰਹੇ ਹਨ। ਇਸਰਾਏਲ ਦੇ ਲੋਕ ਅਰੋਏਰ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ 300 ਸਾਲਾਂ ਤੋਂ ਰਹਿ ਰਹੇ ਹਨ ਇਸਰਾਏਲ ਦੇ ਲੋਕ ਨਦੀ ਦੇ ਨਾਲ-ਨਾਲ ਲੱਗਦੇ ਸਾਰੇ ਸ਼ਹਿਰਾਂ ਵਿੱਚ 300 ਸਾਲਾਂ ਤੋਂ ਰਹਿ ਰਹੇ ਹਨ। ਤੁਸੀਂ ਇਨ੍ਹਾਂ ਸਾਰੇ ਸ਼ਹਿਰਾਂ ਨੂੰ ਇਸ ਸਮੇਂ ਦੌਰਾਨ ਖੋਹਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? 27 ਇਸਰਾਏਲ ਦੇ ਲੋਕਾਂ ਨੇ ਤੁਹਾਡੇ ਵਿਰੁੱਧ ਕੋਈ ਪਾਪ ਨਹੀਂ ਕੀਤਾ। ਪਰ ਤੁਸੀਂ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਬਹੁਤ ਮਾੜੀ ਗੱਲ ਕਰ ਰਹੇ ਹੋ। ਸਾਡਾ ਯਹੋਵਾਹ, ਸੱਚਾ ਨਿਆਂਕਾਰ, ਨਿਆਂ ਕਰੇ ਕਿ ਕੀ ਅਸੀਂ ਇਸਰਾਏਲ ਦੇ ਲੋਕ, ਸਹੀ ਹਾਂ ਜਾਂ ਅੰਮੋਨੀ ਲੋਕ!”
28 ਅੰਮੋਨੀ ਲੋਕਾਂ ਦੇ ਰਾਜੇ ਨੇ ਯਿਫ਼ਤਾਹ ਦੇ ਇਸ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ।
ਯਿਫ਼ਤਾਹ ਦਾ ਇਕਰਾਰ
29 ਫ਼ੇਰ ਯਹੋਵਾਹ ਦਾ ਆਤਮਾ ਯਿਫ਼ਤਾਹ ਵਿੱਚ ਆ ਗਿਆ। ਯਿਫ਼ਤਾਹ ਗਿਲਆਦ ਅਤੇ ਮਨੱਸ਼ਹ ਦੇ ਇਲਾਕੇ ਵਿੱਚੋਂ ਲੰਘਿਆ। ਉਹ ਗਿਲਆਦ ਦੇ ਮਿਸਫ਼ਾਹ ਸ਼ਹਿਰ ਵਿੱਚ ਗਿਆ। ਗਿਲਆਦ ਦੇ ਸ਼ਹਿਰ ਮਿਸਫ਼ਾਹ ਤੋਂ, ਯਿਫ਼ਤਾਹ ਅੰਮੋਨੀ ਲੋਕਾਂ ਦੀ ਧਰਤੀ ਵਿੱਚੋਂ ਹੋਕੇ ਲੰਘਿਆ।
30 ਯਿਫ਼ਤਾਹ ਨੇ ਯਹੋਵਾਹ ਨਾਲ ਇੱਕ ਇਕਰਾਰ ਕੀਤਾ। ਉਸ ਨੇ ਆਖਿਆ, “ਜੇ ਤੁਸੀਂ ਮੈਨੂੰ ਅੰਮੋਨੀ ਲੋਕਾਂ ਨੂੰ ਹਰਾਉਣ ਦੇਵੋਂ, 31 ਤਾਂ ਮੈਂ ਉਹ ਪਹਿਲੀ ਚੀਜ਼ ਭੇਟ ਕਰਾਂਗਾ ਜਿਹੜੀ ਉਦੋਂ ਮੇਰੇ ਘਰ ਤੋਂ ਬਾਹਰ ਆਵੇਗੀ ਜਦੋਂ ਮੈਂ ਜਿੱਤ ਹਾਸਿਲ ਕਰਕੇ ਵਾਪਿਸ ਆਵਾਂਗਾ। ਮੈਂ ਇਸ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਚੜ੍ਹਾਵਾਂਗਾ।”
32 ਫ਼ੇਰ ਯਿਫ਼ਤਾਹ ਅੰਮੋਨੀ ਲੋਕਾਂ ਦੀ ਧਰਤੀ ਵੱਲ ਚੱਲਾ ਗਿਆ। ਯਿਫ਼ਤਾਹ ਨੇ ਅੰਮੋਨੀ ਲੋਕਾਂ ਨਾਲ ਜੰਗ ਕੀਤੀ। ਯਹੋਵਾਹ ਨੇ ਉਸਦੀ ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। 33 ਉਸ ਨੇ ਉਨ੍ਹਾਂ ਨੂੰ ਅਰੋਏਰ ਤੋਂ ਲੈ ਕੇ ਮਿੰਨੀਥ ਸ਼ਹਿਰ ਤੀਕ ਹਰਾ ਦਿੱਤਾ। ਯਿਫ਼ਤਾਹ ਨੇ 20 ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਫ਼ੇਰ ਉਹ ਅੰਮੋਨੀ ਲੋਕਾਂ ਨਾਲ ਅਬੇਲ ਕੇਰਾਮਿਮ ਸ਼ਹਿਰ ਤੱਕ ਲੜਿਆ। ਇਸਰਾਏਲ ਦੇ ਲੋਕਾਂ ਨੇ ਅੰਮੋਨੀ ਲੋਕਾਂ ਨੂੰ ਹਰਾ ਦਿੱਤਾ ਇਹ ਅੰਮੋਨੀ ਲੋਕਾਂ ਲਈ ਕਰਾਰੀ ਹਾਰ ਸੀ।
34 ਯਿਫ਼ਤਾਹ ਮਿਸਫ਼ਾਹ ਵਾਪਸ ਚੱਲਾ ਗਿਆ। ਯਿਫ਼ਤਾਹ ਆਪਣੇ ਘਰ ਗਿਆ ਅਤੇ ਉਸਦੀ ਧੀ ਨੂੰ ਮਿਲਣ ਲਈ ਘਰ ਤੋਂ ਬਾਹਰ ਆਈ। ਉਹ ਤੰਬੂਰਿਨ ਵਜਾ ਰਹੀ ਸੀ ਅਤੇ ਨੱਚ ਰਹੀ ਸੀ। ਉਹ ਉਸਦੀ ਇੱਕਲੌਤੀ ਧੀ ਸੀ। ਯਿਫ਼ਤਾਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਯਿਫ਼ਤਾਹ ਦੇ ਹੋਰ ਕੋਈ ਧੀਆਂ ਪੁੱਤਰ ਨਹੀਂ ਸਨ। 35 ਜਦੋਂ ਯਿਫ਼ਤਾਹ ਨੇ ਦੇਖਿਆ ਕਿ ਉਸਦੀ ਧੀ ਉਸ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਉਸ ਦੇ ਘਰ ਤੋਂ ਬਾਹਰ ਆਉਣ ਵਾਲੀ ਸਭ ਤੋਂ ਪਹਿਲੀ ਚੀਜ਼ ਸੀ, ਉਸ ਨੇ ਆਪਣਾ ਗਮ ਪ੍ਰਗਟ ਕਰਨ ਲਈ ਆਪਣੇ ਕੱਪੜੇ ਪਾੜ ਲਏ। ਅਤੇ ਆਖਿਆ, “ਓਹੋ। ਮੇਰੀਏ ਧੀਏ! ਤੂੰ ਮੈਨੂੰ ਬਰਬਾਦ ਕਰ ਦਿੱਤਾ ਹੈ! ਤੂੰ ਮੈਨੂੰ ਬਹੁਤ-ਬਹੁਤ ਉਦਾਸ ਕਰ ਦਿੱਤਾ ਹੈ। ਮੈਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਸੀ, ਅਤੇ ਮੈਂ ਉਸ ਨੂੰ ਬਦਲ ਨਹੀਂ ਸੱਕਦਾ!”
36 ਤਾਂ ਉਸਦੀ ਧੀ ਨੇ ਯਿਫ਼ਤਾਹ ਨੂੰ ਆਖਿਆ, “ਪਿਤਾ ਜੀ, ਤੁਸੀਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਹੈ। ਇਸ ਲਈ ਇਕਰਾਰ ਪੂਰਾ ਕਰੋ। ਉਹੀ ਕਰੋ ਜੋ ਤੁਸੀਂ ਕਰਨ ਲਈ ਆਖਿਆ ਸੀ। ਆਖਿਰਕਾਰ ਯਹੋਵਾਹ ਨੇ ਤੁਹਾਡੇ ਦੁਸ਼ਮਣਾ, ਅੰਮੋਨੀ ਲੋਕਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕੀਤੀ ਹੈ।”
37 ਤਾਂ ਉਸਦੀ ਧੀ ਨੇ ਆਪਣੇ ਪਿਤਾ ਨੂੰ ਆਖਿਆ, “ਪਰ ਮੇਰੇ ਲਈ ਇਹ ਇੱਕ ਗੱਲ ਪਹਿਲਾਂ ਕਰੋ। ਮੈਨੂੰ ਦੋ ਮਹੀਨੇ ਲਈ ਇੱਕਲਿਆਂ ਛੱਡ ਦਿਉ। ਮੈਨੂੰ ਪਹਾੜਾ ਵਿੱਚ ਜਾਣ ਦਿਉ। ਮੈਂ ਵਿਆਹ ਨਹੀਂ ਕਰਾਵਾਂਗੀ ਅਤੇ ਬੱਚੇ ਪੈਦਾ ਨਹੀਂ ਕਰਾਂਗੀ, ਇਸ ਲਈ ਮੈਨੂੰ ਅਤੇ ਮੇਰੀਆਂ ਸਹੇਲੀਆਂ ਨੂੰ ਰਲ ਕੇ ਰੋਣ ਦਿਉ।”
38 ਯਿਫ਼ਤਾਹ ਨੇ ਆਖਿਆ, “ਜਾਓ, ਇਹੀ ਕਰੋ।” ਯਿਫ਼ਤਾਹ ਨੇ ਉਸ ਨੂੰ ਦੋ ਮਹੀਨਿਆਂ ਲਈ ਦੂਰ ਭੇਜ ਦਿੱਤਾ। ਯਿਫ਼ਤਾਹ ਦੀ ਧੀ ਅਤੇ ਉਸ ਦੀਆਂ ਸਹੇਲੀਆਂ ਪਹਾੜਾਂ ਵਿੱਚ ਰਹੀਆਂ। ਉਹ ਉਸ ਦੇ ਲਈ ਰੋਈਆਂ ਕਿਉਂਕਿ ਉਸ ਨੇ ਨਾ ਵਿਆਹ ਕਰਵਾਉਣਾ ਸੀ ਅਤੇ ਨਾ ਬੱਚੇ ਪੈਦਾ ਕਰਨੇ ਸਨ।
39 ਦੋ ਮਹੀਨਿਆਂ ਦੇ ਅੰਤ ਉੱਤੇ, ਯਿਫ਼ਤਾਹ ਦੀ ਧੀ ਆਪਣੇ ਪਿਤਾ ਕੋਲ ਵਾਪਸ ਪਰਤ ਆਈ। ਯਿਫ਼ਤਾਹ ਨੇ ਉਹੀ ਕੀਤਾ ਜੋ ਉਸ ਨੇ ਯਹੋਵਾਹ ਨਾਲ ਇਕਰਾਰ ਕੀਤਾ ਸੀ। ਯਿਫ਼ਤਾਹ ਦੀ ਧੀ ਨੇ ਕਦੇ ਵੀ ਕਿਸੇ ਨਾਲ ਜਿਨਸੀ ਸੰਬੰਧ ਨਹੀਂ ਰੱਖੇ ਸਨ। ਇਸ ਲਈ ਇਸਰਾਏਲ ਵਿੱਚ ਇਹ ਇੱਕ ਰਿਵਾਜ਼ ਬਣ ਗਿਆ। 40 ਹਰ ਸਾਲ ਇਸਰਾਏਲ ਦੀਆਂ ਔਰਤਾਂ ਗਿਲਆਦ ਦੇ ਯਿਫ਼ਤਾਹ ਦੀ ਧੀ ਨੂੰ ਯਾਦ ਕਰਦੀਆਂ। ਇਸਰਾਏਲ ਦੀਆਂ ਔੜਤਾਂ ਹਰ ਸਾਲ ਚਾਰ ਦਿਨਾਂ ਲਈ ਯਿਫ਼ਤਾਹ ਦੀ ਧੀ ਲਈ ਰੋਂਦੀਆਂ।
* 11:25 ਸਿੱਪੋਰ ਦਾ ਪੁੱਤਰ ਬਾਲਾਕ ਉਸ ਦੀ ਕਹਾਣੀ ਲਈ। ਦੇਖੋ ਗਿਣਤੀ 22:24