ਮਿਦਯਾਨੀਆਂ ਦੀ ਇਸਰਾਏਲ ਨਾਲ ਲੜਾਈ
6
1 ਇੱਕ ਵਾਰ ਫ਼ੇਰ ਇਸਰਾਏਲ ਦੇ ਲੋਕ ਉਹੀ ਗੱਲਾਂ ਕਰਨ ਲੱਗੇ ਜਿਨ੍ਹਾਂ ਨੂੰ ਯਹੋਵਾਹ ਨੇ ਮੰਦਾ ਆਖਿਆ ਸੀ। ਇਸ ਲਈ ਸੱਤਾਂ ਸਾਲਾਂ ਤੱਕ ਯਹੋਵਾਹ ਨੇ ਮਿਦਯਾਨ ਦੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ।
2 ਮਿਦਯਾਨ ਦੇ ਲੋਕ ਬਹੁਤ ਤਾਕਤਵਰ ਅਤੇ ਇਸਰਾਏਲ ਦੇ ਲੋਕਾਂ ਵਾਸਤੇ ਬਹੁਤ ਜ਼ਾਲਮ ਸਨ। ਇਸ ਲਈ ਇਸਰਾਏਲ ਦੇ ਲੋਕਾਂ ਨੇ ਪਹਾੜਾਂ ਦੀਆਂ ਤਰੇੜਾਂ, ਗੁਫ਼ਾਵਾਂ ਵਿੱਚ ਬਹੁਤ ਸਾਰੀਆਂ ਛੁਪਣਗਾਹਾਂ ਅਤੇ ਗੜ੍ਹੀਆਂ ਬਣਾ ਲਈਆਂ, ਅਤੇ ਉਹ ਉੱਥੇ ਲੁਕ ਗਏ।
3 ਉਹ ਅਜਿਹਾ ਇਸ ਲਈ ਕਰਦੇ ਸਨ ਕਿਉਂਕਿ ਮਿਦਯਾਨੀ, ਅਮਾਲੇਕੀ ਅਤੇ ਪੂਰਬ ਵੱਲੋਂ ਹੋਰ ਲੋਕ ਆਕੇ ਉਨ੍ਹਾਂ ਉੱਤੇ ਹਮਲਾ ਕਰ ਦਿੰਦੇ ਸਨ।
4 ਉਹ ਲੋਕ ਧਰਤੀ ਉੱਤੇ ਡੇਰੇ ਲਾ ਲੈਂਦੇ ਸਨ ਅਤੇ ਇਸਰਾਏਲ ਦੇ ਲੋਕਾਂ ਦੀਆਂ ਬੀਜੀਆਂ ਹੋਈਆਂ ਫ਼ਸਲਾਂ ਨੂੰ ਨਸ਼ਟ ਕਰ ਦਿੰਦੇ ਸਨ। ਉਹ ਗਾਜ਼ਾ ਜਿੰਨੀ ਦੂਰ ਤਾਈਂ ਫ਼ਸਲਾਂ ਨੂੰ ਨਸ਼ਟ ਕਰ ਦਿੰਦੇ ਸਨ। ਉਹ ਇਸਰਾਏਲ ਦੇ ਲੋਕਾਂ ਲਈ ਖਾਣ ਵਾਸਤੇ ਕੁਝ ਵੀ ਅਨਾਜ ਨਹੀਂ ਛੱਡਦੇ ਸਨ। ਉਹ ਉਨ੍ਹਾਂ ਲਈ ਭੇਡਾਂ, ਬਲਦ ਜਾਂ ਖੋਤੇ ਵੀ ਨਹੀਂ ਛੱਡਦੇ ਸਨ।
5 ਮਿਦਯਾਨ ਦੇ ਲੋਕ ਆਉਂਦੇ ਅਤੇ ਧਰਤੀ ਉੱਤੇ ਡੇਰਾ ਲਾਉਂਦੇ ਉਹ ਆਪਣੇ ਪਰਿਵਾਰਾਂ ਅਤੇ ਜਾਨਵਰਾਂ ਨੂੰ ਵੀ ਨਾਲ ਲਿਆਉਂਦੇ। ਉਹ ਟਿੱਡੀ ਦਲ ਵਾਂਗ ਹੁੰਦੇ। ਉਨ੍ਹਾਂ ਦੇ ਬੰਦੇ ਅਤੇ ਊਠ ਇੰਨੇ ਜ਼ਿਆਦਾ ਹੁੰਦੇ ਕਿ ਗਿਣਨੇ ਵੀ ਮੁਸ਼ਕਿਲ ਹੁੰਦੇ। ਇਹ ਸਾਰੇ ਲੋਕ ਇਸ ਧਰਤੀ ਉੱਤੇ ਆਉਂਦੇ ਅਤੇ ਇਸ ਨੂੰ ਤਬਾਹ ਕਰ ਦਿੰਦੇ।
6 ਇਨ੍ਹਾਂ ਮਿਦਯਾਨ ਲੋਕਾਂ ਕਾਰਣ ਇਸਰਾਏਲ ਦੇ ਲੋਕ ਬਹੁਤ ਗਰੀਬ ਹੋ ਗਏ। ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ।
7 ਮਿਦਯਾਨ ਦੇ ਲੋਕਾਂ ਨੇ ਇਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ। ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ।
8 ਇਸ ਲਈ ਯਹੋਵਾਹ ਨੇ ਉਨ੍ਹਾਂ ਵੱਲ ਇੱਕ ਨਬੀ ਭੇਜਿਆ। ਨਬੀ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਤੁਸੀਂ ਮਿਸਰ ਦੀ ਧਰਤੀ ਉੱਤੇ ਗੁਲਾਮ ਸੀ। ਮੈਂ ਤੁਹਾਨੂੰ ਆਜ਼ਾਦ ਕਰਾਇਆ ਅਤੇ ਉਸ ਧਰਤੀ ਵਿੱਚੋਂ ਬਾਹਰ ਲੈ ਆਇਆ।
9 ਮੈਂ ਤੁਹਾਨੂੰ ਮਿਸਰ ਦੇ ਤਾਕਤਵਰ ਲੋਕਾਂ ਤੋਂ ਬਚਾਇਆ। ਫ਼ੇਰ ਕਨਾਨ ਦੀ ਧਰਤੀ ਦੇ ਲੋਕਾਂ ਨੇ ਤੁਹਾਨੂੰ ਨੁਕਸਾਨ ਪਹੁੰਚਾਇਆ। ਇਸ ਲਈ ਮੈਂ ਤੁਹਾਨੂੰ ਫ਼ੇਰ ਬਚਾਇਆ। ਮੈਂ ਉਨ੍ਹਾਂ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਅਤੇ ਮੈਂ ਉਨ੍ਹਾਂ ਦੀ ਧਰਤੀ ਤੁਹਾਨੂੰ ਦੇ ਦਿੱਤੀ।’
10 ਫ਼ੇਰ ਮੈਂ ਤੁਹਾਨੂੰ ਆਖਿਆ, ‘ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਤੁਸੀਂ ਅਮੋਰੀ ਲੋਕਾਂ ਦੀ ਧਰਤੀ ਉੱਤੇ ਰਹੋਂਗੇ, ਪਰ ਤੁਹਾਨੂੰ ਉਨ੍ਹਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਬਿਲਕੁਲ ਨਹੀਂ ਕਰਨੀ ਚਾਹੀਦੀ’ ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ।”
ਯਹੋਵਾਹ ਦੇ ਦੂਤ ਦਾ ਗਿਦਾਊਨ ਕੋਲ ਫ਼ੇਰਾ
11 ਉਸ ਸਮੇਂ, ਗਿਦਾਊਨ ਨਾਮ ਦੇ ਇੱਕ ਬੰਦੇ ਕੋਲ ਯਹੋਵਾਹ ਦਾ ਦੂਤ ਆਇਆ। ਯਹੋਵਾਹ ਦਾ ਦੂਤ ਆਕੇ ਆਫ਼ਰਾਹ ਵਿੱਚ ਬੋਹੜ ਦੇ ਰੁੱਖ ਹੇਠਾਂ ਬੈਠ ਗਿਆ। ਇਹ ਰੁੱਖ ਅਬੀਅਜਰੀ ਘਰਾਣੇ ਤੋਂ ਯੋਆਸ਼ ਨਾਮ ਦੇ ਇੱਕ ਆਦਮੀ ਦਾ ਸੀ। ਯੋਆਸ਼ ਗਿਦਾਊਨ ਦਾ ਪਿਤਾ ਸੀ। ਗਿਦਾਊਨ ਮਿਦਯਾਨੀਆਂ ਤੋਂ ਲਕੋਣ ਲਈ ਵਾਈਨ ਪ੍ਰੈਸ ਵਿੱਚ ਕਣਕ ਪੀਹ ਰਿਹਾ ਸੀ।
12 ਯਹੋਵਾਹ ਦਾ ਦੂਤ ਗਿਦਾਊਨ ਦੇ ਸਾਹਮਣੇ ਪ੍ਰਗਟ ਹੋ ਗਿਆ ਅਤੇ ਉਸ ਨੂੰ ਆਖਿਆ, “ਮਹਾਨ ਸਿਪਾਹੀ, ਯਹੋਵਾਹ ਤੇਰੇ ਅੰਗ-ਸੰਗ ਹੋਵੇ!”
13 ਫ਼ੇਰ ਗਿਦਾਊਨ ਨੇ ਆਖਿਆ, “ਸ਼੍ਰੀ ਮਾਨ ਜੀ, ਮੈਂ ਸੌਂਹ ਖਾਂਦਾ ਹਾਂ ਕਿ ਜੇ ਯਹੋਵਾਹ ਸਾਡੇ ਨਾਲ ਹੈ, ਤਾਂ ਅਸੀਂ ਇੰਨੀਆਂ ਮੁਸੀਬਤਾਂ ਵਿੱਚ ਕਿਉਂ ਪਏ ਹੋਏ ਹਾਂ? ਅਸੀਂ ਸੁਣਿਆ ਕਿ ਉਸ ਨੇ ਸਾਡੇ ਪੁਰਖਿਆਂ ਵਾਸਤੇ ਅਦਭੁਤ ਕਰਿਸ਼ਮੇ ਕੀਤੇ ਸਨ। ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਕਿ ਯਹੋਵਾਹ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਲੈ ਆਇਆ ਸੀ। ਪਰ ਯਹੋਵਾਹ ਸਾਨੂੰ ਛੱਡ ਗਿਆ। ਉਸ ਨੇ ਮਿਦਯਾਨੀਆਂ ਨੂੰ ਸਾਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ।”
14 ਯਹੋਵਾਹ ਗਿਦਾਊਨ ਵੱਲ ਮੁੜਿਆ ਅਤੇ ਆਖਿਆ, “ਆਪਣੀ ਤਾਕਤ ਦੀ ਵਰਤੋਂ ਕਰੋ। ਜਾਓ ਇਸਰਾਏਲ ਦੇ ਲੋਕਾਂ ਨੂੰ ਮਿਦਯਾਨ ਦੇ ਲੋਕਾਂ ਤੋਂ ਬਚਾਓ। ਮੈਂ ਤੁਹਾਨੂੰ ਉਨ੍ਹਾਂ ਨੂੰ ਬਚਾਉਣ ਲਈ ਭੇਜ ਰਿਹਾ ਹਾਂ!”
15 ਪਰ ਗਿਦਾਊਨ ਨੇ ਜਵਾਬ ਦਿੱਤਾ ਅਤੇ ਆਖਿਆ, “ਮੈਨੂੰ ਮਾਫ਼ ਕਰਨਾ ਸ਼੍ਰੀ ਮਾਨ ਜੀ, ਮੈਂ ਇਸਰਾਏਲ ਨੂੰ ਕਿਵੇਂ ਬਚਾ ਸੱਕਦਾ ਹਾਂ? ਮੇਰਾ ਪਰਿਵਾਰ ਤਾਂ ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਸਭ ਤੋਂ ਕਮਜ਼ੋਰ ਹੈ। ਅਤੇ ਮੈਂ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟਾ ਹਾਂ।”
16 ਯਹੋਵਾਹ ਨੇ ਗਿਦਾਊਨ ਨੂੰ ਜਵਾਬ ਦਿੱਤਾ ਅਤੇ ਆਖਿਆ, “ਮੈਂ ਤੇਰੇ ਨਾਲ ਹਾਂ! ਇਸ ਲਈ ਤੂੰ ਮਿਦਯਾਨ ਦੇ ਲੋਕਾਂ ਨੂੰ ਹਰਾ ਸੱਕਦਾ ਹੈਂ। ਇਉਂ ਲੱਗੇਗਾ ਜਿਵੇਂ ਤੂੰ ਸਿਰਫ਼ ਇੱਕ ਬੰਦੇ ਨਾਲ ਲੜ ਰਿਹਾ ਹੋਵੇਂ।”
17 ਤਾਂ ਗਿਦਾਊਨ ਨੇ ਯਹੋਵਾਹ ਨੂੰ ਆਖਿਆ, “ਜੇ ਤੂੰ ਮੇਰੇ ਉੱਤੇ ਪ੍ਰਸੰਨ ਹੈਂ, ਤਾਂ ਇਹ ਸਾਬਤ ਕਰਨ ਲਈ ਕਿ ਮੇਰੇ ਨਾਲ ਗੱਲ ਕਰਨ ਵਾਲਾ ਇਹ ਤੂੰ ਹੀ ਹੈ ਮੈਨੂੰ ਕੋਈ ਸਬੂਤ ਦੇ।
18 ਕਿਰਪਾ ਕਰਕੇ ਇੱਥੇ ਇੰਤਜ਼ਾਰ ਕਰਨਾ। ਓਨਾ ਚਿਰ ਜਾਣਾ ਨਹੀਂ ਜਦੋਂ ਤੱਕ ਕਿ ਮੈਂ ਤੇਰੇ ਕੋਲ ਮੁੜਕੇ ਨਾ ਆ ਜਾਵਾ। ਮੈਨੂੰ ਆਪਣੀ ਭੇਟ ਲਿਆਉਣ ਦੇ ਅਤੇ ਤੇਰੇ ਅੱਗੇ ਭੇਟਾ ਕਰਨ ਦੇ।”
ਅਤੇ ਯਹੋਵਾਹ ਨੇ ਆਖਿਆ, “ਮੈਂ ਤੇਰੇ ਆਉਣ ਤੱਕ ਇੰਤਜ਼ਾਰ ਕਰਾਂਗਾ।”
19 ਇਸ ਲਈ ਗਿਦਾਊਨ ਅੰਦਰ ਗਿਆ ਅਤੇ ਉੱਬਲਦੇ ਪਾਣੀ ਵਿੱਚ ਇੱਕ ਬੱਕਰੀ ਤਿਆਰ ਕੀਤੀ। ਉਸ ਨੇ ਤਕਰੀਬਨ 20 ਪਾਉਂਡ ਆਟਾ ਵੀ ਲਿਆ ਅਤੇ ਇੱਕ ਬੇਖਮੀਰੀ ਰੋਟੀ ਬਣਾਈ। ਫ਼ੇਰ ਉਸ ਨੇ ਮਾਸ ਨੂੰ ਇੱਕ ਟੋਕਰੀ ਵਿੱਚ ਰੱਖਿਆ ਅਤੇ ਉੱਬਲੇ ਹੋਏ ਮਾਸ ਦੇ ਪਾਣੀ ਨੂੰ ਇੱਕ ਭਾਂਡੇ ਵਿੱਚ ਪਾਇਆ। ਉਹ ਮਾਸ, ਪਾਣੀ ਅਤੇ ਬੇਖਮੀਰੀ ਰੋਟੀ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਓਕ ਦੇ ਰੁੱਖ ਥੱਲੇ ਯਹੋਵਾਹ ਨੂੰ ਭੇਟ ਕਰ ਦਿੱਤਾ।
20 ਪਰਮੇਸ਼ੁਰ ਦੇ ਦੂਤ ਨੇ ਗਿਦਾਊਨ ਨੂੰ ਆਖਿਆ, “ਮਾਸ ਨੂੰ ਅਤੇ ਪਤੀਰੀ ਰੋਟੀ ਨੂੰ ਉਸ ਚੱਟਾਨ ਉੱਤੇ ਰੱਖ ਦੇ। ਫ਼ੇਰ ਤਰੀ ਡੋਲ੍ਹ।” ਗਿਦਾਊਨ ਨੇ ਇਵੇਂ ਹੀ ਕੀਤਾ।
21 ਯਹੋਵਾਹ ਦੇ ਦੂਤ ਕੋਲ ਹੱਥ ਵਿੱਚ ਤੁਰਨ ਵਾਲੀ ਇੱਕ ਸੋਟੀ ਸੀ। ਯਹੋਵਾਹ ਦੇ ਦੂਤ ਨੇ ਮਾਸ ਨੂੰ ਅਤੇ ਰੋਟੀ ਨੂੰ ਸੋਟੀ ਦੀ ਨੋਕ ਨਾਲ ਛੂਹਿਆ। ਤਾਂ ਚੱਟਾਨ ਵਿੱਚ ਅੱਗ ਦਾ ਭਬੂਕਾ ਨਿਕਲਿਆ! ਮਾਸ ਅਤੇ ਰੋਟੀ ਪੂਰੀ ਤਰ੍ਹਾਂ ਸੜ ਗਏ! ਫ਼ੇਰ ਯਹੋਵਾਹ ਦਾ ਦੂਤ ਗਾਇਬ ਹੋ ਗਿਆ।
22 ਤਾਂ ਗਿਦਾਊਨ ਸਮਝ ਗਿਆ ਕਿ ਉਹ ਯਹੋਵਾਹ ਦੇ ਦੂਤ ਨਾਲ ਹੀ ਗੱਲਾਂ ਕਰ ਰਿਹਾ ਸੀ। ਇਸ ਲਈ ਉਸ ਨੇ ਪੁਕਾਰ ਕੇ ਆਖਿਆ, “ਮੇਰੇ ਉੱਤੇ ਹਾਏ, ਯਹੋਵਾਹ ਸਰਬ-ਸ਼ਕਤੀਮਾਨ! ਮੈਂ ਯਹੋਵਾਹ ਦੇ ਦੂਤ ਨੂੰ ਆਮ੍ਹਣੇ-ਸਾਹਮਣੇ ਵੇਖਿਆ ਹੈ।”
23 ਪਰ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਸ਼ਾਂਤ ਹੋ ਜਾ! ਭੈਭੀਤ ਨਾ ਹੋ! ਤੂੰ ਮਰੇਂਗਾ ਨਹੀਂ!”
24 ਇਸ ਲਈ ਗਿਦਾਊਨ ਨੇ ਉਸ ਥਾਂ ਉੱਤੇ ਯਹੋਵਾਹ ਦੀ ਉਪਾਸਨਾ ਕਰਨ ਲਈ ਇੱਕ ਜਗਵੇਦੀ ਉਸਾਰੀ। ਗਿਦਾਊਨ ਨੇ ਉਸ ਜਗਵੇਦੀ ਦਾ ਨਾਮ ਰੱਖਿਆ, “ਯਹੋਵਾਹ ਸ਼ਾਂਤੀ ਹੈ।” ਉਹ ਜਗਵੇਦੀ ਹਾਲੇ ਵੀ ਆਫ਼ਰਾਹ ਸ਼ਹਿਰ ਵਿਖੇ ਹੈ। ਆਫ਼ਰਾਹ ਉੱਥੇ ਹੈ ਜਿੱਥੇ ਅਜ਼ਰ ਦਾ ਪਰਿਵਾਰ ਰਹਿੰਦਾ ਹੈ।
ਗਿਦਾਊਨ ਬਆਲ ਦੀ ਜਗਵੇਦੀ ਨੂੰ ਢਾਹ ਦਿੰਦਾ ਹੈ
25 ਉਸੇ ਰਾਤ ਯਹੋਵਾਹ ਨੇ ਗਿਦਾਊਨ ਨਾਲ ਗੱਲ ਕੀਤੀ ਅਤੇ ਆਖਿਆ, “ਆਪਣੇ ਪਿਤਾ ਦਾ ਇੱਕ ਪੂਰਾ ਪਲਿਆ ਹੋਇਆ ਵਹਿੜਕਾ ਅਤੇ ਦੂਜਾ ਜੋ ਸੱਤ ਸਾਲ ਦਾ ਹੈ ਲੈ। ਤੇਰੇ ਪਿਤਾ ਕੋਲ ਝੂਠੇ ਦੇਵਤੇ, ਬਆਲ ਦੀ ਜਗਵੇਦੀ ਹੈ ਅਤੇ ਜਗਵੇਦੀ ਦੇ ਨੇੜੇ ਦੇਵੀ ਅਸ਼ੇਰਾਹ ਦੀ ਉਪਾਸਨਾ ਕਰਨ ਲਈ ਲੱਕੜ ਦਾ ਇੱਕ ਥੰਮ ਵੀ ਹੈ। ਵਹਿੜਕੇ ਦੀ ਸਹਾਇਤਾ ਨਾਲ ਬਆਲ ਦੀ ਜਗਵੇਦੀ ਨੂੰ ਢਾਹ ਦੇ ਅਤੇ ਅਸ਼ੇਰਾਹ ਦੇ ਥੰਮ ਨੂੰ ਚੀਰ ਦੇ।
26 ਫ਼ੇਰ ਯਹੋਵਾਹ, ਆਪਣੇ ਪਰਮੇਸ਼ੁਰ ਲਈ ਸਹੀ ਢੰਗ ਦੀ ਜਗਵੇਦੀ ਉਸਾਰ। ਇਸ ਜਗਵੇਦੀ ਨੂੰ ਇਸ ਉੱਚੀ ਥਾਂ ਉੱਤੇ ਉਸਾਰ। ਫ਼ੇਰ ਉਸ ਵਹਿੜਕੇ ਨੂੰ ਬਲੀ ਚੜ੍ਹਾਕੇ ਜਗਵੇਦੀ ਉੱਤੇ ਹੋਮ ਕਰ। ਅਸ਼ੇਰਾਹ ਦੇ ਥੰਮ ਦੀ ਲੱਕੜ ਕੋਲੋਂ ਆਪਣੇ ਚੜ੍ਹਾਵੇ ਨੂੰ ਹੋਮ ਕਰਨ ਦਾ ਕੰਮ ਲੈ।”
27 ਇਸ ਲਈ ਗਿਦਾਊਨ ਨੇ ਆਪਣੇ ਦਸ ਸੇਵਕ ਲਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਿਹਾ ਸੀ। ਪਰ ਉਹ ਆਪਣੇ ਪਿਉ ਦੇ ਘਰ ਦੇ ਅਤੇ ਨਗਰ ਦੇ ਲੋਕਾਂ ਤੋਂ ਡਰਦਾ ਸੀ, ਇਸ ਲਈ ਉਸ ਨੇ ਅਜਿਹਾ ਦਿਨ ਵੇਲੇ ਨਹੀਂ ਸਗੋਂ ਰਾਤ ਵੇਲੇ ਕੀਤਾ।
28 ਸ਼ਹਿਰ ਦੇ ਲੋਕ ਅਗਲੀ ਸਵੇਰ ਜਾਗੇ। ਅਤੇ ਉਨ੍ਹਾਂ ਨੇ ਦੇਖਿਆ ਕਿ ਬਆਲ ਦੀ ਜਗਵੇਦੀ ਤਬਾਹ ਹੋਈ ਪਈ ਹੈ! ਉਨ੍ਹਾਂ ਨੇ ਇਹ ਵੀ ਦੇਖਿਆ ਕਿ ਅਸ਼ੇਰਾਹ ਦਾ ਥੰਮ ਵੀ ਚੀਰਿਆ ਪਿਆ ਹੈ। ਅਸ਼ੇਰਾਹ ਦਾ ਥੰਮ ਜਗਵੇਦੀ ਦੇ ਨਾਲ ਲੱਗਦਾ ਸੀ। ਉਨ੍ਹਾਂ ਬੰਦਿਆਂ ਨੇ ਉਹ ਜਗਵੇਦੀ ਵੀ ਦੇਖੀ ਜਿਹੜੀ ਗਿਦਾਊਨ ਨੇ ਉਸਾਰੀ ਸੀ ਅਤੇ ਉਨ੍ਹਾਂ ਨੇ ਉਸ ਜਗਵੇਦੀ ਉੱਤੇ ਬਲੀ ਚੜ੍ਹਾਇਆ ਗਿਆ ਵਹਿੜਕਾ ਵੀ ਵੇਖਿਆ।
29 ਸ਼ਹਿਰ ਦੇ ਲੋਕਾਂ ਨੇ ਇੱਕ ਦੂਸਰੇ ਵੱਲ ਦੇਖਿਆ ਅਤੇ ਪੁੱਛਿਆ, “ਇਹ ਸਭ ਕਿਸਨੇ ਕੀਤਾ?”
ਫ਼ੇਰ ਉਨ੍ਹਾਂ ਨੇ ਪੁੱਛ-ਤਾਛ ਕੀਤੀ ਤਾਂ ਪਤਾ ਲੱਗਿਆ, “ਯੋਆਸ਼ ਦੇ ਪੁੱਤਰ ਗਿਦਾਊਨ ਨੇ ਇਹ ਸਭ ਕੀਤਾ ਹੈ।”
30 ਇਸ ਲਈ ਸ਼ਹਿਰ ਦੇ ਲੋਕ ਯੋਆਸ਼ ਦੇ ਕੋਲ ਆਏ। ਉਨ੍ਹਾਂ ਨੇ ਯੋਆਸ਼ ਨੂੰ ਆਖਿਆ, “ਆਪਣੇ ਪੁੱਤਰ ਨੂੰ ਬਾਹਰ ਕੱਢੋ ਉਸ ਨੇ ਬਆਲ ਦੀ ਜਗਵੇਦੀ ਤੋੜ ਦਿੱਤੀ ਹੈ। ਅਤੇ ਉਸ ਨੇ ਅਸ਼ੇਰਾਹ ਦਾ ਥੰਮ, ਜਿਹੜਾ ਜਗਵੇਦੀ ਦੇ ਕੋਲ ਸੀ, ਕੱਟ ਦਿੱਤਾ ਹੈ। ਇਸ ਲਈ ਤੇਰੇ ਪੁੱਤਰ ਨੂੰ ਮਰਨਾ ਪਵੇਗਾ।”
31 ਤਾਂ ਯੋਆਸ਼ ਨੇ ਆਪਣੇ ਆਲੇ-ਦੁਆਲੇ ਜੁੜੀ ਲੋਕਾਂ ਦੀ ਭੀੜ ਨਾਲ ਗੱਲ ਕੀਤੀ। ਉਸ ਨੇ ਆਖਿਆ, “ਕੀ ਤੁਸੀਂ ਬਆਲ ਦਾ ਪੱਖ ਪੂਰਨ ਜਾ ਰਹੇ ਹੋ? ਕੀ ਤੁਸੀਂ ਬਆਲ ਨੂੰ ਬਚਾਉਣ ਜਾ ਰਹੇ ਹੋ? ਜੇ ਕੋਈ ਬਆਲ ਦਾ ਪੱਖ ਲੈਂਦਾ ਹੈ ਤਾਂ ਉਸ ਨੂੰ ਸਵੇਰ ਹੋਣ ਤੱਕ ਮਾਰ ਦਿੱਤਾ ਜਾਵੇ। ਜੇ ਬਆਲ ਸੱਚਮੁੱਚ ਦੇਵਤਾ ਹੈ ਤਾਂ ਫ਼ੇਰ ਜਦੋਂ ਕੋਈ ਉਸਦੀ ਜਗਵੇਦੀ ਨੂੰ ਢਾਹੁਂਦਾ ਹੈ ਤਾਂ ਉਸ ਨੂੰ ਆਪਣੀ ਰੱਖਿਆ ਖੁਦ ਕਰਨ ਦਿਉ।”
32 ਯੋਆਸ਼ ਨੇ ਆਖਿਆ, “ਜੇ ਗਿਦਾਊਨ ਨੇ ਬਆਲ ਦੀ ਜਗਵੇਦੀ ਢਾਹ ਦਿੱਤੀ ਹੈ ਤਾਂ ਬਆਲ ਨੂੰ ਉਸ ਨਾਲ ਬਹਿਸ ਕਰਨ ਦਿਉ।” ਇਸ ਲਈ ਉਸ ਦਿਨ ਯੋਆਸ਼ ਨੇ ਗਿਦਾਊਨ ਨੂੰ ਨਵਾਂ ਨਾਮ ਦਿੱਤਾ। ਉਸ ਨੇ ਉਸ ਨੂੰ ਯਰੁੱਬਆਲ ਆਖਿਆ।
ਗਿਦਾਊਨ ਮਿਦਯਾਨ ਦੇ ਲੋਕਾਂ ਨੂੰ ਹਰਾਉਂਦਾ ਹੈ
33 ਮਿਦਯਾਨ, ਅਮਾਲੇਕ ਅਤੇ ਪੂਰਬ ਦੇ ਹੋਰ ਲੋਕ ਇਸਰਾਏਲ ਦੇ ਲੋਕਾਂ ਨਾਲ ਲੜਨ ਲਈ ਇਕੱਠੇ ਹੋ ਗਏ ਇਨ੍ਹਾਂ ਲੋਕਾਂ ਨੇ ਨਦੀ ਪਾਰ ਕਰਕੇ ਯਜ਼ਰਏਲ ਵਾਦੀ ਅੰਦਰ ਡੇਰਾ ਲਾ ਲਿਆ।
34 ਗਿਦਾਊਨ ਕੋਲ ਯਹੋਵਾਹ ਦਾ ਆਤਮਾ ਆਇਆ ਅਤੇ ਉਸ ਨੂੰ ਵੱਡੀ ਸ਼ਕਤੀ ਦਿੱਤੀ। ਉਸ ਨੇ ਅਬੀਅਜ਼ਰ ਪਰਿਵਾਰ ਨੂੰ ਆਪਣੇ ਪਿੱਛੇ ਆਉਣ ਲਈ ਤੁਰ੍ਹੀ ਵਜਾਈ।
35 ਗਿਦਾਊਨ ਨੇ ਮਨੱਸ਼ਹ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਵੱਲ ਸੰਦੇਸ਼ਵਾਹਕ ਭੇਜੇ ਕਿ ਉਹ ਆਪਣੇ ਸਾਰੇ ਹਥਿਆਰ ਲੈ ਕੇ ਲੜਾਈ ਲਈ ਤਿਆਰ ਹੋ ਜਾਣ। ਗਿਦਾਊਨ ਨੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਦੇ ਪਰਿਵਾਰ-ਸਮੂਹਾਂ ਵੱਲ ਸੰਦੇਸ਼ਵਾਹਕਾਂ ਰਾਹੀਂ ਵੀ ਇਹ ਸੰਦੇਸ਼ ਭੇਜਿਆ। ਇਸ ਲਈ ਉਹ ਪਰਿਵਾਰ-ਸਮੂਹ ਵੀ ਗਿਦਾਊਨ ਅਤੇ ਉਸਦੀ ਫ਼ੌਜ ਨੂੰ ਮਿਲਣ ਲਈ ਗਏ।
36 ਤਾਂ ਗਿਦਾਊਨ ਨੇ ਪਰਮੇਸ਼ੁਰ ਨੂੰ ਆਖਿਆ, “ਤੁਸੀਂ ਆਖਿਆ ਸੀ ਕਿ ਤੁਸੀਂ ਇਸਰਾਏਲ ਦੇ ਲੋਕਾਂ ਨੂੰ ਬਚਾਉਣ ਵਿੱਚ ਮੇਰੀ ਮਦਦ ਕਰੋਂਗੇ। ਮੈਨੂੰ ਪ੍ਰਮਾਣ ਦੇਵੋ!
37 ਮੈਂ ਅਨਾਜ ਛੱਟਣ ਵਾਲੇ ਫ਼ਰਸ਼ ਉੱਤੇ ਭੇਡ ਦੀ ਖੱਲ ਰੱਖਾਂਗਾ। ਜੇ ਸਿਰਫ਼ ਖੱਲ ਉੱਤੇ ਹੀ ਤ੍ਰੇਲ ਹੋਵੇਗੀ ਜਦੋਂ ਕਿ ਹੋਰ ਸਾਰੀ ਥਾਂ ਸੁੱਕੀ ਹੋਵੇਗੀ, ਤਾਂ ਮੈਂ ਜਾਣ ਲਵਾਂਗਾ ਕਿ ਜਿਵੇਂ ਤੁਸੀਂ ਆਖਿਆ ਸੀ, ਤੁਸੀਂ ਇਸਰਾਏਲ ਨੂੰ ਬਚਾਉਣ ਵਿੱਚ ਮੇਰੀ ਮਦਦ ਕਰੋਂਗੇ।”
38 ਅਤੇ ਬਿਲਕੁਲ ਇਵੇਂ ਹੀ ਹੋਇਆ। ਗਿਦਾਊਨ ਅਗਲੀ ਸਵੇਰੇ ਜਲਦੀ ਉੱਠਿਆ ਅਤੇ ਖੱਲ ਨੂੰ ਨਚੋੜਿਆ। ਉਸ ਨੇ ਭੇਡ ਦੀ ਖੱਲ ਵਿੱਚੋਂ ਇੱਕ ਪਿਆਲਾ ਭਰ ਪਾਣੀ ਨਿਚੋੜ ਦਿੱਤਾ।
39 ਫ਼ੇਰ ਗਿਦਾਊਨ ਨੇ ਪਰਮੇਸ਼ੁਰ ਨੂੰ ਆਖਿਆ, “ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਨੂੰ ਸਿਰਫ਼ ਇੱਕ ਗੱਲ ਹੋਰ ਪੁੱਛਣ ਦਿਉ। ਮੈਨੂੰ ਬਸ ਇੱਕ ਵਾਰੀ ਹੋਰ ਭੇਡ ਦੀ ਖੱਲ ਨਾਲ ਤੁਹਾਡੀ ਪਰੱਖ ਕਰਨ ਦਿਉ। ਇਸ ਵਾਰੀ ਇਹ ਖੱਲ ਸੁੱਕੀ ਰਹੇ ਜਦ ਕਿ ਇਸਦੇ ਆਲੇ-ਦੁਆਲੇ ਦੀ ਥਾਂ ਤ੍ਰੇਲ ਨਾਲ ਭਿੱਜੀ ਹੋਵੇ।”
40 ਉਸ ਰਾਤ ਪਰਮੇਸ਼ੁਰ ਨੇ ਇਹੋ ਹੀ ਕੀਤਾ। ਬਸ ਭੇਡ ਦੀ ਖੱਲ ਸੁੱਕੀ ਸੀ ਜਦ ਕਿ ਇਸਦੇ ਆਲੇ-ਦੁਆਲੇ ਦੀ ਸਾਰੇ ਥਾਂ ਤ੍ਰੇਲ ਨਾਲ ਗਿੱਲੀ ਸੀ।