ਏਲੀਯਾਹ ਅਤੇ ਸੋਕਾ
17
ਏਲੀਯਾਹ ਗਿਲਆਦ ਵਿੱਚ ਤਿਸ਼ਬੀ ਸ਼ਹਿਰ ਦਾ ਨਬੀ ਸੀ। ਏਲੀਯਾਹ ਨੇ ਅਹਾਬ ਪਾਤਸ਼ਾਹ ਨੂੰ ਆਖਿਆ, “ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਸੇਵਕ ਹਾਂ। ਉਸਦੀ ਸ਼ਕਤੀ ਨਾਲ, ਮੈਂ ਇਕਰਾਰ ਕਰਦਾ ਹਾਂ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ, ਨਾ ਮੀਂਹ ਪਵੇਗਾ ਨਾ ਤ੍ਰੇਲ। ਮੀਂਹ ਉਦੋਂ ਹੀ ਪਵੇਗਾ ਜਦੋਂ ਮੈਂ ਹੁਕਮ ਦੇਵਾਂਗਾ।”
ਤੱਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, “ਇੱਥੋਂ ਚੱਲੇ ਜਾ ਅਤੇ ਆਪਣਾ ਮੁਹਾਣਾ ਪੂਰਬ ਵੱਲ ਕਰ ਲੈ। ਆਪਣੇ ਆਪਨੂੰ ਕਰੀਥ ਦੇ ਨਾਲੇ ਕੋਲ ਜਿਹੜਾ ਕਿ ਯਰਦਨ ਦਰਿਆ ਦੇ ਪੂਰਬ ਵੱਲ ਹੈ ਲੁਕਾਅ ਲੈ। ਤੂੰ ਉਸ ਨਦੀ ਵਿੱਚੋਂ ਪਾਣੀ ਪੀ ਸੱਕਦਾ ਹੈਂ। ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਉੱਥੇ ਤੈਨੂੰ ਭੋਜਨ ਪੁੱਜਦਾ ਕਰਨ।” ਸੋ ਏਲੀਯਾਹ ਨੇ ਉਹੀ ਕੁਝ ਕੀਤਾ ਜੋ ਕੁਝ ਯਹੋਵਾਹ ਨੇ ਉਸ ਨੂੰ ਕਰਨ ਨੂੰ ਕਿਹਾ। ਤੱਦ ਉਹ ਕਰੀਥ ਦੇ ਨਾਲੇ ਜੋ ਯਰਦਨ ਦਰਿਆ ਦੇ ਪੂਰਬ ਵੱਲ ਸੀ ਰਹਿਣ ਲੱਗਾ। ਪਹਾੜੀ ਕਾਂ ਹਰ ਰੋਜ਼ ਸਵੇਰੇ, ਸ਼ਾਮ ਉਸ ਨੂੰ ਭੋਜਨ ਪੁੱਜਦਾ ਕਰਦੇ ਅਤੇ ਏਲੀਯਾਹ ਉਸ ਨਦੀ ਵਿੱਚੋਂ ਪਾਣੀ ਪੀ ਲੈਂਦਾ।
ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂ ਕਿ ਧਰਤੀ ਤੇ ਕੋਈ ਮੀਂਹ ਨਾ ਪਿਆ। ਤੱਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, “ਉੱਠ ਅਤੇ ਸੀਦੋਨ ਦੇ ਸਾਰਫ਼ਥ ਨੂੰ ਚੱਲਾ ਜਾ ਅਤੇ ਉੱਥੇ ਜਾਕੇ ਟਿਕ ਜਾ। ਉੱਥੇ ਇੱਕ ਔਰਤ ਉਸ ਜਗ੍ਹਾ ਦੇ ਕਰੀਬ ਰਹਿੰਦੀ ਹੈ ਜਿਸਦਾ ਕਿ ਪਤੀ ਮਰ ਚੁੱਕਾ ਹੈ। ਮੈਂ ਉਸ ਨੂੰ ਹੁਕਮ ਕੀਤਾ ਹੈ ਤੇ ਉਹ ਤੈਨੂੰ ਭੋਜਨ ਦੇਵੇਗੀ।”
10 ਤਾਂ ਏਲੀਯਾਹ ਸਾਰਫ਼ ਨੂੰ ਚੱਲਾ ਗਿਆ। ਜਦੋਂ ਉਹ ਸ਼ਹਿਰ ਦੇ ਫ਼ਾਟਕ ਕੋਲ ਪੁਜਿਆ ਤਾਂ ਉਸ ਨੇ ਇੱਕ ਔਰਤ ਵੇਖੀ। ਉਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਜੰਗਲ ਚੋ ਅੱਗ ਬਾਲਣ ਲਈ ਲੱਕੜ ਇਕੱਠੀ ਕਰ ਰਹੀ ਸੀ ਤਾਂ ਏਲੀਯਾਹ ਨੇ ਉਸ ਨੂੰ ਕਿਹਾ, “ਕੀ ਤੂੰ ਮੈਨੂੰ ਪਿਆਲੇ ’ਚ ਕੁਝ ਪਾਣੀ ਦੇ ਸੱਕਦੀ ਹੈਂ, ਤਾਂ ਜੋ ਮੈਂ ਆਪਣੀ ਪਿਆਸ ਮਿਟਾ ਲਵਾਂ?” 11 ਜਦੋਂ ਔਰਤ ਉਸ ਲਈ ਪਾਣੀ ਲੈਣ ਗਈ ਤਾਂ ਏਲੀਯਾਹ ਨੇ ਕਿਹਾ, “ਕਿਰਪਾ ਕਰਕੇ ਮੇਰੇ ਲਈ ਇੱਕ ਰੋਟੀ ਦਾ ਟੁਕੜਾ ਵੀ ਲੈ ਆਵੀਂ!”
12 ਉਸ ਔਰਤ ਨੇ ਕਿਹਾ, “ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਸੌਂਹ ਖਾਕੇ ਕਹਿਂਦੀ ਹਾਂ ਕਿ ਮੇਰੇ ਕੋਲ ਤੈਨੂੰ, ਖਾਣ ਵਾਸਤੇ ਦੇਣ ਲਈ ਰੋਟੀ ਨਹੀਂ ਹੈ। ਸਿਰਫ਼ ਮਰਤਬਾਨ ਵਿੱਚ ਥੋੜਾ ਜਿਹਾ ਆਟਾ ਹੈ ਅਤੇ ਬੋਤਲ ਵਿੱਚ ਕੁਝ ਕਿ ਜੈਤੂਨ ਦਾ ਤੇਲ ਹੈ। ਮੈਂ ਇੱਥੇ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲਈ ਆਈ ਸਾਂ। ਫ਼ੇਰ ਮੈਂ ਘਰ ਨੂੰ ਜਾਕੇ ਮੇਰੇ ਅਤੇ ਮੇਰੇ ਪੁੱਤਰ ਲਈ ਆਖੀਰੀ ਭੋਜਨ ਤਿਆਰ ਕਰਾਂਗੀ। ਅਸੀਂ ਇਸ ਨੂੰ ਖਾਵਾਂਗੇ ਅਤੇ ਫ਼ੇਰ ਭੁੱਖ ਕਾਰਣ ਮਰ ਜਾਵਾਂਗੇ।”
13 ਏਲੀਯਾਹ ਨੇ ਉਸ ਔਰਤ ਨੂੰ ਆਖਿਆ, “ਫ਼ਿਕਰ ਨਾ ਕਰ! ਜਿਵੇਂ ਤੂੰ ਕਿਹਾ ਹੈ ਇੰਝ ਹੀ ਘਰ ਜਾਕੇ ਆਪਣਾ ਭੋਜਨ ਤਿਆਰ ਕਰ। ਪਰ ਪਹਿਲਾਂ ਤੂੰ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲਿਆ, ਉਸ ਤੋਂ ਬਾਅਦ ਹੀ ਆਪਣੇ ਅਤੇ ਆਪਣੇ ਪੁੱਤਰ ਵਾਸਤੇ ਪਕਾਵੀਂ। 14 ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਉਹ ਆਟੇ ਵਾਲਾ ਮਰਤਬਾਨ ਕਦੇ ਵੀ ਖਾਲੀ ਨਾ ਹੋਵੇਗਾ ਤੇ ਤੇਰੀ ਬੋਤਲ ਵਿੱਚ ਹਮੇਸ਼ਾ ਤੇਲ ਭਰਿਆ ਰਹੇਗਾ। ਇਹ ਤੱਦ ਤੱਕ ਸਿਲਸਿਲਾ ਚੱਲਦਾ ਰਹੇਗਾ, ਜਦ ਤੀਕ ਯਹੋਵਾਹ ਇਸ ਧਰਤੀ ਤੇ ਮੀਂਹ ਨਹੀਂ ਪਾਉਂਦਾ।’”
15 ਤਾਂ ਉਹ ਔਰਤ ਆਪਣੇ ਘਰ ਨੂੰ ਪਰਤੀ ਤੇ ਉਸ ਨੇ ਉਵੇਂ ਹੀ ਕੀਤਾ ਜਿਵੇਂ ਏਲੀਯਾਹ ਨੇ ਉਸ ਨੂੰ ਆਖਿਆ ਸੀ। ਇਉਂ ਏਲੀਯਾਹ, ਔਰਤ ਤੇ ਉਸਦਾ ਪੁੱਤਰ ਕਾਫ਼ੀ ਦਿਨਾਂ ਤੱਕ ਭੋਜਨ ਖਾਂਦੇ ਰਹੇ। 16 ਆਟੇ ਵਾਲਾ ਅਤੇ ਤੇਲ ਵਾਲ ਭਾਂਡਾ ਕਦੇ ਵੀ ਖਾਲੀ ਨਾ ਹੋਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਹੋਇਆ ਸੀ ਅਤੇ ਯਹੋਵਾਹ ਨੇ ਇਹ ਬਚਨ ਏਲੀਯਾਹ ਦੇ ਮੂੰਹੋਂ ਕਹੇ ਸਨ।
17 ਕੁਝ ਸਮੇਂ ਬਾਅਦ ਔਰਤ ਦਾ ਪੁੱਤਰ ਬੀਮਾਰ ਪੈ ਗਿਆ। ਉਹ ਦਿਨੋ ਦਿਨੀ ਵੱਧੇਰੇ ਬੀਮਾਰ ਹੁੰਦਾ ਗਿਆ ਅਤੇ ਅਖੀਰੀ ਉਸ ਵਿੱਚ ਸਾਹ ਵੀ ਨਾ ਰਹੇ। 18 ਤਾਂ ਉਸ ਔਰਤ ਨੇ ਏਲੀਯਾਹ ਨੂੰ ਕਿਹਾ, “ਤੂੰ ਪਰਮੇਸ਼ੁਰ ਦਾ ਮਨੁੱਖ ਹੈਂ, ਕੀ ਤੂੰ ਮੇਰੀ ਮਦਦ ਕਰ ਸੱਕਦਾ ਹੈਂ? ਜਾਂ ਤੂੰ ਇੱਥੇ ਮੈਨੂੰ ਮੇਰੇ ਪਾਪਾਂ ਦਾ ਚੇਤਾ ਹੀ ਕਰਵਾਉਣ ਲਈ ਆਇਆ ਹੈਂ? ਜਾਂ ਤੂੰ ਇੱਥੇ ਮੇਰੇ ਪੁੱਤਰ ਦੀ ਮੌਤ ਦਾ ਕਾਰਣ ਬਣਨ ਲਈ ਆਇਆ ਹੈਂ?”
19 ਏਲੀਯਾਹ ਨੇ ਕਿਹਾ, “ਆਪਣਾ ਪੁੱਤਰ ਮੈਨੂੰ ਦੇ!” ਏਲੀਯਾਹ ਨੇ ਉਸਤੋਂ ਉਸਦਾ ਪੁੱਤਰ ਲੈ ਕੇ ਉਸ ਨੂੰ ਪੌੜੀਆਂ ਚੜ੍ਹ ਕੇ ਉੱਪਰ ਲੈ ਗਿਆ। ਜਿਸ ਕਮਰੇ ਵਿੱਚ ਉਹ ਆਪ ਰਹਿੰਦਾ ਸੀ ਉਸ ਨੂੰ ਉੱਥੇ ਬਿਸਤਰ ਤੇ ਲੰਮਾ ਪਾ ਦਿੱਤਾ। 20 ਫ਼ਿਰ ਏਲੀਯਾਹ ਨੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਹ ਵਿਧਵਾ ਔਰਤ ਮੈਨੂੰ ਆਪਣੇ ਘਰ ਵਿੱਚ ਪਨਾਹ ਦੇ ਰਹੀ ਹੈ, ਤੇ ਕੀ ਤੂੰ ਉਸ ਨਾਲ ਅਜਿਹੀ ਬਦਕਿਸਮਤੀ ਕਰੇਂਗਾ? ਕੀ ਤੂੰ ਚਾਹੇਂਗਾ ਕਿ ਉਸਦਾ ਪੁੱਤਰ ਮਰੇ?” 21 ਫ਼ਿਰ ਏਲੀਯਾਹ ਨੇ ਤਿੰਨ ਵਾਰ ਆਪਣੇ ਆਪ ਨੂੰ ਮੁੰਡੇ ਉੱਪਰ ਪਸਾਰਿਆ ਤੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਸ ਮੁੰਡੇ ਨੂੰ ਮੁੜ ਤੋਂ ਜੀਣ ਦੀ ਆਗਿਆ ਦੇ।”
22 ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਸੁਣੀ। ਮੁੰਡੇ ਨੇ ਮੁੜ ਤੋਂ ਸਾਹ ਲੈਣਾ ਸ਼ੁਰੂ ਕੀਤਾ। ਉਹ ਜਿਉ ਪਿਆ। 23 ਏਲੀਯਾਹ ਮੁੰਡੇ ਨੂੰ ਹੇਠਾਂ ਲੈ ਆਇਆ। ਏਲੀਯਾਹ ਨੇ ਮੁੰਡਾ ਉਸਦੀ ਮਾਂ ਦੇ ਹਵਾਲੇ ਕੀਤਾ ਅਤੇ ਕਿਹਾ, “ਵੇਖ ਤੇਰਾ ਪੁੱਤਰ ਜਿਉਂਦਾ ਹੈ।”
24 ਔਰਤ ਨੇ ਕਿਹਾ, “ਹੁਣ ਮੈਂ ਜਾਣ ਗਈ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਸੱਚ ਮੁੱਚ ਤੇਰੇ ਰਾਹੀਂ ਬੋਲਦਾ ਹੈ।”