ਪਰਮੇਸ਼ੁਰ ਆਪਣੇ ਲੋਕਾਂ ਨੂੰ ਉੱਤਰ ਦੇਵੇਗਾ
18
1 ਯਿਸੂ ਨੇ ਉਨ੍ਹਾਂ ਨੂੰ ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਕਿਵੇਂ ਉਨ੍ਹਾਂ ਨੂੰ ਹਮੇਸ਼ਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਸ ਨਹੀਂ ਛੱਡਣੀ ਚਾਹੀਦੀ।
2 “ਇੱਕ ਵਾਰ, ਇੱਕ ਸ਼ਹਿਰ ਵਿੱਚ, ਇੱਕ ਨਿਆਂਕਾਰ ਸੀ ਜੋ ਪਰਮੇਸ਼ੁਰ ਤੋਂ ਨਹੀਂ ਡਰਦਾ ਸੀ ਅਤੇ ਨਾ ਹੀ ਲੋਕਾਂ ਵੱਲ ਧਿਆਨ ਦਿੰਦਾ ਸੀ ਕਿ ਉਹ ਉਸ ਬਾਰੇ ਕੀ ਸੋਚਦੇ ਹਨ।
3 ਉਸੇ ਸ਼ਹਿਰ ਵਿੱਚ, ਇੱਕ ਔਰਤ ਰਹਿੰਦੀ ਸੀ ਜਿਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਉਸ ਹਾਕਮ ਪਾਸ ਬਹੁਤ ਵਾਰ ਆਈ ਅਤੇ ਕਿਹਾ, ‘ਇੱਕ ਆਦਮੀ ਮੈਨੂੰ ਕਸ਼ਟ ਦਿੰਦਾ ਹੈ। ਕਿਰਪਾ ਕਰਕੇ ਮੈਨੂੰ ਨਿਆਂ ਦੇਵੋ!’
4 ਪਰ ਉਹ ਹਾਕਮ ਉਸ ਔਰਤ ਦੀ ਮਦਦ ਨਹੀਂ ਸੀ ਕਰਨਾ ਚਾਹੁੰਦਾ। ਬਹੁਤ ਦੇਰ ਬਾਦ ਹਾਕਮ ਨੇ ਆਪਣੇ ਮਨ ਵਿੱਚ ਸੋਚਿਆ, ‘ਨਾ ਤਾਂ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ ਅਤੇ ਨਾ ਹੀ ਇਸ ਗੱਲ ਦੀ ਪ੍ਰਵਾਹ ਕਰਦਾ ਹਾਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹਨ।
5 ਪਰ ਇਹ ਔਰਤ ਮੈਨੂੰ ਕਿੰਨਾ ਦੁੱਖ ਦਿੰਦੀ ਹੈ। ਜੇਕਰ ਇਹ ਜੋ ਚਾਹੁੰਦੀ ਹੈ ਮੈਂ ਇਸ ਨੂੰ ਦੇ ਦੇਵਾਂ ਤਾਂ ਇਹ ਮੈਨੂੰ ਇੱਕਲਿਆਂ ਛੱਡ ਜਾਵੇਗੀ ਤੇ ਜੇਕਰ ਮੈਂ ਉਸਦੀ ਸਮੱਸਿਆ ਹੱਲ ਨਾ ਕੀਤੀ, ਉਹ ਆਉਣਾ ਜਾਰੀ ਰੱਖੇਗੀ ਅਤੇ ਮੈਨੂੰ ਪਰੇਸ਼ਾਨ ਕਰਦੀ ਰਹੇਗੀ।’”
6 ਫਿਰ ਪ੍ਰਭੂ ਨੇ ਆਖਿਆ, “ਸੁਣੋ! ਇਸ ਵਿੱਚ ਡੂੰਘਾ ਭਾਵ ਹੈ, ਜੋ ਕਿ ਹਾਕਮ ਨੇ ਕਿਹਾ।
7 ਜਦੋਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਦਿਨ-ਰਾਤ ਉਸ ਅੱਗੇ ਦੁਹਾਈ ਦਿੰਦੇ ਰਹਿੰਦੇ ਹਨ ਤਾਂ ਨਿਸ਼ਚਿਤ ਹੀ ਉਹ ਆਪਣੇ ਲੋਕਾਂ ਨੂੰ ਨਿਆਂ ਦੇਵੇਗਾ। ਉਹ ਬਿਨਾ ਦੇਰੀ ਕੀਤਿਆਂ ਆਪਣੇ ਚੁਣੇ ਹੋਏ ਲੋਕਾਂ ਨੂੰ ਜਵਾਬ ਦੇਵੇਗਾ।
8 ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਛੇਤੀ ਹੀ ਆਪਣੇ ਲੋਕਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਨਿਆਂ ਦੇਵੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਤੇ ਉਨ੍ਹਾਂ ਲੋਕਾਂ ਨੂੰ ਲੱਭੇਗਾ ਜਿਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਹੈ?”
ਪਰਮੇਸ਼ੁਰ ਨੂੰ ਨਿਮ੍ਰਤਾ ਨਾਲ ਬੇਨਤੀ
9 ਉੱਥੇ ਕੁਝ ਲੋਕ ਸਨ ਜੋ ਆਪਣੇ-ਆਪ ਨੂੰ ਬਹੁਤ ਭਲਾ ਸਮਝਦੇ ਸਨ। ਉਹ ਬਾਕੀ ਲੋਕਾਂ ਨੂੰ ਆਪਣੇ ਨਾਲੋਂ ਹੀਣੇ ਮੰਨਦੇ ਸਨ। ਤਾਂ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ।
10 “ਇੱਕ ਵਾਰ ਇੱਕ ਫਰੀਸੀ ਅਤੇ ਇੱਕ ਮਸੂਲੀਆ ਸੀ। ਇੱਕ ਦਿਨ ਉਹ ਦੋਵੇ ਇਕੱਠੇ ਪ੍ਰਾਰਥਨਾ ਕਰਨ ਲਈ ਮੰਦਰ ਗਏ।
11 ਫਰੀਸੀ ਮਸੂਲੀਏ ਕੋਲੋਂ ਦੂਰ ਅਲੱਗ ਪ੍ਰਾਰਥਨਾ ਕਰਨ ਲਈ ਖੜ੍ਹਾ ਹੋਇਆ। ਜਦੋਂ ਫਰੀਸੀ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਨੇ ਆਖਿਆ, ‘ਹੇ ਪਰਮੇਸ਼ੁਰ! ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਬਾਕੀ ਲੋਕਾਂ ਵਾਂਗ ਭੈੜਾ ਨਹੀਂ ਹਾਂ। ਮੈਂ ਕੋਈ ਚੋਰ ਜਾਂ ਧੋਖੇਬਾਜ ਜਾਂ ਕੋਈ ਬਦਕਾਰ ਨਹੀਂ ਹਾਂ। ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਇਸ ਮਸੂਲੀਏ ਨਾਲੋਂ ਚੰਗਾ ਹਾਂ।
12 ਮੈਂ ਚੰਗਾ ਹਾਂ, ਮੈਂ ਹਫਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ।’
13 “ਮਸੂਲੀਆ ਇੱਕ ਖੂੰਜੇ ਵਿੱਚ ਖੜ੍ਹਾ ਹੋ ਗਿਆ, ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ, ਉਸ ਨੇ ਆਪਣਾ ਸਿਰ ਵੀ ਸਵਰਗ ਵੱਲ ਚੁੱਕਣ ਦੀ ਦਲੇਰੀ ਨਾ ਕੀਤੀ। ਉਸ ਨੇ ਪਰਮੇਸ਼ੁਰ ਅੱਗੇ ਆਪਣੇ-ਆਪ ਨੂੰ ਬੜਾ ਨਿਮਾਣਾ ਪ੍ਰਗਟ ਕੀਤਾ ਅਤੇ ਆਖਿਆ, ‘ਹੇ ਪਰਮੇਸ਼ੁਰ! ਮੇਰੇ ਤੇ ਮਿਹਰ ਕਰ! ਮੈਂ ਇੱਕ ਪਾਪੀ ਹਾਂ!’
14 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਆਦਮੀ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਬਣਕੇ ਘਰ ਗਿਆ, ਪਰ ਫਰੀਸੀ ਜਿਸਨੇ ਆਪਣੇ-ਆਪ ਨੂੰ ਇੱਕ ਚੰਗਾ ਆਦਮੀ ਸਮਝਿਆ, ਧਰਮੀ ਨਹੀਂ ਸੀ। ਕੋਈ ਵੀ ਜੋ ਆਪਣੇ-ਆਪ ਨੂੰ ਉੱਚਾ ਚੁੱਕਦਾ ਹੈ ਨੀਵਾਂ ਕੀਤਾ ਜਾਵੇਗਾ ਅਤੇ ਜੋ ਵਿਅਕਤੀ ਆਪਣੇ-ਆਪ ਨੂੰ ਨਿਮ੍ਰ ਬਣਾਉਂਦਾ ਹੈ ਸੋ ਉੱਚਾ ਚੁੱਕਿਆ ਜਾਵੇਗਾ।”
ਪਰਮੇਸ਼ੁਰ ਦੇ ਰਾਜ ਵਿੱਚ ਕੌਣ ਪਰਵੇਸ਼ ਕਰੇਗਾ?
(ਮੱਤੀ 19:13-15; ਮਰਕੁਸ 10:13-16)
15 ਕੁਝ ਲੋਕ ਆਪਣੇ ਛੋਟੇ ਬੱਚਿਆਂ ਨੂੰ ਯਿਸੂ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਨੂੰ ਛੂਹਵੇ। ਪਰ ਜਦੋਂ ਉਸ ਦੇ ਚੇਲਿਆਂ ਨੇ ਵੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਝਿੜਕਿਆ।
16 ਪਰ ਯਿਸੂ ਨੇ ਛੋਟੇ ਬਾਲਕਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਚੇਲਿਆਂ ਨੂੰ ਆਖਿਆ, “ਬੱਚਿਆਂ ਨੂੰ ਮੇਰੇ ਕੋਲ ਆਉਣ ਦੇਵੋ! ਉਨ੍ਹਾਂ ਨੂੰ ਰੋਕੋ ਨਾ। ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹੈ ਜੋ ਇਨ੍ਹਾਂ ਬੱਚਿਆਂ ਵਰਗੇ ਹਨ।
17 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਕੋਈ ਵੀ ਜਿਹੜਾ ਪਰਮੇਸ਼ੁਰ ਦੇ ਰਾਜ ਨੂੰ ਬੱਚਿਆਂ ਦੇ ਵਾਂਗ ਨਹੀਂ ਕਬੂਲਦਾ, ਉਹ ਕਦੀ ਵੀ ਪਰਮੇਸ਼ੁਰ ਦੇ ਰਾਜ ਅੰਦਰ ਪ੍ਰਵੇਸ਼ ਨਹੀਂ ਕਰੇਗਾ।”
ਇੱਕ ਅਮੀਰ ਵਿਅਕਤੀ ਦਾ ਯਿਸੂ ਨੂੰ ਸਵਾਲ
(ਮੱਤੀ 19:16-30; ਮਰਕੁਸ 10:17-31)
18 ਇੱਕ ਯਹੂਦੀ ਆਗੂ ਨੇ ਯਿਸੂ ਨੂੰ ਪੁੱਛਿਆ, “ਭੱਲੇ ਗੁਰੂ ਜੀ, ਸਦੀਪਕ ਜੀਵਨ ਪਾਉਣ ਵਾਸਤੇ ਮੈਂ ਕੀ ਕਰਾਂ?”
19 ਯਿਸੂ ਨੇ ਉਸ ਨੂੰ ਆਖਿਆ, “ਤੂੰ ਮੈਨੂੰ ਭੱਲਾ ਕਿਉਂ ਆਖਦਾ ਹੈਂ। ਇੱਕਲਾ ਪਰਮੇਸ਼ੁਰ ਹੀ ਭੱਲਾ ਹੈ।
20 ਪਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ। ਤੂੰ ਹੁਕਮਨਾਮਿਆਂ ਨੂੰ ਜਾਣਦਾ ਹੈਂ? ‘ਤੈਨੂੰ ਬਦਕਾਰੀ ਦਾ ਪਾਪ ਨਹੀਂ ਕਰਨਾ ਚਾਹੀਦਾ, ਤੈਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ, ਤੈਨੂੰ ਚੋਰੀ ਨਹੀਂ ਕਰਨੀ ਚਾਹੀਦੀ, ਤੈਨੂੰ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ ਅਤੇ ਤੈਨੂੰ ਆਪਣੇ ਮਾਤਾ-ਪਿਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ।’”
21 ਪਰ ਆਗੂ ਨੇ ਕਿਹਾ, “ਇਹ ਸਾਰੇ ਹੁਕਮ ਤਾਂ ਮੈਂ ਬਚਪਨ ਤੋਂ ਮੰਨਦਾ ਚੱਲਿਆ ਆ ਰਿਹਾ ਹਾਂ।”
22 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਆਗੂ ਨੂੰ ਆਖਿਆ, “ਅਜੇ ਵੀ ਇੱਕ ਚੀਜ ਹੈ ਜਿਸਦੀ ਤੇਰੇ ਵਿੱਚ ਘਾਟ ਹੈ। ਉਹ ਇਹ ਕਿ ਤੇਰੇ ਕੋਲ ਜਿੰਨੀ ਵੀ ਦੌਲਤ ਹੈ ਉਸ ਨੂੰ ਵੇਚਕੇ ਧਨ ਗਰੀਬਾਂ ਵਿੱਚ ਵੰਡ ਦੇ। ਤੈਨੂੰ ਸਵਰਗ ਵਿੱਚ ਤੇਰਾ ਖਜਾਨਾ ਮਿਲੇਗਾ। ਇਹ ਸਭ ਕਰਕੇ ਫਿਰ ਤੂੰ ਮੇਰੇ ਕੋਲ ਆ ਤੇ ਮੇਰੇ ਪਿੱਛੇ-ਪਿੱਛੇ ਚੱਲ।”
23 ਪਰ ਜਦੋਂ ਉਸ ਆਗੂ ਨੇ ਇਹ ਸੁਣਿਆ ਤਾਂ ਉਹ ਬੜਾ ਉਦਾਸ ਹੋਇਆ ਕਿਉਂਕਿ ਉਹ ਬੜਾ ਅਮੀਰ ਸੀ ਅਤੇ ਸਾਰੀ ਦੌਲਤ ਆਪਣੇ ਕੋਲ ਰੱਖਣੀ ਚਾਹੁੰਦਾ ਸੀ।
24 ਜਦੋਂ ਯਿਸੂ ਨੇ ਵੇਖਿਆ ਕਿ ਉਹ ਮਨੁੱਖ ਬੜਾ ਉਦਾਸ ਹੋ ਗਿਆ ਹੈ ਤਾਂ ਉਸ ਨੇ ਆਖਿਆ “ਧਨਵਾਨ ਵਾਸਤੇ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਬੜਾ ਔਖਾ ਹੈ।
25 ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਇੱਕ ਊਠ ਦਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਸੌਖਾ ਹੈ।”
ਕੌਣ ਬਚਾਇਆ ਜਾ ਸੱਕਦਾ ਹੈ
26 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਆਖਣ ਲੱਗੇ, “ਫਿਰ ਕੌਣ ਬਚਾਇਆ ਜਾ ਸੱਕਦਾ ਹੈ?”
27 ਯਿਸੂ ਨੇ ਆਖਿਆ, “ਜਿਹੜੀਆਂ ਗੱਲਾਂ ਮਨੁੱਖਾਂ ਲਈ ਅਣਹੋਣੀਆਂ ਹਨ, ਉਹ ਪਰਮੇਸ਼ੁਰ ਤੋਂ ਹੋ ਸੱਕਦੀਆਂ ਹਨ।”
28 ਪਤਰਸ ਨੇ ਕਿਹਾ, “ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ।”
29 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਹਰ ਕੋਈ, ਜਿਸਨੇ ਆਪਣੇ ਘਰ, ਪਤਨੀ, ਭਰਾਵਾਂ, ਮਾਪਿਆਂ, ਅਤੇ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਵਾਸਤੇ ਛੱਡਿਆ ਹੈ,
30 ਉਹ ਆਪਣੇ ਛੱਡੇ ਤੋਂ ਕਿਤੇ ਵੱਧ ਪਾਵੇਗਾ। ਉਹ ਆਪਣੀ ਜ਼ਿੰਦਗੀ ਵਿੱਚ ਛੱਡੇ ਹੋਏ ਤੋਂ ਕਿਤੇ ਵੱਧੇਰੇ ਪ੍ਰਾਪਤ ਕਰੇਗਾ ਅਤੇ ਜਦੋਂ ਉਹ ਮਰੇਗਾ, ਉਸਦਾ ਵਾਸਾ ਹਮੇਸ਼ਾ ਪਰਮੇਸ਼ੁਰ ਦੇ ਨਾਲ ਹੋਵੇਗਾ।”
ਯਿਸੂ ਮੌਤ ਤੋਂ ਜੀਅ ਉੱਠੇਗਾ
(ਮੱਤੀ 20:17-19; ਮਰਕੁਸ 10:32-34)
31 ਫਿਰ ਯਿਸੂ ਬਾਰ੍ਹਾਂ ਰਸੂਲਾਂ ਨੂੰ ਇੱਕ ਪਾਸੇ ਲਿਆਇਆ ਅਤੇ ਉਨ੍ਹਾਂ ਨੂੰ ਆਖਿਆ, “ਸੁਣੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ। ਉਹ ਸਾਰੀਆਂ ਗੱਲਾਂ ਜੋ ਨਬੀਆਂ ਨੇ ਮਨੁੱਖ ਦੇ ਪੁੱਤਰ ਬਾਰੇ ਲਿਖੀਆਂ ਹਨ, ਪੂਰਨ ਹੋ ਜਾਣਗੀਆਂ।
32 ਉਸ ਨੂੰ ਗੈਰ-ਯਹੂਦੀ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ। ਉਹ ਉਸਦਾ ਮਜ਼ਾਕ ਉਡਾਉਣਗੇ, ਉਸਦੀ ਬੇਇੱਜ਼ਤੀ ਕਰਨਗੇ ਅਤੇ ਉਸ ਉੱਪਰ ਥੁੱਕਣਗੇ।
33 ਉਸ ਨੂੰ ਕੁੱਟਣਗੇ ਅਤੇ ਫੇਰ ਉਸ ਨੂੰ ਮਾਰ ਦੇਣਗੇ। ਪਰ ਉਹ ਤੀਜੇ ਦਿਨ ਮੁਰਦਿਆਂ ਵਿੱਚੋਂ ਜੀਅ ਉੱਠੇਗਾ।”
34 ਰਸੂਲਾਂ ਨੇ ਉਸਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਮਝ ਨਾ ਸੱਕੇ, ਉਨ੍ਹਾਂ ਲਈ ਅਰਥ ਗੁਪਤ ਰੱਖਿਆ ਗਿਆ ਸੀ।
ਯਿਸੂ ਦਾ ਇੱਕ ਅੰਨ੍ਹੇ ਆਦਮੀ ਨੂੰ ਠੀਕ ਕਰਨਾ
(ਮੱਤੀ 20:29-34; ਮਰਕੁਸ 10:46-52)
35 ਜਦੋਂ ਯਿਸੂ ਯਰੀਹੋ ਦੇ ਨੇੜੇ ਆਇਆ ਉੱਥੇ, ਪੈਸੇ ਮੰਗਦਾ ਹੋਇਆ ਇੱਕ ਅੰਨ੍ਹਾ ਸੜਕ ਦੇ ਕਿਨਾਰੇ ਬੈਠਾ ਸੀ।
36 ਜਦੋਂ ਉਸ ਨੇ ਭੀੜ ਲੰਘਦੀ ਨੂੰ ਸੁਣਿਆ ਤਾਂ ਉਸ ਨੇ ਪੁੱਛਿਆ, “ਇਹ ਕੀ ਹੋ ਰਿਹਾ ਹੈ?”
37 ਲੋਕਾਂ ਨੇ ਉਸ ਨੂੰ ਦੱਸਿਆ, “ਯਿਸੂ ਨਾਸਰੀ, ਇੱਥੇ ਆ ਰਿਹਾ ਹੈ।”
38 ਅੰਨ੍ਹਾ ਆਦਮੀ ਬੜਾ ਉਤਸਾਹਤ ਹੋਇਆ ਅਤੇ ਆਖਣ ਲੱਗਾ, “ਯਿਸੂ, ਦਾਊਦ ਦੇ ਪੁੱਤਰ ਮੇਰੇ ਤੇ ਦਯਾ ਕਰ!”
39 ਜਿਹੜੇ ਲੋਕ ਅੱਗੇ ਆਗੂ ਬਣਕੇ ਚਲ ਰਹੇ ਸਨ ਉਨ੍ਹਾਂ ਨੇ ਅੰਨ੍ਹੇ ਆਦਮੀ ਨੂੰ ਇਉਂ ਬੋਲਣ ਤੋਂ ਵਰਜਿਆ। ਪਰ ਅੰਨ੍ਹਾ ਆਦਮੀ ਹੋਰ ਵੀ ਜੋਰ ਦੀ ਰੌਲਾ ਪਾਉਣ ਲੱਗਾ, “ਯਿਸੂ, ਦਾਊਦ ਦੇ ਪੁੱਤਰ, ਮੇਰੇ ਤੇ ਮਿਹਰ ਕਰ!”
40 ਯਿਸੂ ਉੱਥੇ ਰੁਕਿਆ ਅਤੇ ਆਖਿਆ, “ਉਸ ਅੰਨ੍ਹੇ ਆਦਮੀ ਨੂੰ ਮੇਰੇ ਕੋਲ ਲਿਆਵੋ।” ਜਦੋਂ ਅੰਨ੍ਹਾ ਆਦਮੀ ਨੇੜੇ ਆਇਆ ਤਾਂ ਉਸ ਨੇ ਉਸ ਨੂੰ ਪੁੱਛਿਆ,
41 “ਤੂੰ ਮੈਥੋਂ ਆਪਣੇ ਵਾਸਤੇ ਕੀ ਕਰਾਉਣਾ ਚਾਹੁੰਦਾ ਹੈ?”
ਉਸ ਨੇ ਆਖਿਆ, “ਪ੍ਰਭੂ! ਮੈਂ ਵੇਖਣਾ ਚਾਹੁੰਦਾ ਹਾਂ।”
42 ਯਿਸੂ ਨੇ ਉਸ ਨੂੰ ਕਿਹਾ, “ਆਪਣੀ ਦ੍ਰਿਸ਼ਟੀ ਪ੍ਰਾਪਤ ਕਰ! ਤੇਰੇ ਵਿਸ਼ਵਾਸ ਨੇ ਤੈਨੂੰ ਰਾਜੀ ਕੀਤਾ ਹੈ।”
43 ਤੱਦ ਉਹ ਮਨੁੱਖ ਵੇਖਣ ਦੇ ਸਮਰਥ ਸੀ। ਉਹ ਪਰਮੇਸ਼ੁਰ ਦੀ ਉਸਤਤਿ ਕਰਦਾ ਹੋਇਆ ਯਿਸੂ ਦਾ ਅਨੁਸਰਣ ਕਰਨ ਲੱਗਾ। ਜਿਨ੍ਹਾ ਸਾਰੇ ਲੋਕਾਂ ਨੇ ਇਹ ਵੇਖਿਆ ਉਨ੍ਹਾਂ ਨੇ ਵੀ ਪਰਮੇਸ਼ੁਰ ਦੀ ਉਸਤਤਿ ਕੀਤੀ।