ਯਿਸੂ ਦਾ ਜਨਮ
(ਮੱਤੀ 1:18-25)
2
ਉਸ ਸਮੇਂ ਔਗੁਸਤੁਸ ਕੈਸਰ ਵੱਲੋਂ ਇਹ ਆਦੇਸ਼ ਹੋਇਆ ਕਿ ਸਾਰੇ ਰੋਮ ਵਾਸੀਆਂ ਨੂੰ ਮਰਦੁਮ-ਸ਼ੁਮਾਰੀ ਵਾਸਤੇ ਆਪਣੇ ਨਾਮ ਦਰਜ ਕਰਾਉਣੇ ਚਾਹੀਦੇ ਹਨ। ਇਹ ਪਹਿਲੀ ਵਾਰੀ ਸੀ, ਜੋ ਮਰਦੁਮ-ਸ਼ੁਮਾਰੀ ਦੀਆਂ ਕਿਤਾਬਾਂ ਵਿੱਚ ਸਾਰੇ ਲੋਕਾਂ ਨੂੰ ਦਰਜ ਕੀਤਾ ਜਾਣਾ ਸੀ। ਇਹ ਉਸ ਸਮੇਂ ਕੀਤਾ ਗਿਆ ਸੀ ਜਦੋਂ ਸੂਰੀਆਂ ਦਾ ਰਾਜਪਾਲ ਕੁਰੇਨਯੁਸ ਸੀ। ਇਸ ਲਈ ਹਰ ਕੋਈ ਆਪੋ-ਆਪਣੇ ਨਗਰ ਵਿੱਚ ਆਪਣਾ ਨਾਉਂ ਦਰਜ ਕਰਵਾਉਣ ਲਈ ਗਿਆ।
ਤਾਂ ਯੂਸੁਫ਼ ਗਲੀਲ ਦੇ ਸ਼ਹਿਰ ਨਾਸਰਤ ਤੋਂ ਵਿਦਾ ਹੋਇਆ। ਉਹ ਯਹੂਦਿਯਾ ਵਿੱਚ ਬੈਤਲਹਮ ਦੇ ਨਗਰ ਨੂੰ ਗਿਆ। ਇਹ ਨਗਰ ਦਾਊਦ ਦਾ ਨਗਰ ਕਹਾਉਂਦਾ ਸੀ। ਯੂਸੁਫ਼ ਉੱਥੇ ਇਸ ਲਈ ਗਿਆ ਕਿਉਂਕਿ ਉਹ ਦਾਊਦ ਦੇ ਘਰਾਣੇ ਵਿੱਚੋਂ ਸੀ। ਤਾਂ ਉਹ ਵੀ ਮਰਿਯਮ ਨਾਲ ਆਪਣੇ ਨਾਮ ਦਰਜ ਕਰਵਾਉਣ ਗਿਆ ਕਿਉਂਕਿ ਮਰਿਯਮ ਉਸ ਨਾਲ ਵਿਆਹ ਲਈ ਮੰਗੀ ਹੋਈ ਸੀ ਪਰ ਹੁਣ ਮਰਿਯਮ ਗਰਭਵਤੀ ਸੀ। ਜਦੋਂ ਯੂਸੁਫ਼ ਅਤੇ ਮਰਿਯਮ ਬੈਤਲਹਮ ਵਿੱਚ ਸਨ ਤਾਂ ਮਰਿਯਮ ਦਾ ਬੱਚਾ ਜਣਨ ਦਾ ਸਮੇਂ ਆ ਗਿਆ। ਉਸ ਨੇ ਆਪਣੇ ਪਹਿਲੇ ਪੁੱਤਰ ਯਿਸੂ ਨੂੰ ਉੱਥੇ ਜਨਮ ਦਿੱਤਾ। ਪਰ ਉਸ ਘਰ ਵਿੱਚ ਉਨ੍ਹਾਂ ਦੇ ਰਹਿਣ ਲਈ ਕਾਫ਼ੀ ਜਗ੍ਹਾ ਨਹੀਂ ਸੀ, ਮਰਿਯਮ ਨੇ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਬਾਲਕ ਨੂੰ ਇੱਕ ਬਕਸੇ ਵਿੱਚ ਪਾਕੇ ਜਿੱਥੇ ਪਸ਼ੂਆਂ ਨੂੰ ਚਾਰਾ ਖੁਆਇਆ ਜਾਂਦਾ ਸੀ ਉੱਥੇ ਇੱਕ ਖੁਰਲੀ ਵਿੱਚ ਰੱਖਿਆ।
ਕੁਝ ਆਜੜੀਆਂ ਨੇ ਯਿਸੂ ਬਾਰੇ ਸੁਣਿਆ
ਉਸੇ ਰਾਤ, ਉਸ ਇਲਾਕੇ ਵਿੱਚ ਕੁਝ ਆਜੜੀ ਆਪਣੀਆਂ ਭੇਡਾਂ ਦੀ ਰਾਖੀ ਕਰ ਰਹੇ ਸਨ। ਪ੍ਰਭੂ ਦਾ ਦੂਤ ਆਜੜੀਆਂ ਦੇ ਸਾਹਮਣੇ ਆਕੇ ਖੜ੍ਹਾ ਹੋ ਗਿਆ। ਪ੍ਰਭੂ ਦੀ ਮਹਿਮਾ ਉਨ੍ਹਾਂ ਦੇ ਚੁਫ਼ੇਰੇ ਚਮਕੀ ਤਾਂ ਆਜੜੀ ਬਹੁਤ ਡਰ ਗਏ। 10 ਦੂਤ ਨੇ ਉਨ੍ਹਾਂ ਨੂੰ ਆਖਿਆ, “ਡਰੋ ਨਹੀਂ, ਮੈਂ ਤੁਹਾਨੂੰ ਖੁਸ਼ਖਬਰੀ ਦੱਸ ਰਿਹਾ ਹਾਂ, ਜੋ ਸਾਰਿਆਂ ਲੋਕਾਂ ਨੂੰ ਬਹੁਤ ਪ੍ਰਸੰਨ ਕਰ ਦੇਵੇਗੀ। 11 ਖੁਸ਼ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ, ਜੋ ਮਸੀਹਾ ਪ੍ਰਭੂ ਹੈ। 12 ਤੁਸੀਂ ਉਸਦੀ ਪਛਾਣ ਇਸ ਤਰ੍ਹਾਂ ਕਰ ਸੱਕਦੇ ਹੋ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਪਾਵੋਗੇ।”
13 ਉੱਥੇ ਬਹੁਤ ਸਾਰੇ ਦੂਤਾਂ ਨੇ ਦੂਸਰੇ ਦੂਤ ਕੋਲ ਖੜ੍ਹੇ ਹੋਕੇ ਪ੍ਰਭੂ ਪਰਮੇਸ਼ੁਰ ਦੀ ਉਸਤਤਿ ਵਿੱਚ ਕਿਹਾ:
14 “ਸਵਰਗ ਵਿੱਚ ਪਰਮੇਸ਼ੁਰ ਦੀ ਉਸਤਤਿ ਹੋਵੇ,
ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਜਿਨ੍ਹਾਂ ਤੋਂ ਉਹ ਪ੍ਰਸੰਨ ਹੈ।”
15 ਦੂਤ ਆਜੜੀਆਂ ਨੂੰ ਛੱਡ ਕੇ ਫ਼ੇਰ ਸੁਰਗ ਨੂੰ ਵਾਪਸ ਮੁੜ ਗਏ। ਆਜੜੀ ਇੱਕ ਦੂਜੇ ਨੂੰ ਆਖਣ ਲੱਗੇ, “ਆਓ ਹੁਣ ਬੈਤਲਹਮ ਨੂੰ ਚੱਲੀਏ, ਅਤੇ ਉਸ ਗੱਲ ਨੂੰ ਵੇਖੀਏ ਜਿਸਦੀ ਖਬਰ ਸਾਨੂੰ ਪ੍ਰਭੂ ਦੁਆਰਾ ਦਿੱਤੀ ਗਈ ਹੈ।”
16 ਉਹ ਛੇਤੀ ਹੀ ਚੱਲੇ ਗਏ ਅਤੇ ਉੱਥੇ ਉਨ੍ਹਾਂ ਨੇ ਯੂਸੁਫ਼ ਅਤੇ ਮਰਿਯਮ ਨੂੰ ਵੇਖਿਆ ਅਤੇ ਬਾਲਕ ਨੂੰ ਖੁਰਲੀ ਵਿੱਚ ਪਿਆ ਹੋਇਆ ਵੇਖਿਆ। 17 ਜਦੋਂ ਆਜੜੀਆਂ ਨੇ ਉਸ ਬਾਲਕ ਨੂੰ ਵੇਖਿਆ ਤਾਂ ਉਨ੍ਹਾਂ ਨੇ ਉਸ ਸੰਦੇਸ਼ ਨੂੰ ਫ਼ੈਲਾਇਆ ਜਿਹੜਾ ਇਸ ਬਾਲਕ ਬਾਰੇ ਉਨ੍ਹਾਂ ਨੂੰ ਦਿੱਤਾ ਗਿਆ ਸੀ। 18 ਉਹ ਸਾਰੇ ਲੋਕ ਜਿਨ੍ਹਾਂ ਨੇ ਆਜੜੀਆਂ ਦਾ ਸੰਦੇਸ਼ ਸੁਣਿਆ, ਹੈਰਾਨ ਸਨ। 19 ਪਰ ਮਰਿਯਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ, ਅਤੇ ਉਨ੍ਹਾਂ ਬਾਰੇ ਲਗਾਤਾਰ ਸੋਚਣਾ ਜਾਰੀ ਰੱਖਿਆ। 20 ਆਜੜੀ ਉਹ ਸਭ ਗੱਲਾਂ ਬਾਰੇ ਵੇਖ-ਸੁਣਕੇ ਪਰਮੇਸ਼ੁਰ ਦਾ ਧੰਨਵਾਦ ਤੇ ਉਸਤਤਿ ਕਰਦੇ ਹੋਏ ਆਪਣੇ ਘਰਾਂ ਵੱਲ ਵਾਪਸ ਮੁੜ ਗਏ। ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਉਨ੍ਹਾਂ ਨੂੰ ਦੱਸਿਆ ਗਿਆ ਸੀ।
21 ਜਦੋਂ ਬਾਲਕ ਅੱਠਾਂ ਦਿਨਾਂ ਦਾ ਹੋਇਆ, ਤਾਂ ਉਸਦੀ ਸੁੰਨਤ ਹੋਈ ਅਤੇ ਉਸਦਾ ਨਾਮ ਯਿਸੂ ਰੱਖਿਆ ਗਿਆ। ਇਹ ਨਾਮ ਬਾਲਕ ਦੇ ਮਰਿਯਮ ਦੀ ਕੁੱਖ ਚੋਂ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਦੂਤ ਨੇ ਰੱਖਿਆ ਸੀ।
ਯਿਸੂ ਦਾ ਮੰਦਰ ਵਿੱਚ ਸਮਰਪਣ
22 ਜਦੋਂ ਮਰਿਯਮ ਲਈ ਮੂਸਾ ਦੀ ਸ਼ਰ੍ਹਾ ਮੁਤਾਬਕ ਸ਼ੁੱਧ ਹੋਣ ਦਾ ਸਮਾਂ ਆਇਆ ਤਾਂ ਮਰਿਯਮ ਅਤੇ ਯੂਸੁਫ਼ ਯਿਸੂ ਨੂੰ, ਪ੍ਰਭੂ ਨੂੰ ਸਮਰਪਿਤ ਕਰਨ ਲਈ, ਯਰੂਸ਼ਲਮ ਵਿੱਚ ਲਿਆਏ। 23 ਜਿਵੇਂ ਕਿ ਇਹ ਪ੍ਰਭੂ ਦੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ ਕਿ, “ਹਰ ਪਰਿਵਾਰ ਦਾ ਪਹਿਲਾ ਜਨਮਿਆਂ ਨਰ ਬੱਚਾ ‘ਪ੍ਰਭੂ ਨੂੰ ਅਰਪਿਤ ਕੀਤਾ ਜਾਣਾ ਚਾਹੀਦਾ ਹੈ।’”* 24 ਪ੍ਰਭੂ ਦੇ ਨੇਮ ਤਾਂ ਇਹ ਵੀ ਆਖਦਾ ਹੈ ਕਿ ਤੁਹਾਨੂੰ, “ਦੋ ਘੁੱਗੀਆਂ ਦਾ ਜੋੜਾਂ ਜਾਂ ਦੋ ਕਬੂਤਰਾਂ ਦਾ ਬਲੀਦਾਨ ਜ਼ਰੂਰ ਦੇਣਾ ਚਾਹੀਦਾ ਹੈ।” ਤਾਂ ਯੂਸੁਫ਼ ਅਤੇ ਮਰਿਯਮ ਵੀ ਯਰੂਸ਼ਲਮ ਵਿੱਚ ਇਸੇ ਮਕਸਦ ਲਈ ਗਏ ਸਨ।
ਸਿਮਓਨ ਯਿਸੂ ਨੂੰ ਵੇਖਦਾ ਹੈ
25 ਉੱਥੇ ਯਰੂਸ਼ਲਮ ਵਿੱਚ ਸਿਮਓਨ ਨਾਉਂ ਦਾ ਇੱਕ ਆਦਮੀ ਸੀ ਜੋ ਕਿ ਧਰਮੀ ਅਤੇ ਚੰਗਾ ਮਨੁੱਖ ਸੀ। ਉਹ ਇਸ ਉਡੀਕ ਵਿੱਚ ਸੀ ਕਿ ਕਦੋਂ ਪਰਮੇਸ਼ੁਰ ਇਸਰਾਏਲ ਨੂੰ ਬਚਾਵੇਗਾ। ਉਸ ਅੰਦਰ ਪਵਿੱਤਰ ਆਤਮਾ ਦਾ ਵਾਸਾ ਸੀ। 26 ਸਿਮਓਨ ਨੂੰ ਪਵਿੱਤਰ ਆਤਮਾ ਨੇ ਦੱਸਿਆ ਕਿ ਜਦ ਤੱਕ ਉਹ ਪ੍ਰਭੂ ਦੇ ਮਸੀਹ ਨੂੰ ਵੇਖਦਾ ਨਹੀਂ, ਉਹ ਨਹੀਂ ਮਰ ਸੱਕਦਾ। 27 ਸਿਮਓਨ ਆਤਮਾ ਦੀ ਅਗਵਾਈ ਨਾਲ ਮੰਦਰ ਵਿੱਚ ਆਇਆ। ਉਸ ਸਮੇਂ ਯੂਸੁਫ਼ ਅਤੇ ਮਰਿਯਮ ਯਹੂਦੀਆਂ ਦੀ ਸ਼ਰ੍ਹਾ ਅਨੁਸਾਰ ਕਰਨ ਲਈ ਮੰਦਰ ਵਿੱਚ ਗਏ। ਉਹ ਬਾਲਕ ਯਿਸੂ ਨੂੰ ਮੰਦਰ ਵਿੱਚ ਲਿਆਏ। 28 ਸਿਮਓਨ ਨੇ ਬਾਲਕ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਨ ਲੱਗਾ:
29 “ਪ੍ਰਭੂ! ਹੁਣ ਤੂੰ ਮੈਨੂੰ ਆਪਣੇ ਵਚਨ ਅਨੁਸਾਰ ਆਪਣੇ ਦਾਸ ਨੂੰ ਸ਼ਾਂਤੀ ਨਾਲ ਮਰ ਜਾਣ ਦੇ।
30 ਮੈਂ ਤੇਰੀ ਮੁਕਤੀ ਨੂੰ ਆਪਣੀ ਅੱਖੀਂ ਵੇਖਿਆ ਹੈ।
31 ਤੂੰ ਉਸ ਨੂੰ ਸਾਰੀਆਂ ਕੌਮਾਂ ਅੱਗੇ ਤਿਆਰ ਕੀਤਾ ਹੈ।
32 ਇਹ ਬਾਲਕ ਗੈਰ-ਯਹੂਦੀਆਂ ਨੂੰ ਤੇਰਾ ਰਸਤਾ ਦਰਸਾਉਣ ਲਈ ਜੋਤ ਹੈ
ਅਤੇ ਉਹ ਤੇਰੇ ਇਸਰਾਏਲ ਦੇ ਆਪਣੇ ਲੋਕਾਂ ਲਈ ਮਹਿਮਾ ਹੈ।”
33 ਉਸ ਦੇ ਮਾਤਾ-ਪਿਤਾ, ਯਿਸੂ ਬਾਰੇ ਜੋ ਆਖਿਆ ਗਿਆ ਸੀ, ਸੁਣਕੇ ਹੈਰਾਨ ਰਹਿ ਗਏ। 34 ਤੱਦ ਸਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਸਦੀ ਮਾਤਾ ਮਰਿਯਮ ਨੂੰ ਆਖਿਆ, “ਇਸ ਬਾਲਕ ਦੇ ਕਾਰਣ ਬਹੁਤ ਸਾਰੇ ਇਸਰਾਏਲੀ ਡਿੱਗਣਗੇ ਅਤੇ ਬਹੁਤ ਸਾਰੇ ਉੱਠਣਗੇ। ਉਹ ਪਰਮੇਸ਼ੁਰ ਵੱਲੋਂ ਇੱਕ ਅਜਿਹਾ ਨਿਸ਼ਾਨ ਹੋਵੇਗਾ ਜਿਸਦਾ ਲੋਕਾਂ ਦੁਆਰਾ ਵਿਰੋਧ ਕੀਤਾ ਜਾਵੇਗਾ। 35 ਇਹ ਨਿਸ਼ਾਨ ਬਹੁਤ ਸਾਰੇ ਲੋਕਾਂ ਦੀਆਂ ਸੋਚਾਂ ਨੂੰ ਪ੍ਰਕਾਸ਼ਮਾਨ ਕਰੇਗਾ। ਅਤੇ ਤੂੰ ਵੀ ਬਹੁਤ ਗੰਭੀਰ ਦਰਦ ਅਨੁਭਵ ਕਰੇਂਗਾ ਜਿਵੇਂ ਕਿ ਤਲਵਾਰ ਤੇਰੇ ਦਿਲ ਵਿੱਚ ਧਸ ਰਹੀ ਹੋਵੇ।”
ਆੱਨਾ ਦਾ ਯਿਸੂ ਨੂੰ ਵੇਖਣਾ
36 ਆੱਨਾ ਨਾਉਂ ਦੀ ਇੱਕ ਨਬੀਆ ਸੀ, ਅਤੇ ਉਹ ਅਸ਼ੇਰ ਦੇ ਘਰਾਣੇ ਵਿੱਚੋਂ ਫ਼ਨੂਏਲ ਦੀ ਧੀ ਸੀ। ਉਹ ਬੜੀ ਬਜ਼ੁਰਗ ਸੀ। ਉਹ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ 7 ਸਾਲ ਰਹੀ ਸੀ। 37 ਉਹ ਇੱਕ ਵਿਧਵਾ ਸੀ ਅਤੇ ਹੁਣ ਉਹ 84 ਸਾਲਾਂ ਦੀ ਸੀ। ਉਸ ਨੇ ਕਦੇ ਮੰਦਰ ਨਹੀਂ ਸੀ ਛੱਡਿਆ। ਉਹ ਵਰਤ ਰੱਖਦੀ ਅਤੇ ਦਿਨ-ਰਾਤ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੀ।
38 ਉਸੇ ਵਕਤ ਉਹ ਅੰਦਰ ਆਈ ਅਤੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੀ। ਉਸ ਨੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਬਾਲਕ ਬਾਰੇ ਦੱਸਿਆ ਜੋ ਪਰਮੇਸ਼ੁਰ ਦੇ ਇੰਤਜ਼ਾਰ ਵਿੱਚ ਸਨ, ਕਿ ਉਹ ਆਕੇ ਯਰੂਸ਼ਲਮ ਦਾ ਛੁਟਕਾਰਾ ਕਰੇ।
ਯੂਸੁਫ਼ ਅਤੇ ਮਰਿਯਮ ਵਾਪਸ ਘਰ ਨੂੰ ਪਰਤੇ
39 ਯੂਸੁਫ਼ ਅਤੇ ਮਰਿਯਮ, ਪ੍ਰਭੂ ਦੇ ਨੇਮ ਅਨੁਸਾਰ ਸਭ ਕੁਝ ਕਰਨ ਤੋਂ ਬਾਦ ਗਲੀਲ ਵੱਲ ਆਪਣੇ ਨਗਰ ਨਾਸਰਤ ਨੂੰ ਆਏ। 40 ਬਾਲਕ ਵੱਡਾ ਹੋਇਆ ਅਤੇ ਤਾਕਤਵਰ ਬਣ ਗਿਆ। ਉਹ ਸਿਆਣਪ ਨਾਲ ਭਰਪੂਰ ਸੀ, ਅਤੇ ਪਰਮੇਸ਼ੁਰ ਦੀ ਕਿਰਪਾ ਉਸ ਦੇ ਨਾਲ ਸੀ।
ਯਿਸੂ ਇੱਕ ਬੱਚੇ ਦੇ ਰੂਪ ਵਿੱਚ
41 ਹਰ ਸਾਲ ਯਿਸੂ ਦੇ ਮਾਂ-ਬਾਪ ਪਸਾਹ ਦੇ ਤਿਉਹਾਰ ਤੇ ਯਰੂਸ਼ਲਮ ਜਾਂਦੇ ਹੁੰਦੇ ਸਨ। 42 ਜਦ ਯਿਸੂ ਬਾਰ੍ਹਾਂ ਵਰ੍ਹਿਆਂ ਦਾ ਸੀ ਤਾਂ ਉਹ ਹਮੇਸ਼ਾ ਵਾਂਗ ਤਿਉਹਾਰ ਤੇ ਗਏ। 43 ਜਦੋਂ ਤਿਉਹਾਰ ਖਤਮ ਹੋ ਗਿਆ ਅਤੇ ਜਦੋਂ ਉਹ ਵਾਪਸ ਘਰ ਪਰਤ ਰਹੇ ਸਨ ਤਾਂ ਬਾਲਕ ਯਿਸੂ ਯਰੂਸ਼ਲਮ ਵਿੱਚ ਹੀ ਠਹਿਰ ਗਿਆ, ਪਰ ਉਸ ਦੇ ਮਾਪੇ ਇਸ ਬਾਰੇ ਨਹੀਂ ਜਾਣਦੇ ਸਨ। 44 ਇਹ ਸੋਚਕੇ ਕਿ ਉਹ ਯਾਤਰੀਆਂ ਦੇ ਸਮੂਹ ਵਿੱਚ ਹੀ ਹੋਵੇਗਾ ਉਹ ਸਾਰਾ ਦਿਨ ਸਫ਼ਰ ਕਰਦੇ ਰਹੇ, ਤਾਂ ਕੁਝ ਦੇਰ ਬਾਦ ਉਨ੍ਹਾਂ ਨੇ ਉਸ ਨੂੰ ਆਪਣੇ ਨਜ਼ਦੀਕੀ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਲੱਭਣਾ ਸ਼ੁਰੂ ਕੀਤਾ। 45 ਫ਼ੇਰ ਜਦੋਂ ਉਹ ਉਸ ਨੂੰ ਨਾ ਲੱਭ ਸੱਕੇ ਤਾਂ ਉਹ ਉਸ ਨੂੰ ਲੱਭਦੇ ਹੋਏ ਯਰੂਸ਼ਲਮ ਵਾਪਸ ਚੱਲੇ ਗਏ।
46 ਤਿੰਨਾਂ ਦਿਨਾਂ ਬਾਦ ਉਨ੍ਹਾਂ ਨੇ ਉਸ ਨੂੰ ਮੰਦਰ ਵਿੱਚ ਗੁਰੂਆਂ ਵਿੱਚਕਾਰ ਬੈਠਿਆਂ, ਉਨ੍ਹਾਂ ਨੂੰ ਸੁਣਦਿਆਂ ਅਤੇ ਉਨ੍ਹਾਂ ਨੂੰ ਪ੍ਰਸ਼ਨ ਪੁੱਛਦਿਆਂ ਲੱਭਿਆ। 47 ਸਭ ਸੁਣਨ ਵਾਲੇ ਉਸ ਦੇ ਸਵਾਲਾਂ-ਜਵਾਬਾਂ ਅਤੇ ਸਮਝ ਨੂੰ ਵੇਖਕੇ ਹੈਰਾਨ ਹੋ ਰਹੇ ਸਨ। 48 ਜਦੋਂ ਯਿਸੂ ਦੇ ਮਾਪਿਆਂ ਨੇ ਉਸ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਉਸਦੀ ਮਾਤਾ ਨੇ ਉਸ ਨੂੰ ਆਖਿਆ, “ਪੁੱਤਰ, ਤੂੰ ਸਾਡੇ ਨਾਲ ਇੰਝ ਕਿਉਂ ਕੀਤਾ? ਤੇਰੇ ਪਿਤਾ ਅਤੇ ਮੈਂ ਤੇਰੇ ਲਈ ਕਿੰਨੇ ਫ਼ਿਕਰਮੰਦ ਸਾਂ, ਅਤੇ ਤੈਨੂੰ ਲੱਭ ਰਹੇ ਸਾਂ।”
49 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਕੀ ਤੁਸੀਂ ਨਹੀਂ ਜਾਣਦੇ ਕਿ ਮੈਨੂੰ ਮੇਰੇ ਪਿਤਾ ਦੇ ਘਰ ਵਿੱਚ ਹੋਣਾ ਚਾਹੀਦਾ ਸੀ।” 50 ਪਰ ਉਹ ਯਿਸੂ ਦੇ ਉੱਤਰ ਨੂੰ ਨਾ ਸਮਝ ਸੱਕੇ।
51 ਤਾਂ ਯਿਸੂ ਆਪਣੇ ਮਾਪਿਆਂ ਦੇ ਨਾਲ ਨਾਸਰਤ ਨੂੰ ਆਇਆ ਅਤੇ ਜੋ ਉਹ ਕਹਿੰਦੇ ਰਹੇ ਉਨ੍ਹਾਂ ਦਾ ਹੁਕਮ ਮੰਨਦਾ ਰਿਹਾ। ਉਸਦੀ ਮਾਤਾ ਨੇ ਇਹ ਸਭ ਗੱਲਾਂ ਧਿਆਨ ਨਾਲ ਆਪਣੇ ਦਿਲ ਵਿੱਚ ਰੱਖੀਆਂ। 52 ਯਿਸੂ ਸਿਆਣਪ ਅਤੇ ਸ਼ਰੀਰਕ ਤੌਰ ਤੇ ਵੱਧਿਆ, ਅਤੇ ਉਸ ਨੂੰ ਪਰਮੇਸ਼ੁਰ ਅਤੇ ਲੋਕਾਂ ਦੋਨਾਂ ਵੱਲੋਂ ਕਿਰਪਾ ਪ੍ਰਾਪਤ ਸੀ।
* 2:23 “ਹਰ … ਹੈ।” ਦੇਖੋ ਕੂਚ 13:2, 12 2:24 ਹਵਾਲਾ: ਲੇਵੀਆਂ 12:8