ਯਿਸੂ ਵੱਲੋਂ ਬਾਰ੍ਹਾਂ ਰਸੂਲਾਂ ਨੂੰ ਭੇਜਣਾ
(ਮੱਤੀ 10:5-15; ਮਰਕੁਸ 6:7-13)
9
ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਕੱਠਿਆਂ ਸੱਦਿਆ ਅਤੇ ਉਨ੍ਹਾਂ ਨੂੰ ਰੋਗੀਆਂ ਨੂੰ ਰਾਜੀ ਕਰਨ ਦਾ ਇਖ਼ਤਿਆਰ ਦਿੱਤਾ ਅਤੇ ਸਾਰੇ ਭੂਤਾਂ ਤੇ ਇਖਤਿਆਰ ਦਿੱਤਾ। ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਲਈ ਬਿਮਾਰਾਂ ਨੂੰ ਠੀਕ ਕਰਨ ਲਈ ਬਾਹਰ ਭੇਜਿਆ। ਅਤੇ ਉਸ ਨੇ ਰਸੂਲਾਂ ਨੂੰ ਆਖਿਆ, “ਜਦੋਂ ਤੁਸੀਂ ਸਫ਼ਰ ਕਰੋ ਤਾਂ ਰਾਹ ਲਈ ਕੁਝ ਨਾ ਲਵੋ, ਨਾ ਕੋਈ ਸੋਟੀ, ਨਾ ਝੋਲਾ ਨਾ ਰੋਟੀ ਅਤੇ ਨਾ ਹੀ ਪੈਸੇ। ਸਿਰਫ਼ ਜੋ ਕੱਪੜੇ ਤੁਸੀਂ ਪਾਏ ਹੋਏ ਹਨ ਉਹੀ ਸਫ਼ਰ ਵਿੱਚ ਲੈ ਕੇ ਜਾਵੋ। ਅਤੇ ਜਿਸ ਘਰ ਜਾਵੋ ਅੱਗੇ ਹੋਰ ਜਗ੍ਹਾ ਤੁਰਨ ਤੱਕ ਉੱਥੇ ਹੀ ਰੁਕੋ। ਅਤੇ ਜਿੱਥੇ ਵੀ ਲੋਕ ਤੁਹਾਡਾ ਸੁਆਗਤ ਨਹੀਂ ਕਰਦੇ, ਜਦੋਂ ਤੁਸੀਂ ਉਹ ਨਗਰ ਛੱਡੋਂ, ਤਾਂ ਉਨ੍ਹਾਂ ਦੇ ਖਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦੇਵੋ।”
ਇਉਂ ਰਸੂਲ ਬਾਹਰ ਜਾਕੇ ਹਰ ਇੱਕ ਨਗਰ, ਸ਼ਹਿਰ, ਹਰ ਥਾਂ ਤੇ ਜਾਕੇ ਖੁਸ਼ਖਬਰੀ ਸੁਣਾਉਂਦੇ ਅਤੇ ਲੋਕਾਂ ਦੇ ਰੋਗ ਦੂਰ ਕਰਦੇ।
ਹੇਰੋਦੇਸ ਯਿਸੂ ਬਾਰੇ ਸ਼ਸ਼ੋਪੰਚ ਵਿੱਚ
(ਮੱਤੀ 14:1-12; ਮਰਕੁਸ 6:14-29)
ਜੋ ਵੀ ਗੱਲਾਂ ਵਾਪਰ ਰਹੀਆਂ ਸਨ ਰਾਜਾ ਹੇਰੋਦੇਸ ਉਨ੍ਹਾਂ ਬਾਰੇ ਜਾਣ ਗਿਆ। ਇਸ ਲਈ ਉਹ ਪਰੇਸ਼ਾਨ ਹੋ ਗਿਆ ਕਿਉਂਕਿ ਕੁਝ ਲੋਕ ਆਖ ਰਹੇ ਸਨ ਕਿ “ਯੂਹੰਨਾ ਬਪਤਿਸਮਾ ਦੇਣ ਵਾਲਾ, ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।” ਕੁਝ ਲੋਕ ਕਹਿੰਦੇ ਹਨ ਕਿ, “ਏਲੀਯਾਹ ਸਾਡੇ ਲਈ ਪ੍ਰਗਟ ਹੋਇਆ ਹੈ।” ਅਤੇ ਕੁਝ ਹੋਰ ਲੋਕਾਂ ਦਾ ਆਖਣਾ ਹੈ, “ਬਹੁਤ ਦੇਰ ਪਹਿਲਾਂ ਦੇ ਨਬੀਆਂ ਵਿੱਚੋਂ ਕੋਈ ਨਬੀ ਜੀਅ ਉੱਠਿਆ ਹੈ।” ਹੇਰੋਦੇਸ ਨੇ ਕਿਹਾ ਕਿ, “ਯੂਹੰਨਾ ਦਾ ਸਿਰ ਤਾਂ ਮੈਂ ਵਢਾ ਚੁੱਕਿਆ ਹਾਂ ਤਾਂ ਇਹ ਫ਼ਿਰ ਹੁਣ ਕੌਣ ਹੈ ਜਿਸਦੇ ਬਾਰੇ ਮੈਂ ਇਹੋ ਜਿਹੀਆਂ ਗੱਲਾਂ ਸੁਣ ਰਿਹਾ ਹਾਂ?” ਅਤੇ ਉਸ ਨੇ ਯਿਸੂ ਨੂੰ ਵੇਖਣ ਦੀ ਭਾਲ ਜਾਰੀ ਰੱਖੀ।
ਯਿਸੂ ਦਾ ਪੰਜ ਹਜ਼ਾਰ ਤੋਂ ਵੱਧ ਨੂੰ ਭੋਜਨ ਕਰਵਾਉਣਾ
(ਮੱਤੀ 14:13-21; ਮਰਕੁਸ 6:30-44; ਯੂਹੰਨਾ 6:1-14)
10 ਜਦੋਂ ਉਹ ਸਾਰੇ ਰਸੂਲ ਵਾਪਸ ਆਏ ਤਾਂ ਉਨ੍ਹਾਂ ਨੇ ਆਕੇ ਯਿਸੂ ਨੂੰ ਆਪਣੇ ਕੀਤੇ ਹੋਏ ਸਾਰੇ ਕੰਮਾਂ ਦੀ ਤਫ਼ਸੀਲ ਦੱਸੀ। ਤਾਂ ਯਿਸੂ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਆਪਣੇ-ਆਪ ਨਗਰ ਬੈਤਸੈਦਾ ਨੂੰ ਤੁਰ ਪਏ। 11 ਪਰ ਜਦ ਹੀ ਲੋਕਾਂ ਨੂੰ ਯਿਸੂ ਦੇ ਉੱਥੇ ਪਹੁੰਚਣ ਦਾ ਪਤਾ ਲੱਗਾ ਉਹ ਉਸ ਦੇ ਪਿੱਛੇ ਹੋ ਤੁਰੇ ਤਾਂ ਫ਼ੇਰ ਯਿਸੂ ਨੇ ਉਨ੍ਹਾਂ ਲੋਕਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦ੍ਰਿਸ਼ਟਾਂਤ ਦਿੱਤੇ ਅਤੇ ਬਿਮਾਰ ਲੋਕਾਂ ਨੂੰ ਰਾਜੀ ਕੀਤਾ।
12 ਦੁਪਿਹਰ ਤੋਂ ਬਾਅਦ, ਬਾਰ੍ਹਾਂ ਰਸੂਲ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਮਿਹਰਬਾਨੀ ਕਰਕੇ ਭੀੜ ਨੂੰ ਜਾਣ ਲਈ ਕਹੋ ਤਾਂ ਜੋ ਉਹ ਨੇੜੇ ਦੇ ਪਿੰਡਾਂ, ਖੇਤਾਂ ਵਿੱਚ ਜਾਕੇ ਕੁਝ ਖਾਣ ਲਈ ਲੱਭ ਸੱਕਣ ਕਿਉਂ ਜੋ ਅਸੀਂ ਇੱਥੇ ਦੂਰ ਬੀਆਵਾਨ ਵਿੱਚ ਹਾਂ।”
13 ਪਰ ਯਿਸੂ ਨੇ ਰਸੂਲਾਂ ਨੂੰ ਆਖਿਆ, “ਤੁਸੀਂ ਉਨ੍ਹਾਂ ਦੇ ਖਾਣ ਦਾ ਕੁਝ ਪ੍ਰਬੰਧ ਕਰੋ!”
ਰਸੂਲਾਂ ਨੇ ਆਖਿਆ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਵੱਧ ਕੁਝ ਨਹੀਂ ਹੈ। ਸਾਨੂੰ ਆਸ ਹੈ ਕਿ ਤੁਸੀਂ ਨਹੀਂ ਚਾਹੋਂਗੇ ਕਿ ਅਸੀਂ ਜਾਈਏ ਅਤੇ ਇਨ੍ਹਾਂ ਸਾਰੇ ਲੋਕਾਂ ਲਈ ਭੋਜਨ ਲਿਆਈਏ?” 14 (ਉੱਥੇ ਪੰਜ ਹਜ਼ਾਰ ਦੇ ਕਰੀਬ ਆਦਮੀ ਇੱਕਤਰ ਸਨ।)
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਲੋਕਾਂ ਨੂੰ ਕਹੋ ਕਿ ਉਹ ਪੰਜਾਹ-ਪੰਜਾਹ ਦਾ ਇੱਕ ਗੁੱਟ ਬਣਾਕੇ ਪੰਗਤਾਂ ਵਿੱਚ ਬੈਠ ਜਾਣ।”
15 ਚੇਲਿਆਂ ਨੇ ਉਸਦਾ ਹੁਕਮ ਮੰਨਿਆ ਅਤੇ ਸਾਰੇ ਲੋਕਾਂ ਨੂੰ ਪੰਗਤਾਂ ਵਿੱਚ ਬਿਠਾ ਦਿੱਤਾ। 16 ਤਾਂ ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੱਥ ਵਿੱਚ ਫ਼ੜੀਆਂ ਅਤੇ ਅਸਮਾਨ ਵੱਲ ਤੱਕ ਕੇ ਉਸ ਲਈ ਪਰਮੇਸ਼ੁਰ ਦਾ ਸ਼ੁਕਰ ਕੀਤਾ। ਤਾਂ ਯਿਸੂ ਨੇ ਉਨ੍ਹਾਂ ਨੂੰ ਤੋੜਿਆ ਅਤੇ ਚੇਲਿਆਂ ਨੂੰ ਲੋਕਾਂ ਵਿੱਚ ਵੰਡ ਦੇਣ ਲਈ ਦੇ ਦਿੱਤੀਆਂ। 17 ਸਭ ਲੋਕਾਂ ਨੇ ਆਪਣੀ ਸੰਤੁਸ਼ਟੀ ਮੁਤਾਬਿਕ ਖਾਧਾ। ਜਦੋਂ ਉਨ੍ਹਾਂ ਨੇ ਬਚੇ ਹੋਏ ਟੁਕੜਿਆਂ ਨੂੰ ਇਕੱਠਿਆਂ ਕੀਤਾ, ਉਨ੍ਹਾਂ ਨਾਲ ਬਾਰ੍ਹਾਂ ਟੋਕਰੀਆਂ ਭਰ ਗਈਆਂ ਸਨ।
ਪਤਰਸ ਆਖਦਾ ਯਿਸੂ ਹੀ ਮਸੀਹ ਹੈ
(ਮੱਤੀ 16:13-19; ਮਰਕੁਸ 8:27-29)
18 ਇੱਕ ਵਾਰ ਜਦੋਂ ਯਿਸੂ ਇੱਕਲਿਆਂ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਚੇਲੇ ਉਸ ਕੋਲ ਆਏ। ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?”
19 ਚੇਲਿਆਂ ਨੇ ਜਵਾਬ ਦਿੱਤਾ, “ਕੁਝ ਕਹਿੰਦੇ ਹਨ ਕਿ ਤੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਹੈਂ, ਦੂਜੇ ਕਹਿੰਦੇ ਹਨ ਤੂੰ ਏਲੀਯਾਹ ਹੈ ਅਤੇ ਕੁਝ ਦੂਸਰੇ ਆਖਦੇ ਹਨ ਕਿ ਤੂੰ ਪ੍ਰਾਚੀਨ ਕਾਲ ਵਿੱਚ ਹੋ ਚੁੱਕੇ ਨਬੀਆਂ ਵਿੱਚੋਂ ਹੈ ਜਿਹੜਾ ਦੁਬਾਰਾ ਜੀਵਨ ਵਿੱਚ ਆ ਗਿਆ ਹੈ।”
20 ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਕੀ ਆਖਦੇ ਹੋ ਕਿ ਮੈਂ ਕੌਣ ਹਾਂ?”
ਪਤਰਸ ਨੇ ਜਵਾਬ ਦਿੱਤਾ, “ਮਸੀਹ ਜੋ ਕਿ ਪਰਮੇਸ਼ੁਰ ਵੱਲੋਂ ਹੈ।”
21 ਯਿਸੂ ਨੇ ਉਨ੍ਹਾਂ ਨੂੰ ਚੌਕਸ ਕੀਤਾ ਕਿ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ।
ਯਿਸੂ ਆਖਦਾ ਹੈ ਕਿ ਉਸ ਨੂੰ ਮਰਨਾ ਪਵੇਗਾ
(ਮੱਤੀ 16:21-28; ਮਰਕੁਸ 8:30-9:1)
22 ਉਸ ਨੇ ਆਖਿਆ, “ਮਨੁੱਖ ਦੇ ਪੁੱਤਰ ਲਈ ਇਹ ਜਰੂਰੀ ਹੈ ਕਿ ਉਹ ਬਹੁਤ ਸਾਰੀਆਂ ਤਕਲੀਫ਼ਾਂ ਵਿੱਚੋਂ ਗੁਜਰੇ ਅਤੇ ਬਜ਼ੁਰਗ ਯਹੂਦੀ ਆਗੂਆਂ, ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਵੇ ਅਤੇ ਮਾਰਿਆ ਜਾਵੇ ਅਤੇ ਫ਼ੇਰ ਤੀਜੇ ਦਿਨ ਮੌਤ ਤੋਂ ਜੀ ਉੱਠੇਗਾ।”
23 ਉਸ ਨੇ ਸਭਨਾਂ ਨੂੰ ਆਖਿਆ, “ਜੇਕਰ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ-ਆਪ ਨੂੰ ਤਿਆਗਣਾ ਚਾਹੀਦਾ ਹੈ ਅਤੇ ਰੋਜ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲਣਾ ਚਾਹੀਦਾ ਹੈ। 24 ਕਿਉਂਕਿ ਜਿਹੜਾ ਵੀ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਉਸ ਨੂੰ ਗੁਆ ਲਵੇਗਾ ਪਰ ਜੋ ਕੋਈ ਆਪਣਾ ਜੀਵਨ ਮੇਰੇ ਲਈ ਬਲੀਦਾਨ ਕਰੇਗਾ ਉਹ ਉਸ ਨੂੰ ਬਚਾ ਲਵੇਗਾ। 25 ਕੀ ਫ਼ਾਇਦਾ ਜੇਕਰ ਕੋਈ ਮਨੁੱਖ ਪੂਰਾ ਜਗਤ ਕਮਾਵੇ ਪਰ ਆਪਣਾ-ਆਪ ਨਸ਼ਟ ਕਰ ਲਵੇ ਜਾਂ ਆਪਣਾ-ਆਪ ਗੁਆ ਲਵੇ? 26 ਜੇਕਰ ਕੋਈ ਮੈਥੋਂ ਅਤੇ ਮੇਰੇ ਬਚਨਾਂ ਤੋਂ ਸ਼ਰਮਾਵੇਗਾ ਤਾਂ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਵੇਗਾ, ਜਦੋਂ ਉਹ ਆਪਣੀ ਮਹਿਮਾ ਅਤੇ ਆਪਣੇ ਪਿਤਾ ਦੀ ਮਹਿਮਾ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ। 27 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨੇ ਇਸ ਵੇਲੇ ਇੱਥੇ ਮੌਜੂਦ ਹਨ ਉਨ੍ਹਾਂ ਵਿੱਚੋਂ ਕੁਝ ਮੌਤ ਦਾ ਸੁਆਦ ਨਹੀਂ ਚਖਣਗੇ ਜਦ ਤੱਕ ਉਹ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖ ਲੈਣ।”
ਮੂਸਾ, ਏਲੀਯਾਹ ਅਤੇ ਯਿਸੂ
(ਮੱਤੀ 17:1-18; ਮਰਕੁਸ 9:2-8)
28 ਯਿਸੂ ਦੇ ਇਹ ਆਖਣ ਤੋਂ ਅੱਠ ਕੁ ਦਿਨਾਂ ਬਾਦ, ਉਸ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਲਿਆ ਅਤੇ ਇੱਕ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਿਆ। 29 ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਮੂੰਹ ਦਾ ਰੰਗ ਰੂਪ ਬਦਲਣਾ ਸ਼ੁਰੂ ਹੋ ਗਿਆ। ਉਸ ਦੇ ਵਸਤਰ ਚਿੱਟੇ ਚਮਕੀਲੇ ਹੋ ਗਏ। 30 ਉਸ ਵਕਤ ਦੋ ਆਦਮੀ ਯਿਸੂ ਨਾਲ ਗੱਲਾਂ ਕਰ ਰਹੇ ਸਨ ਜੋ ਕਿ ਮੂਸਾ ਅਤੇ ਏਲੀਯਾਹ ਸਨ। 31 ਮੂਸਾ ਅਤੇ ਏਲੀਯਾਹ ਵੀ ਬੜੇ ਚਮਕ ਰਹੇ ਸਨ ਅਤੇ ਉਹ ਯਿਸੂ ਨਾਲ ਉਸਦੀ ਮੌਤ ਬਾਰੇ ਗੱਲ ਕਰ ਰਹੇ ਸਨ ਜਿਹੜੀ ਕਿ ਯਰੂਸ਼ਲਮ ਵਿੱਚ ਵਾਪਰਨ ਵਾਲੀ ਸੀ। 32 ਪਰ ਪਤਰਸ ਅਤੇ ਉਸ ਦੇ ਸਾਥੀ ਗਹਿਰੀ ਨੀਂਦ ਸੁੱਤੇ ਹੋਏ ਸਨ। ਪਰ ਜਦੋਂ ਉਹ ਜਾਗੇ ਉਨ੍ਹਾਂ ਨੇ ਯਿਸੂ ਦੀ ਮਹਿਮਾ ਵੇਖੀ ਅਤੇ ਉਸ ਨਾਲ ਦੋ ਹੋਰ ਆਦਮੀਆਂ ਨੂੰ ਖੜ੍ਹੇ ਵੇਖਿਆ। 33 ਜਦੋਂ ਮੂਸਾ ਅਤੇ ਏਲੀਯਾਹ ਵਾਪਸ ਜਾ ਰਹੇ ਸਨ ਤਾਂ ਪਤਰਸ ਨੇ ਕਿਹਾ, “ਸੁਆਮੀ, ਸਾਡੇ ਲਈ ਇੱਥੇ ਰਹਿਣਾ ਚੰਗਾ ਹੈ। ਅਸੀਂ ਇੱਥੇ ਤਿੰਨ ਤੰਬੂ ਲਾਵਾਂਗੇ ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਵਾਸਤੇ।” ਪਰ ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਆਖ ਰਿਹਾ ਹੈ।
34 ਜਦੋਂ ਹਾਲੇ ਪਤਰਸ ਗੱਲਾਂ ਕਰ ਰਿਹਾ ਸੀ ਤਾਂ ਚਾਰ ਚੁਫ਼ੇਰੇ ਇੱਕ ਬੱਦਲ ਛਾਇਆ ਤਾਂ ਉਹ ਡਰ ਗਏ ਜਦੋਂ ਉਹ ਬੱਦਲ ਵਿੱਚ ਘਿਰ ਗਏ। 35 ਤਾਂ ਬੱਦਲ ਵਿੱਚੋਂ ਇੱਕ ਅਵਾਜ਼ ਆਈ ਅਤੇ ਕਿਹਾ, “ਇਹ ਮੇਰਾ ਪੁੱਤਰ ਹੈ! ਇਹ ਉਹ ਹੈ ਜਿਸ ਨੂੰ ਮੈਂ ਚੁਣਿਆ ਹੈ ਅਤੇ ਤੁਸੀਂ ਸਾਰੇ ਇਸਦੀ ਸੁਣੋ।”
36 ਜਦੋਂ ਅਵਾਜ਼ ਅਲੋਪ ਹੋ ਗਈ ਤਾਂ ਉੱਥੇ ਕੇਵਲ ਯਿਸੂ ਹੀ ਸੀ। ਤਾਂ ਪਤਰਸ, ਯਾਕੂਬ ਅਤੇ ਯੂਹੰਨਾ ਚੁੱਪ ਰਹੇ ਉਨ੍ਹਾਂ ਨੇ ਜੋ ਕੁਝ ਵੀ ਵੇਖਿਆ ਸੀ ਉਸ ਬਾਰੇ ਕਿਸੇ ਨੂੰ ਵੀ ਕੁਝ ਵੀ ਸੂਚਿਤ ਨਹੀਂ ਕੀਤਾ।
ਯਿਸੂ ਦਾ ਇੱਕ ਬਾਲਕ ਨੂੰ ਠੀਕ ਕਰਨਾ ਜਿਸ ਅੰਦਰ ਭਰਿਸ਼ਟ ਆਤਮਾ ਸੀ
(ਮੱਤੀ 17:14-18; ਮਰਕੁਸ 9:14-27)
37 ਅਗਲੇ ਦਿਨ ਯਿਸੂ, ਪਤਰਸ, ਯਾਕੂਬ ਅਤੇ ਯੂਹੰਨਾ ਪਹਾੜੀ ਤੋਂ ਵਾਪਸ ਪਰਤ ਆਏ। ਲੋਕਾਂ ਦਾ ਇੱਕ ਵੱਡਾ ਸਮੂਹ ਯਿਸੂ ਨੂੰ ਮਿਲਿਆ। 38 ਭੀੜ ਵਿੱਚੋਂ ਇੱਕ ਆਦਮੀ ਚੀਕਿਆ, “ਹੇ ਗੁਰੂ! ਮੇਹਰਬਾਨੀ ਕਰਕੇ ਮੇਰੇ ਪੁੱਤਰ ਨੂੰ ਵੇਖੋ। ਉਹ ਮੇਰਾ ਇੱਕਲੌਤਾ ਪੁੱਤਰ ਹੈ। 39 ਅਚਾਨਕ ਮੇਰੇ ਪੁੱਤਰ ਵਿੱਚ ਪ੍ਰੇਤ ਆਤਮਾ ਆਉਂਦਾ ਹੈ ਤੇ ਫ਼ਿਰ ਉਹ ਚਿਲਾਉਂਦਾ ਹੈ। ਉਹ ਆਪਣੇ-ਆਪ ਤੇ ਕਾਬੂ ਗੁਆ ਬੈਠਦਾ ਹੈ ਅਤੇ ਫ਼ਿਰ ਮੂੰਹ ਵਿੱਚੋਂ ਝੱਗ ਵਹਾਉਂਦਾ ਹੈ। ਇਹ ਭਰਿਸ਼ਟ-ਆਤਮਾ ਉਸ ਨੂੰ ਬਹੁਤ ਪਰੇਸ਼ਾਨ ਕਰਦਾ ਹੈ, ਅਤੇ ਉਸ ਨੂੰ ਕਦੀ ਵੀ ਨਹੀਂ ਛੱਡਦਾ। 40 ਮੈਂ ਤੁਹਾਡੇ ਚੇਲਿਆਂ ਨੂੰ ਵੀ ਅਰਜੋਈ ਕੀਤੀ ਕਿ ਉਹ ਮੇਰੇ ਬਾਲਕ ਵਿੱਚੋਂ ਇਸ ਭ੍ਰਿਸ਼ਟ ਆਤਮਾ ਨੂੰ ਕੱਢ ਦੇਣ ਪਰ ਉਹ ਅਜਿਹਾ ਨਾ ਕਰ ਸੱਕੇ।”
41 ਯਿਸੂ ਨੇ ਆਖਿਆ, “ਹੇ ਬੇਪਰਤੀਤ ਅਤੇ ਭ੍ਰਸ਼ਟ ਪੀੜ੍ਹੀ! ਕਿੰਨਾ ਚਿਰ ਮੈਂ ਤੇਰੇ ਨਾਲ ਰਹਾਂਗਾ। ਕਿੰਨਾ ਚਿਰ ਮੈਂ ਤੇਰੇ ਨਾਲ ਧੀਰਜਵਾਨ ਰਹਾਂਗਾ।” ਤਾਂ ਯਿਸੂ ਨੇ ਉਸ ਆਦਮੀ ਨੂੰ ਕਿਹਾ, “ਆਪਣੇ ਬਾਲਕ ਨੂੰ ਇੱਥੇ ਲਿਆ।”
42 ਜਦੋਂ ਬਾਲਕ ਆ ਰਿਹਾ ਸੀ ਤਾਂ ਭੂਤ ਨੇ ਬਾਲਕ ਨੂੰ ਮਿਰਗੀ ਦੀ ਹਾਲਤ ਵਿੱਚ ਜ਼ਮੀਨ ਤੇ ਪਟਕਿਆ ਤਾਂ ਬਾਲਕ ਆਪਣੇ-ਆਪ ਤੇ ਕਾਬੂ ਗੁਆ ਬੈਠਾ ਪਰ ਯਿਸੂ ਨੇ ਭਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਰਾਜੀ ਕੀਤਾ ਅਤੇ ਬਾਲਕ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ। 43 ਸਾਰੇ ਲੋਕ ਉਨ੍ਹਾਂ ਸਾਰੀਂ ਗੱਲਾਂ ਤੇ ਹੈਰਾਨ ਸਨ ਜੋ ਯਿਸੂ ਕਰ ਰਿਹਾ ਸੀ।
ਯਿਸੂ ਦਾ ਆਪਣੀ ਮੌਤ ਬਾਰੇ ਦੱਸਣਾ
(ਮੱਤੀ 17:22-23; ਮਰਕੁਸ 9:30-32)
ਯਿਸੂ ਦੀਆਂ ਮਹਾਨ ਗੱਲਾਂ ਤੇ ਸਭ ਲੋਕ ਹੈਰਾਨ ਸਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, 44 “ਉਹ ਗੱਲਾਂ ਜੋ ਮੈਂ ਤੁਹਾਨੂੰ ਹੁਣ ਦੱਸ ਰਿਹਾ ਹਾਂ ਇਨ੍ਹਾਂ ਨੂੰ ਧਿਆਨ ਨਾਲ ਸੁਣੋ ਕਿ: ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥੀਂ ਫ਼ੜਵਾ ਦਿੱਤਾ ਜਾਵੇਗਾ।” 45 ਪਰ ਚੇਲੇ ਇਹ ਨਾ ਸਮਝ ਸੱਕੇ ਕਿ ਉਹ ਕੀ ਆਖ ਰਿਹਾ ਹੈ। ਅਰਥ ਉਨ੍ਹਾਂ ਤੋਂ ਛੁਪਿਆ ਹੋਇਆ ਸੀ ਇਸ ਲਈ ਉਹ ਇਹ ਸਮਝ ਨਾ ਸੱਕੇ। ਪਰ ਉਹ ਇਸ ਬਾਰੇ ਯਿਸੂ ਨੂੰ ਪੁੱਛਣ ਤੋਂ ਘਬਰਾਉਦੇ ਸਨ।
ਸਭ ਤੋਂ ਮਹੱਤਵਪੂਰਣ ਮਨੁੱਖ
(ਮੱਤੀ 18:1-5; ਮਰਕੁਸ 9:33-37)
46 ਯਿਸੂ ਦੇ ਚੇਲਿਆਂ ਵਿੱਚਕਾਰ ਇੱਕ ਤਕਰਾਰ ਸ਼ੁਰੂ ਹੋਈ ਕਿ ਉਨ੍ਹਾਂ ਵਿੱਚੋਂ ਕਿਹੜਾ ਵਿਅਕਤੀ ਮਹੱਤਵਪੂਰਣ ਹੈ? 47 ਉਹ ਜਾਣਦਾ ਸੀ ਕਿ ਉਹ ਕੀ ਸੋਚ ਰਹੇ ਹਨ ਤਾਂ ਉਸ ਨੇ ਇੱਕ ਬਾਲਕ ਨੂੰ ਲਿਆ ਅਤੇ ਉਸ ਛੋਟੇ ਬਾਲਕ ਨੂੰ ਆਪਣੇ ਕੋਲ ਖੜ੍ਹਾ ਕਰ ਲਿਆ ਅਤੇ ਫ਼ਿਰ ਆਪਣੇ ਚੇਲਿਆਂ ਨੂੰ ਕਿਹਾ, 48 “ਜੇ ਕੋਈ ਵੀ ਮੇਰੇ ਨਾਮ ਤੇ ਇਸ ਛੋਟੇ ਬਾਲਕ ਨੂੰ ਕਬੂਲ ਕਰਦਾ ਹੈ ਤਾਂ ਉਹ ਮੈਨੂੰ ਕਬੂਲ ਕਰ ਲੈਂਦਾ ਹੈ। ਜੇਕਰ ਕੋਈ ਮੈਨੂੰ ਕਬੂਲਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ, ਜਿਸਨੇ ਮੈਨੂੰ ਭੇਜਿਆ ਹੈ। ਕਿਉਂਕਿ ਜੋ ਕੋਈ ਵੀ ਤੁਹਾਡੇ ਵਿੱਚੋਂ ਸਭ ਤੋਂ ਵੱਧ ਨਿਮਰਤਾ ਵਾਲਾ ਹੈ ਉਹੀ ਸਭ ਤੋਂ ਵੱਧ ਮਹੱਤਵਪੂਰਣ ਮਨੁੱਖ ਹੈ।”
ਜਿਹੜਾ ਮਨੁੱਖ ਤੁਹਾਡੇ ਖਿਲਾਫ਼ ਨਹੀਂ ਉਹ ਤੁਹਾਡਾ ਹੀ ਹੈ
(ਮਰਕੁਸ 9:38-40)
49 ਯੂਹੰਨਾ ਨੇ ਅੱਗੋਂ ਆਖਿਆ, “ਪ੍ਰਭੂ, ਅਸੀਂ ਇੱਕ ਬੰਦੇ ਨੂੰ ਤੇਰੇ ਨਾਮ ਵਿੱਚ ਭੂਤਾਂ ਨੂੰ ਕੱਢਦੇ ਵੇਖਿਆ। ਅਸੀਂ ਉਸ ਨੂੰ ਇਉਂ ਕਰਨ ਤੋਂ ਵਰਜਿਆ ਕਿਉਂਕਿ ਉਹ ਸਾਡੇ ਸਮੂਹ ਵਿੱਚੋਂ ਨਹੀਂ ਹੈ।”
50 ਯਿਸੂ ਨੇ ਯੂਹੰਨਾ ਨੂੰ ਆਖਿਆ, “ਉਸ ਨੂੰ ਨਾ ਰੋਕੋ, ਕਿਉਂਕਿ ਉਹ ਜੋ ਤੁਹਾਡੇ ਵਿਰੁੱਧ ਨਹੀਂ, ਉਹ ਤੁਹਾਡੇ ਪਾਸੇ ਹੈ।”
ਸਾਮਰਿਯਾ ਸ਼ਹਿਰ
51 ਉਹ ਵਕਤ ਨੇੜੇ ਆ ਰਿਹਾ ਸੀ ਜਦੋਂ ਯਿਸੂ ਛੱਡ ਕੇ ਸੁਰਗ ਵੱਲ ਜਾਵੇਗਾ। 52 ਤਾਂ ਉਸ ਨੇ ਯਰੂਸ਼ਲਮ ਨੂੰ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੇ ਅੱਗੇ ਕੁਝ ਆਦਮੀ ਭੇਜੇ ਅਤੇ ਉਹ ਤੁਰਕੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਯਿਸੂ ਦੇ ਆਉਣ ਦੀ ਤਿਆਰੀ ਕਰਨ ਲਈ ਗਏ। 53 ਪਰ ਸਾਮਰਿਯਾ ਦੇ ਲੋਕਾਂ ਨੇ ਯਿਸੂ ਦਾ ਸੁਆਗਤ ਨਹੀਂ ਕੀਤਾ ਕਿਉਂਕਿ ਉਹ ਯਰੂਸ਼ਲਮ ਵੱਲ ਜਾ ਰਿਹਾ ਸੀ। 54 ਉਸ ਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਇਹ ਵੇਖਕੇ ਕਿਹਾ, “ਪ੍ਰਭੂ ਜੀ, ਕੀ ਤੇਰੀ ਮਰਜ਼ੀ ਹੈ ਕਿ ਅਸੀਂ ਹੁਕਮ ਕਰੀਏ ਕਿ ਸਵਰਗ ਤੋਂ ਅੱਗ ਵਰ੍ਹੇ ਤੇ ਇਨ੍ਹਾਂ ਨੂੰ ਨਸ਼ਟ ਕਰ ਦੇਵੇ?”+ ਕੁਝ ਯੂਨਾਨੀ ਨਕਲਾਂ ਵਿੱਚ ਜੋੜਿਆ ਗਿਆ ਹੈ: “…ਜਿਵੇਂ ਏਲੀਯਾਹ ਨੇ ਕੀਤਾ ਸੀ।”
55 ਪਰ ਯਿਸੂ ਮੁੜਿਆ ਅਤੇ ਉਨ੍ਹਾਂ ਨੂੰ ਝਿੜਕਿਆ।+ ਕੁਝ ਯੂਨਾਨੀ ਨਕਲਾਂ ਵਿੱਚ ਜੋੜਿਆ ਗਿਆ ਹੈ: “ਅਤੇ ਯਿਸੂ ਨੇ ਆਖਿਆ, ‘ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿਸ ਤਰ੍ਹਾਂ ਦੇ ਆਤਮਾ ਨਾਲ ਸੰਬੰਧ ਰੱਖਦੇ ਹੋ। 56 ਆਦਮੀ ਦਾ ਪੁੱਤਰ ਆਦਮੀਆਂ ਦੀਆਂ ਰੂਹਾਂ ਨੂੰ ਤਬਾਹ ਕਰਨ ਲਈ ਨਹੀਂ ਆਇਆ ਸਗੋਂ ਉਨ੍ਹਾਂ ਨੂੰ ਬਚਾਉਣ ਆਇਆ।’” 56 ਫ਼ਿਰ ਉਹ ਅਤੇ ਉਸ ਦੇ ਚੇਲੇ ਦੂਸਰੇ ਸ਼ਹਿਰ ਨੂੰ ਚੱਲ ਪਏ।
ਯਿਸੂ ਦਾ ਅਨੁਸਰਣ ਕਰਨਾ
(ਮੱਤੀ 8:19-22)
57 ਜਦੋਂ ਉਹ ਰਾਹ ਤੇ ਚੱਲੇ ਜਾ ਰਹੇ ਸਨ ਤਾਂ ਕਿਸੇ ਨੇ ਯਿਸੂ ਨੂੰ ਕਿਹਾ, “ਜਿੱਥੇ ਕਿਤੇ ਵੀ ਤੁਸੀਂ ਜਾਵੋ, ਮੈਂ ਤੁਹਾਡਾ ਪਿੱਛਾ ਕਰਾਂਗਾ।”
58 ਯਿਸੂ ਨੇ ਆਖਿਆ, “ਲੂੰਬੜੀਆਂ ਦੇ ਰਹਿਣ ਲਈ ਘੁਰਨੇ ਹਨ ਅਤੇ ਪੰਛੀਆਂ ਦੇ ਰਹਿਣ ਲਈ ਆਲ੍ਹਣੇ। ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਕੇ ਆਰਾਮ ਕਰਨ ਲਈ ਕੋਈ ਥਾਂ ਨਹੀਂ।”
59 ਯਿਸੂ ਨੇ ਇੱਕ ਹੋਰ ਮਨੁੱਖ ਨੂੰ ਕਿਹਾ, “ਮੇਰੇ ਪਿੱਛੇ ਤੁਰ ਆ!”
ਪਰ ਆਦਮੀ ਨੇ ਆਖਿਆ, “ਪ੍ਰਭੂ ਜੀ! ਕਿਰਪਾ ਕਰਕੇ ਮੈਨੂੰ ਜਾਣ ਦੀ ਆਗਿਆ ਦੇਵੋ ਤਾਂ ਜੋ ਮੈਂ ਪਹਿਲਾਂ ਆਪਣੇ ਪਿਓ ਨੂੰ ਦਫ਼ਨਾ ਆਵਾਂ।”
60 ਪਰ ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਨੂੰ ਆਪਣੇ ਮੁਰਦੇ ਆਪੇ ਦੱਬਣ ਦਿਓ ਪਰ ਤੂੰ ਜਾ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਉਨ੍ਹਾਂ ਨੂੰ ਦੱਸ।”
61 ਦੂਜੇ ਆਦਮੀ ਨੇ ਆਖਿਆ, “ਪ੍ਰਭੂ, ਮੈਂ ਤੁਹਾਡੇ ਮਗਰ ਤੁਰਾਂਗਾ। ਪਰ ਪਹਿਲਾਂ ਮੈਨੂੰ ਆਗਿਆ ਦੇਵੋ ਕਿ ਮੈਂ ਆਪਣੇ ਪਰਿਵਾਰ ਨੂੰ ਅਲਵਿਦਾ ਆਖ ਆਵਾਂ।”
62 ਯਿਸੂ ਨੇ ਆਖਿਆ, “ਜੇਕਰ ਕੋਈ ਆਪਣਾ ਹੱਥ ਹੱਲ ਤੇ ਰੱਖਕੇ ਪਿੱਛਾਹਾਂ ਝਾਕਦਾ ਹੈ, ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਲਾਇੱਕ ਨਹੀਂ ਹੈ।”