ਕਹਾਉਤਾਂ
ਭੂਮਿਕਾ
1
1 ਇਹ ਕਹਾਉਤਾਂ ਦਾਊਦ ਦੇ ਪੁੱਤਰ ਸੁਲੇਮਾਨ ਦੁਆਰਾ ਲਿਖੀਆਂ ਗਈਆ ਹਨ। ਸੁਲੇਮਾਨ ਇਸਰਾਏਲ ਦਾ ਪਾਤਸ਼ਾਹ ਸੀ।
2 ਇਹ ਸ਼ਬਦ ਇਸ ਲਈ ਲਿਖੇ ਗਏ ਸਨ ਤਾਂ ਜੋ ਆਦਮੀ ਸਿਆਣਪ ਅਤੇ ਅਨੁਸ਼ਾਸਨ ਸਿੱਖ ਸੱਕੇ ਅਤੇ ਸਮਝਦਾਰੀ ਲਿਆਉਣ ਵਾਲੇ ਸ਼ਬਦਾਂ ਨੂੰ ਪਹਿਚਾਣ ਸੱਕੇ।
3 ਜੋ ਉਹ ਸਹੀ ਮੱਤ ਹਾਸਿਲ ਕਰ ਲਵੇ ਜਿਵੇਂ — ਉਹ ਕਿਵੇਂ ਕਰੇ ਜੋ ਧਰਮੀ, ਨਿਆਂਈ ਅਤੇ ਇਮਾਨਦਾਰ ਹੋਵੇ।
4 ਇਹ ਸ਼ਬਦ ਮੂਰਖ ਲੋਕਾਂ ਨੂੰ ਸਮਝਦਾਰੀ ਅਤੇ ਜਵਾਨ ਲੋਕਾਂ ਨੂੰ ਗਿਆਨ ਅਤੇ ਅਕਲਮੰਦੀ ਸਿੱਖਾਉਣ ਲਈ ਹਨ।
5 ਸਿਆਣੇ ਆਦਮੀਆਂ ਨੂੰ ਸੁਣਕੇ ਆਪਣਾ ਗਿਆਨ ਵੱਧਾਉਣ ਦਿਓ ਅਤੇ ਸਿੱਖੇ ਹੋਇਆਂ ਆਦਮੀਆਂ ਨੂੰ ਆਪਣੇ ਰਾਹ ਦਾ ਸਹੀ ਨਿਰਦੇਸ਼ਨ ਹਾਸਿਲ ਕਰਨ ਦਿਓ।
6 ਫ਼ੇਰ ਉਹ ਲੋਕ ਕਹਾਉਤਾਂ, ਦ੍ਰਿਸ਼ਟਾਂਤਾਂ, ਸਿਆਣੇ ਬੰਦਿਆਂ ਦੀਆਂ ਸਿੱਖਿਆਵਾਂ, ਅਤੇ ਉਨ੍ਹਾਂ ਦੀਆਂ ਬੁਝਾਰਤਾਂ ਨੂੰ ਸਮਝਣ ਦੇ ਯੋਗ ਹੋਣਗੇ।
7 ਯਹੋਵਾਹ ਤੋਂ ਡਰਨਾ ਗਿਆਨ ਦੀ ਸ਼ੁਰੂਆਤ ਹੈ। ਪਰ ਬੁਰੇ ਬੰਦੇ ਅਨੁਸ਼ਾਸਨ ਅਤੇ ਸਿਆਣਪ ਨੂੰ ਨਫ਼ਰਤ ਕਰਦੇ ਹਨ।
ਇੱਕ ਪੁੱਤਰ ਨੂੰ ਉਪਦੇਸ਼
8 ਮੇਰੇ ਬੇਟੇ, ਜਦੋਂ ਤੁਹਾਡਾ ਪਿਤਾ ਤਹਾਨੂੰ ਸੁਧਾਰੇ ਤਾਂ ਉਸ ਨੂੰ ਧਿਆਨ ਨਾਲ ਸੁਣੋ। ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਤਿਆਗੋ ਨਾ।
9 ਕਿਉਂ ਕਿ ਜੋ ਕੁਝ ਵੀ ਤੁਹਾਡੇ ਮਾਪੇ ਤੁਹਾਨੂੰ ਸਿੱਖਾਉਂਦੇ ਹਨ, ਤੁਹਾਡੇ ਸਿਰ ਤੇ ਹਾਰ ਵਾਂਗ ਜਾਂ ਤੁਹਾਡੀ ਗਰਦਨ ਦੀ ਸ਼ੋਭਾ ਵੱਧਾਉਣ ਲਈ ਖੂਬਸੂਰਤ ਹਾਰ ਵਾਂਗ ਹੁੰਦਾ ਹੈ।
10 ਮੇਰੇ ਬੇਟੇ, ਪਾਪੀ ਤੁਹਾਡੇ ਕੋਲੋਂ ਉਹ ਗੱਲਾਂ ਕਰਵਾਉਣ ਦੀ ਕੋਸ਼ਿਸ਼ ਕਰਨਗੇ ਜੋ ਗ਼ਲਤ ਹਨ। ਉਨ੍ਹਾਂ ਵੱਲ ਧਿਆਨ ਨਾ ਦਿਓ!
11 ਜੇ ਉਹ ਆਖਣ, “ਸਾਡੇ ਨਾਲ ਆਓ! ਆਓ ਆਪਾਂ ਲੁਕ ਜਾਈਏ ਅਤੇ ਕਿਸੇ ਨੂੰ ਮਾਰਨ ਲਈ ਇੰਤਜ਼ਾਰ ਕਰੀਏ। ਆਓ ਆਪਾਂ ਬਿਨਾ ਕਾਰਣ ਕਿਸੇ ਬੇਗੁਨਾਹ ਬੰਦੇ ਉੱਤੇ ਹਮਲਾ ਕਰੀਏ।
12 ਆਓ, ਆਪਾਂ ਉਨ੍ਹਾਂ ਨੂੰ ਕਬਰ ਵਾਂਗ ਜਿਉਦਿਆਂ ਹੀ ਅਤੇ ਪੂਰੀ ਤਰ੍ਹਾਂ ਨਿਗਲ ਜਾਵਾਂਗੇ ਜਿਵੇਂ ਕੋਈ ਟੋਏ ਵਿੱਚ ਚੱਲਿਆ ਜਾਂਦਾ ਹੈ।
13 ਅਸੀਂ ਸਾਰੀਆਂ ਕੀਮਤੀ ਚੀਜ਼ਾਂ ਲੈ ਲਵਾਂਗੇ। ਅਤੇ ਉਸ ਲੁੱਟ ਨਾਲ ਆਪਣੇ ਘਰ ਭਰ ਲਵਾਂਗੇ।
14 ਇਸ ਲਈ ਆਓ ਸਾਡੇ ਨਾਲ ਮਿਲ ਜਾਵੋ ਅਤੇ ਜੋ ਕੁਝ ਵੀ ਸਾਨੂੰ ਮਿਲੇਗਾ, ਅਸੀਂ ਬਰਾਬਰ-ਬਰਾਬਰ ਵੰਡ ਲਵਾਂਗੇ।”
15 ਮੇਰੇ ਬੇਟੇ, ਇਨ੍ਹਾਂ ਲੋਕਾਂ ਦੇ ਮਗਰ ਨਾ ਲੱਗੋ, ਉਨ੍ਹਾਂ ਦੇ ਰਾਹਾਂ ਤੋਂ ਆਪਣੇ ਕਦਮ ਪਰ੍ਹੇ ਰੱਖੋ।
16 ਜਿਵੇਂ ਉਹ ਬਦੀ ਕਰਨ ਵਿੱਚ ਤੇਜ-ਤਰਾਰ ਅਤੇ ਲੋਕਾਂ ਨੂੰ ਮਾਰਨ ਲਈ ਬਹੁਤ ਤੇਜ਼ ਹਨ।
17 ਲੋਕੀਂ ਪੰਛੀਆਂ ਨੂੰ ਫ਼ਾਹੁਣ ਲਈ ਜਾਲ ਵਿਛਾਉਂਦੇ ਹਨ। ਪਰ ਜਦੋਂ ਪੰਛੀ ਦੇਖ ਰਹੇ ਹੋਣ ਤਾਂ ਜਾਲ ਵਿਛਾਉਣਾ ਬੇਕਾਰ ਹੁੰਦਾ ਹੈ।
18 ਅਤੇ ਇਹ ਲੋਕ ਸਿਰਫ਼ ਆਪਣੀ ਹੀ ਮੌਤ ਦੇ ਇੰਤਜ਼ਾਰ ਵਿੱਚ ਝੂਠ ਬੋਲਦੇ ਹਨ, ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਣਗੇ ਤੇ ਤਬਾਹ ਹੋ ਜਾਣਗੇ।
19 ਲੋਭੀ ਬੰਦਿਆਂ ਨੂੰ ਹਮੇਸ਼ਾ ਉਨ੍ਹਾਂ ਦੇ ਅਮਲ ਹੀ ਤਬਾਹ ਕਰਦੇ ਹਨ।
ਨੇਕ ਔਰਤ — ਸਿਆਣਪ
20 ਸਿਆਣਪ ਰਾਹਾਂ ਤੇ ਰੋ ਰਹੀ ਹੈ, ਉਹ ਬਜ਼ਾਰਾਂ ਵਿੱਚ ਦੁਹਾਈ ਦੇ ਰਹੀ ਹੈ।
21 ਉਹ ਭੀੜ ਭਰੇ ਚੌਰਾਹਿਆਂ ਉੱਤੇ ਹੋਕਾ ਦੇ ਰਹੀ ਹੈ। ਉਹ ਸ਼ਹਿਰ ਦੇ ਫ਼ਾਟਕਾਂ ਦੇ ਨੇੜੇ ਖਲੋਤੀ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਿਆਣਪ ਆਖਦੀ ਹੈ:
22 “ਕਿੰਨਾ ਕੁ ਚਿਰ ਤੁਸੀਂ ਮੂਰਖ ਲੋਕੋ ਆਪਣੀ ਮੂਰਖਤਾ ਨੂੰ ਪਿਆਰ ਕਰਦੇ ਰਹੋਂਗੇ? ਤੁਸੀਂ ਮਖੌਲੀਏ ਕਿੰਨਾ ਕੁ ਚਿਰ ਹੋਰਨਾਂ ਦਾ ਮਖੌਲ ਉਡਾਉਂਗੇ? ਤੁਸੀਂ ਮੂਰੱਖੋ ਕਦੋਂ ਤੀਕ ਗਿਆਨ ਨੂੰ ਨਫ਼ਰਤ ਕਰੋਂਗੇ?
23 ਜੇ ਤੁਸੀਂ ਮੇਰੀ, ਤੁਹਾਨੂੰ ਸੁਧਾਰਨ ਦੀ ਪੁਕਾਰ ਦਾ ਜਵਾਬ ਦਿੱਤਾ ਹੁੰਦਾ ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿੰਦੀ ਜੋ ਮੈਂ ਜਾਣਦੀ ਸਾਂ। ਮੈਂ ਤੁਹਾਨੂੰ ਆਪਣਾ ਸਾਰਾ ਗਿਆਨ ਦੇ ਦਿੰਦੀ।
24 “ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡੇ ਵੱਲ ਆਪਣਾ ਹੱਥ ਵੱਧਾਇਆ-ਪਰ ਤੁਸੀਂ ਮੇਰੀ ਸਹਾਇਤਾ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ।
25 ਤੁਸੀਂ ਮੂੰਹ ਫ਼ੇਰ ਲਿਆ ਅਤੇ ਮੇਰੀ ਤੁਹਾਨੂੰ ਸੁਧਾਰਨ ਦੀ ਕੋਸ਼ਿਸ ਨੂੰ ਤੁਸਾਂ ਅਣਗੌਲਿਆਂ ਕਰ ਦਿੱਤਾ। ਤੁਸੀਂ ਮੇਰੇ ਸ਼ਬਦਾਂ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ।
26 ਇਸ ਲਈ, ਮੈਂ ਤੁਹਾਡੀ ਬਿਪਤਾ ਉੱਤੇ ਹੱਸਾਂਗੀ। ਮੈਂ ਤੁਹਾਡਾ ਮਜ਼ਾਕ ਉਡਾਵਾਂਗੀ ਜਦੋਂ ਤੁਹਾਡੇ ਉੱਤੇ ਡਰ ਆਉਣ ਲੱਗੇਗਾ।
27 ਜਦੋਂ ਮੁਸੀਬਤਾਂ ਭਿਆਨਕ ਤੂਫ਼ਾਨ ਵਾਂਗ ਤੁਹਾਡੇ ਉੱਤੇ ਟੁੱਟ ਪੈਣਗੀਆਂ, ਜਦੋਂ ਮੁਸੀਬਤਾਂ ਤੁਹਾਡੇ ਉੱਪਰ ਆਉਣਗੀਆਂ ਜਦੋਂ ਮੁਸੀਬਤ ਅਤੇ ਗ਼ਮ ਤੁਹਾਨੂੰ ਦਬਾ ਲੈਣਗੇ।
28 “ਜਦੋਂ ਇਹ ਸਭ ਗੱਲਾਂ ਵਾਪਰਨਗੀਆਂ ਤਾਂ ਤੁਸੀਂ ਮੇਰੇ ਕੋਲੋਂ ਸਹਾਇਤਾ ਮੰਗੋਂਗੇ। ਮੈਂ ਤੁਹਾਡੀ ਸਹਾਇਤਾ ਨਹੀਂ ਕਰਾਂਗੀ। ਤੁਸੀਂ ਮੇਰੀ ਤਲਾਸ਼ ਕਰੋਂਗੇ ਪਰ ਮੈਂ ਤੁਹਾਨੂੰ ਨਹੀਂ ਮਿਲਾਂਗੀ।
29 ਕਿਉਂ ਕਿ ਉਨ੍ਹਾਂ ਨੇ ਗਿਆਨ ਨੂੰ ਨਫ਼ਰਤ ਕੀਤੀ ਅਤੇ ਤੁਸੀਂ ਯਹੋਵਾਹ ਤੋਂ ਡਰਨ ਤੋਂ ਇਨਕਾਰ ਕਰ ਦਿੱਤਾ।
30 ਕਿਉਂਕਿ ਉਨ੍ਹਾਂ ਨੇ ਮੇਰੀ ਸਲਾਹ ਦੀ ਇੱਛਾ ਨਹੀਂ ਕੀਤੀ ਅਤੇ ਮੇਰੀ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨੂੰ ਅਪ੍ਰਵਾਨ ਕਰ ਦਿੱਤਾ,
31 ਉਹ ਆਪਣੇ ਰਾਹਾਂ ਦਾ ਫ਼ਲ ਖਾਣਗੇ, ਅਤੇ ਆਪਣੀਆਂ ਹੀ ਸੱਕੀਮਾਂ ਨਾਲ ਭਰ ਜਾਣਗੇ!
32 “ਜੇਕਰ ਮੂਰਖ ਲੋਕ ਇਸਤੋਂ ਦੂਰ ਪਰਤ ਜਾਣਗੇ, ਇਹ ਉਨ੍ਹਾਂ ਨੂੰ ਮਾਰ ਦੇਵੇਗਾ, ਅਤੇ ਆਤਮ-ਸੰਤੁਸ਼ਟੀ ਮੂਰੱਖਾਂ ਨੂੰ ਤਬਾਹ ਕਰ ਦੇਵੇਗੀ।
33 ਪਰ ਉਹ ਬੰਦਾ ਜਿਹੜਾ ਮੇਰੀ ਗੱਲ ਮੰਨਦਾ ਹੈ ਉਹ ਸੁਰੱਖਿਆ ਨਾਲ ਜੀਵੇਗਾ। ਉਹ ਮੁਸੀਬਤ ਦੇ ਡਰ ਤੋਂ ਬਿਨਾਂ ਸੌਖੇ ਹੋਕੇ ਰਹਿ ਸੱਕਦੇ ਹਨ।”