ਦਾਊਦ ਅਤੇ ਉਸ ਦੇ ਸਾਥੀਆਂ ਦਾ ਹਬਰੋਨ ਨੂੰ ਜਾਣਾ
2
1 ਉਪਰੰਤ ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਪੁੱਛਿਆ, “ਕੀ ਮੈਨੂੰ ਯਹੂਦਾਹ ਦੇ ਕਿਸੇ ਵੀ ਨਗਰ ਤਾਈਂ ਜਾਣਾ ਚਾਹੀਦਾ?”
ਯਹੋਵਾਹ ਨੇ ਦਾਊਦ ਨੂੰ ਕਿਹਾ, “ਚਲਾ ਜਾ।”
ਦਾਊਦ ਨੇ ਪੁੱਛਿਆ, “ਮੈਂ ਕਿੱਥੋ ਜਾਵਾਂ?”
ਯਹੋਵਾਹ ਨੇ ਆਖਿਆ, “ਹਬਰੋਨ ਨੂੰ ਚੱਲਿਆਂ ਜਾ।”
2 ਤਾਂ ਦਾਊਦ ਆਪਣੀਆਂ ਦੋਨੋ ਬੀਵੀਆਂ ਨਾਲ ਹਬਰੋਨ ਨੂੰ ਚੱਲਾ ਗਿਆ। ਉਹ ਸਨ ਯਿਜ਼ਰੇਲ ਤੋਂ ਅਹੀਨੋਅਮ ਅਤੇ ਕਰਮਲ ਤੋਂ ਨਾਬਾਲ ਦੀ ਵਿਧਵਾ ਅਬੀਗੈਲ।
3 ਦਾਊਦ ਆਪਣੇ ਨਾਲ ਆਪਣੇ ਸਾਬੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਲੈ ਗਿਆ। ਉਨ੍ਹਾਂ ਸਾਰਿਆਂ ਨੇ ਆਪਣੇ ਘਰ ਹਬਰੋਨ ਦੇ ਪਿੰਡਾਂ ਵਿੱਚ ਵਸਾ ਲਏ।
ਦਾਊਦ ਦਾ ਯਾਬੇਸ਼ ਦੇ ਲੋਕਾਂ ਦਾ ਧੰਨਵਾਦ ਕਰਨਾ
4 ਤੱਦ ਯਹੂਦਾਹ ਦੇ ਲੋਕ ਹਬਰੋਨ ਨੂੰ ਆਏ ਅਤੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਪਾਤਸ਼ਾਹ ਵਜੋਂ ਮਸਹ ਕੀਤਾ ਉਨ੍ਹਾਂ ਨੇ ਦਾਊਦ ਨੂੰ ਕਿਹਾ, “ਯਾਬੇਸ਼ ਗਿਲਆਦ ਦੇ ਲੋਕਾਂ ਨੇ ਸ਼ਾਊਲ ਨੂੰ ਦੱਬਿਆ।”
5 ਸੋ ਦਾਊਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਕੋਲ ਸੰਦੇਸ਼ਵਾਹਕ ਭੇਜੇ। ਇਨ੍ਹਾਂ ਸੰਦੇਸ਼ਵਾਹਕਾਂ ਨੇ ਯਾਬੇਸ਼ ਗਿਲਆਦ ਦੇ ਲੋਕਾਂ ਨੂੰ ਆਖਿਆ, “ਯਹੋਵਾਹ ਤੁਹਾਨੂੰ ਅਸੀਸ ਦੇਵੇ ਕਿਉਂ ਜੋ ਤੁਸੀਂ ਆਪਣੇ ਮਹਾਰਾਜ ਸ਼ਾਊਲ ਉੱਪਰ ਇੰਨੀ ਦਯਾ ਕੀਤੀ ਜੋ ਤੁਸੀਂ ਉਸ ਦੀਆਂ ਹੱਡੀਆਂ ਨੂੰ ਦੱਬ ਦਿੱਤਾ।
6 ਹੁਣ ਯਹੋਵਾਹ ਤੁਹਾਡੇ ਉੱਪਰ ਕਿਰਪਾ ਅਤੇ ਨੇਕੀ ਕਰੇ। ਮੈਂ ਤੁਹਾਡੇ ਤੇ ਦਯਾਲੂ ਹੋਵਾਂਗਾ ਕਿਉਂ ਕਿ ਤੁਸੀਂ ਸ਼ਾਊਲ ਦੀਆਂ ਹੱਡੀਆਂ ਦੱਬ ਦਿੱਤੀਆਂ।
7 ਹੁਣ ਤਕੜੇ ਹੋਵੋ ਅਤੇ ਬਹਾਦੁਰ ਬਣੋ। ਤੁਹਾਡਾ ਮਹਾਰਾਜ ਸ਼ਾਊਲ ਮਰ ਗਿਆ ਹੈ। ਪਰ ਯਹੂਦਾਹ ਦੇ ਪਰਿਵਾਰ-ਸਮੂਹ ਨੇ ਮੈਨੂੰ ਮਸਹ ਕੀਤਾ ਹੈ ਕਿ ਮੈਂ ਉਨ੍ਹਾਂ ਦਾ ਪਾਤਸ਼ਾਹ ਬਣਾਂ।”
ਈਸ਼ਬੋਸ਼ਥ ਪਾਤਸ਼ਾਹ ਬਣਿਆ
8 ਪਰ ਨੇਰ ਦੇ ਪੁੱਤਰ ਅਬਨੇਰ ਨੇ ਜਿਹੜਾ ਕਿ ਸ਼ਾਊਲ ਦਾ ਸੈਨਾਪਤੀ ਸੀ ਉਸ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਲੈ ਕੇ ਮਹਨਾਇਮ ਵਿੱਚ ਪਹੁੰਚਾ ਦਿੱਤਾ ਅਤੇ
9 ਉਸ ਨੂੰ ਗਿੱਲਆਦ, ਅਸ਼ੂਰੀਆਂ, ਯਿਜ਼ਰਾਏਲ, ਅਫ਼ਰਾਈਮ, ਬਿਨਯਾਮਿਨ ਅਤੇ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ।
10 ਈਸ਼ਬੋਸ਼ਥ ਸ਼ਾਊਲ ਦਾ ਪੁੱਤਰ ਸੀ ਅਤੇ ਜਦ ਉਹ ਇਸਰਾਏਲ ਉੱਪਰ ਰਾਜ ਕਰਨ ਲੱਗਾ ਤੱਦ ਉਸਦੀ ਉਮਰ 40 ਵਰ੍ਹਿਆਂ ਦੀ ਸੀ। ਉਸ ਨੇ ਦੋ ਸਾਲਾਂ ਤੀਕ ਰਾਜ ਕੀਤਾ, ਪਰ ਉਹ ਜੋ ਯਹੂਦਾਹ ਦੇ ਪਰਿਵਾਰ ਸਮੂਹ ਤੋਂ ਸਨ ਉਨ੍ਹਾਂ ਨੇ ਦਾਊਦ ਦਾ ਪਿੱਛਾ ਕੀਤਾ।
11 ਹਬਰੋਨ ਵਿੱਚ ਦਾਊਦ ਨੇ ਯਹੂਦਾਹ ਦੇ ਘਰਾਣੇ ਉੱਪਰ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ।
ਭਿਅੰਕਰ ਮੁਕਾਬਲਾ
12 ਨੇਰ ਦੇ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੇ ਸੇਵਕ ਮਹਨਾਇਮ ਵਿੱਚੋਂ ਤੁਰਕੇ ਗਿਬਓਨ ਵਿੱਚ ਆਏ।
13 ਸਰੂਯਾਹ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਸੇਵਕ ਨਿਕਲੇ ਅਤੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਉੱਥੇ ਬੈਠ ਗਏ। ਇੱਕ ਟੋਲੀ ਤਲਾਬ ਦੇ ਉਰਲੇ ਬੰਨੇ ਅਤੇ ਦੂਜੀ ਤਲਾਬ ਦੇ ਦੂਜੇ ਬੰਨੇ ਜਾਕੇ ਬੈਠ ਗਈ।
14 ਅਬਨੇਰ ਨੇ ਯੋਆਬ ਨੂੰ ਕਿਹਾ, “ਇਨ੍ਹਾਂ ਨੌਜੁਆਨਾਂ ਨੂੰ ਆਖੋ ਕਿ ਸਾਡੇ ਅੱਗੇ ਕੋਈ ਮੁਕਾਬਲਾ ਆਪਸ ਵਿੱਚ ਕਰਕੇ ਵਿਖਾਉਣ।”
ਯੋਆਬ ਨੇ ਕਿਹਾ, “ਹਾਂ, ਇਨ੍ਹਾਂ ਨੂੰ ਮੁਕਾਬਲਾ ਵਿਖਾਉਣਾ ਚਾਹੀਦਾ ਹੈ।”
15 ਤੱਦ ਆਦਮੀ ਉੱਠੇ। ਦੋਨਾਂ ਟੋਲਿਆਂ ਨੇ ਮੁਕਾਬਲੇ ਲਈ ਆਪੋ-ਆਪਣੇ ਬੰਦੇ ਗਿਣੇ। ਦਾਊਦ ਦੀ ਫ਼ੌਜ ਵਿੱਚੋਂ 12 ਆਦਮੀ ਚੁਣੇ ਗਏ ਸਨ ਅਤੇ 12 ਆਦਮੀ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਲਈ ਲੜਨ ਖਾਤਰ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਚੁਣੇ ਗਏ ਸਨ।
16 ਹਰ ਆਦਮੀ ਨੇ ਆਪਣੇ ਵਿਰੋਧੀ ਦਾ ਸਿਰ ਫ਼ੜਿਆ ਅਤੇ ਆਪਣੀ ਤਲਵਾਰ ਧਸਾ ਦਿੱਤੀ ਅਤੇ ਉਸ ਨੂੰ ਵੱਖੀ ਤੇ ਜ਼ਖਮੀ ਕਰ ਦਿੱਤਾ ਅਤੇ ਫ਼ੇਰ ਉਹ ਇਕੱਠੇ ਡਿੱਗ ਪਏ। ਇਹੀ ਕਾਰਣ ਹੈ ਕਿ ਗਿਬਉਨ ਵਿੱਚਲੀ ਇਹ ਥਾਂ “ਤਿੱਖੀ ਤਲਵਾਰ ਦਾ ਖੇਤ ਕਹਾਊਂਦੀ ਹੈ।”
17 ਉਹ ਮੁਕਾਬਲਾ ਇੱਕ ਭਿਅੰਕਰ ਲੜਾਈ ਦਾ ਰੂਪ ਧਾਰ ਗਿਆ ਅਤੇ ਦਾਊਦ ਦੇ ਅਫ਼ਸਰਾਂ ਨੇ ਉਸ ਦਿਨ ਅਬਨੇਰ ਅਤੇ ਇਸਰਾਏਲ ਦੇ ਲੋਕਾਂ ਨੂੰ ਹਰਾਇਆ।
ਅਬਨੇਰ ਦਾ ਅਸਾਹੇਲ ਨੂੰ ਮਾਰ ਦੇਣਾ
18 ਉੱਥੇ ਸਰੂਯਾਹ ਦੇ ਤਿੰਨ ਪੁੱਤਰ ਯੋਆਬ, ਅਬੀਸ਼ਈ ਅਤੇ ਅਸਾਹੇਲ ਵੀ ਸਨ। ਅਸਾਹੇਲ ਬਹੁਤ ਵੱਧੀਆ ਜੰਗਲੀ ਹਿਰਨ ਤੋਂ ਵੀ ਤੇਜ਼ ਦੌੜਾਕ ਸੀ।
19 ਉਸ ਨੇ ਸਿੱਧਾ ਬਿਨਾ ਖੱਬੇ-ਸੱਜੇ ਤੱਕਿਆਂ ਅੱਬਨੇਰ ਦਾ ਪਿੱਛਾ ਕੀਤਾ।
20 ਤੱਦ ਅਬਨੇਰ ਨੇ ਉਸ ਨੂੰ ਆਪਣੇ ਮਗਰ ਵੇਖਕੇ ਕਿਹਾ, “ਤੂੰ ਹੀ ਅਸਾਹੇਲ ਹੈਂ?”
ਅਸਾਹੇਲ ਨੇ ਕਿਹਾ, “ਹਾਂ, ਮੈਂ ਹੀ ਹਾਂ।”
21 ਅਬਨੇਰ ਅਸਾਹੇਲ ਨੂੰ ਦੁੱਖ ਨਹੀਂ ਸੀ ਪਹੁੰਚਾਣਾ ਚਾਹੁੰਦਾ। ਇਸ ਲਈ ਉਸ ਨੇ ਅਸਾਹੇਲ ਨੂੰ ਕਿਹਾ, “ਮੇਰਾ ਪਿੱਛਾ ਛੱਡਦੇ, ਜੇ ਕਿਸੇ ਜੁਆਨ ਸਿਪਾਹੀ ਦੇ ਪਿੱਛੇ ਭੱਜੇ ਤਾਂ ਤੂੰ ਸੌਖੀ ਤਰ੍ਹਾਂ ਉਸ ਦੇ ਸ਼ਸਤ੍ਰ ਆਪਣੇ ਲਈ ਖੋਹ ਸੱਕਦਾ ਹੈਂ।” ਪਰ ਅਸਾਹੇਲ ਨੇ ਅਬਨੇਰ ਦਾ ਪਿੱਛਾ ਨਾ ਕਰਨ ਤੋਂ ਇਨਕਾਰ ਕੀਤਾ।
22 ਅਬਨੇਰ ਨੇ ਮੁੜ ਅਸਾਹੇਲ ਨੂੰ ਕਿਹਾ, “ਮੇਰਾ ਪਿੱਛਾ ਕਰਨਾ ਛੱਡ ਦੇ ਨਹੀਂ ਤਾਂ ਮੈਂ ਤੈਨੂੰ ਵੱਢ ਸੁੱਟਾਂਗਾ। ਤਾਂ ਫ਼ਿਰ ਮੈਂ ਤੇਰੇ ਭਰਾ ਯੋਆਬ ਨੂੰ ਕੀ ਮੂੰਹ ਵਿਖਾਵਾਂਗਾ?”
23 ਪਰ ਅਸਾਹੇਲ ਤੱਦ ਵੀ ਨਾ ਮੰਨਿਆ। ਤੱਦ ਅਬਨੇਰ ਨੇ ਬਰਛੀ ਦੇ ਪੁੱਟੇ ਸਿਰੇ ਨਾਲ ਉਸਦੀ ਪੰਜਵੀਂ ਪੱਸਲੀ ਹੇਠਾਂ ਉਸ ਨੂੰ ਅਜਿਹਾ ਮਾਰਿਆ ਜੋ ਬਰਛੀ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿਕਲ ਗਈ। ਸੋ ਉਹ ਉੱਥੇ ਹੀ ਡਿੱਗ ਪਿਆ ਅਤੇ ਉਸੇ ਥਾਂ ਹੀ ਮਰ ਗਿਆ।
ਯੋਆਬ ਅਤੇ ਅਬੀਸ਼ਈ ਨੇ ਅਬਨੇਰ ਦਾ ਪਿੱਛਾ ਕੀਤਾ
ਅਸਾਹੇਲ ਦੀ ਲੋਬ ਜ਼ਮੀਨ ਤੇ ਪਈ ਰਹੀ। ਜਿਹੜਾ ਵੀ ਮਨੁੱਖ ਦੌੜਦਾ ਉੱਥੇ ਪਹੁੰਚਦਾ ਤਾਂ ਉਹ ਅਸਾਹੇਲ ਨੂੰ ਮੋਇਆ ਪਿਆ ਵੇਖ ਕਿ ਉੱਥੇ ਰੁਕ ਜਾਂਦਾ।
24 ਪਰ ਯੋਆਬ ਅਤੇ ਅਬੀਸ਼ਈ ਨਿਰੰਤਰ ਅਬਨੇਰ ਦੇ ਪਿੱਛੇ ਭੱਜਦੇ ਰਹੇ। ਸੂਰਜ ਉਸ ਵਕਤ ਡੁੱਬਣ ਵਾਲਾ ਸੀ ਜਦੋਂ ਉਹ ਦੋਨੋ ਅੰਮਾਹ ਦੀ ਪਹਾੜੀ ਤੀਕ ਪਹੁੰਚੇ (ਅੰਮਾਹ ਦਾ ਪਹਾੜ ਗਿਬਓਨ ਦੀ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ।)
25 ਅਤੇ ਬਿਨਯਾਮੀਨ ਪਰਿਵਾਰ-ਸਮੂਹ ਦੇ ਆਦਮੀ ਅਬਨੇਰ ਦੇ ਮਗਰ ਹੋਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣਾਕੇ ਪਹਾੜ ਦੀ ਟੀਸੀ ਉੱਪਰ ਖਲੋ ਗਏ।
26 ਅਬਨੇਰ ਨੇ ਯੋਆਬ ਨੂੰ ਲਲਕਾਰਿਆ ਅਤੇ ਕਿਹਾ, “ਕੀ ਸਾਨੂੰ ਲੜਨਾ ਚਾਹੀਦਾ ਹੈ? ਤੇ ਇੱਕ ਦੂਜੇ ਨੂੰ ਹਮੇਸ਼ਾ-ਹਮੇਸ਼ਾ ਲਈ ਖਤਮ ਕਰਨਾ ਹੋਵੇਗਾ? ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਇਹ ਗੱਲ ਕਿ ਇਸਦਾ ਅੰਤ ਦੁੱਖਦਾਈ ਹੋਵੇਗਾ। ਜਾ ਅਤੇ ਜਾਕੇ ਲੋਕਾਂ ਨੂੰ ਸਮਝਾ ਕਿ ਆਪਣੇ ਭਰਾਵਾਂ ਦਾ ਪਿੱਛਾ ਕਰਨਾ ਬੰਦ ਕਰਨ।”
27 ਤੱਦ ਯੋਆਬ ਨੇ ਕਿਹਾ, “ਜੋ ਤੂੰ ਆਖਿਆ ਹੈ ਬਹੁਤ ਚੰਗੀ ਗੱਲ ਹੈ। ਜਿਉਂਦੇ ਪਰਮੇਸ਼ੁਰ ਦੀ ਸੌਂਹ, ਜੇ ਕਦੀ ਤੂੰ ਇਹ ਗੱਲ ਨਾ ਆਖਦਾ ਤਾਂ ਲੋਕਾਂ ਵਿੱਚੋਂ ਸਭ ਆਪੋ-ਆਪਣੇ ਭਰਾਵਾਂ ਦਾ ਪਿੱਛਾ ਛੱਡ ਕੇ ਸਵੇਰੇ ਹੀ ਮੁੜ ਜਾਂਦੇ।”
28 ਸੋ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖਲੋ ਗਏ ਅਤੇ ਫ਼ਿਰ ਉਹ ਇਸਰਾਏਲ ਦੇ ਮਗਰ ਨਾ ਲੱਗੇ ਅਤੇ ਹੋਰ ਲੜਾਈ ਵੀ ਨਾ ਕੀਤੀ।
29 ਅਬਨੇਰ ਅਤੇ ਉਸ ਦੇ ਸਾਬੀ ਸਾਰੀ ਰਾਤ ਯਰਦਨ ਘਾਟੀ ਦੇ ਪਾਰ ਪੈਦਲ ਤੁਰਦੇ ਗਏ। ਉਨ੍ਹਾਂ ਯਰਦਨ ਦਰਿਆ ਪਾਰ ਕੀਤਾ ਅਤੇ ਮਹਨਾਇਮ ਪਹੁੰਚਣ ਤੀਕ ਸਾਰਾ ਦਿਨ ਪੈਦਲ ਤੁਰਦੇ ਆਏ।
30 ਯੋਆਬ ਨੇ ਅਬਨੇਰ ਦਾ ਪਿੱਛਾ ਛੱਡ ਦਿੱਤਾ ਅਤੇ ਵਾਪਸ ਮੁੜ ਗਿਆ। ਜਦੋਂ ਉਸ ਨੇ ਸਾਰੇ ਆਦਮੀਆਂ ਨੂੰ ਇਕੱਠਾ ਕੀਤਾ ਤਾਂ ਦਾਊਦ ਦੇ ਸੇਵਕਾਂ ਵਿੱਚੋਂ 19 ਅਫ਼ਸਰ ਗਾਇਬ ਸਨ, ਜਿਨ੍ਹਾਂ ਵਿੱਚੋਂ ਅਸਾਹੇਲ ਵੀ ਇੱਕ ਸੀ।
31 ਪਰ ਦਾਊਦ ਦੇ ਅਫ਼ਸਰਾਂ ਨੇ ਬਿਨਯਾਮੀਨ ਵਿੱਚੋਂ ਉਨ੍ਹਾਂ ਦੇ ਘਰਾਣੇ ਦੇ ਅਬਨੇਰ ਦੇ 360 ਆਦਮੀਆਂ ਨੂੰ ਮਾਰ ਸੁੱਟਿਆ।
32 ਦਾਊਦ ਦੇ ਅਫ਼ਸਰਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਸ ਦੇ ਪਿਉ ਦੀ ਸਮਾਧ ਵਿੱਚ ਜੋ ਬੈਤਲਹਮ ਵਿੱਚ ਸੀ, ਉਸ ਨੂੰ ਦੱਬ ਦਿੱਤਾ ਅਤੇ ਯੋਆਬ ਅਤੇ ਉਸ ਦੇ ਆਦਮੀ ਸਾਰੀ ਰਾਤ ਤੁਰਕੇ ਤੜਕਸਾਰ ਪਹੁ ਫ਼ੁੱਟਣ ਤੋਂ ਪਹਿਲਾਂ ਹਬਰੋਨ ਵਿੱਚ ਆ ਗਏ।