ਯਹੋਵਾਹ ਦੂਜੀਆਂ ਕੌਮਾਂ ਨੂੰ ਸਜ਼ਾ ਦੇਵੇਗਾ
11
1 ਹੇ ਲਬਾਨੋਨ, ਆਪਣੇ ਫਾਟਕ ਖੋਲ੍ਹ ਤਾਂ
ਜੋ ਅੱਗ ਤੇਰੇ ਦਿਓਦਾਰ ਦੇ ਰੁੱਖਾਂ ਨੂੰ ਸਾੜ ਸੱਕੇ।
2 ਸਰੂ ਦੇ ਰੁੱਖ ਵੈਣ ਪਾਉਣਗੇ ਕਿਉਂ ਕਿ ਦਿਆਰ ਡਿੱਗ ਪੈਏ ਹਨ।
ਉਨ੍ਹਾਂ ਦੇ ਮਜ਼ਬੂਤ ਰੁੱਖ ਲੈ ਜਾਏ ਜਾਣਗੇ।
ਬਾਸ਼ਾਨ ਦੇ ਬਲੂਤ ਦੇ ਦ੍ਰੱਖਤ ਜੰਗਲ ਦੇ ਵੱਢੇ ਜਾਣ ਕਾਰਣ ਸੋਗ ਕਰਨਗੇ।
3 ਵੈਣ ਪਾਉਂਦੇ ਆਜੜੀਆਂ ਦੀ ਆਵਾਜ਼ ਸੁਣੋ ਉਨ੍ਹਾਂ ਦੇ ਸ਼ਕਤੀਸ਼ਾਲੀ ਆਗੂ ਖਤਮ ਹੋ ਗਏ,
ਬੱਬਰ-ਸ਼ੇਰਾਂ ਦੇ ਦਹਾੜ ਸੁਣ।
ਉਨ੍ਹਾਂ ਦੇ ਯਰਦਨ ਦਰਿਆ ਦੇ ਕੋਲ ਦੀਆਂ
ਝਾੜੀਆਂ ਤੇ ਜੰਗਲ ਨਸ਼ਟ ਹੋ ਗਿਆ।
4 ਯਹੋਵਾਹ ਮੇਰਾ ਪਰਮੇਸ਼ੁਰ ਆਖਦਾ ਹੈ, “ਉਨ੍ਹਾਂ ਭੇਡਾਂ ਨੂੰ ਚਰਾ ਤੇ ਉਨ੍ਹਾਂ ਦਾ ਧਿਆਨ ਕਰ ਜੋ ਕੱਟੀਆਂ ਜਾਣ ਨੂੰ ਤਿਆਰ ਹਨ।
5 ਉਨ੍ਹਾਂ ਦੇ ਆਗੂ ਉਨ੍ਹਾਂ ਲੋਕਾਂ ਵਰਗੇ ਹਨ ਜੋ ਭੇਡਾਂ ਖਰੀਦਦੇ ਅਤੇ ਵੇਚਦੇ ਹਨ। ਖਰੀਦਦਾਰ ਇੱਕ ਮੁੱਲ ਤੇ ਭੇਡਾਂ ਖਰੀਦ ਕੇ ਉਨ੍ਹਾਂ ਨੂੰ ਜਿਬਾਹ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਵਪਾਰੀ ਭੇਡਾਂ ਨੂੰ ਵੇਚ ਦਿੰਦੇ ਹਨ ਅਤੇ ਆਖਦੇ ਹਨ, ‘ਯਹੋਵਾਹ ਦੀ ਉਸਤਤ ਕਰੋ, ਮੈਂ ਅਮੀਰ ਹੋ ਗਿਆ ਹਾਂ!’ ਆਜੜੀ ਆਪਣੀਆਂ ਭੇਡਾਂ ਲਈ ਉਦਾਸ ਨਹੀਂ ਹੁੰਦੇ।
6 ਅਤੇ ਮੈਨੂੰ ਇਸ ਦੇਸ ਵਿੱਚ ਵਸਦੇ ਲੋਕਾਂ ਉੱਤੇ ਦੁੱਖ ਨਹੀਂ ਹੁੰਦਾ ਯਹੋਵਾਹ ਇਹ ਗੱਲਾਂ ਆਖਦਾ ਹੈ, “ਵੇਖੋ! ਮੈਂ ਹਰ ਮਨੁੱਖ ਨੂੰ ਉਸ ਦੇ ਗੁਆਂਢੀ ਅਤੇ ਰਾਜੇ ਦੇ ਹੱਥ ਦੇ ਦੇਵਾਂਗਾ। ਮੈਂ ਉਨ੍ਹਾਂ ਦੇ ਦੇਸ਼ ਨੂੰ ਨਾਸ ਹੋ ਜਾਣ ਦੇਵਾਂਗਾ-ਮੈਂ ਉਨ੍ਹਾਂ ਨੂੰ ਰੋਕਾਂਗਾ ਨਹੀਂ।”
7 ਇਸੇ ਲਈ ਮੈਂ ਉਨ੍ਹਾਂ ਭੇਡਾਂ ਦਾ ਖਿਆਲ ਰੱਖਿਆ ਜੋ ਵੱਢੇ ਜਾਣ ਲਈ ਤਿਆਰ ਸਨ। ਉਨ੍ਹਾਂ ਸਤਾਈਆਂ ਹੋਈਆਂ ਭੇਡਾਂ ਦਾ ਮੈਂ ਅਯਾਲੀ ਬਣਿਆ। ਮੈ ਦੋ ਸੋਟੀਆਂ ਲਈਆਂ, ਇੱਕ ਸੋਟੀ ਨੂੰ ਮੈਂ ‘ਮਿਹਰ’ ਅਤੇ ਦੂਜੀ ਨੂੰ “ਏਕਤਾ” ਕਿਹਾ। ਫ਼ਿਰ ਮੈਂ ਭੇਡਾਂ ਦੀ ਰੱਖਵਾਲੀ ਕਰਨੀ ਸ਼ੁਰੂ ਕਰ ਦਿੱਤੀ।
8 ਮੈਂ ਇੱਕ ਮਹੀਨੇ ਵਿੱਚ ਤਿੰਨਾਂ ਆਜੜੀਆਂ ਨੂੰ ਸਾੜ ਦਿੱਤਾ। ਮੈਂ ਉਨ੍ਹਾਂ ਭੇਡਾਂ ਨਾਲ ਨਾਰਾਜ ਹੋ ਗਿਆ ਅਤੇ ਉਨ੍ਹਾਂ ਨੇ ਮੈਨੂੰ ਨਫਰਤ ਕਰਨੀ ਸ਼ੁਰੂ ਕਰ ਦਿੱਤੀ।
9 ਫ਼ਿਰ ਮੈਂ ਕਿਹਾ, “ਮੈਂ ਤੁਹਾਨੂੰ ਛੱਡਦਾਂ ਹਾਂ। ਹੁਣ ਮੈਂ ਤੁਹਾਡਾ ਧਿਆਨ ਨਹੀਂ ਰੱਖਾਂਗਾ। ਜਿਹੜੇ ਮਰਨਾ ਚਾਹੁਣ ਮੈਂ ਉਨ੍ਹਾਂ ਨੂੰ ਮਰਨ ਦੇਵਾਂਗਾ ਤੇ ਜਿਹੜੇ ਨਸ਼ਟ ਹੋਣਾ ਚਾਹੁਦੇ ਹਨ ਨਸ਼ਟ ਕੀਤੇ ਜਾਣਗੇ ਅਤੇ ਜਿਹੜੇ ਬਚੇ ਰਹਿ ਜਾਣਗੇ ਉਹ ਇੱਕ ਦੂਜੇ ਨਾਲ ਲੜਨਗੇ ਅਤੇ ਨਸ਼ਟ ਹੋ ਜਾਣਗੇ।”
10 ਫ਼ਿਰ ਮੈਂ ਕਿਰਪਾ ਦੀ ਸੋਟੀ ਚੁੱਕੀ ਤੇ ਉਸ ਨੂੰ ਤੋੜ ਦਿੱਤਾ। ਇਹ ਮੈਂ ਇਹ ਦਰਸਾਉਣ ਲਈ ਕੀਤਾ ਕਿ ਪਰਮੇਸ਼ੁਰ ਦਾ ਆਪਣੀ ਕੌਮ ਨਾਲ ਹੋਇਆ ਨੇਮ ਤੋੜ ਦਿੱਤਾ ਹੈ।
11 ਇਸ ਲਈ ਉਸ ਦਿਨ, ਇਕਰਾਰਨਾਮਾ ਟੁੱਟ ਗਿਆ ਅਤੇ ਉਨ੍ਹਾਂ ਦੁੱਖੀ ਹੋਈਆਂ ਭੇਡਾਂ ਨੇ, ਜੋ ਮੈਨੂੰ ਤੱਕ ਰਹੀਆਂ ਸਨ ਜਾਣ ਲਿਆ ਕਿ ਇਹ ਯਹੋਵਾਹ ਦਾ ਇਕਰਾਰ ਸੀ।
12 ਤੱਦ ਮੈਂ ਉਨ੍ਹਾਂ ਨੂੰ ਕਿਹਾ, “ਜੇਕਰ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜਦੂਰੀ ਦੇਵੋ ਜੇਕਰ ਨਹੀਂ ਤਾਂ ਨਾ ਸਹੀ।” ਤਾਂ ਉਨ੍ਹਾਂ ਨੇ ਮੈਨੂੰ 30 ਚਾਂਦੀ ਦੇ ਸਿੱਕੇ ਦੇ ਦਿੱਤੇ।
13 ਤੱਦ ਮੈਨੂੰ ਯਹੋਵਾਹ ਨੇ ਦੱਸਿਆ, “ਇਨ੍ਹਾਂ ਨੂੰ ਮੰਦਰ ਦੇ ਖਜ਼ਾਨੇ ਦੇ ਅੱਗੇ ਸੁੱਟ ਦੇਹ ਭਾਵ ਇਹ ਕਿ ਉਸ ਵੱਡੀ ਕੀਮਤ ਨੂੰ ਜਿਹੜਾ ਉਨ੍ਹਾਂ ਵੱਲੋਂ ਮੇਰਾ ਮੁੱਲ ਪਿਆ ਸੀ,” ਤਾਂ ਮੈਂ ਉਹ 30 ਚਾਂਦੀ ਦੇ ਸਿੱਕੇ ਯਹੋਵਾਹ ਦੇ ਮੰਦਰ ਵਿੱਚ ਉਹ ਖਜ਼ਾਨੇ ਅੱਗੇ ਸੁੱਟ ਦਿੱਤੇ।
14 ਫ਼ਿਰ ਮੈਂ ਉਹ ਸੰਘ ਦੀ ਸੋਟੀ ਦੇ ਵੀ ਦੋ ਟੋਟੇ ਕੀਤੇ। ਇਹ ਮੈਂ ਇਹ ਦਰਸਾਉਣ ਲਈ ਕੀਤਾ ਕਿ ਯਹੂਦਾਹ ਅਤੇ ਇਸਰਾਏਲ ਦਾ ਸੰਘ ਟੁੱਟ ਗਿਆ ਹੈ।
15 ਤੱਦ ਯਹੋਵਾਹ ਨੇ ਮੈਨੂੰ ਆਖਿਆ, “ਹੁਣ ਉਸ ਮੂਰਖ ਆਜੜੀ ਦੇ ਵਰਤੋਂ ਵਾਲਾ ਸਮਾਨ ਲੈ।
16 ਇਸਤੋਂ ਇਹ ਦਰਸਾਇਆ ਜਾਵੇਗਾ ਕਿ ਮੈਂ ਇਸ ਦੇਸ ਲਈ ਨਵਾਂ ਜਵਾਨ ਆਜੜੀ ਚੁਣਾਂਗਾ ਪਰ ਇਹ ਨਵਾਂ ਆਜੜੀ ਤਬਾਹ ਹੋਣ ਵਾਲੀਆਂ ਨੌਜੁਆਨ ਭੇਡਾਂ ਦੀ ਰੱਖਵਾਲੀ ਕਰਨ ਤੋਂ ਅਸਮਰੱਬ ਹੋਵੇਗਾ। ਉਹ ਫ਼ੱਟੜ ਹੋਈਆਂ ਭੇਡਾਂ ਦੀ ਮਰਹਮ ਨਾ ਕਰ ਸੱਕੇਗਾ ਅਤੇ ਜਿਉਂਦੀਆਂ ਨੂੰ ਚਾਰਾ ਨਾ ਦੇ ਸੱਕੇਗਾ। ਅਤੇ ਮੋਟੀਆਂ ਭੇਡਾਂ ਪੂਰੀਆਂ ਖਾਧੀਆਂ ਜਾਣਗੀਆਂ ਸਿਰਫ਼ ਉਨ੍ਹਾਂ ਦੇ ਖੁਰ ਬਚੇ ਰਹਿਣਗੇ।”
17 ਹੇ ਮੇਰੇ ਬੇਕਾਰ ਆਜੜੀ, ਤੂੰ ਮੇਰੇ ਇੱਜੜ ਨੂੰ ਛੱਡਿਆ।
ਉੱਸਨੂੰ ਸਜ਼ਾ ਦਿਓ! ਤਲਵਾਰ ਨਾਲ ਉਸਦੀ ਸੱਜੀ ਬਾਂਹ ਤੇ ਅੱਖ ਨੂੰ ਫ਼ੋੜੋ।
ਉਸਦਾ ਸੱਜਾ ਹੱਥ ਬੇਕਾਰ ਹੋ ਜਾਵੇਗਾ
ਅਤੇ ਉਸਦੀ ਸੱਜੀ ਅੱਖ ਅੰਨ੍ਹੀ ਹੋ ਜਾਵੇਗੀ।