16
 1 ਸੋ ਉਹ ਪਰਮੇਸ਼ੁਰ ਦੇ ਸੰਦੂਕ ਨੂੰ ਚੁੱਕ ਲਿਆਏ ਅਤੇ ਉਸ ਨੂੰ ਤੰਬੂ ਵਿੱਚ ਰੱਖਿਆ ਜਿਹੜਾ ਦਾਊਦ ਨੇ ਉਸ ਦੇ ਲਈ ਖੜਾ ਕੀਤਾ ਸੀ ਅਤੇ ਹੋਮ ਦੀਆਂ ਬਲੀਆਂ ਤੇ ਸੁੱਖ-ਸਾਂਦ ਦੀਆਂ ਭੇਟਾਂ ਪਰਮੇਸ਼ੁਰ ਦੇ ਅੱਗੇ ਚੜ੍ਹਾਈਆਂ।  2 ਜਦ ਦਾਊਦ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਾ, ਤਾਂ ਉਸ ਨੇ ਯਹੋਵਾਹ ਦਾ ਨਾਮ ਲੈ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ  3 ਅਤੇ ਉਸ ਨੇ ਸਾਰੇ ਇਸਰਾਏਲੀ ਲੋਕਾਂ ਨੂੰ, ਕੀ ਪੁਰਸ਼, ਕੀ ਇਸਤਰੀ ਹਰੇਕ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਟੁੱਕੜਾ ਮਾਸ ਦਾ ਅਤੇ ਇੱਕ-ਇੱਕ ਸੋਗੀ ਦੀ ਟਿੱਕੀ ਵੰਡ ਦਿੱਤੀ।  4 ਉਸ ਨੇ ਲੇਵੀਆਂ ਵਿੱਚੋਂ ਕਈਆਂ ਨੂੰ ਠਹਿਰਾਇਆ ਜੋ ਯਹੋਵਾਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ, ਅਤੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਚਰਚਾ, ਧੰਨਵਾਦ ਅਤੇ ਉਸਤਤ ਕਰਨ  5 ਅਰਥਾਤ ਆਸਾਫ਼ ਮੁਖੀਆ ਤੇ ਦੂਜੇ ਜ਼ਕਰਯਾਹ, ਯਈਏਲ, ਸ਼ਮੀਰਾਮੋਥ, ਯਹੀਏਲ, ਮੱਤਿਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ ਨੂੰ, ਸਿਤਾਰਾਂ ਤੇ ਬਰਬਤਾਂ ਦੇ ਨਾਲ ਅਤੇ ਆਸਾਫ਼ ਛੈਣਿਆਂ ਨਾਲ ਵਜਾਉਂਦਾ ਸੀ।  6 ਬਨਾਯਾਹ ਤੇ ਯਹਜ਼ੀਏਲ ਜਾਜਕ ਤੁਰ੍ਹੀਆਂ ਨਾਲ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਅੱਗੇ ਸਦਾ ਵਜਾਉਂਦੇ ਸਨ।  7 ਉਸੇ ਦਿਨ ਦਾਊਦ ਨੇ ਆਸਾਫ਼ ਤੇ ਉਹ ਦੇ ਭਰਾਵਾਂ ਦੇ ਹੱਥ ਵਿੱਚ ਇਹ ਯਹੋਵਾਹ ਲਈ ਧੰਨਵਾਦ ਦਾ ਗੀਤ ਪਹਿਲਾਂ ਸੌਂਪ ਦਿੱਤਾ, 
ਧੰਨਵਾਦ ਦਾ ਭਜਨ 
ਜ਼ਬੂਰ 10:1-15; 96:1-13; ਜ਼ਬੂਰ 106:47-48 
 8 ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ।  9 ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ਼ ਕੰਮਾਂ ਉੱਤੇ ਧਿਆਨ ਕਰੋ।  10 ਉਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ, ਯਹੋਵਾਹ ਦੇ ਖੋਜ਼ੀਆਂ ਦੇ ਮਨ ਅਨੰਦ ਹੋਣ।  11 ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਸਦਾ ਉਹ ਦੇ ਦਰਸ਼ਣ ਨੂੰ ਲੋਚੋ।  12 ਉਹ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਯਮਾਂ ਨੂੰ ਵੀ।  13 ਹੇ ਉਹ ਦੇ ਦਾਸ ਇਸਰਾਏਲ ਦੇ ਵੰਸ਼, ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ,  14 ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ ਸਾਰੀ ਧਰਤੀ ਵਿੱਚ ਉਹ ਦੇ ਨਿਆਂ ਹਨ।  15 ਉਹ ਦਾ ਨੇਮ ਸਦਾ ਤੱਕ ਚੇਤੇ ਰੱਖੋ, ਉਸ ਬਚਨ ਨੂੰ ਜਿਹ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,  16 ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਅਤੇ ਇਸਹਾਕ ਨਾਲ ਉਹ ਦੀ ਸਹੁੰ ਖਾਧੀ,  17 ਅਤੇ ਉਹ ਨੂੰ ਯਾਕੂਬ ਲਈ ਬਿਧੀ ਕਰਕੇ ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਦ੍ਰਿੜ੍ਹ ਕੀਤਾ।  18 ਅਤੇ ਆਖਿਆ, ਮੈਂ ਕਨਾਨ ਦੇਸ ਤੈਨੂੰ ਦਿਆਂਗਾ ਉਹ ਤੁਹਾਡੀ ਮਿਲਖ਼ ਦਾ ਹਿੱਸਾ ਹੈ,  19 ਜਦ ਤੁਸੀਂ ਗਿਣਤੀ ਵਿੱਚ ਥੋੜੇ ਸਗੋਂ ਬਹੁਤ ਹੀ ਥੋੜੇ ਅਤੇ ਉਹ ਦੇ ਵਿੱਚ ਪਰਦੇਸੀ ਸੀ,  20 ਅਤੇ ਉਹ ਕੌਮ ਤੋਂ ਕੌਮ ਵਿੱਚ ਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ।  21 ਉਸ ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ ਸਗੋਂ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ,  22 ਕਿ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, ਅਤੇ ਮੇਰੇ ਨਬੀਆਂ ਨੂੰ ਨੁਕਸਾਨ ਨਾ ਪਹੁੰਚਾਓ।  23 ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ, ਉਸ ਦੀ ਮੁਕਤੀ ਦਾ ਦਿਨੋਂ-ਦਿਨ ਪਰਚਾਰ ਕਰੋ।  24 ਕੌਮਾਂ ਦੇ ਵਿੱਚ ਉਸ ਦੇ ਪਰਤਾਪ ਦਾ ਅਤੇ ਸਾਰੇ ਲੋਕਾਂ ਵਿੱਚ ਉਸ ਦੇ ਅਚਰਜ਼ ਕੰਮਾਂ ਦਾ ਵਰਣਨ ਕਰੋ।  25 ਇਸ ਲਈ ਕਿ ਯਹੋਵਾਹ ਮਹਾਨ ਅਤੇ ਅੱਤ ਉਸਤਤ ਜੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈਅ ਦਾਇਕ ਹੈ।  26 ਲੋਕਾਂ ਦੇ ਸਾਰੇ ਦੇਵਤੇ ਬੁੱਤ ਹੀ ਹਨ, ਪਰ ਯਹੋਵਾਹ ਨੇ ਅਕਾਸ਼ ਬਣਾਏ।  27 ਮਾਣ ਅਤੇ ਉਪਮਾ ਉਹ ਦੇ ਹਜ਼ੂਰ ਹਨ, ਸਮਰੱਥਾ ਅਤੇ ਅਨੰਦਤਾਈ ਉਸ ਦੇ ਸਥਾਨ ਵਿੱਚ ਹਨ।  28 ਹੇ ਲੋਕਾਂ ਦੇ ਕੁਲੋ, ਯਹੋਵਾਹ ਨੂੰ ਮੰਨੋ, ਹਾਂ ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ,  29 ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, ਭੇਟਾਂ ਲੈ ਕੇ ਉਸ ਦੇ ਦਰਬਾਰ ਵਿੱਚ ਆਓ, ਪਵਿੱਤਰਤਾਈ ਦੀ ਸਜਾਵਟ ਨਾਲ ਯਹੋਵਾਹ ਨੂੰ ਮੱਥਾ ਟੇਕੋ।  30 ਹੇ ਸਾਰੀ ਸਰਿਸ਼ਟੀ, ਉਸ ਦੇ ਸਨਮੁਖ ਥਰ-ਥਰ ਕਰੋ ਜਗਤ ਤਾਂ ਕਾਇਮ ਹੈ, ਉਹ ਨਹੀਂ ਹਿੱਲੇਗਾ।  31 ਅਕਾਸ਼ ਅਨੰਦ ਕਰਨ ਅਤੇ ਧਰਤੀ ਖੁਸ਼ੀ ਮਨਾਵੇ, ਅਤੇ ਕੌਮਾਂ ਵਿੱਚ ਲੋਕ ਆਖਣ, ਯਹੋਵਾਹ ਰਾਜ ਕਰਦਾ ਹੈ।  32 ਸਮੁੰਦਰ ਤੇ ਉਹ ਦੀ ਭਰਪੂਰੀ ਗਰਜੇ, ਮੈਦਾਨ ਤੇ ਜੋ ਕੁਝ ਉਸ ਦੇ ਵਿੱਚ ਹੈ ਬਾਗ਼-ਬਾਗ਼ ਹੋਵੇ,  33 ਤਾਂ ਬਣ ਦੇ ਰੁੱਖ ਯਹੋਵਾਹ ਦੇ ਹਜ਼ੂਰ ਜੈਕਾਰਾ ਗਜਾਉਣਗੇ, ਕਿਉਂ ਜੋ ਉਹ ਧਰਤੀ ਦੇ ਨਿਆਂ ਲਈ ਆ ਰਿਹਾ ਹੈ।  34 ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦਾ ਤੱਕ ਹੈ।  35 ਤੁਸੀਂ ਆਖੋ, ਹੇ ਸਾਡੀ ਮੁਕਤੀ ਦੇ ਪਰਮੇਸ਼ੁਰ, ਸਾਨੂੰ ਬਚਾ, ਅਤੇ ਸਾਨੂੰ ਇਕੱਠਾ ਕਰ ਤੇ ਸਾਨੂੰ ਕੌਮਾਂ ਤੋਂ ਛੁਡਾ, ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ, ਤੇਰੀ ਉਸਤਤ ਵਿੱਚ ਫੁੱਲ ਫੁੱਲ ਬਹੀਏ।  36 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਆਦ ਤੋਂ ਅੰਤ ਤੱਕ ਮੁਬਾਰਕ ਹੋਵੇ। ਤੇ ਸਾਰੀ ਪਰਜਾ ਨੇ “ਆਮੀਨ” ਆਖਿਆ ਅਤੇ ਯਹੋਵਾਹ ਦੀ ਉਸਤਤ ਕੀਤੀ। 
ਯਰੂਸ਼ਲਮ ਅਤੇ ਗਿਬਓਨ ਵਿੱਚ ਅਰਾਧਨਾ 
 37 ਉਸ ਨੇ ਉੱਥੇ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਅੱਗੇ ਆਸਾਫ਼ ਅਤੇ ਉਸ ਦੇ ਭਰਾਵਾਂ ਨੂੰ ਛੱਡਿਆ, ਤਾਂ ਜੋ ਹਰ ਰੋਜ਼ ਦੇ ਜ਼ਰੂਰੀ ਕੰਮਾਂ ਦੇ ਅਨੁਸਾਰ ਸੇਵਾ ਕਰਨ  38 ਅਤੇ ਓਬੋਦ ਅਦੋਮ, ਉਨ੍ਹਾਂ ਦੇ ਭਰਾਵਾਂ ਨੂੰ ਓਬੇਦ-ਅਦੋਮ ਯਦੂਥੂਨ ਦੇ ਪੁੱਤਰ ਅਤੇ ਹੋਸਾਹ ਨੂੰ ਜੋ ਅਠਾਹਟ ਸਨ, ਦਰਬਾਨ ਹੋਣ ਲਈ  39 ਨਾਲੇ ਸਾਦੋਕ ਜਾਜਕ ਤੇ ਉਹ ਦੇ ਭਰਾਵਾਂ ਨੂੰ ਜਿਹੜੇ ਜਾਜਕ ਸਨ, ਤਾਂ ਕਿ ਉਹ ਯਹੋਵਾਹ ਦੇ ਡੇਰੇ ਦੇ ਸਾਹਮਣੇ ਜਿਹੜਾ ਗਿਬਓਨ ਦੇ ਉੱਚੇ ਥਾਂ ਉੱਤੇ ਸੀ,  40 ਯਹੋਵਾਹ ਦੀ ਬਿਵਸਥਾ ਦੀਆਂ ਸਾਰੀਆਂ ਲਿਖੀਆਂ ਹੋਈਆਂ ਗੱਲਾਂ ਦੇ ਅਨੁਸਾਰ ਜਿਨ੍ਹਾਂ ਦਾ ਉਸ ਨੇ ਇਸਰਾਏਲ ਨੂੰ ਹੁਕਮ ਦਿੱਤਾ ਸੀ, ਹਰ ਰੋਜ਼ ਸਵੇਰ ਅਤੇ ਸ਼ਾਮ ਨੂੰ ਹੋਮ ਦੀ ਜਗਵੇਦੀ ਉੱਤੇ ਯਹੋਵਾਹ ਦੇ ਲਈ ਹੋਮ ਦੀਆਂ ਬਲੀਆਂ ਚੜ੍ਹਾਉਣ  41 ਅਤੇ ਉਨ੍ਹਾਂ ਦੇ ਨਾਲ ਹੇਮਾਨ ਤੇ ਯਦੂਥੂਨ ਤੇ ਰਹਿੰਦੇ, ਜਿਹੜੇ ਚੁਣੇ ਹੋਏ ਸਨ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਕੀਤਾ ਗਿਆ ਹੈ, ਤਾਂ ਜੋ ਯਹੋਵਾਹ ਦਾ ਧੰਨਵਾਦ ਕਰਨ ਕਿ ਉਹ ਦੀ ਦਯਾ ਸਦਾ ਲਈ ਹੈ  42 ਅਤੇ ਉਨ੍ਹਾਂ ਦੇ ਨਾਲ ਹੇਮਾਨ ਅਤੇ ਯਦੂਥੂਨ ਸਨ ਅਤੇ ਵਜਾਉਣ ਵਾਲਿਆਂ ਦੇ ਲਈ ਤੁਰ੍ਹੀਆਂ ਤੇ ਛੈਣੇ ਤੇ ਪਰਮੇਸ਼ੁਰ ਦੇ ਗੀਤ ਗਾਉਣ ਲਈ ਵਾਜੇ ਸਨ ਅਤੇ ਯਦੂਥੂਨ ਦੇ ਪੁੱਤਰ ਦਰਬਾਨ ਸਨ  43 ਤਾਂ ਸਭ ਲੋਕ ਆਪੋ ਆਪਣੇ ਘਰਾਂ ਨੂੰ ਤੁਰ ਗਏ ਅਤੇ ਦਾਊਦ ਮੁੜ ਪਿਆ ਤਾਂ ਕਿ ਆਪਣੇ ਪਰਿਵਾਰ ਨੂੰ ਅਸੀਸ ਦੇਵੇ।