ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ
1
1 ਪੌਲੁਸ ਵੱਲੋਂ, ਸ਼ੁਭਕਾਮਨਾਵਾਂ। ਮੈਨੂੰ ਯਿਸੂ ਮਸੀਹ ਦਾ ਰਸੂਲ ਚੁਣਿਆ ਗਿਆ ਹੈ। ਮੈਨੂੰ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੁਣਿਆ ਗਿਆ ਹੈ। ਸਾਡੇ ਭਰਾ ਸੋਸਥਨੇਸ ਵੱਲੋਂ ਵੀ ਸ਼ੁਭਕਾਮਨਾਵਾਂ।
2 ਮੈਂ ਇਹ ਪੱਤਰ ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ ਨੂੰ ਅਤੇ ਉਨ੍ਹਾਂ ਨੂੰ ਲਿਖ ਰਿਹਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਬਣਾਏ ਗਏ ਹਨ। ਤੁਹਾਨੂੰ ਪਰਮੇਸ਼ੁਰ ਦੇ ਪਵਿੱਤਰ ਲੋਕ ਸੱਦਿਆ ਜਾਂਦਾ ਹੈ। ਤੁਹਾਨੂੰ ਹਰ ਜਗ਼੍ਹਾ ਉਨ੍ਹਾਂ ਸਮੂਹ ਲੋਕਾਂ ਸਮੇਤ ਬੁਲਾਇਆ ਜਾਂਦਾ ਹੈ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਵਿੱਚ ਵਿਸ਼ਵਾਸ ਰੱਖਦੇ ਹਨ, ਜੋ ਉਨ੍ਹਾਂ ਦਾ ਪ੍ਰਭੂ ਹੈ ਅਤੇ ਸਾਡਾ ਵੀ।
3 ਤੁਸੀਂ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੋਂ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ।
ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ
4 ਮੈਂ ਤੁਹਾਡੇ ਵਾਸਤੇ, ਪਰਮੇਸ਼ੁਰ ਦਾ ਉਸ ਕਿਰਪਾ ਲਈ ਹਮੇਸ਼ਾ ਧੰਨਵਾਦ ਕਰਦਾ ਹਾਂ ਜੋ ਮਸੀਹ ਯਿਸੂ ਰਾਹੀਂ ਤੁਹਾਨੂੰ ਦਿੱਤੀ ਗਈ ਹੈ।
5 ਯਿਸੂ ਰਾਹੀਂ ਤੁਸੀਂ ਹਰ ਤਰ੍ਹਾਂ ਨਾਲ ਸੁਭਾਗੇ ਹੋ। ਤੁਹਾਨੂੰ ਆਪਣੇ ਹਰ ਬਚਨ ਅਤੇ ਹਰ ਤਰ੍ਹਾਂ ਦੇ ਗਿਆਨ ਵਿੱਚ ਅਸੀਸ ਦਿੱਤੀ ਗਈ ਹੈ।
6 ਮਸੀਹ ਬਾਰੇ ਸੱਚ ਤੁਹਾਡੇ ਵਿੱਚਕਾਰ ਦ੍ਰਿੜਤਾ ਨਾਲ ਕਾਇਮ ਹੈ।
7 ਇਸੇ ਲਈ, ਤੁਸੀਂ ਪਰਮੇਸ਼ੁਰ ਵੱਲੋਂ ਹਰ ਤਰ੍ਹਾਂ ਦੀ ਦਾਤ ਪ੍ਰਾਪਤ ਕੀਤੀ ਹੈ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਗਮਨ ਦੇ ਉਡੀਕਵਾਨ ਹੋ।
8 ਯਿਸੂ ਤੁਹਾਨੂੰ ਅੰਤ ਤੀਕ ਦ੍ਰਿੜਤਾ ਨਾਮ ਕਾਇਮ ਰੱਖੇਗਾ। ਤਾਂ ਜੋ ਤੁਹਾਡੇ ਉੱਪਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਗਮਨ ਦੇ ਦਿਨ ਕੋਈ ਦੋਸ਼ ਨਹੀਂ ਹੋਵੇਗਾ।
9 ਪਰਮੇਸ਼ੁਰ ਵਫ਼ਾਦਾਰ ਹੈ। ਉਸ ਨੇ ਤੁਹਾਨੂੰ ਯਿਸੂ ਮਸੀਹ, ਅਪਣੇ ਪੁੱਤਰ ਅਤੇ ਸਾਡੇ ਪ੍ਰਭੂ ਨਾਲ ਸਾਂਝੀਵਾਲ ਹੋਕੇ ਜਿਉਣ ਲਈ ਚੁਣਿਆ ਹੈ।
ਕੁਰਿੰਥੁਸ ਦੀ ਕਲੀਸਿਯਾ ਵਿੱਚ ਸਮੱਸਿਆਵਾਂ
10 ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਕ ਦੂਜੇ ਨਾਲ ਸਹਿਮਤੀ ਨਾਲ ਰਹੋ ਤਾਂ ਜੋ ਤੁਹਾਡੇ ਵਿੱਚ ਕੋਈ ਬਟਵਾਰਾ ਨਾ ਹੋਵੇ। ਤੁਹਾਡੇ ਕੋਲ ਇੱਕੋ ਤਰ੍ਹਾਂ ਦੀ ਸੋਚ ਅਤੇ ਇੱਕੋ ਹੀ ਮਕਸਦ ਹੋਣੇ ਚਾਹੀਦੇ ਹਨ।
11 ਮੇਰੇ ਭਰਾਵੋ ਅਤੇ ਭੈਣੋ ਮੈਨੂੰ ਕਲੋਏ ਦੇ ਪਰਿਵਾਰ ਦੇ ਕੁਝ ਲੋਕਾਂ ਨੇ ਦੱਸਿਆ ਹੈ। ਮੈਂ ਸੁਣਿਆ ਹੈ ਕਿ ਤੁਹਾਡੇ ਅੰਦਰ ਕੁਝ ਝਗੜ੍ਹੇ ਹਨ।
12 ਮੇਰਾ ਆਖਣ ਦਾ ਭਾਵ ਇਹ ਹੈ; ਤੁਹਾਡੇ ਵਿੱਚੋਂ ਇੱਕ ਆਖਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ;” ਦੂਸਰਾ ਆਖਦਾ ਹੈ, “ਮੈਂ ਅਪੁੱਲੋਸ ਦਾ ਚੇਲਾ ਹਾਂ;” ਹੋਰ ਕੋਈ ਆਖਦਾ ਹੈ, “ਮੈਂ ਪਤਰਸ ਦਾ ਚੇਲਾ ਹਾਂ;” ਅਤੇ ਕੋਈ-ਕੋਈ ਵਿਅਕਤੀ ਆਖਦਾ ਹੈ, “ਮੈਂ ਯਿਸੂ ਮਸੀਹ ਦਾ ਚੇਲਾ ਹਾਂ।”
13 ਮਸੀਹ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਨਹੀਂ ਜਾ ਸੱਕਦਾ। ਕੀ ਪੌਲੁਸ ਤੁਹਾਡੇ ਲਈ ਸਲੀਬ ਉੱਤੇ ਟੰਗਿਆ ਗਿਆ ਸੀ? ਨਹੀਂ। ਕੀ ਤੁਹਾਨੂੰ ਪੌਲੁਸ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਗਿਆ ਸੀ। ਨਹੀਂ,
14 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਵਿੱਚੋਂ, ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ।
15 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਹੁਣ ਕੋਈ ਨਹੀਂ ਆਖ ਸੱਕਦਾ ਕਿ ਤੁਹਾਨੂੰ ਮੇਰੇ ਨਾਂ ਵਿੱਚ ਬਪਤਿਸਮਾ ਦਿੱਤਾ ਗਿਆ ਸੀ।
16 (ਮੈਂ ਸਤਫ਼ਨਾਸ ਦੇ ਪਰਿਵਾਰ ਨੂੰ ਵੀ ਬਪਤਿਸਮਾ ਦਿੱਤਾ ਸੀ। ਪਰ ਮੈਨੂੰ ਕਿਸੇ ਹੋਰ ਨੂੰ ਬਪਤਿਸਮਾ ਦੇਣ ਦਾ ਚੇਤਾ ਨਹੀਂ।)
17 ਮਸੀਹ ਨੇ ਮੈਨੂੰ ਲੋਕਾਂ ਨੂੰ ਬਪਤਿਸਮਾ ਦੇਣ ਨਹੀਂ ਸਗੋਂ ਖੁਸ਼ਖਬਰੀ ਦੱਸਣ ਲਈ ਭੇਜਿਆ ਸੀ। ਮਸੀਹ ਨੇ ਮੈਨੂੰ ਕੋਈ ਦੁਨਿਆਵੀ ਸੂਝ ਵਾਲੇ ਸ਼ਬਦਾਂ ਦੀ ਵਰਤੋਂ ਕਰਕੇ ਖੁਸ਼ਖਬਰੀ ਫ਼ੈਲਾਉਣ ਲਈ ਨਹੀਂ ਭੇਜਿਆ ਸੀ। ਜੋ ਮੈਂ ਖੁਸ਼ਖਬਰੀ ਫ਼ੈਲਾਉਣ ਲਈ ਸੂਝਵਾਨ ਸ਼ਬਦਾਂ ਨੂੰ ਵਰਤਿਆ ਹੁੰਦਾ, ਤਾਂ ਫ਼ਿਰ ਮਸੀਹ ਦੀ ਸਲੀਬ ਆਪਣਾ ਅਰਥ ਗੁਆ ਲਵੇਗੀ।
ਮਸੀਹ ਵਿੱਚ ਪਰਮੇਸ਼ੁਰ ਦੀ ਸ਼ਕਤੀ ਅਤੇ ਸੂਝ
18 ਸਲੀਬ ਦਾ ਸੰਦੇਸ਼ ਉਨ੍ਹਾਂ ਲਈ ਮੂਰੱਖਤਾ ਜਾਪਦਾ ਹੈ ਜਿਹੜੇ ਗੁਆਚ ਗਏ ਹਨ ਪਰ ਉਨ੍ਹਾਂ ਲਈ ਜਿਨ੍ਹਾਂ ਨੂੰ ਬਚਾਇਆ ਗਿਆ ਹੈ, ਇਹ ਪਰਮੇਸ਼ੁਰ ਦੀ ਸ਼ਕਤੀ ਹੈ।
19 ਇਹ ਪੋਥੀਆਂ ਵਿੱਚ ਲਿਖਿਆ ਗਿਆ ਹੈ,
“ਮੈਂ ਅਕਲਮੰਦਾਂ ਦੀ ਅਕਲ ਨਸ਼ਟ ਕਰ ਦੇਵਾਂਗਾ,
ਮੈਂ ਸੂਝਵਾਨਾਂ ਦੀ ਸੂਝ ਨਿਕਾਰਥਕ ਬਣਾਂ ਦਿਆਂਗਾ।” ਯਸਾਯਾਹ 29:14
20 ਕਿੱਥੇ ਹਨ ਅਕਲਮੰਦ ਲੋਕ? ਕਿੱਥੇ ਹਨ ਵਿਦਵਾਨ? ਕਿੱਥੇ ਹਨ ਇਸ ਦੁਨੀਆਂ ਦੇ ਫ਼ਲਸਫ਼ੀ? ਪਰਮੇਸ਼ੁਰ ਨੇ ਇਸ ਸੰਸਾਰ ਦੀ ਸਿਆਣਪ ਨੂੰ ਮੂਰੱਖਤਾ ਬਣਾ ਦਿੱਤਾ ਹੈ।
21 ਪਰਮੇਸ਼ੁਰ ਆਪਣੀ ਸੂਝ ਨਾਲ ਇਹੋ ਚਾਹੁੰਦਾ ਸੀ; ਦੁਨੀਆਂ ਪਰਮੇਸੁਰ ਨੂੰ ਆਪਣੀ ਸਿਆਣਪ ਨਾਲ ਨਹੀਂ ਜਾਣਦੀ ਸੀ। ਇਸੇ ਲਈ ਪਰਮੇਸ਼ੁਰ ਨੇ ਇੱਕ ਅਜਿਹੇ ਸੰਦੇਸ਼ ਦਾ ਇਸਤੇਮਾਲ ਕੀਤਾ ਜੋ ਉਸ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਬਚਾਉਣ ਲਈ ਮੂਰੱਖਤਾ ਜਾਪਦਾ ਹੈ।
22 ਯਹੂਦੀ ਪ੍ਰਮਾਣ ਵਜੋਂ ਕਰਾਮਾਤਾਂ ਦੀ ਮੰਗ ਕਰਦੇ ਹਨ। ਯੂਨਾਨੀ ਸਿਆਣਪ ਦੀ ਮੰਗ ਕਰਦੇ ਹਨ।
23 ਪਰ ਜਿਸ ਸੰਦੇਸ਼ ਦਾ ਪ੍ਰਚਾਰ ਅਸੀਂ ਕਰਦੇ ਹਾਂ ਉਹ ਇਹ ਹੈ; ਮਸੀਹ ਸਲੀਬ ਉੱਤੇ ਪ੍ਰਾਣ ਹੀਣ ਹੋ ਗਿਆ। ਯਹੂਦੀਆਂ ਲਈ ਇਹ ਬੜੀ ਸਮੱਸਿਆ ਹੈ। ਅਤੇ ਗੈਰ ਯਹੂਦੀਆਂ ਨੂੰ ਇਹ ਮੂਰੱਖਤਾ ਜਾਪਦੀ ਹੈ।
24 ਪਰ ਪਰਮੇਸ਼ੁਰ ਵੱਲੋਂ ਚੁਣੇ ਹੋਏ ਲੋਕਾਂ ਯਹੂਦੀਆਂ ਤੇ ਯੂਨਾਨੀਆਂ ਜਾਂ ਗੈਰ ਯਹੂਦੀਆਂ ਲਈ, ਮਸੀਹ ਪਰਮੇਸ਼ੁਰ ਦੀ ਸ਼ਕਤੀ ਹੈ ਤੇ ਪਰਮੇਸ਼ੁਰ ਦੀ ਸੂਝ ਹੈ।
25 ਪਰਮੇਸ਼ੁਰ ਦੀ ਮੂਰੱਖਤਾ ਮਨੁੱਖਾਂ ਦੀ ਸਿਆਣਪਤਾ ਨਾਲੋਂ ਕਿਤੇ ਵੱਧੇਰੇ ਸਿਆਣੀ ਹੈ। ਪਰਮੇਸ਼ੁਰ ਦੀ ਕਮਜ਼ੋਰੀ ਵੀ ਮਨੁੱਖਾਂ ਨਾਲੋਂ ਤਾਕਤਵਰ ਹੈ।
26 ਭਰਾਵੋ ਅਤੇ ਭੈਣੋ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਹੈ। ਇਸ ਬਾਰੇ ਸੋਚੋ। ਤੁਹਾਡੇ ਵਿੱਚੋਂ ਬਹੁਤ ਲੋਕ ਦੁਨੀਆਂ ਦੇ ਸੂਝਵਾਨ ਨਹੀਂ ਸਨ। ਜਿਸ ਤਰ੍ਹਾਂ ਦੁਨੀਆਂ ਸੂਝ ਦਾ ਨਿਆਂ ਕਰਦੀ ਹੈ। ਤੁਹਾਡੇ ਵਿੱਚੋਂ ਬਹੁਤੇ ਲੋਕ ਪ੍ਰਭਾਵ ਵਾਲੇ ਵੀ ਨਹੀਂ ਸਨ। ਤੁਹਾਡੇ ਵਿੱਚੋਂ ਬਹੁਤੇ ਲੋਕ ਮਹੱਤਵਪੂਰਣ ਪਰਿਵਾਰਾਂ ਵਿੱਚੋਂ ਵੀ ਨਹੀਂ ਸਨ।
27 ਪਰ ਪਰਮੇਸ਼ੁਰ ਨੇ ਸਿਆਣੇ ਲੋਕਾਂ ਨੂੰ ਸ਼ਰਮਿੰਦਾ ਕਰਨ ਲਈ ਸੰਸਾਰ ਦੇ ਮੂਰੱਖਤਾ ਭਰਪੂਰ ਲੋਕਾਂ ਦੀ ਪਛਾਣ ਕੀਤੀ। ਪਰਮੇਸ਼ੁਰ ਨੇ ਸਿਆਣੇ ਲੋਕਾਂ ਨੂੰ ਸ਼ਰਮਿੰਦਾ ਕਰਨ ਲਈ ਸੰਸਾਰ ਦੇ ਨਿਤਾਣੇ ਲੋਕਾਂ ਦੀ ਚੋਣ ਕੀਤੀ।
28 ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਜਿਨ੍ਹਾਂ ਨੂੰ ਦੁਨੀਆਂ ਕੋਈ ਮਹੱਤਵ ਨਹੀਂ ਦਿੰਦੀ। ਉਹ ਉਨ੍ਹਾਂ ਲੋਕਾਂ ਨੂੰ ਚੁਣਦਾ ਹੈ ਜਿਨ੍ਹਾਂ ਨੂੰ ਦੁਨੀਆਂ ਨੇ ਨਫ਼ਰਤ ਕੀਤੀ ਅਤੇ ਸੋਚਿਆ ਕਿ ਉਹ ਬੇਕਾਰ ਹਨ। ਜਿਸ ਨੂੰ ਦੁਨੀਆਂ ਮਹੱਤਵਪੂਰਣ ਸਮਝਦੀ ਹੈ ਉਸਦਾ ਨਾਸ਼ ਕਰਨ ਲਈ ਪਰਮੇਸ਼ੁਰ ਨੇ ਇਨ੍ਹਾਂ ਨੂੰ ਚੁਣਿਆ।
29 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿ ਕੋਈ ਵੀ ਮਨੁੱਖ ਉਸ ਦੇ ਸਾਹਮਣੇ ਹੰਕਾਰ ਨਾ ਕਰ ਸੱਕੇ।
30 ਪਰਮੇਸ਼ੁਰ ਨੇ ਹੀ ਤੁਹਾਨੂੰ ਮਸੀਹ ਯਿਸੂ ਦੇ ਅੰਗ ਬਣਾਇਆ ਹੈ। ਮਸੀਹ ਸਾਡੇ ਲਈ ਪਰਮੇਸ਼ੁਰ ਵੱਲੋਂ ਮਿਲੀ ਬੁੱਧ ਹੈ। ਮਸੀਹ ਦੇ ਕਾਰਣ ਹੀ ਅਸੀਂ ਪਰਮੇਸ਼ੁਰ ਨਾਲ ਧਰਮੀ ਹਾਂ, ਅਤੇ ਆਪਣੇ ਪਾਪਾਂ ਤੋਂ ਮੁਕਤ ਹਾਂ। ਮਸੀਹ ਦੇ ਕਾਰਣ ਹੀ ਅਸੀਂ ਪਵਿੱਤਰ ਹਾਂ।
31 ਇਸ ਲਈ ਜਿਵੇਂ ਪੋਥੀਆਂ ਦਾ ਕਥਨ ਹੈ, “ਜੇ ਕੋਈ ਵਿਅਕਤੀ ਅਭਿਮਾਨੀ ਹੈ, ਤਾਂ ਉਸ ਨੂੰ ਕੇਵਲ ਪ੍ਰਭੂ ਵਿੱਚ ਹੀ ਅਭਿਮਾਨ ਰੱਖਣਾ ਚਾਹੀਦਾ ਹੈ।”