ਪਵਿੱਤਰ ਆਤਮਾ ਵੱਲੋਂ ਸੁਗਾਤਾਂ
12
1 ਹੁਣ, ਭਰਾਵੋ ਅਤੇ ਭੈਣੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਤਮਕ ਸੁਗਾਤਾਂ ਬਾਰੇ ਜਾਣ ਲਵੋ।
2 ਤੁਸੀਂ ਆਪਣੇ ਵਿਸ਼ਵਾਸੀ ਹੋਣ ਤੋਂ ਪਹਿਲਾਂ ਦਿਆਂ ਜ਼ਿੰਦਗੀਆਂ ਬਾਰੇ ਜਾਣਦੇ ਹੋ। ਤੁਸੀਂ ਖੁਦ ਜ਼ਿੰਦਗੀ ਹੀਣ ਮੂਰਤੀਆਂ ਦੀ ਉਪਾਸਨਾ ਵੱਲ ਅੰਨ੍ਹੇਵਾਹ ਖਿੱਚੇ ਗਏ ਸੀ।
3 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਬੋਲਦਾ ਹੈ। ਇਹ ਨਹੀਂ ਕਹਿੰਦਾ ਕਿ “ਯਿਸੂ ਮਸੀਹ ਸਰਾਪਿਆ ਜਾਵੇ।” ਅਤੇ ਕੋਈ ਵੀ ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾ ਨਹੀਂ ਆਖ ਸੱਕਦਾ, “ਯਿਸੂ ਪ੍ਰਭੂ ਹੈ।”
4 ਆਤਮਕ ਸੁਗਾਤਾਂ ਕਈ ਤਰ੍ਹਾਂ ਦੀਆਂ ਹਨ ਪਰ ਉਹ ਸਾਰੀਆਂ ਉਸੇ ਆਤਮਾ ਵੱਲੋਂ ਹਨ।
5 ਸੇਵਾ ਕਰਨ ਦੇ ਕਈ ਤਰੀਕੇ ਹਨ; ਪਰ ਇਹ ਸਾਰੇ ਤਰੀਕੇ ਉਸੇ ਪ੍ਰਭੂ ਵੱਲੋਂ ਹਨ।
6 ਅਤੇ ਇਸਦੇ ਵੀ ਕਈ ਤਰੀਕੇ ਹਨ ਜਿਨ੍ਹਾਂ ਰਾਹੀਂ ਪਰਮੇਸ਼ੁਰ ਲੋਕਾਂ ਵਿੱਚ ਕਾਰਜ ਕਰਦਾ ਹੈ। ਪਰ ਇਹ ਸਾਰੇ ਤਰੀਕੇ ਉਸੇ ਪਰਮੇਸ਼ੁਰ ਵੱਲੋਂ ਹਨ। ਪਰਮੇਸ਼ੁਰ ਸਾਡੇ ਵਿੱਚ ਸਭ ਕਾਰਜ ਕਰਦਾ ਹੈ।
7 ਆਤਮਾ ਦਾ ਕਾਰਜ ਹਰ ਮਨੁੱਖ ਵਿੱਚ ਵੇਖਿਆ ਜਾ ਸੱਕਦਾ ਹੈ। ਆਤਮਾ ਹੋਰਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਸਾਨੂੰ ਇਹ ਤੋਹਫ਼ਾ ਦਿੰਦਾ ਹੈ।
8 ਆਤਮਾ ਇੱਕ ਵਿਅਕਤੀ ਨੂੰ ਇਹ ਦਾਤ ਸਿਆਣਪ ਦੀ ਬੋਲੀ ਬੋਲਣ ਲਈ ਦਿੰਦਾ ਹੈ। ਅਤੇ ਉਹੀ ਆਤਮਾ ਗਿਆਨ ਨਾਲ ਬੋਲਣ ਦੀ ਦਾਤ ਬਖਸ਼ਦਾ ਹੈ।
9 ਉਹੀ ਆਤਮਾ ਇੱਕ ਵਿਅਕਤੀ ਨੂੰ ਵਿਸ਼ਵਾਸ ਪ੍ਰਦਾਨ ਕਰਦਾ ਹੈ। ਅਤੇ ਉਹੀ ਆਤਮਾ ਕਿਸੇ ਵਿਅਕਤੀ ਨੂੰ ਤੰਦਰੁਸਤੀ ਦੀ ਦਾਤ ਬਖਸ਼ਦਾ ਹੈ।
10 ਦੂਸਰੇ ਵਿਅਕਤੀ ਨੂੰ, ਕਰਿਸ਼ਮੇ ਕਰਨ ਦੀ ਦਾਤ ਬਖਸ਼ਦਾ ਹੈ, ਅਤੇ ਕਿਸੇ ਹੋਰ ਵਿਅਕਤੀ ਨੂੰ ਅਗੰਮ ਵਾਕ ਕਰਨ ਦੀ, ਅਤੇ ਕਿਸੇ ਹੋਰ ਵਿਅਕਤੀ ਨੂੰ ਨੇਕ ਅਤੇ ਬਦ ਰੂਹਾਂ ਦੇ ਵਿੱਚਕਾਰ ਫ਼ਰਕ ਕਰਨ ਦੀ ਯੋਗਤਾ ਪ੍ਰਦਾਨ ਕਰਦਾ ਹੈ। ਆਤਮਾ ਕਿਸੇ ਵਿਅਕਤੀ ਨੂੰ ਭਿੰਨ-ਭਿੰਨ ਪ੍ਰਕਾਰ ਦੀਆਂ ਭਾਸ਼ਾਵਾਂ ਬੋਲਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ, ਅਤੇ ਕਿਸੇ ਦੂਸਰੇ ਵਿਅਕਤੀ ਨੂੰ ਉਨ੍ਹਾਂ ਭਾਸ਼ਾਵਾਂ ਦੀ ਵਿਆਖਿਆ ਕਰਨ ਦੀ ਸ਼ਕਤੀ ਦਿੰਦਾ ਹੈ।
11 ਉਹੀ ਆਤਮਾ, ਇਹ ਸਾਰੀਆਂ ਗੱਲਾਂ ਕਰਦਾ ਹੈ। ਆਤਮਾ ਇਹ ਨਿਰਨਾ ਕਰਦਾ ਹੈ ਕਿ ਹਰ ਵਿਅਕਤੀ ਨੂੰ ਕੀ ਦੇਣਾ ਹੈ।
ਮਸੀਹ ਦਾ ਸਰੀਰ
12 ਇੱਕ ਮਨੁੱਖ ਦਾ ਸਰੀਰ ਕੇਵਲ ਇੱਕ ਹੈ, ਪਰ ਇਸਦੇ ਕਈ ਅੰਗ ਹਨ। ਹਾਂ, ਇੱਕੋ ਸਰੀਰ ਦੇ ਕਈ ਅੰਗ ਹੁੰਦੇ ਹਨ, ਪਰ ਇਹ ਸਾਰੇ ਅੰਗ ਕੇਵਲ ਇੱਕ ਸਰੀਰ ਬਣਾਉਂਦੇ ਹਨ। ਮਸੀਹ ਵੀ ਇਸੇ ਤਰ੍ਹਾਂ ਹੈ।
13 ਸਾਡੇ ਵਿੱਚੋਂ ਕੁਝ ਲੋਕ ਯਹੂਦੀ ਹਨ ਅਤੇ ਕੁਝ ਯੂਨਾਨੀ ਗੈਰ ਯਹੂਦੀ ਹਨ; ਸਾਡੇ ਵਿੱਚੋਂ ਕੁਝ ਗੁਲਾਮ ਹਨ ਅਤੇ ਕੁਝ ਆਜ਼ਾਦ ਹਨ। ਪਰ ਸਾਨੂੰ ਇੱਕ ਆਤਮਾ ਰਾਹੀਂ, ਇੱਕ ਸਰੀਰ ਬਣਨ ਲਈ ਬਪਤਿਸਮਾ ਦਿੱਤਾ ਗਿਆ ਹੈ। ਅਤੇ ਸਾਨੂੰ ਸਾਰਿਆਂ ਨੂੰ ਇਹੀ ਇੱਕ ਆਤਮਾ ਦਿੱਤਾ ਗਿਆ ਹੈ।
14 ਅਤੇ ਇੱਕ ਵਿਅਕਤੀ ਦੇ ਸਰੀਰ ਦੇ ਇੱਕ ਤੋਂ ਬਹੁਤੇ ਅੰਗ ਹੁੰਦੇ ਹਨ। ਇਸਦੇ ਬਹੁਤ ਸਾਰੇ ਅੰਗ ਹੁੰਦੇ ਹਨ।
15 ਇੱਕ ਪੈਰ ਆਖ ਸੱਕਦਾ ਹੈ “ਮੈਂ ਹੱਥ ਨਹੀਂ ਹਾਂ। ਇਸ ਲਈ ਮੇਰਾ ਸਰੀਰ ਨਾਲ ਕੋਈ ਸੰਬੰਧ ਨਹੀਂ।” ਪਰ ਸਿਰਫ਼ ਇਹ ਆਖਣ ਨਾਲ, ਪੈਰ ਸਰੀਰ ਦਾ ਭਾਗ ਹੋਣ ਤੋਂ ਨਹੀਂ ਰੁਕਦਾ।
16 ਇੱਕ ਕੰਨ ਆਖਦਾ ਹੈ, “ਮੈਂ ਅੱਖ ਨਹੀਂ ਹਾਂ ਇਸ ਲਈ ਮੈਂ ਸਰੀਰ ਦਾ ਅੰਗ ਨਹੀਂ ਹਾਂ।” ਪਰ ਸਿਰਫ਼ ਇਹ ਆਖਣ ਨਾਲ, ਕੰਨ ਸਰੀਰ ਦਾ ਅੰਗ ਹੋਣਾ ਬੰਦ ਨਹੀਂ ਕਰਦਾ।
17 ਜੇ ਸਾਰਾ ਸਰੀਰ ਹੀ ਇੱਕ ਅੱਖ ਹੁੰਦਾ ਤਾਂ ਸਰੀਰ ਸੁਣ ਸੱਕਣ ਦੇ ਯੋਗ ਨਹੀਂ ਹੁੰਦਾ। ਜਾਂ ਸਾਰਾ ਸਰੀਰ ਹੀ ਕੰਨ ਹੁੰਦਾ ਤਾਂ ਸਰੀਰ ਕਿਸੇ ਵੀ ਚੀਜ਼ ਨੂੰ ਵੀ ਸੁੰਘ ਨਹੀਂ ਸੀ ਸੱਕਦਾ।
18-19 ਜੇ ਸਰੀਰ ਦਾ ਹਰ ਇੱਕ ਅੰਗ ਇੱਕ ਹੀ ਹੁੰਦਾ ਤਾਂ ਸਰੀਰ ਹੋਣਾ ਹੀ ਨਹੀਂ ਸੀ। ਪਰ ਜਿਵੇਂ ਪਰਮੇਸ਼ੁਰ ਨੂੰ ਚੰਗਾ ਲੱਗਾ ਉਸ ਨੇ ਸਰੀਰ ਵਿੱਚ ਅੰਗਾਂ ਨੂੰ ਰੱਖ ਦਿੱਤਾ। ਉਸ ਨੇ ਹਰ ਇੱਕ ਦੀ ਥਾਂ ਬਣਾਈ ਹੈ।
20 ਇਸੇ ਲਈ ਹੁਣ ਭਾਵੇਂ ਅਨੇਕਾਂ ਅੰਗ ਹਨ, ਸਰੀਰ ਸਿਰਫ਼ ਇੱਕ ਹੀ ਹੈ।
21 ਅੱਖ ਹੱਥ ਨੂੰ ਇਹ ਨਹੀਂ ਕਹਿ ਸੱਕਦੀ, “ਮੈਨੂੰ ਤੇਰੀ ਲੋੜ ਨਹੀਂ” ਅਤੇ ਸਿਰ ਪੈਰ ਨੂੰ ਇਹ ਨਹੀਂ ਕਹਿ ਸੱਕਦਾ, “ਮੈਨੂੰ ਤੇਰੀ ਲੋੜ ਨਹੀਂ।”
22 ਨਹੀਂ, ਸਰੀਰ ਦੇ ਜਿਹੜੇ ਅੰਗ ਕਮਜ਼ੋਰ ਲੱਗਦੇ ਹਨ ਸੱਚਮੁੱਚ ਬਹੁਤ ਲੋੜੀਂਦੇ ਹਨ।
23 ਅਤੇ ਸਰੀਰ ਦੇ ਉਨ੍ਹਾਂ ਅੰਗਾਂ ਲਈ ਜਿਨ੍ਹਾਂ ਨੂੰ ਅਸੀ ਘੱਟ ਸਤਿਕਾਰ ਯੋਗ ਸਮਝਦੇ ਹਾਂ, ਅਸੀਂ ਉਨ੍ਹਾਂ ਵੱਲ ਖਾਸ ਧਿਆਨ ਦਿੰਦੇ ਹਾਂ। ਅਤੇ ਸਰੀਰ ਦੇ ਉਹ ਅੰਗ ਜਿਨ੍ਹਾਂ ਨੂੰ ਅਸੀ ਵਿਖਾਉਣਾ ਪਸੰਦ ਨਹੀਂ ਕਰਦੇ, ਅਸੀਂ ਉਨ੍ਹਾਂ ਵੱਲ ਖਾਸ ਧਿਆਨ ਦਿੰਦੇ ਹਾਂ।
24 ਪਰ ਸਾਡੇ ਸਰੀਰ ਦੇ ਉਹ ਅੰਗ ਜਿਹੜੇ ਖੂਬਸੂਰਤ ਹਨ ਉਨ੍ਹਾਂ ਨੂੰ ਸਾਡੇ ਖਾਸ ਧਿਆਨ ਦੀ ਲੋੜ ਨਹੀਂ ਹੁੰਦੀ। ਪਰ ਪਰਮੇਸ਼ੁਰ ਨੇ ਸਾਰੇ ਅੰਗਾਂ ਨੂੰ ਇਕੱਠਿਆਂ ਰੱਖਿਆ ਤਾਂ ਜੋ ਇਨ੍ਹਾਂ ਅੰਗਾਂ ਨੂੰ ਵੱਧੇਰੇ ਗੌਰਵ ਦਿੱਤਾ ਜਾਵੇ ਜਿਸਦੀ ਇਨ੍ਹਾਂ ਨੂੰ ਲੋੜ ਹੈ।
25 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਸਾਡਾ ਸਰੀਰ ਵੰਡਿਆ ਨਾ ਜਾਵੇ। ਪਰਮੇਸ਼ੁਰ ਦੀ ਮਨਸ਼ਾ ਇਹ ਸੀ ਕਿ ਸਾਰੇ ਅੰਗ ਇੱਕ ਦੂਸਰੇ ਦਾ ਇੱਕੋ ਜਿਹਾ ਧਿਆਨ ਰੱਖਣ।
26 ਜੇ ਸਰੀਰ ਦਾ ਇੱਕ ਅੰਗ ਦੁੱਖੀ ਹੈ ਤਾਂ ਜੋ ਹੋਰ ਸਾਰੇ ਅੰਗ ਵੀ ਇਸਦੇ ਨਾਲ ਦੁੱਖੀ ਹੁੰਦੇ ਹਨ। ਜਾਂ ਜੇ ਇੱਕ ਅੰਗ ਨੂੰ ਇੱਜ਼ਤ ਮਿਲਦੀ ਹੈ ਤਾਂ ਦੂਸਰੇ ਅੰਗ ਵੀ ਇਸ ਇੱਜ਼ਤ ਦੇ ਹਿੱਸੇਦਾਰ ਹੁੰਦੇ ਹਨ।
27 ਤੁਸੀਂ ਸਾਰੇ ਇਕੱਠੇ ਮਸੀਹ ਦਾ ਸਰੀਰ ਹੋ। ਤੁਹਾਡੇ ਵਿੱਚੋਂ ਹਰ ਕੋਈ ਇਸ ਸਰੀਰ ਦਾ ਅੰਗ ਹੈ।
28 ਅਤੇ ਪਰਮੇਸ਼ੁਰ ਨੇ ਹਰ ਇੱਕ ਨੂੰ ਕਲੀਸਿਯਾ ਵਿੱਚ ਇੱਕ ਜਗ਼੍ਹਾ ਦਿੱਤੀ ਹੈ: ਪਹਿਲਾਂ ਉਸ ਨੇ ਰਸੂਲਾਂ ਨੂੰ ਜਗ਼੍ਹਾ ਦਿੱਤੀ, ਦੂਸਰੀ ਨਬੀਆਂ ਨੂੰ, ਅਤੇ ਤੀਸਰੀ ਗੁਰੂਆਂ ਨੂੰ। ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਥਾਂ ਦਿੱਤੀ ਹੈ। ਜਿਹੜੇ ਕਰਿਸ਼ਮੇ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਕੋਲ ਇਲਾਜ਼ ਕਰਨ ਦੀਆਂ ਦਾਤਾਂ ਹਨ, ਉਨ੍ਹਾਂ ਲੋਕਾਂ ਨੂੰ ਜਿਹੜੇ ਅਗਵਾਈਆਂ ਕਰ ਸੱਕਣ ਦੇ ਯੋਗ ਹਨ, ਅਤੇ ਉਨ੍ਹਾਂ ਨੂੰ ਜਿਹੜੇ ਵੱਖ-ਵੱਖ ਭਾਸ਼ਾਵਾਂ ਵਿੱਚ ਗੱਲ ਕਰ ਸੱਕਦੇ ਹਨ।
29 ਸਾਰੇ ਲੋਕ ਰਸੂਲ ਨਹੀਂ ਹਨ। ਸਾਰੇ ਲੋਕ ਨਬੀ ਨਹੀਂ ਹਨ। ਸਾਰੇ ਲੋਕ ਉਸਤਾਦ ਨਹੀਂ ਹਨ। ਸਾਰੇ ਲੋਕ ਕਰਿਸ਼ਮੇ ਨਹੀਂ ਕਰ ਸੱਕਦੇ।
30 ਸਾਰੇ ਲੋਕਾਂ ਕੋਲ ਦੂਜੇ ਦਾ ਇਲਾਜ਼ ਕਰਨ ਦੀਆਂ ਦਾਤਾਂ ਨਹੀਂ ਹੁੰਦੀਆਂ। ਸਾਰੇ ਲੋਕ ਭਿੰਨ-ਭਿੰਨ ਤਰ੍ਹਾਂ ਦੀਆਂ ਭਾਸ਼ਾਵਾਂ ਵਿੱਚ ਗੱਲ ਨਹੀਂ ਕਰਦੇ। ਸਾਰੇ ਲੋਕ ਉਨ੍ਹਾਂ ਭਾਸ਼ਾਵਾਂ ਦੀ ਵਿਆਖਿਆ ਨਹੀਂ ਕਰ ਸੱਕਦੇ।
31 ਪਰ ਸੱਚਮੁੱਚ ਤੁਹਾਨੂੰ ਮਹਾਨ ਦਾਤਾਂ ਦੀ ਪ੍ਰਾਪਤੀ ਕਰਨ ਦੀ ਕਾਮਨਾ ਕਰਨੀ ਚਾਹੀਦੀ ਹੈ। ਅਤੇ ਹੁਣ ਮੈਂ ਤੁਹਾਨੂੰ ਸਰਬੋਤਮ ਮਾਰਗ ਦਿਖਾਉਂਦਾ ਹਾਂ।