ਕਲੀਸਿਯਾ ਦੀ ਇੱਕ ਨੈਤਿਕ ਸਮੱਸਿਆ
5
1 ਲੋਕ ਸੱਚਮੁੱਚ ਆਖ ਰਹੇ ਹਨ ਕਿ ਤੁਹਾਡੇ ਵਿੱਚ ਜਿਨਸੀ ਗੁਨਾਹ ਹੈ। ਅਜਿਹਾ ਜਿਨਸੀ ਗੁਨਾਹ ਉਨ੍ਹਾਂ ਲੋਕਾਂ ਵਿੱਚਕਾਰ ਵੀ ਨਹੀਂ ਹੁੰਦਾ ਜੋ ਅਵਿਸ਼ਵਾਸੀ ਹਨ। ਲੋਕੀਂ ਆਖਦੇ ਹਨ ਕਿ ਕਿਸੇ ਵਿਅਕਤੀ ਨੇ ਆਪਣੇ ਪਿਤਾ ਦੀ ਪਤਨੀ ਨਾਲ ਗੁਨਾਹ ਕੀਤਾ ਹੈ।
2 ਅਤੇ ਫ਼ੇਰ ਵੀ ਤੁਸੀਂ ਆਪਣੇ-ਆਪ ਉੱਤੇ ਘਮੰਡ ਕਰਦੇ ਹੋ। ਤੁਹਾਨੂੰ ਉਦਾਸੀ ਨਾਲ ਭਰੇ ਹੋਣਾ ਚਾਹੀਦਾ ਸੀ। ਤੁਹਾਨੂੰ ਉਸ ਵਿਅਕਤੀ ਨੂੰ, ਜਿਸਨੇ ਅਜਿਹਾ ਗੁਨਾਹ ਕੀਤਾ, ਆਪਣੇ ਭਾਈਚਾਰੇ ਵਿੱਚੋਂ ਕੱਢ ਦੇਣਾ ਚਾਹੀਦਾ ਸੀ।
3 ਮੇਰਾ ਸਰੀਰ ਭਾਵੇਂ ਤੁਹਾਡੇ ਨਾਲ ਨਹੀਂ ਹੈ, ਪਰ ਮੇਰਾ ਆਤਮਾ ਤੁਹਾਡੇ ਨਾਲ ਹੈ। ਅਤੇ ਮੈਂ ਪਹਿਲਾਂ ਹੀ ਉਸ ਵਿਅਕਤੀ ਨੂੰ ਪਰੱਖ ਲਿਆ ਹੈ ਜਿਸਨੇ ਪਾਪ ਕੀਤਾ ਹੈ। ਮੈਂ ਉਸਦਾ ਨਿਰਨਾ ਬੁਲਕੁਲ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਮੈਂ ਸੱਚਮੁੱਚ ਉੱਥੇ ਹੀ ਸੀ।
4 ਸਾਡੇ ਪ੍ਰਭੂ ਯਿਸੂ ਦੇ ਨਾਮ ਉੱਤੇ ਇੱਕ ਜਗ਼੍ਹਾ ਇਕੱਠੇ ਹੋਵੋ। ਆਤਮਾ ਵਿੱਚ ਮੈਂ ਤੁਹਾਡੇ ਨਾਲ ਹੋਵਾਂਗਾ ਅਤੇ ਸਾਡੇ ਪ੍ਰਭੂ ਯਿਸੂ ਦੀ ਸ਼ਕਤੀ ਵੀ ਤੁਹਾਡੇ ਨਾਲ ਹੋਵੇਗੀ।
5 ਤਾਂ ਇਸ ਵਿਅਕਤੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਉ ਤਾਂ ਜੋ ਇਸ ਦਾ ਪਾਪੀ ਆਪਾ ਨਸ਼ਟ ਕੀਤਾ ਜਾ ਸੱਕੇ। ਫ਼ੇਰ ਨਿਆਂ ਦੇ ਦਿਨ ਉਸ ਦਾ ਆਤਮਾ ਬਚਾਇਆ ਜਾਵੇਗਾ।
6 ਤੁਹਾਡੇ ਲਈ ਸ਼ੇਖੀ ਮਾਰਨੀ ਚੰਗੀ ਨਹੀਂ। ਤੁਸੀਂ ਇਹ ਅਖਾਣ ਸੁਣਿਆ ਹੈ, “ਚੁਟਕੀ ਭਰ ਖਮੀਰ ਨਾਲ ਤੌਣ ਉਫ਼ਣ ਆਉਂਦੀ ਹੈ।”
7 ਸਾਰਾ ਪੁਰਾਣਾ ਖਮੀਰ ਲਾ ਦਿਉ ਤਾਂ ਜੋ ਤੁਸੀਂ ਤਾਜ਼ੇ ਆਟੇ ਦੀ ਤੌਣ ਬਣ ਸੱਕੋਂ। ਤੁਸੀਂ ਸੱਚਮੁੱਚ ਖਮੀਰ ਰਹਿਤ ਪਸਾਹ ਦਾ ਭੋਜਨ ਹੋ। ਹਾਂ, ਮਸੀਹ ਸਾਡਾ ਪਸਾਹ ਦਾ ਲੇਲਾ ਹੈ, ਮਸੀਹ ਪਹਿਲਾਂ ਹੀ ਬਲੀ ਚੜ੍ਹ੍ਹ ਚੁੱਕਿਆ ਹੈ।
8 ਇਸ ਲਈ ਆਓ ਅਸੀਂ ਪਸਾਹ ਦਾ ਭੋਜਨ ਕਰੀਏ, ਪਰ ਉਸ ਰੋਟੀ ਨਾਲ ਨਹੀਂ ਜਿਸ ਉੱਪਰ ਪੁਰਾਣਾ ਖਮੀਰ ਚੜ੍ਹ੍ਹਿਆ ਹੋਇਆ ਹੈ। ਇਹ ਖਮੀਰ ਗੁਨਾਹ ਅਤੇ ਬਦੀ ਦਾ ਖਮੀਰ ਹੈ। ਪਰ ਆਓ, ਅਸੀਂ ਖਮੀਰ ਰਹਿਤ ਰੋਟੀ ਖਾਈਏ। ਇਹ ਚੰਗਿਆਈ ਅਤੇ ਸੱਚ ਦੀ ਰੋਟੀ ਹੈ।
9 ਮੈਂ ਤੁਹਾਨੂੰ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਤੁਹਾਨੂੰ ਉਨ੍ਹਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜਿਹੜੇ ਜਿਨਸੀ ਪਾਪ ਕਰਦੇ ਹਨ।
10 ਪਰ ਮੈਂ ਤੁਹਾਨੂੰ ਇਸ ਭਾਵ ਨਾਲ ਨਹੀਂ ਲਿਖਿਆ ਸੀ ਕਿ ਤੁਹਾਨੂੰ ਇਸ ਦੁਨੀਆਂ ਦੇ ਉਨ੍ਹਾਂ ਲੋਕਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜੋ ਅਨੈਤਿਕ ਹਨ, ਜੋ ਜਿਨਸੀ ਪਾਪ ਕਰਦੇ ਹਨ, ਜੋ ਖੁਦਗਰਜ਼ ਹਨ, ਜੋ ਦੂਜਿਆਂ ਨੂੰ ਧੋਖਾ ਦਿੰਦੇ ਹਨ, ਜਾਂ ਉਨ੍ਹਾਂ ਨਾਲ ਜੋ ਮੂਰਤੀਆਂ ਦੀ ਉਪਾਸਨਾ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਤੋਂ ਦੂਰ ਹੋਣਾ ਹੈ ਤਾਂ ਤੁਹਾਨੂੰ ਇਹ ਦੁਨੀਆਂ ਛੱਡਣੀ ਪਵੇਗੀ।
11 ਮੈਂ ਤੁਹਾਨੂੰ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਉਹ ਬੰਦਾ ਜਿਸਦਾ ਤੁਹਾਨੂੰ ਕਦੀ ਸੰਗ ਨਹੀਂ ਕਰਨਾ ਚਾਹੀਦਾ ਉਹ ਅਜਿਹਾ ਹੈ: ਉਹ ਵਿਅਕਤੀ ਜੋ ਆਪਣੇ ਆਪ ਨੂੰ ਈਸਾਈ ਆਖਦਾ ਪਰ ਅਜੇ ਵੀ ਜਿਨਸੀ ਗੁਨਾਹ ਕਰਦਾ, ਜਾਂ ਜੇਕਰ ਉਹ ਖੁਦਗਰਜ਼ ਹੈ, ਜਾਂ ਮੂਰਤੀਆਂ ਦੀ ਉਪਾਸਨਾ ਕਰਦਾ, ਜਾਂ ਦੂਜਿਆਂ ਨੂੰ ਮੰਦੀਆਂ ਗੱਲਾਂ ਬੋਲਦਾ, ਸ਼ਰਾਬੀ ਹੋ ਜਾਂਦਾ ਹੈ, ਜਾਂ ਲੋਕਾਂ ਨੂੰ ਧੋਖਾ ਦਿੰਦਾ, ਤੁਹਾਨੂੰ ਅਜਿਹੇ ਬੰਦੇ ਨਾਲ ਭੋਜਨ ਵੀ ਨਹੀਂ ਕਰਨਾ ਚਾਹੀਦਾ।
12-13 ਉਨ੍ਹਾਂ ਲੋਕਾਂ ਦੀ ਪਰੱਖ ਕਰਨਾ ਮੇਰਾ ਕੰਮ ਨਹੀਂ ਜਿਹੜੇ ਕਲੀਸਿਯਾ ਨਾਲ ਸੰਬੰਧਿਤ ਨਹੀਂ ਹਨ। ਪਰਮੇਸ਼ੁਰ ਉਨ੍ਹਾਂ ਦਾ ਨਿਆਂ ਕਰੇਗਾ। ਤੁਹਾਨੂੰ ਉਨ੍ਹਾਂ ਲੋਕਾਂ ਦੀ ਪਰੱਖ ਕਰਨੀ ਚਾਹੀਦੀ ਹੈ ਜਿਹੜੇ ਕਲੀਸਿਯਾ ਨਾਲ ਸੰਬੰਧਿਤ ਹਨ। ਪੋਥੀਆਂ ਆਖਦੀਆਂ ਹਨ, “ਦੁਸ਼ਟ ਬੰਦੇ ਨੂੰ ਆਪਣੇ ਭਾਈਚਾਰੇ ਵਿੱਚੋਂ ਕੱਢ ਦਿਉ।”