ਕੁਲੁੱਸੀਆਂ ਨੂੰ ਪੱਤ੍ਰੀ
1
ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਂ ਇਸ ਲਈ ਪਰਮੇਸ਼ੁਰ ਦਾ ਰਸੂਲ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਰਜ਼ਾ ਸੀ। ਮਸੀਹ ਵਿੱਚ ਸਾਡੇ ਭਰਾ ਤਿਮੋਥਿਉਸ ਵੱਲੋਂ ਵੀ ਸ਼ੁਭਕਾਮਨਾਵਾਂ।
ਉਨ੍ਹਾਂ ਸਾਰੇ ਪਵਿੱਤਰ ਅਤੇ ਵਫ਼ਾਦਾਰ ਭਰਾਵਾਂ ਨੂੰ ਸ਼ੁਭਕਾਮਨਾਵਾਂ ਜਿਹੜੇ ਮਸੀਹ ਵਿੱਚ ਨਿਹਚਾ ਰੱਖਦੇ ਹਨ ਅਤੇ ਜਿਹੜੇ ਕੁਲੁੱਸੈ ਸ਼ਹਿਰ ਵਿੱਚ ਰਹਿੰਦੇ ਹਨ।
ਪਰਮੇਸ਼ੁਰ ਸਾਡੇ ਪਿਤਾ, ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ।
ਜਦੋਂ ਵੀ ਅਸੀਂ ਤੁਹਾਡੇ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹਾਂ, ਅਸੀਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰਦੇ ਹਾਂ। ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਤੁਹਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰੇਮ ਬਾਰੇ ਸੁਣਿਆ ਹੈ। ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਤੁਸੀਂ ਆਸ ਰੱਖਦੇ ਹੋ ਤੁਹਾਡੇ ਲਈ ਸਵਰਗ ਵਿੱਚ ਸੁਰੱਖਿਆਤ ਰੱਖੀਆਂ ਗਈਆਂ ਹਨ। ਤੁਸੀਂ ਉਸ ਆਸ ਬਾਰੇ ਉਦੋਂ ਸਿੱਖਿਆ ਜਦੋਂ ਤੁਸੀਂ ਸੱਚੇ ਉਪਦੇਸ਼, ਖੁਸ਼ਖਬਰੀ ਨੂੰ ਸੁਣਿਆ ਸੀ। ਜਿਹੜੀ ਖੁਸ਼ਖਬਰੀ ਤੁਹਾਨੂੰ ਕਹੀ ਗਈ ਸੀ ਫ਼ਲ ਦੇ ਰਹੀ ਹੈ ਅਤੇ ਸਾਰੀ ਦੁਨੀਆਂ ਵਿੱਚ ਵੱਧ ਰਹੀ ਹੈ। ਹੁਣ ਤੱਕ ਤੁਹਾਡੇ ਨਾਲ ਵੀ ਉਹੀ ਗੱਲ ਵਾਪਰੀ ਜਿਸ ਸਮੇਂ ਤੋਂ ਤੁਸੀਂ ਖੁਸ਼ਖਬਰੀ ਸੁਣੀ ਅਤੇ ਪਰਮੇਸ਼ੁਰ ਦੀ ਕਿਰਪਾ ਬਾਰੇ ਸੱਚਮੁੱਚ ਸਮਝ ਗਏ। ਤੁਸੀਂ ਪਰਮੇਸ਼ੁਰ ਦੀ ਕਿਰਪਾ ਬਾਰੇ ਸਾਡੇ ਸਾਥੀ ਸੇਵਕ ਇਪਫ਼੍ਰਾਸ ਤੋਂ ਸਿੱਖਿਆ। ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਹ ਮਸੀਹ ਦਾ ਇੱਕ ਵਫ਼ਾਦਾਰ ਨੌਕਰ ਹੈ। ਇਪਾਫ਼੍ਰਾਸ ਨੇ ਸਾਨੂੰ ਤੁਹਾਡੇ ਉਸ ਪ੍ਰੇਮ ਬਾਰੇ ਵੀ ਦੱਸਿਆ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਪਾਸੋਂ ਮਿਲਿਆ ਹੈ।
ਜਿਸ ਦਿਨ ਤੋਂ ਅਸੀਂ ਤੁਹਾਡੇ ਬਾਰੇ ਇਹ ਸਭ ਸੁਣਿਆ ਹੈ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਰਹੇ ਹਾਂ। ਅਸੀਂ ਤੁਹਾਡੇ ਲਈ ਇਨ੍ਹਾਂ ਗੱਲਾਂ ਦੀ ਪ੍ਰਾਰਥਨਾ ਕਰ ਰਹੇ ਹਾਂ:
ਤੁਹਾਨੂੰ ਉਸ ਬਾਰੇ ਪੂਰਾ ਗਿਆਨ ਹੋਵੇ ਜੋ ਪਰਮੇਸ਼ੁਰ ਚਾਹੁੰਦਾ ਹੈ; ਤੁਹਾਡੇ ਕੋਲ ਮਹਾਨ ਸਿਆਣਪ ਅਤੇ ਆਤਮਕ ਗੱਲਾਂ ਵਿੱਚ ਸਮਝਦਾਰੀ ਹੋਵੇ; 10 ਤੁਸੀਂ ਅਜਿਹੇ ਢੰਗ ਨਾਲ ਜੀਵੋ ਜੋ ਪ੍ਰਭੂ ਨੂੰ ਮਾਣ ਲਿਆਉਂਦਾ ਹੋਵੇ ਅਤੇ ਉਸ ਨੂੰ ਹਰ ਤਰ੍ਹਾਂ ਪ੍ਰਸੰਨ ਕਰਦਾ ਹੋਵੇ; ਤੁਸੀਂ ਸਭ ਤਰ੍ਹਾਂ ਦੇ ਚੰਗੇ ਕੰਮ ਕਰ ਸੱਕੋਂ ਅਤੇ ਪਰਮੇਸ਼ੁਰ ਦੇ ਪੂਰਨ ਗਿਆਨ ਵਿੱਚ ਵੱਧ ਸੱਕੋਂ; 11 ਪਰਮੇਸ਼ੁਰ ਤੁਹਾਨੂੰ ਆਪਣੀ ਮਹਾਨ ਸ਼ਕਤੀ ਨਾਲ ਬਲ ਬਖਸ਼ੇ ਤਾਂ ਜੋ ਤੁਸੀਂ ਵੱਡੇ ਸਬਰ ਨਾਲ ਸਾਰੀਆਂ ਤਕਲੀਫ਼ਾਂ ਨੂੰ ਝੱਲ ਸੱਕੋਂ।
ਫ਼ੇਰ ਅਨੰਦ ਨਾਲ, 12 ਤੁਸੀਂ ਪਿਤਾ ਦਾ ਧੰਨਵਾਦ ਕਰੋਂਗ਼ੇ। ਉਸ ਨੇ ਤੁਹਾਨੂੰ ਉਹ ਚੀਜ਼ਾਂ ਹਾਸਿਲ ਕਰਨ ਦੇ ਸਮਰਥ ਬਣਾਇਆ ਹੈ ਜਿਹੜੀਆਂ ਉਸ ਨੇ ਤੁਹਾਡੇ ਲਈ ਤਿਆਰ ਕੀਤੀਆਂ ਹਨ। ਉਸ ਨੇ ਇਹ ਸਭ ਚੀਜ਼ਾਂ ਆਪਣੇ ਉਨ੍ਹਾਂ ਲੋਕਾਂ ਲਈ ਤਿਆਰ ਕੀਤੀਆਂ ਹਨ ਜਿਹੜੇ ਰੌਸ਼ਨੀ ਵਿੱਚ ਰਹਿੰਦੇ ਹਨ। 13 ਪਰਮੇਸ਼ੁਰ ਨੇ ਸਾਨੂੰ ਉਸ ਸ਼ਕਤੀ ਤੋਂ ਮੁਕਤ ਕਰਾਇਆ ਜਿਹੜੀ ਹਨੇਰੇ ਤੇ ਸ਼ਾਸਨ ਕਰਦੀ ਹੈ। ਅਤੇ ਸਾਨੂੰ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਲਿਆਇਆ। 14 ਉਸ ਪੁੱਤਰ ਨੇ ਸਾਡੇ ਪਾਪਾਂ ਦਾ ਮੁੱਲ ਤਾਰਿਆ ਹੈ, ਉਸ ਵਿੱਚ ਅਸੀਂ ਆਪਣੇ ਪਾਪਾਂ ਤੋਂ ਬਖਸ਼ੇ ਗਏ ਹਾਂ।
ਜਦੋਂ ਅਸੀਂ ਮਸੀਹ ਵੱਲ ਦੇਖਦੇ ਹਾਂ ਸਾਨੂੰ ਪਰਮੇਸ਼ੁਰ ਨਜ਼ਰ ਆਉਂਦਾ ਹੈ
15 ਕੋਈ ਵੀ ਇਨਸਾਨ ਪਰਮੇਸ਼ੁਰ ਦਾ ਦੀਦਾਰ ਨਹੀਂ ਕਰ ਸੱਕਦਾ।
ਪਰ ਯਿਸੂ ਬਿਲਕੁਲ ਪਰਮੇਸ਼ੁਰ ਵਰਗਾ ਹੈ।
ਯਿਸੂ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਹਾਕਮ ਹੈ ਜੋ ਸਾਜੀਆਂ ਗਈਆਂ ਹਨ।
16 ਸਵਰਗ ਵਿੱਚ ਜਾਂ ਧਰਤੀ ਉਤਲੀਆਂ ਚੀਜ਼ਾਂ,
ਪ੍ਰਤੱਖ ਚੀਜ਼ਾਂ ਜਾਂ ਅਪ੍ਰਤੱਖ ਚੀਜ਼ਾਂ, ਸਿੰਘਾਸਨ ਅਤੇ ਅਧਿਕਾਰ,
ਹਾਕਮ ਅਤੇ ਸ਼ਕਤੀਆਂ ਸਾਰੀਆਂ ਚੀਜ਼ਾਂ ਉਸੇ ਰਾਹੀਂ
ਅਤੇ ਉਸੇ ਲਈ ਸਾਜੀਆਂ ਗਈਆਂ ਹਨ।
17 ਕੋਈ ਵੀ ਚੀਜ਼ ਸਾਜੇ ਜਾਣ ਤੋਂ ਪਹਿਲਾਂ ਮਸੀਹ ਇੱਥੇ ਮੌਜੂਦ ਸੀ।
ਅਤੇ ਉਸ ਦੇ ਕਾਰਣ ਸਾਰੀਆਂ ਚੀਜ਼ਾਂ ਦੀ ਹੋਂਦ ਹੈ।
18 ਮਸੀਹ ਸਰੀਰ ਦਾ ਮੁਖੀ ਹੈ।
ਜੋ ਕਿ ਕਲੀਸਿਯਾ ਹੈ।
ਸਭ ਚੀਜ਼ਾਂ ਉਸ ਵੱਲੋਂ ਆਉਂਦੀਆਂ ਹਨ।
ਅਤੇ ਉਹੀ ਪਹਿਲਾਂ ਹੈ ਜੋ ਕਿ ਮੁਰਦੇ ਤੋਂ ਜਿਵਾਲਿਆ ਗਿਆ ਸੀ,
ਇਸ ਲਈ ਸਾਰੀਆਂ ਚੀਜ਼ਾਂ ਵਿੱਚੋਂ ਮਸੀਹ ਸਭ ਤੋਂ ਮੱਹਤਵਪੂਰਣ ਹੈ।
19 ਮਸੀਹ ਵਿੱਚ ਪੂਰੀ ਤਰ੍ਹਾਂ ਰਹਿਣ ਵਿੱਚ ਪਰਮੇਸ਼ੁਰ ਦੀ ਖੁਸ਼ੀ ਸੀ।
20 ਮਸੀਹ ਰਾਹੀ ਪਰਮੇਸ਼ੁਰ ਸਾਰੀਆਂ ਚੀਜ਼ਾਂ, ਧਰਤੀ ਉੱਤੇ ਦੀਆਂ ਅਤੇ ਸਵਰਗ ਵਿੱਚ ਦੀਆਂ ਚੀਜ਼ਾਂ,
ਫ਼ੇਰ ਆਪਣੇ ਵੱਲ ਵਾਪਸ ਲਿਆਉਣੀਆਂ ਚਾਹੁੰਦਾ ਸੀ।
ਪਰਮੇਸ਼ੁਰ ਨੇ ਸ਼ਾਂਤੀ ਬਨਾਉਣ ਦੁਆਰਾ ਮਸੀਹ ਦੇ ਲਹੂ ਰਾਹੀਂ, ਜੋ ਸਲੀਬ ਉੱਤੇ ਡੁਲ੍ਹਿਆ ਸੀ, ਸਾਰੀਆਂ ਚੀਜ਼ਾਂ ਦਾ ਮੇਲ ਮਿਲਾਪ ਕਰਾ ਦਿੱਤਾ।
21 ਅਤੀਤ ਵਿੱਚ, ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਤੁਸੀਂ ਆਪਣੇ ਮਨਾਂ ਅਤੇ ਆਪਣੇ ਦਿਲਾਂ ਵਿੱਚ ਵੀ ਉਸ ਦੇ ਦੁਸ਼ਮਣ ਸੀ। ਤੁਹਾਡੀਆਂ ਬਦਕਾਰੀਆਂ ਨੇ ਸਾਬਤ ਕਰ ਦਿੱਤਾ ਕਿ ਇਹ ਸੱਚ ਸੀ। 22 ਪਰ ਹੁਣ ਮਸੀਹ ਨੇ ਤੁਹਾਨੂੰ ਫ਼ੇਰ ਪਰਮੇਸ਼ੁਰ ਦੇ ਮਿੱਤਰ ਬਣਾ ਦਿੱਤਾ ਹੈ। ਮਸੀਹ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਸਰੀਰ ਧਾਰੀ ਸੀ। ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾ ਜੋ ਉਹ ਤੁਹਾਨੂੰ ਪਰਮੇਸ਼ੁਰ ਅੱਗੇ ਪਵਿੱਤਰ, ਦੋਸ਼ ਰਹਿਤ, ਬਿਨਾ ਇਲਜ਼ਾਮ ਦੇ ਲਿਆ ਸੱਕੇ। 23 ਮਸੀਹ ਅਜਿਹਾ ਹੀ ਕਰੇਗਾ ਤਾਂ ਜੋ ਤੁਸੀਂ ਉਸ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਦੇ ਰਹੋ ਜਿਹੜੀ ਤੁਸੀਂ ਸੁਣੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋਣਾ ਜਾਰੀ ਰੱਖੋਗੇ ਅਤੇ ਉਸ ਉਮੀਦ ਤੋਂ ਪਰ੍ਹਾਂ ਨਹੀਂ ਹਟੋਂਗੇ ਜੋ ਖੁਸ਼ਖਬਰੀ ਨੇ ਤੁਹਾਨੂੰ ਦਿੱਤੀ ਹੈ। ਇਸੇ ਖੁਸ਼ਖਬਰੀ ਦਾ ਪ੍ਰਚਾਰ ਦੁਨੀਆਂ ਦੇ ਸਮੂਹ ਲੋਕਾਂ ਨੂੰ ਕੀਤਾ ਗਿਆ ਹੈ। ਕਿ ਮੈਂ ਪੌਲੁਸ ਉਸਦਾ ਸੇਵਕ ਹੀ ਬਣ ਗਿਆ ਹਾਂ।
ਪੌਲੁਸ ਦਾ ਕਲੀਸਿਯਾ ਲਈ ਕਾਰਜ
24 ਤੁਹਾਡੇ ਲਈ ਦੁੱਖ ਝੱਲਣ ਵਿੱਚ ਮੈਨੂੰ ਖੁਸ਼ੀ ਹੈ। ਕਲੀਸਿਯਾ ਦੀ ਖਾਤਿਰ ਹਾਲੇ ਮਸੀਹ ਲਈ ਜੋ ਵੀ ਦੁੱਖ ਬਾਕੀ ਹਨ। ਮੈਂ ਉਨ੍ਹਾਂ ਤਕਲੀਫ਼ਾਂ ਨੂੰ ਆਪਣੇ ਸਰੀਰ ਉੱਤੇ ਪ੍ਰਵਾਨ ਕਰਦਾ ਹਾਂ। ਮੈਂ ਉਸ ਦੇ ਸਰੀਰ, ਕਲੀਸਿਯਾ ਲਈ ਤਕਲੀਫ਼ਾਂ ਝੱਲਦਾ ਹਾ। 25 ਮੈਂ ਕਲੀਸਿਯਾ ਦਾ ਸੇਵਕ ਬਣ ਗਿਆ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਲਾਭ ਲਈ ਇੱਕ ਖਾਸ ਕੰਮ ਕਰਨ ਲਈ ਦਿੱਤਾ ਹੈ। ਮੇਰਾ ਕਾਰਜ ਪਰਮੇਸ਼ੁਰ ਦੇ ਉਪਦੇਸ਼ ਨੂੰ ਪੂਰੀ ਤਰ੍ਹਾਂ ਦੱਸਣਾ ਹੈ। 26 ਇਹ ਉਪਦੇਸ਼ ਉਹ ਗੁਪਤ ਸੱਚ ਹੈ ਜੋ ਸਦੀਆਂ ਅਤੇ ਪੀੜ੍ਹੀਆਂ ਤੱਕ ਲੋਕਾਂ ਤੋਂ ਲੁਕਾਇਆ ਹੋਇਆ ਸੀ। ਪਰ ਹੁਣ ਇਹ ਸੱਚ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਜਾਹਰ ਕੀਤਾ ਗਿਆ ਹੈ। 27 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਇਹ ਪਤਾ ਲਗਾਉਣ ਦਾ ਨਿਰਨਾ ਕਰ ਲਿਆ ਕਿ ਇਹ ਸੱਚ ਕਿੰਨਾ ਅਮੀਰ ਅਤੇ ਮਹਿਮਾਮਈ ਹੈ। ਇਹ ਗੁਪਤ ਸੱਚ ਸਮੂਹ ਕੌਮਾਂ ਲਈ ਹੈ। ਇਹ ਸੱਚਾਈ ਖੁਦ ਮਸੀਹ ਹੈ ਜਿਸਦਾ ਨਿਵਾਸ ਤੁਹਾਡੇ ਅੰਦਰ ਹੈ ਮਹਿਮਾ ਲਈ ਉਹ ਸਾਡੀ ਇੱਕੋ ਇੱਕ ਉਮੀਦ ਹੈ। 28 ਇਸ ਲਈ ਅਸੀਂ ਲੋਕਾਂ ਨੂੰ ਮਸੀਹ ਬਾਰੇ ਦੱਸਦੇ ਰਹਿੰਦੇ ਹਾਂ। ਅਸੀਂ ਹਰ ਇੱਕ ਨੂੰ ਤਕੜਾ ਕਰਨ ਅਤੇ ਹਰ ਇੱਕ ਨੂੰ ਉਪਦੇਸ਼ ਦੇਣ ਲਈ ਸਾਰੀ ਸਿਆਣਪ ਦਾ ਇਸਤੇਮਾਲ ਕਰਦੇ ਹਾਂ। ਅਸੀਂ ਸਮੂਹ ਲੋਕਾਂ ਨੂੰ ਪਰਮੇਸ਼ੁਰ ਦੀ ਹਜੂਰੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਕਿ ਉਹ ਮਸੀਹ ਦੇ ਨਮਿਤ ਆਤਮਕ ਤੌਰ ਤੇ ਸੰਪੂਰਣ ਹੋ ਜਾਣ। 29 ਇਸ ਮੰਤਵ ਨਾਲ, ਮੈਂ ਉਸ ਤਾਕਤ ਨਾਲ ਸਖਤ ਮਿਹਨਤ ਕਰਦਾ ਹਾਂ ਜੋ ਮਸੀਹ ਮੈਨੂੰ ਦਿੰਦਾ ਹੈ। ਉਹ ਸ਼ਕਤੀ ਮੇਰੇ ਜੀਵਨ ਵਿੱਚ ਕਾਰਜ ਕਰ ਰਹੀ ਹੈ।