ਮੂਸਾ ਦਾ ਦੇਹਾਂਤ
34
ਮੂਸਾ ਨਬੋ ਪਰਬਤ ਉੱਪਰ ਚੜ੍ਹ ਗਿਆ। ਮੂਸਾ ਮੋਆਬ ਦੀ ਯਰਦਨ ਨਦੀ ਵਿੱਚੋਂ ਪਿਸਗਾਹ ਪਰਬਤ ਦੀ ਚੋਟੀ ਉੱਤੇ ਚੱਲਾ ਗਿਆ। ਇਹ ਥਾਂ ਯਰੀਹੋ ਤੋਂ ਯਰਦਨ ਨਦੀ ਦੇ ਪਾਰ ਸੀ। ਯਹੋਵਾਹ ਨੇ ਮੂਸਾ ਨੂੰ ਗਿਲਆਦ ਤੋਂ ਦਾਨ ਤੱਕ ਦੀ ਸਾਰੀ ਧਰਤੀ ਦਿਖਾਈ। ਯਹੋਵਾਹ ਨੂੰ ਉਸ ਨੂੰ ਨਫ਼ਤਾਲੀ, ਅਫ਼ਰਾਈਮ ਅਤੇ ਮਨੱਸ਼ਹ ਦੀ ਸਾਰੀ ਧਰਤੀ ਦਿਖਾਈ। ਉਸ ਨੇ ਉਸ ਨੂੰ ਭੁਮੱਧ ਸਾਗਰ ਤੱਕ ਦੀ ਯਹੂਦਾਹ ਦੀ ਸਰੀ ਧਰਤੀ ਦਿਖਾਈ। ਯਹੋਵਾਹ ਨੇ ਮੂਸਾ ਨੂੰ ਨੇਗੇਵ ਅਤੇ ਉਹ ਵਾਦੀ ਦਿਖਾਈ ਜਿਹੜੀ ਸੋਆਰ ਤੋਂ ਯਰੀਹੋ ਨੂੰ, ਪਾਮ ਦੇ ਰੁੱਖਾਂ ਵਾਲੇ ਸ਼ਹਿਰ ਵੱਲ ਜਾਂਦੀ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ, “ਇਹੀ ਉਹ ਧਰਤੀ ਹੈ ਜਿਸਦਾ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਆਖਿਆ ਸੀ, ‘ਮੈਂ ਇਹ ਧਰਤੀ ਤੁਹਾਡੇ ਉੱਤਰਾਧਿਕਾਰੀਆਂ ਨੂੰ ਦਿਆਂਗਾ। ਮੈਂ ਤੁਹਾਨੂੰ ਇਹ ਧਰਤੀ ਦਿਖਾ ਦਿੱਤੀ ਹੈ, ਪਰ ਤੂੰ ਉੱਥੇ ਜਾ ਨਹੀਂ ਸੱਕਦਾ।’”
ਫ਼ੇਰ ਮੂਸਾ, ਯਹੋਵਾਹ ਦਾ ਸੇਵਕ, ਉੱਥੇ ਮੋਆਬ ਦੀ ਧਰਤੀ ਉੱਤੇ ਮਰ ਗਿਆ। ਯਹੋਵਾਹ ਨੇ ਮੂਸਾ ਨੂੰ ਦੱਸਿਆ ਸੀ ਕਿ ਇਹ ਗੱਲ ਵਾਪਰੇਗੀ। ਯਹੋਵਾਹ ਨੇ ਮੂਸਾ ਨੂੰ ਮੋਆਬ ਵਿੱਚ ਦਫ਼ਨ ਕਰ ਦਿੱਤਾ। ਇਹ ਥਾਂ ਬੈਤ-ਪਓਰ ਦੇ ਸਾਹਮਣੇ ਦੀ ਵਾਦੀ ਅੰਦਰ ਸੀ। ਪਰ ਅੱਜ ਤੱਕ ਵੀ ਕੋਈ ਬੰਦਾ ਇਹ ਨਹੀਂ ਜਾਣਦਾ ਕਿ ਮੂਸਾ ਦੀ ਕਬਰ ਠੀਕ ਕਿਹੜੇ ਥਾਵੇਂ ਹੈ। ਮੂਸਾ ਜਦੋਂ ਮਰਿਆ, ਉਹ 120 ਵਰ੍ਹਿਆ ਦਾ ਸੀ। ਉਹ ਪਹਿਲਾਂ ਵਾਂਗ ਹੀ ਤਕੜਾ ਸੀ ਅਤੇ ਉਸ ਦੀਆਂ ਅੱਖਾਂ ਦੀ ਦ੍ਰਿਸ਼ਟੀ ਚੰਗੀ ਸੀ। ਇਸਰਾਏਲ ਦੇ ਲੋਕਾਂ ਨੇ 30 ਦਿਨ ਤੱਕ ਮੂਸਾ ਦਾ ਸੋਗ ਮਨਾਇਆ। ਉਹ ਸੋਗ ਦਾ ਸਮਾ ਖਤਮ ਹੋਣ ਤੱਕ ਮੋਆਬ ਵਿੱਚ ਯਰਦਨ ਵਾਦੀ ਵਿੱਚ ਹੀ ਰਹੇ।
ਯਹੋਸ਼ੁਆ ਨਵਾਂ ਆਗੂ ਬਣਦਾ ਹੈ
ਮੂਸਾ ਨੇ ਆਪਣੇ ਹੱਥ ਯਹੋਸ਼ੁਆ ਉੱਤੇ ਰੱਖ ਦਿੱਤੇ। ਫ਼ੇਰ ਯਹੋਸ਼ੁਆ ਨੂਨ ਦਾ ਪੁੱਤਰ ਸਿਆਣਪ ਨਾਲ ਭਰ ਗਿਆ। ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਸ਼ੁਆ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਬਾਰੇ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
10 ਇਸਰਾਏਲ, ਦੇ ਨਬੀਆਂ ਵਿੱਚੋਂ, ਹੋਰ ਕੋਈ ਵੀ ਮੂਸਾ ਵਰਗਾ ਨਹੀਂ ਸੀ: ਯਹੋਵਾਹ ਮੂਸਾ ਨੂੰ ਸਨਮੁਖੀ ਜਾਣਦਾ ਸੀ। 11 ਯਹੋਵਾਹ ਨੇ ਮੂਸਾ ਨੂੰ ਮਿਸਰ ਦੀ ਧਰਤੀ ਵਿੱਚ ਸ਼ਕਤੀਸ਼ਾਲੀ ਚਮਤਕਾਰ ਕਰਨ ਲਈ ਭੇਜਿਆ ਸੀ। ਫ਼ਿਰਊਨ, ਉਸ ਦੇ ਸਾਰੇ ਅਧਿਕਾਰੀਆਂ ਅਤੇ ਮਿਸਰ ਦੇ ਸਮੂਹ ਲੋਕਾਂ ਨੇ ਉਹ ਚਮਤਕਾਰ ਦੇਖੇ। 12 ਕਿਸੇ ਵੀ ਹੋਰ ਨਬੀ ਨੇ ਕਦੇ ਵੀ ਉਹ ਸਾਰੀਆਂ ਮਹਾਨ ਅਤੇ ਹੈਰਾਨਕੁਨ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਮੂਸਾ ਨੇ ਕੀਤੀਆਂ। ਇਸਰਾਏਲ ਦੇ ਸਮੂਹ ਲੋਕਾਂ ਨੇ ਉਹ ਸਾਰੀਆਂ ਗੱਲਾਂ ਦੇਖੀਆਂ ਜੋ ਮੂਸਾ ਨੇ ਕੀਤੀਆਂ।