ਯਾਕੂਬ ਦੀ ਪੱਤ੍ਰੀ
1
ਇਹ ਪੱਤਰ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਸੇਵਕ ਯਾਕੂਬ ਵੱਲੋਂ, ਦੁਨੀਆਂ ਵਿੱਚ ਹਰ ਥਾਂ ਖਿੱਲਰੇ ਹੋਏ ਪਰਮੇਸ਼ੁਰ ਦੇ ਲੋਕਾਂ ਨੂੰ ਲਿਖਿਆ ਗਿਆ ਹੈ; ਸ਼ੁਭਕਾਮਨਾਵਾਂ।
ਵਿਸ਼ਵਾਸ ਅਤੇ ਸਿਆਣਪ
ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਕਈ ਤਰ੍ਹਾਂ ਦੇ ਕਸ਼ਟਾਂ ਦਾ ਸਾਹਮਣਾ ਕਰੋਂਗੇ। ਪਰ ਜਦੋਂ ਇਹ ਗੱਲਾਂ ਵਾਪਰਨ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। ਕਿਉਂ? ਕਿਉਂ ਕਿ ਤੁਸੀਂ ਜਾਣਦੇ ਹੋ ਕਿ ਇਹ ਸਭ ਗੱਲਾਂ ਤੁਹਾਡੀ ਨਿਹਚਾ ਨੂੰ ਪਰੱਖਣ ਲਈ ਵਾਪਰੀਆਂ ਹਨ ਤਾਂ ਜੋ ਤੁਸੀਂ ਇਨ੍ਹਾਂ ਗੱਲਾਂ ਨੂੰ ਸਬਰ ਨਾਲ ਸਹਿਨ ਕਰਨਾ ਸਿੱਖ ਲਵੋਂ। ਜੋ ਕੁਝ ਵੀ ਤੁਸੀਂ ਕਰਦੇ ਹੋ ਉਸ ਵਿੱਚ ਪੂਰਨ ਤੌਰ ਤੇ ਸਬਰ ਦਰਸ਼ਾਓ। ਫ਼ੇਰ ਤੁਸੀਂ ਸਹੀ ਅਤੇ ਸੰਪੂਰਣ ਹੋ ਜਾਵੋਂਗੇ ਅਤੇ ਹਰ ਚੀਜ਼ ਜੋ ਤੁਹਾਨੂੰ ਲੋੜੀਂਦੀ ਹੈ, ਪ੍ਰਾਪਤ ਕਰ ਲਵੋਂਗੇ।
ਪਰ ਜੇ ਤੁਹਾਡੇ ਵਿੱਚੋਂ ਕੋਈ ਸਿਆਣਪ ਲੋੜਦਾ ਹੈ ਤਾਂ ਤੁਹਾਨੂੰ ਇਹ ਪਰਮੇਸ਼ੁਰ ਪਾਸੋਂ ਮੰਗਣੀ ਚਾਹੀਦੀ ਹੈ। ਪਰਮੇਸ਼ੁਰ ਉਦਾਰ ਹੈ। ਉਹ ਸਮੂਹ ਲੋਕਾਂ ਨੂੰ ਦਾਤਾਂ ਦੇਕੇ ਪ੍ਰਸੰਨ ਹੁੰਦਾ ਹੈ। ਇਸ ਲਈ ਪਰਮੇਸ਼ੁਰ ਤੁਹਾਨੂੰ ਸਿਆਣਪ ਦੇਵੇਗਾ। ਪਰ ਜਦੋਂ ਤੁਸੀਂ ਪਰਮੇਸ਼ੁਰ ਪਾਸੋਂ ਮੰਗੋ ਤਾਂ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਪਰਮੇਸ਼ੁਰ ਉੱਪਰ ਸ਼ੰਕਾ ਨਾ ਕਰੋ। ਜਿਹੜਾ ਵਿਅਕਤੀ ਸ਼ੰਕਾ ਕਰਦਾ ਹੈ ਉਹ ਸਮੁੰਦਰ ਵਿੱਚਲੀ ਲਹਿਰ ਵਰਗਾ ਹੈ। ਹਵਾ ਉਸ ਨੂੰ ਉੱਪਰ ਹੇਠਾਂ ਕਰਦੀ ਹੈ। ਸ਼ੰਕਾਲੂ ਵਿਅਕਤੀ ਉਸ ਲਹਿਰ ਵਰਗਾ ਹੈ। 7-8 ਸ਼ੰਕਾਲੂ ਵਿਅਕਤੀ ਇੱਕੋ ਵੇਲੇ ਦੋ ਗੱਲਾਂ ਸੋਚ ਰਿਹਾ ਹੁੰਦਾ ਹੈ। ਉਹ ਆਪਣੀ ਕਿਸੇ ਵੀ ਕਰਨੀ ਦਾ ਫ਼ੈਸਲਾ ਨਹੀਂ ਕਰ ਸੱਕਦਾ। ਇਹੋ ਜਿਹੇ ਵਿਅਕਤੀ ਨੂੰ ਸੋਚਣਾ ਵੀ ਨਹੀਂ ਚਾਹੀਦਾ ਕਿ ਉਹ ਪ੍ਰਭੂ ਪਾਸੋਂ ਕੁਝ ਪ੍ਰਾਪਤ ਕਰੇਗਾ।
ਅਸਲੀ ਦੌਲਤ
ਜੇਕਰ ਕੋਈ ਸ਼ਰਧਾਲੂ ਗਰੀਬ ਹੈ, ਤਾਂ ਉਸ ਨੂੰ ਇਸ ਬਾਰੇ ਮਾਨ ਕਰਨ ਦਿਉ। ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਆਤਮਕ ਤੌਰ ਤੇ ਅਮੀਰ ਬਣਾਇਆ ਹੈ। 10 ਜੇਕਰ ਕੋਈ ਸ਼ਰਧਾਲੂ ਅਮੀਰ ਹੈ, ਤਾਂ ਉਸ ਨੂੰ ਘਮੰਡ ਕਰਨ ਦਿਉ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਦਰਸ਼ਾਇਆ ਹੈ ਕਿ ਉਹ ਆਤਮਕ ਤੌਰ ਤੇ ਗਰੀਬ ਹੈ। ਇੱਕ ਅਮੀਰ ਆਦਮੀ ਜੰਗਲੀ ਫ਼ੁੱਲ ਵਾਂਗ ਅਲੋਪ ਹੋ ਜਾਵੇਗਾ। 11 ਸੂਰਜ ਚੜ੍ਹ੍ਹਦਾ ਹੈ ਤੇ ਪਲ-ਪਲ ਗਰਮ ਹੁੰਦਾ ਜਾਂਦਾ ਹੈ। ਸੂਰਜ ਦੀ ਗਰਮੀ ਪੌਦੇ ਨੂੰ ਬਹੁਤ ਸੁਕਾ ਦਿੰਦੀ ਹੈ। ਫ਼ੁੱਲ ਝੜ ਜਾਂਦਾ ਹੈ। ਫ਼ੁੱਲ ਬਹੁਤ ਖੂਬਸੂਰਤ ਸੀ ਪਰ ਹੁਣ ਇਹ ਮੁਰਦਾ ਹੈ। ਅਮੀਰ ਆਦਮੀ ਨਾਲ ਵੀ ਇਵੇਂ ਹੀ ਹੁੰਦਾ ਹੈ। ਜਦੋਂ ਹਾਲੇ ਉਹ ਆਪਣੇ ਕਾਰੋਬਾਰ ਲਈ ਵਿਉਂਤਾ ਹੀ ਬਣਾ ਰਿਹਾ ਹੋਵੇਗਾ, ਉਹ ਮਰ ਜਾਵੇਗਾ।
ਪਰਤਾਵਾ ਪਰਮੇਸ਼ੁਰ ਵੱਲੋਂ ਨਹੀਂ ਆਉਂਦਾ
12 ਜਦੋਂ ਕਿਸ ਵਿਅਕਤੀ ਦੀ ਨਿਹਚਾ ਪਰੱਖੀ ਜਾਂਦੀ ਹੈ, ਤੇ ਫ਼ੇਰ ਉਹ ਮਜਬੂਤ ਬਣਿਆ ਰਹਿੰਦਾ ਹੈ, ਤਾਂ ਉਸ ਨੂੰ ਖੁਸ਼ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਜਦੋਂ ਉਸ ਨੇ ਆਪਣਾ ਵਿਸ਼ਵਾਸ ਸਾਬਤ ਕਰ ਦਿੱਤਾ ਹੈ, ਉਹ ਪਰਮੇਸ਼ੁਰ ਪਾਸੋਂ ਸਦੀਪਕ ਜੀਵਨ ਦਾ ਤਾਜ ਪ੍ਰਾਪਤ ਕਰੇਗਾ। ਪਰਮੇਸ਼ੁਰ ਨੇ ਇਸ ਗੱਲ ਦਾ ਵਾਅਦਾ ਉਨ੍ਹਾਂ ਸਮੂਹ ਲੋਕਾਂ ਨੂੰ ਦਿੱਤਾ ਹੈ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ। 13 ਜਦੋਂ ਕਿਸੇ ਵਿਅਕਤੀ ਨੂੰ ਪਰਤਾਇਆ ਜਾਂਦਾ ਹੈ ਤਾਂ ਉਸ ਨੂੰ ਇਹ ਨਹੀਂ ਆਖਣਾ ਚਾਹੀਦਾ, “ਪਰਮੇਸ਼ੁਰ ਮੈਨੂੰ ਪਰਤਾਉਂਦਾ ਹੈ।” ਬਦੀ ਪਰਮੇਸ਼ੁਰ ਨੂੰ ਨਹੀਂ ਪਰਤਾ ਸੱਕਦੀ। ਅਤੇ ਪਰਮੇਸ਼ੁਰ ਖੁਦ ਕਿਸੇ ਨੂੰ ਨਹੀਂ ਲਲਚਾਉਂਦਾ। 14 ਉਹ ਮੰਦੀਆਂ ਗੱਲਾਂ ਜਿਨ੍ਹਾਂ ਦੀ ਕੋਈ ਵਿਅਕਤੀ ਕਾਮਨਾ ਕਰਦਾ ਹੈ, ਉਹੀ ਹਨ ਜੋ ਉਸ ਨੂੰ ਪਰਤਾਉਂਦੀਆਂ ਹਨ। ਉਸ ਦੀਆਂ ਆਪਣੀਆਂ ਦੁਸ਼ਟ ਇੱਛਾਵਾਂ ਉਸ ਨੂੰ ਦੂਰ ਲੈ ਜਾਂਦੀਆਂ ਹਨ ਅਤੇ ਉਸ ਨੂੰ ਵਰਗਲਾਉਣਗੀਆਂ। 15 ਇਹੀ ਕਾਮਨਾ ਪਾਪ ਪੈਦਾ ਕਰਦੀ ਹੈ। ਅਤੇ ਜਦੋਂ ਪਾਪ ਪੂਰੀ ਤਰ੍ਹਾਂ ਹੋ ਜਾਂਦਾ ਹੈ ਤਾਂ ਇਹ ਮੌਤ ਲਿਆਉਂਦਾ ਹੈ।
16 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਇਸ ਗੱਲੋਂ ਮੂਰਖ ਨਾ ਬਣੋ। 17 ਹਰ ਚੰਗੀ ਚੀਜ਼ ਪਰਮੇਸ਼ੁਰ ਵੱਲੋਂ ਆਉਂਦੀ ਹੈ। ਅਤੇ ਹਰ ਸੰਪੂਰਣ ਦਾਤ ਪਰਮੇਸ਼ੁਰ ਵੱਲੋਂ ਆਉਂਦੀ ਹੈ। ਇਹ ਸਾਰੀਆਂ ਚੰਗੀਆਂ ਦਾਤਾਂ ਪਿਤਾ ਵੱਲੋਂ ਆਉਂਦੀਆਂ ਹਨ ਜਿਸਨੇ ਅਕਾਸ਼ ਵਿੱਚਲੀਆਂ ਸਮੂਹ ਰੋਸ਼ਨੀਆਂ ਬਣਾਈਆਂ ਹਨ। ਪਰ ਪਰਮੇਸ਼ੁਰ ਇਨ੍ਹਾਂ ਰੋਸ਼ਨੀਆਂ ਵਾਂਗ ਕਦੇ ਵੀ ਤਬਦੀਲ ਨਹੀਂ ਹੁੰਦਾ। ਉਹ ਸਦਾ ਇੱਕੋ ਜਿਹਾ ਹੀ ਰਹਿੰਦਾ ਹੈ। 18 ਪਰਮੇਸ਼ੁਰ ਨੇ ਸਾਨੂੰ ਸੱਚ ਦੇ ਸ਼ਬਦ ਰਾਹੀਂ ਜੀਵਨ ਦੇਣ ਦਾ ਨਿਰਨਾ ਕੀਤਾ। ਉਹ ਚਾਹੁੰਦਾ ਕਿ ਅਸੀਂ ਉਸ ਦੀਆਂ ਸਾਜੀਆਂ ਹੋਈਆਂ ਸਮੂਹ ਚੀਜ਼ਾਂ ਵਿੱਚ ਸਭ ਤੋਂ ਮਹੱਤਵਪੂਰਣ ਹੋਈਏ।
ਸੁਣਨਾ ਅਤੇ ਮੰਨਣਾ
19 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਹਮੇਸ਼ਾ ਬੋਲਣ ਨਾਲੋਂ ਸੁਣਨ ਦੇ ਵੱਧੇਰੇ ਇੱਛੁਕ ਬਣੋ। ਛੇਤੀ ਹੀ ਗੁੱਸੇ ਵਿੱਚ ਨਾ ਆਓ। 20 ਕਿਸੇ ਵਿਅਕਤੀ ਦਾ ਗੁੱਸਾ ਉਸ ਨੂੰ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਸਹੀ ਜੀਵਨ ਜਿਉਣ ਵਿੱਚ ਮਦਦ ਨਹੀਂ ਕਰਦਾ। 21 ਇਸ ਲਈ ਆਪਣੇ ਜੀਵਨ ਵਿੱਚੋਂ ਹਰ ਬਦੀ ਨੂੰ ਕੱਢ ਦਿਉ ਅਤੇ ਹਰ ਉਹ ਮੰਦੀ ਗੱਲ ਜਿਹੜੀ ਤੁਸੀਂ ਕਰਦੇ ਹੋ। ਨਿਮਾਣੇ ਬਣੋ ਅਤੇ ਪਰਮੇਸ਼ੁਰ ਦੇ ਉਸ ਉਪਦੇਸ਼ ਨੰ ਪ੍ਰਵਾਨ ਕਰੋ ਜਿਹੜਾ ਤੁਹਾਡੇ ਹਿਰਦੇ ਵਿੱਚ ਬੀਜਿਆ ਗਿਆ ਹੈ। ਇਹ ਉਪਦੇਸ਼ ਤੁਹਾਨੂੰ ਬਚਾ ਸੱਕਦਾ ਹੈ।
22 ਉਹੀ ਕਰੋ ਜੋ ਪਰਮੇਸ਼ੁਰ ਦੀ ਸਿੱਖਿਆ ਆਖਦੀ ਹੈ। ਸਿਰਫ਼ ਸੁਣੋ ਹੀ ਨਾ ਅਤੇ ਅਮਲ ਵੀ ਕਰੋ। ਕਿਉਂ? ਕਿਉਂਕਿ ਜਦੋਂ ਤੁਸੀਂ ਬੈਠੇ ਬੈਠੇ ਸੁਣਦੇ ਹੀ ਰਹਿੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਮੂਰਖ ਬਣਾ ਰਹੇ ਹੁੰਦੇ ਹੋ। 23 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸੁਣਦਾ ਹੈ ਤੇ ਅਮਲ ਨਹੀਂ ਕਰਦਾ ਤਾਂ ਉਹ ਇਸ ਤਰ੍ਹਾਂ ਦਾ ਹੈ; ਉਹ ਉਸ ਬੰਦੇ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ। 24 ਉਹ ਵਿਅਕਤੀ ਆਪਣੇ ਆਪ ਨੂੰ ਦੇਖਦਾ ਹੈ, ਫ਼ੇਰ ਤੁਰ ਜਾਂਦਾ ਹੈ ਅਤੇ ਛੇਤੀ ਹੀ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਦਿੱਸਦਾ ਸੀ। 25 ਪਰ ਇੱਕ ਆਦਮੀ ਜਿਹੜਾ ਸੱਚ ਮੁੱਚ ਖੁਸ਼ ਹੈ, ਉਹੀ ਹੈ ਜਿਹੜਾ ਪਰਮੇਸ਼ੁਰ ਦੇ ਪਰੀਪੂਰਣ ਨੇਮ ਨੂੰ ਪੜ੍ਹਦਾ ਹੈ ਜੋ ਲੋਕਾਂ ਨੂੰ ਅਜ਼ਾਦ ਕਰਦਾ ਹੈ। ਉਹ ਇਸ ਨੂੰ ਪੜ੍ਹਦਾ ਹੀ ਰਹਿੰਦਾ ਹੈ। ਉਹ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਧਿਆਨ ਨਾਲ ਬਿਨਾ ਭੁਲਾਇਆਂ ਸੁਣਦਾ ਹੈ, ਕਿ ਉਸ ਨੇ ਕੀ ਸੁਣਿਆ। ਫ਼ੇਰ ਉਹ ਪਰਮੇਸ਼ੁਰ ਦੇ ਉਪਦੇਸ਼ਾਂ ਤੇ ਅਮਲ ਕਰਦਾ ਹੈ। ਉਸ ਦੁਆਰਾ, ਉਹ ਸੱਚ ਮੁੱਚ ਖੁਸ਼ ਹੈ।
ਪਰਮੇਸ਼ੁਰ ਦੀ ਉਪਾਸਨਾ ਦਾ ਸਹੀ ਢੰਗ
26 ਭਾਵੇ ਕੋਈ ਵਿਅਕਤੀ ਇਹ ਸੋਚਦਾ ਹੋਵੇ ਕਿ ਉਹ ਧਰਮੀ ਹੈ ਪਰ ਜੇਕਰ ਉਹ ਉਹੀ ਗੱਲਾਂ ਆਖਦਾ ਜੋ ਉਸ ਨੂੰ ਨਹੀਂ ਆਖਣੀਆਂ ਚਾਹੀਦੀਆਂ ਤਾਂ ਉਹ ਆਦਮੀ ਆਪਣੇ ਆਪ ਨੂੰ ਮੂਰਖ ਬਣਾਉਂਦਾ ਹੈ। ਉਸ ਦੇ ਧਰਮ ਦਾ ਕੀ ਅਰਥ ਨਹੀਂ ਹੈ। 27 ਜਿਸ ਤਰ੍ਹਾਂ ਦਾ ਧਰਮ ਪਰਮੇਸ਼ੁਰ ਨੂੰ ਚਾਹੀਦਾ ਹੈ ਉਹ ਇਹ ਹੈ; ਉਨ੍ਹਾਂ ਯਤੀਮਾਂ ਅਤੇ ਵਿਧਵਾਵਾਂ ਦੀ ਪਰਵਰਿਸ਼ ਕਰਨਾ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ, ਅਤੇ ਆਪਣੇ ਆਪ ਨੂੰ ਦੁਨਿਆਵੀ ਪ੍ਰਭਾਵ ਤੋਂ ਮੁਕਤ ਰੱਖਣਾ। ਇਹੀ ਉਹ ਧਰਮ ਹੈ ਜਿਸ ਨੂੰ ਪਰਮੇਸ਼ੁਰ ਸ਼ੁੱਧ ਅਤੇ ਪਵਿੱਤਰ ਕਬੂਲਦਾ ਹੈ।