ਬਾਬਲ ਦੇ ਬੰਦੀਵਾਨਾਂ ਲਈ ਖਤ
29
1 ਯਿਰਮਿਯਾਹ ਨੇ ਬਾਬਲ ਦੇ ਯਹੂਦੀ ਕੈਦੀਆਂ ਨੂੰ ਇੱਕ ਖਤ ਲਿਖ ਭੇਜਿਆ। ਉਸ ਨੇ ਇਹ ਖਤ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੂੰ ਭੇਜਿਆ ਜਿਹੜੇ ਬਾਬਲ ਵਿੱਚ ਰਹਿ ਰਹੇ ਸਨ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਵਿੱਚੋਂ ਫ਼ੜਕੇ ਬਾਬਲ ਵਿੱਚ ਲਿਆਂਦਾ ਸੀ।
2 (ਇਹ ਖਤ ਉਸ ਤੋਂ ਮਗਰੋਂ ਭੇਜਿਆ ਗਿਆ ਜਦੋਂ ਰਾਜਾ ਯਹੋਯਾਕੀਮ, ਰਾਣੀ ਮਾਤਾ, ਅਧਿਕਾਰੀ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਆਗੂ, ਤਰੱਖਾਣ ਅਤੇ ਧਾਤ ਦੇ ਕਾਮੇ ਯਰੂਸ਼ਲਮ ਵਿੱਚੋਂ ਲਿਆਂਦੇ ਗਏ ਸਨ।)
3 ਸਿਦਕੀਯਾਹ ਨੇ ਅਲਆਸਾਹ ਅਤੇ ਗਮਰਯਾਹ ਨੂੰ ਰਾਜੇ ਨਬੂਕਦਨੱਸਰ ਵੱਲ ਘਲਿਆ। ਸਿਦਕੀਯਾਹ ਯਹੂਦਾਹ ਦਾ ਰਾਜਾ ਸੀ। ਅਲਆਸਾਹ ਸ਼ਾਫ਼ਾਨ ਦਾ ਪੁੱਤਰ ਸੀ। ਅਤੇ ਗਮਰਯਾਹ ਹਿਲਕੀਯਾਹ ਦਾ ਪੁੱਤਰ ਸੀ। ਯਿਰਮਿਯਾਹ ਨੇ ਉਨ੍ਹਾਂ ਆਮਦੀਆਂ ਨੂੰ ਬਾਬਲ ਲਿਜਾਣ ਲਈ ਖਤ ਦਿੱਤਾ। ਖਤ ਵਿੱਚ ਇਹ ਲਿਖਿਆ ਸੀ:
4 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਆਖਦਾ ਹੈ ਜਿਨ੍ਹਾਂ ਨੂੰ ਉਸ ਨੇ ਯਰੂਸ਼ਲਮ ਵਿੱਚੋਂ ਬਾਬਲ ਅੰਦਰ ਬੰਦੀ ਬਣਾਕੇ ਭੇਜਿਆ।
5 “ਮਕਾਨ ਬਣਾਓ ਅਤੇ ਉਨ੍ਹਾਂ ਵਿੱਚ ਰਹੋ। ਧਰਤੀ ਉੱਤੇ ਟਿਕ ਜਾਓ। ਬਾਗ਼ ਲਗਾਓ ਅਤੇ ਆਪਣੇ ਉਗਾਏ ਹੋਏ ਭੋਜਨ ਨੂੰ ਖਾਓ।
6 ਵਿਆਹ ਕਰਵਾਓ ਅਤੇ ਪੁੱਤਰਾਂ ਧੀਆਂ ਵਾਲੇ ਬਣੋ। ਆਪਣੇ ਪੁੱਤਰਾਂ ਲਈ ਵਹੁਟੀਆਂ ਤਲਾਸ਼ ਕਰੋ। ਅਤੇ ਆਪਣੀਆਂ ਧੀਆਂ ਦਾ ਵਿਆਹ ਵੀ ਕਰੋ। ਅਜਿਹਾ ਕਰੋ ਤਾਂ ਜੋ ਉਹ ਵੀ ਧੀਆਂ ਪੁੱਤਰਾਂ ਵਾਲੇ ਹੋਣ। ਬਹੁਤ ਔਲਾਦ ਪੈਦਾ ਕਰੋ ਅਤੇ ਬਾਬਲ ਵਿੱਚ ਆਪਣੀ ਗਿਣਤੀ ਵੱਧਾਓ। ਗਿਣਤੀ ਵਿੱਚ ਬੋੜੇ ਨਾ ਹੋਵੋ।
7 ਅਤੇ ਇਹ ਵੀ ਕਿ ਉਸ ਸ਼ਹਿਰ ਲਈ ਨੇਕ ਕੰਮ ਕਰੋ ਜਿੱਥੇ ਮੈਂ ਤੁਹਾਨੂੰ ਭੇਜਿਆ ਸੀ। ਜਿਸ ਸ਼ਹਿਰ ਵਿੱਚ ਤੁਸੀਂ ਰਹਿ ਰਹੇ ਹੋ ਉਸ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰੋ। ਕਿਉਂ? ਕਿਉਂ ਕਿ ਜੇ ਉਸ ਸ਼ਹਿਰ ਵਿੱਚ ਸ਼ਾਂਤੀ ਹੋਵੇਗਾ ਤਾਂ ਤੁਸੀਂ ਵੀ ਸ਼ਾਂਤੀ ਨਾਲ ਰਹੋਗੇ।”
8 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ, “ਆਪਣੇ ਨਬੀਆਂ ਅਤੇ ਉਨ੍ਹਾਂ ਲੋਕਾਂ ਕੋਲੋਂ ਮੂਰਖ ਨਾ ਬਣੋ ਜਿਹੜੇ ਕਾਲਾ ਜਾਦੂ ਕਰਦੇ ਹਨ। ਉਨ੍ਹਾਂ ਦੇ ਸੁਪਨਿਆਂ ਨੂੰ ਨਾ ਸੁਣੋ।
9 ਉਹ ਝੂਠ ਦਾ ਪ੍ਰਚਾਰ ਕਰ ਰਹੇ ਹਨ। ਅਤੇ ਉਹ ਆਖ ਰਹੇ ਹਨ ਕਿ ਉਨ੍ਹਾਂ ਦਾ ਸੰਦੇਸ਼ ਮੇਰੇ ਵੱਲੋਂ ਹੈ। ਪਰ ਮੈਂ ਉਨ੍ਹਾਂ ਨੂੰ ਨਹੀਂ ਭੇਜਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
10 ਯਹੋਵਾਹ ਇਹ ਆਖਦਾ ਹੈ: “ਬਾਬਲ 70 ਵਰ੍ਹਿਆਂ ਤੀਕ ਸ਼ਕਤੀਸ਼ਾਲੀ ਰਹੇਗਾ। ਉਸ ਸਮੇਂ ਤੋਂ ਮਗਰੋਂ ਮੈਂ ਤੁਹਾਡੇ ਲੋਕਾਂ ਕੋਲ ਆਵਾਂਗਾ ਜਿਹੜੇ ਬਾਬਲ ਵਿੱਚ ਰਹਿ ਰਹੇ ਹੋ। ਮੈਂ ਤੁਹਾਨੂੰ ਯਰੂਸ਼ਲਮ ਵਾਪਸ ਲਿਆਉਣ ਦਾ ਆਪਣਾ ਸ਼ੁਭ ਇਕਰਾਰ ਪੂਰਾ ਕਰਾਂਗਾ।
11 ਇਹ ਮੈਂ ਇਸ ਲਈ ਆਖਦਾ ਹਾਂ ਕਿਉਂ ਕਿ ਮੈਂ ਉਨ੍ਹਾਂ ਵਿਉਂਤਾਂ ਨੂੰ ਜਾਣਦਾ ਹਾਂ ਜਿਹੜੀਆਂ ਮੈਂ ਤੁਹਾਡੇ ਲਈ ਬਣਾਈਆਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੇਰੇ ਪਾਸ ਤੁਹਾਡੇ ਲਈ ਚੰਗੀਆਂ ਵਿਉਂਤਾਂ ਹਨ। ਮੈਂ ਤੁਹਾਨੂੰ ਦੁੱਖ ਦੇਣ ਦੀ ਵਿਉਂਤ ਨਹੀਂ ਬਣਾਉਂਦਾ। ਮੈਂ ਤੁਹਾਨੂੰ ਉਮੀਦ ਅਤੇ ਚੰਗਾ ਭਵਿੱਖ ਦੇਣ ਦੀ ਵਿਉਂਤ ਬਣਾਉਂਦਾ ਹਾਂ।
12 ਫ਼ੇਰ ਤੁਸੀਂ ਲੋਕ ਮੇਰਾ ਨਾਮ ਲਵੋਗੇ। ਤੁਸੀਂ ਮੇਰੇ ਕੋਲ ਆਵੋਂਗੇ ਅਤੇ ਮੇਰੇ ਅੱਗੇ ਪ੍ਰਾਰਥਨਾ ਕਰੋਗੇ। ਅਤੇ ਮੈਂ ਤੁਹਾਨੂੰ ਸੁਣਾਂਗਾ।
13 ਤੁਸੀਂ ਲੋਕ ਮੇਰੀ ਤਲਾਸ਼ ਕਰੋਗੇ। ਅਤੇ ਜਦੋਂ ਤੁਸੀਂ ਪੂਰੇ ਦਿਲ ਨਾਲ ਮੇਰੀ ਤਲਾਸ਼ ਕਰੋਗੇ ਤੁਸੀਂ ਮੈਨੂੰ ਲੱਭ ਲਵੋਗੇ।
14 ਮੈਂ ਤੁਹਾਨੂੰ ਇਜ਼ਾਜ਼ਤ ਦਿਆਂਗਾ ਕਿ ਤੁਸੀਂ ਮੈਨੂੰ ਲੱਭ ਲਵੋ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਅਤੇ ਮੈਂ ਤੁਹਾਨੂੰ ਤੁਹਾਡੀ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਇਹ ਥਾਂ ਛੱਡਣ ਲਈ ਮਜ਼ਬੂਰ ਕੀਤਾ ਸੀ। ਪਰ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਉਨ੍ਹਾਂ ਥਾਵਾਂ ਵਿੱਚੋਂ ਇਕੱਠਿਆਂ ਕਰਾਂਗਾ ਜਿੱਥੇ ਮੈਂ ਤੁਹਾਨੂੰ ਭੇਜਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਅਤੇ ਮੈਂ ਤੁਹਾਨੂੰ ਇਸ ਥਾਂ ਵਾਪਸ ਲਿਆਵਾਂਗਾ।”
15 ਸ਼ਾਇਦ ਤੁਸੀਂ ਲੋਕ ਆਖੋ, “ਪਰ ਯਹੋਵਾਹ ਨੇ ਤਾਂ ਸਾਨੂੰ ਇੱਥੇ ਬਾਬਲ ਵਿੱਚ ਨਬੀ ਦਿੱਤੇ ਹਨ।”
16 ਪਰ ਯਹੋਵਾਹ ਇਹ ਗੱਲਾਂ ਤੁਹਾਡੇ ਉਨ੍ਹਾਂ ਸੰਬੰਧੀਆਂ ਬਾਰੇ ਆਖਦਾ ਹੈ ਜਿਨ੍ਹਾਂ ਨੂੰ ਬਾਬਲ ਲਿਆਂਦਾ ਗਿਆ ਸੀ। ਮੈਂ ਉਸ ਰਾਜੇ ਦੀ ਗੱਲ ਕਰ ਰਿਹਾ ਹਾਂ ਜਿਹੜਾ ਦਾਊਦ ਦੇ ਤਖਤ ਉੱਤੇ ਹੁਣ ਬੈਠਾ ਹੈ ਅਤੇ ਉਨ੍ਹਾਂ ਸਾਰੇ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਹਾਲੇ ਵੀ ਯਰੂਸ਼ਲਮ ਦੇ ਸ਼ਹਿਰ ਵਿੱਚ ਹਨ।
17 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਮੈਂ ਛੇਤੀ ਹੀ ਉਨ੍ਹਾਂ ਲੋਕਾਂ ਲਈ ਤਲਵਾਰ, ਭੁੱਖਮਰੀ ਅਤੇ ਭਿਆਨਕ ਬਿਮਾਰੀਆਂ ਭੇਜਾਂਗਾ ਜਿਹੜੇ ਹਾਲੇ ਵੀ ਯਰੂਸ਼ਲਮ ਵਿੱਚ ਹਨ। ਅਤੇ ਮੈਂ ਉਨ੍ਹਾਂ ਨੂੰ ਉਸੇ ਤਰ੍ਹਾਂ ਬਣਾ ਦਿਆਂਗਾ ਜਿਵੇਂ ਸੜੇ ਹੋਏ ਅੰਜੀਰ ਹੁੰਦੇ ਹਨ ਜਿਹੜੇ ਖਾਣ ਦੇ ਕਾਬਿਲ ਨਹੀਂ ਹੁੰਦੇ।
18 ਮੈਂ ਉਨ੍ਹਾਂ ਲੋਕਾਂ ਦਾ ਤਲਵਾਰ, ਭੁੱਖਮਰੀ ਅਤੇ ਭਿਆਨਕ ਬਿਮਾਰੀ ਨਾਲ ਪਿੱਛਾ ਕਰਾਂਗਾ ਜਿਹੜੇ ਹਾਲੇ ਵੀ ਯਰੂਸ਼ਲਮ ਵਿੱਚ ਹਨ। ਅਤੇ ਮੈਂ ਇਸ ਨੂੰ ਇਉਂ ਬਣਾ ਦਿਆਂਗਾ ਕਿ ਧਰਤੀ ਦੀਆਂ ਸਾਰੀਆਂ ਰਾਜਧਾਨੀਆਂ ਇਹ ਦੇਖਕੇ ਭੈਭੀਤ ਹੋ ਜਾਣਗੀਆਂ ਕਿ ਇਨ੍ਹਾਂ ਲੋਕਾਂ ਨਾਲ ਕੀ ਵਾਪਰਿਆ ਹੈ। ਉਹ ਲੋਕ ਤਬਾਹ ਹੋ ਜਾਣਗੇ। ਲੋਕੀ ਹੈਰਾਨੀ ਨਾਲ ਸੀਟੀਆਂ ਵਜਾਉਣਗੇ ਜਦੋਂ ਉਹ ਇਨ੍ਹਾਂ ਵਾਪਰੀਆਂ ਹੋਈਆਂ ਗੱਲਾਂ ਬਾਰੇ ਸੁਣਨਗੇ। ਅਤੇ ਲੋਕ ਉਨ੍ਹਾਂ ਨੂੰ ਮਿਸਾਲ ਦੇਣ ਲਈ ਵਰਤਣਗੇ ਜਦੋਂ ਉਹ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦੀ ਮੰਗ ਕਰਨਗੇ। ਮੈਂ ਉਨ੍ਹਾਂ ਨੂੰ ਜਿੱਥੇ ਵੀ ਜਾਣ ਲਈ ਮਜ਼ਬੂਰ ਕਰਾਂਗਾ ਲੋਕ ਉਨ੍ਹਾਂ ਦੀ ਬੇਇੱਜ਼ਤੀ ਕਰਨਗੇ।
19 ਮੈਂ ਇਹ ਸਾਰੀਆਂ ਗੱਲਾਂ ਵਾਪਰਨ ਦੇਵਾਂਗਾ ਕਿਉਂ ਕਿ ਯਰੂਸ਼ਲਮ ਦੇ ਉਨ੍ਹਾਂ ਲੋਕਾਂ ਨੇ ਮੇਰੇ ਸੰਦੇਸ਼ ਨੂੰ ਨਹੀਂ ਸੁਣਿਆ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਮੈਂ ਆਪਣਾ ਸੰਦੇਸ਼ ਉਨ੍ਹਾਂ ਨੂੰ ਬਾਰ-ਬਾਰ ਭੇਜਿਆ। ਮੈਂ ਆਪਣੇ ਸੇਵਕਾਂ, ਨਬੀਆਂ, ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਆਪਣੇ ਸੰਦੇਸ਼ ਦੇਣ ਲਈ ਕੀਤੀ। ਪਰ ਲੋਕਾਂ ਨੇ ਨਹੀਂ ਸੁਣਿਆ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
20 “ਤੁਸੀਂ ਲੋਕ ਬੰਦੀਵਾਨ ਹੋ। ਮੈਂ ਤੁਹਾਨੂੰ ਯਰੂਸ਼ਲਮ ਛੱਡ ਕੇ ਬਾਬਲ ਜਾਣ ਲਈ ਮਜ਼ਬੂਰ ਕੀਤਾ। ਇਸ ਲਈ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ।”
21 ਸਰਬ ਸ਼ਕਤੀਮਾਨ ਯਹੋਵਾਹ ਇਹ ਗੱਲਾਂ ਕੋਲਾਯਾਹ ਦੇ ਪੁੱਤਰ ਅਹਾਬ ਅਤੇ ਮਆਸਯਾਹ ਦੇ ਪੁੱਤਰ ਸਿਦਕੀਯਾਹ ਬਾਰੇ ਆਖਦਾ ਹੈ: “ਇਹ ਦੋਵੇਂ ਬੰਦੇ ਤੁਹਾਨੂੰ ਝੂਠ ਦਾ ਪ੍ਰਚਾਰ ਕਰਦੇ ਰਹੇ ਹਨ। ਉਨ੍ਹਾਂ ਨੇ ਆਖਿਆ ਹੈ ਕਿ ਉਨ੍ਹਾਂ ਦਾ ਸੰਦੇਸ਼ ਮੇਰੇ ਵੱਲੋਂ ਹੈ। (ਪਰ ਉਹ ਝੂਠ ਬੋਲ ਰਹੇ ਸਨ।) ਮੈਂ ਉਨ੍ਹਾਂ ਦੋਹਾਂ ਨਬੀਆਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਅਤੇ ਨਬੂਕਦਨੱਸਰ ਉਨ੍ਹਾਂ ਨਬੀਆਂ ਨੂੰ ਤੁਹਾਡੇ ਲੋਕਾਂ ਦੇ ਸਾਹਮਣੇ ਮਾਰ ਮੁਕਾਵੇਗਾ ਜਿਹੜੇ ਬਾਬਲ ਵਿੱਚ ਬੰਦੀਵਾਨ ਹੋ।
22 ਸਾਰੇ ਯਹੂਦੀ ਬੰਦੀਵਾਨ ਉਨ੍ਹਾਂ ਲੋਕਾਂ ਨੂੰ ਮਿਸਾਲ ਦੇ ਤੌਰ ਤੇ ਵਰਤਣਗੇ ਜਦੋਂ ਉਹ ਹੋਰਨਾਂ ਲੋਕਾਂ ਨੂੰ ਸਰਾਪ ਦੇਣਗੇ। ਉਹ ਆਖਣਗੇ: ‘ਯਹੋਵਾਹ ਤੁਹਾਡੇ ਨਾਲ ਉਹੀ ਕਰੇ ਜੋ ਉਸ ਨੇ ਸਿਦਕੀਯਾਹ ਅਤੇ ਅਹਾਬ ਨਾਲ ਕੀਤਾ ਸੀ, ਜੋ ਬਾਬਲ ਦੇ ਰਾਜੇ ਦੁਆਰਾ ਅੱਗ ਵਿੱਚ ਸਾੜ ਦਿੱਤੇ ਗਏ ਸਨ!’
23 ਉਨ੍ਹਾਂ ਦੋਹਾਂ ਨਬੀਆਂ ਨੇ ਇਸਰਾਏਲ ਦੇ ਲੋਕਾਂ ਅੰਦਰ ਬਹੁਤ ਮੰਦੀਆਂ ਗੱਲਾਂ ਕੀਤੀਆਂ ਸਨ। ਉਨ੍ਹਾਂ ਨੇ ਵਿਭਚਾਰ ਦਾ ਪਾਪ ਕੀਤਾ, ਆਪਣੇ ਗੁਆਂਢੀਆਂ ਦੀਆਂ ਪਤਨੀਆਂ ਨਾਲ। ਉਨ੍ਹਾਂ ਨੇ ਝੂਠ ਵੀ ਬੋਲਿਆ ਅਤੇ ਇਹ ਵੀ ਆਖਿਆ ਕਿ ਉਹ ਝੂਠ ਮੇਰੇ ਵੱਲੋਂ, ਯਹੋਵਾਹ ਵੱਲੋਂ, ਸੰਦੇਸ਼ ਸਨ। ਮੈਂ ਉਨ੍ਹਾਂ ਨੂੰ ਇਹ ਗੱਲਾਂ ਕਰਨ ਲਈ ਨਹੀਂ ਆਖਿਆ ਸੀ। ਮੈਂ ਜਾਣਦਾ ਹਾਂ ਕਿ ਉਨ੍ਹਾਂ ਨੇ ਕੀ ਕੀਤਾ ਹੈ। ਮੈਂ ਸਾਖੀ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਪਰਮੇਸ਼ੁਰ ਦਾ ਸ਼ਮਅਯਾਹ ਨੂੰ ਸੰਦੇਸ਼
24 ਸ਼ਮਅਯਾਹ ਨੂੰ ਵੀ ਸੰਦੇਸ਼ ਦੇਵੀਂ। ਸ਼ਮਅਯਾਹ ਨਹਲਾਮ ਪਰਿਵਾਰ ਵਿੱਚੋਂ ਹੈ।
25 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਸ਼ਮਅਯਾਹ, ਤੂੰ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਚਿੱਠੀਆਂ ਭੇਜੀਆਂ। ਅਤੇ ਤੂੰ ਮਆਸੇਯਾਹ ਦੇ ਪੁੱਤਰ ਜਾਜਕ ਸਫ਼ਨਯਾਹ ਨੂੰ ਚਿੱਠੀਆਂ ਭੇਜੀਆਂ। ਤੂੰ ਸਾਰੇ ਜਾਜਕਾਂ ਨੂੰ ਵੀ ਚਿੱਠੀਆਂ ਪਾਈਆਂ। ਤੂੰ ਇਹ ਚਿੱਠੀਆਂ ਆਪਣੇ ਨਾਂ ਉੱਤੇ ਪਾਇਆਂ ਅਤੇ ਯਹੋਵਾਹ ਦੇ ਅਧਿਕਾਰ ਨਾਲ ਨਹੀਂ।
26 ਸ਼ਮਅਯਾਹ ਤੂੰ ਸਫ਼ਨਯਾਹ ਨੂੰ ਲਿਖੀ ਆਪਣੀ ਚਿੱਠੀ ਵਿੱਚ ਇਹ ਆਖਿਆ ਸੀ, ‘ਸਫ਼ਨਯਾਹ ਯਹੋਵਾਹ ਨੇ ਤੈਨੂੰ ਯਹੋਯਾਦਾ ਦੀ ਬਾਵੇਂ ਜਾਜਕ ਬਣਾਇਆ ਹੈ। ਤੂੰ ਯਹੋਵਾਹ ਦੇ ਮੰਦਰ ਦਾ ਸੰਚਾਲਕ ਹੋਣ ਵਾਲਾ ਹੈਂ। ਤੈਨੂੰ ਚਾਹੀਦਾ ਹੈ ਕਿ ਤੂੰ ਹਰ ਓਸ ਬੰਦੇ ਨੂੰ ਗ੍ਰਿਫ਼ਤਾਰ ਕਰ ਲਵੇਂ ਜਿਹੜਾ ਪਾਗਲਾਂ ਵਾਲੀਆਂ ਗੱਲਾਂ ਕਰਦਾ ਹੈ ਜਾਂ ਨਬੀ ਹੋਣ ਦਾ ਸਾਂਗ ਕਰਦਾ ਹੈ। ਤੈਨੂੰ ਚਾਹੀਦਾ ਹੈ ਕਿ ਉਸ ਦੇ ਪੈਰਾਂ ਵਿੱਚ ਲੱਕੜ ਦੀਆਂ ਬੇੜੀਆਂ ਅਤੇ ਗਲੇ ਵਿੱਚ ਲੋਹੇ ਦੇ ਸੰਗਲਲ ਪਾ ਦੇਵੇ।
27 ਹੁਣ ਯਿਰਮਿਯਾਹ ਨਬੀ ਹੋਣ ਦਾ ਦਾਵ੍ਹਾ ਕਰ ਰਿਹਾ ਹੈ। ਇਸ ਲਈ ਤੂੰ ਉਸ ਨੂੰ ਕਿਉਂ ਨਹੀਂ ਝਿੜਕਿਆ?
28 ਯਿਰਮਿਯਾਹ ਨੇ ਸਾਨੂੰ ਬਾਬਲ ਵਿੱਚ ਇਹ ਸੰਦੇਸ਼ ਭੇਜਿਆ ਹੈ: ਤੁਸੀਂ ਲੋਕ ਬਾਬਲ ਵਿੱਚ ਲੰਮਾਂ ਸਮਾਂ ਰਹੋਗੇ। ਇਸ ਲਈ ਘਰ ਬਣਾ ਕੇ ਟਿਕ ਜਾਵੋ। ਬਾਗ਼ ਲਗਾਓ ਅਤੇ ਉਨ੍ਹਾਂ ਦੇ ਫ਼ਲ ਖਾਓ।’”
29 ਜਾਜਕ ਸਫ਼ਨਯਾਹ ਨੇ ਨਬੀ ਯਿਰਮਿਯਾਹ ਨੂੰ ਚਿੱਠੀ ਪਢ਼ ਕੇ ਸੁਣਾਈ।
30 ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਆਇਆ:
31 “ਯਿਰਮਿਯਾਹ, ਇਹ ਸੰਦੇਸ਼ ਬਾਬਲ ਦੇ ਸਾਰੇ ਬੰਦੀਵਾਨਾਂ ਨੂੰ ਦੇਹ: ‘ਯਹੋਵਾਹ ਨਹਲਾਮ ਪਰਿਵਾਰ ਦੇ ਬੰਦੇ ਸ਼ਮਅਯਾਹ ਬਾਰੇ ਇਹ ਆਖਦਾ ਹੈ: ਸ਼ਮਅਯਾਹ ਨੇ ਤੁਹਾਨੂੰ ਪ੍ਰਚਾਰ ਕੀਤਾ ਹੈ, ਪਰ ਮੈਂ ਉਸ ਨੂੰ ਨਹੀਂ ਸੀ ਭੇਜਿਆ। ਸ਼ਮਅਯਾਹ ਨੇ ਤੁਹਾਨੂੰ ਇੱਕ ਝੂਠ ਉੱਤੇ ਵਿਸ਼ਵਾਸ ਦਿਵਾਇਆ ਹੈ।
32 ਕਿਉਂ ਸ਼ਮਅਯਾਹ ਨੇ ਅਜਿਹਾ ਕੀਤਾ ਹੈ, ਇਸ ਲਈ ਯਹੋਵਾਹ ਇਹ ਆਖਦਾ ਹੈ: ਮੈਂ ਨਹਲਾਮ ਪਰਿਵਾਰ ਦੇ ਬੰਦੇ ਸ਼ਮਅਯਾਹ ਨੂੰ ਛੇਤੀ ਸਜ਼ਾ ਦੇਵਾਂਗਾ ਅਤੇ ਉਸ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿਆਂਗਾ। ਉਸ ਦੇ ਪਰਿਵਾਰ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ। ਉਸ ਦਾ ਉਨ੍ਹਾਂ ਚੰਗੀਆਂ ਚੀਜ਼ਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ ਜਿਹੜੀਆਂ ਮੈਂ ਆਪਣੇ ਬੰਦਿਆਂ ਲਈ ਕਰਾਂਗਾ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “‘ਮੈਂ ਸ਼ਮਅਯਾਹ ਨੂੰ ਸਜ਼ਾ ਦੇਵਾਂਗਾ ਕਿਉਂ ਕਿ ਉਸ ਨੇ ਲੋਕਾਂ ਨੂੰ ਯਹੋਵਾਹ ਦੇ ਖਿਲਾਫ਼ ਭੜਕਾਇਆ ਹੈ।’”