ਪਤਰਸ, ਯਾਕੂਬ ਅਤੇ ਯੂਹੰਨਾ ਯਿਸੂ ਦਾ ਅਨੁਸਰਣ ਕਰਦੇ ਹਨ
(ਮੱਤੀ 4:18-22; ਮਰਕੁਸ 1:16-20)
5
1 ਯਿਸੂ ਗਨੇਸਰਤ ਦੀ ਝੀਲ ਕੰਢੇ ਖੜ੍ਹਾ ਸੀ ਅਤੇ ਭੀੜ ਪਰਮੇਸ਼ੁਰ ਦੇ ਉਪਦੇਸ਼ ਸੁਨਣ ਲਈ, ਉਸ ਦੇ ਆਸ-ਪਾਸ ਇਕੱਠੀ ਹੋ ਰਹੀ ਸੀ।
2 ਫ਼ਿਰ ਉਸ ਨੇ ਝੀਲ ਦੇ ਕੰਢੇ ਦੋ ਬੇੜੀਆਂ ਦੇਖੀਆਂ। ਬੇੜੀਆਂ ਵਿੱਚੋਂ ਮਾਛੀ ਬਾਹਰ ਆਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ।
3 ਯਿਸੂ ਇੱਕ ਬੇੜੀ ਵਿੱਚ ਚੜ੍ਹ੍ਹ ਗਿਆ ਜੋ ਕਿ ਸ਼ਮਊਨ ਦੀ ਸੀ ਅਤੇ ਉਸ ਨੇ ਬੇੜੀ ਨੂੰ ਕੰਢੇ ਤੋਂ ਥੋੜੀ ਦੂਰ ਲੈ ਜਾਣ ਲਈ ਆਖਿਆ, ਤਾਂ ਉਹ ਬੇੜੀ ਵਿੱਚ ਬੈਠਕੇ ਕੰਢੇ ਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।
4 ਜਦੋਂ ਉਹ ਬੋਲ ਕੇ ਹਟਿਆ, ਉਸ ਨੇ ਸ਼ਮਊਨ ਨੂੰ ਕਿਹਾ, “ਡੂੰਘੇ ਪਾਣੀਆਂ ਵਿੱਚ ਜਾਓ ਅਤੇ ਮੱਛੀਆਂ ਲਈ ਆਪਣੇ ਜਾਲ ਪਾਣੀ ਵਿੱਚ ਸੁੱਟੋ।”
5 ਸ਼ਮਊਨ ਨੇ ਜਵਾਬ ਦਿੱਤਾ, “ਮਾਲਕ! ਅਸੀਂ ਸਾਰੀ ਰਾਤ ਮੱਛੀਆਂ ਫ਼ੜਨ ਲਈ ਬਹੁਤ ਕੋਸ਼ਿਸ਼ ਕਰਦੇ ਰਹੇ, ਪਰ ਸਾਡੇ ਹੱਥ ਕੁਝ ਵੀ ਨਹੀਂ ਲੱਗਾ। ਪਰ ਤੁਸੀਂ ਆਖਦੇ ਹੋ ਕਿ ਮੈਂ ਜਾਲ ਪਾਣੀ ਵਿੱਚ ਪਾਵਾਂ। ਇਸ ਲਈ ਮੈਂ ਇੰਝ ਹੀ ਕਰਦਾ ਹਾਂ ਜਿਵੇਂ ਤੁਸੀਂ ਆਖਦੇ ਹੋ।”
6 ਸਭ ਮਾਛੀਆਂ ਨੇ ਆਪਣੇ ਜਾਲ ਪਾਣੀ ਵਿੱਚ ਪਾਏ ਤਾਂ ਉਨ੍ਹਾਂ ਦੇ ਜਾਲ ਮੱਛੀਆਂ ਨਾਲ ਇਸ ਕਦਰ ਭਾਰੇ ਹੋ ਗਏ ਹੋ ਕਿ ਉਹ ਭਾਰ ਨਾਲ ਟੁੱਟਣੇ ਸ਼ੁਰੂ ਹੋ ਗਏ।
7 ਉਨ੍ਹਾਂ ਨੇ ਦੂਜੀ ਬੇੜੀ ਵਿੱਚ ਬੈਠੇ ਆਪਣੇ ਹੋਰਨਾਂ ਸਾਥੀਆਂ ਨੂੰ ਆਪਣੀ ਮਦਦ ਲਈ ਬੁਲਾਇਆ। ਜਦੋਂ ਉਨ੍ਹਾਂ ਦੇ ਮਿੱਤਰ ਮਦਦ ਲਈ ਆਏ ਤਾਂ ਉਨ੍ਹਾਂ ਦੀਆਂ ਦੋਨੇ ਬੇੜੀਆਂ ਇਸ ਕਦਰ ਮੱਛੀਆਂ ਨਾਲ ਭਰ ਗਈਆਂ ਕਿ ਇੰਝ ਮਾਲੂਮ ਹੁੰਦਾ ਸੀ ਕਿ ਬੇੜੀਆਂ ਹੁਣੇ ਹੀ ਡੁੱਬ ਜਾਣਗੀਆਂ।
8-9 ਜਦੋਂ ਸ਼ਮਊਨ ਨੇ ਇਹ ਵੇਖਿਆ, ਤਾਂ ਉਸ ਨੇ ਯਿਸੂ ਅੱਗੇ ਸਿਰ ਝੁਕਾਇਆ ਅਤੇ ਆਖਿਆ, “ਪ੍ਰਭੂ ਮੈਂ ਇੱਕ ਪਾਪੀ ਬੰਦਾ ਹਾਂ, ਤੂੰ ਮੇਰੇ ਕੋਲੋਂ ਦੂਰ ਚੱਲਿਆ ਜਾ।” ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਉਹ ਅਤੇ ਹੋਰ ਜੋ ਉਸ ਦੇ ਨਾਲ ਸਨ ਇੰਨੀਆਂ ਮੱਛੀਆਂ ਫ਼ੜੇ ਜਾਣ ਲਈ ਹੈਰਾਨ ਸਨ।
10 ਇਸੇ ਤਰ੍ਹਾਂ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਬੜੇ ਹੈਰਾਨ ਹੋਏ। (ਯਾਕੂਬ ਅਤੇ ਯੂਹੰਨਾ ਸ਼ਮਊਨ ਨਾਲ ਸਾਂਝਾ ਕੰਮ ਕਰਦੇ ਸਨ।)
ਯਿਸੂ ਨੇ ਸ਼ਮਊਨ ਨੂੰ ਕਿਹਾ, “ਭੈਭੀਤ ਨਾ ਹੋ! ਹੁਣ ਤੋਂ ਤੂੰ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਂਗਾ।”
11 ਫ਼ੇਰ ਉਨ੍ਹਾਂ ਨੇ ਆਪਣੀਆਂ ਬੇੜੀਆਂ ਨੂੰ ਕੰਢੇ ਤੇ ਲਿਆਂਦਾ। ਅਤੇ ਉਨ੍ਹਾਂ ਨੇ ਸਭ ਕੁਝ ਪਿੱਛੇ ਛੱਡ ਦਿੱਤਾ ਅਤੇ ਯਿਸੂ ਦੇ ਮਗਰ ਹੋ ਤੁਰੇ।
ਯਿਸੂ ਦਾ ਇੱਕ ਕੋੜ੍ਹੀ ਨੂੰ ਰਾਜੀ ਕਰਨਾ
(ਮੱਤੀ 8:1-4; ਮਰਕੁਸ 1:40-45)
12 ਇੱਕ ਵਾਰ ਯਿਸੂ ਇੱਕ ਨਗਰ ਵਿੱਚ ਸੀ। ਉੱਥੇ ਕੋੜ੍ਹ ਨਾਲ ਭਰਿਆ ਹੋਇਆ ਇੱਕ ਬੰਦਾ ਸੀ। ਜਦੋਂ ਉਸ ਨੇ ਯਿਸੂ ਨੂੰ ਵੇਖਿਆ ਉਹ ਯਿਸੂ ਦੇ ਪੈਰਾਂ ਤੇ ਝੁਕ ਗਿਆ ਅਤੇ ਉਸ ਨੂੰ ਬੇਨਤੀ ਕੀਤੀ, “ਪ੍ਰਭੂ, ਮੇਰੇ ਤੇ ਕਿਰਪਾ ਕਰੋ ਅਤੇ ਮੈਨੂੰ ਠੀਕ ਕਰ ਦਿਓ ਕਿਉਂਕਿ ਮੈਂ ਜਾਣਦਾ ਹਾਂ ਕਿ ਜੇ ਤੁਸੀਂ ਚਾਹੋ ਤਾਂ ਮੈਨੂੰ ਰਾਜੀ ਕਰ ਸੱਕਦੇ ਹੋਂ।”
13 ਯਿਸੂ ਨੇ ਆਪਣਾ ਹੱਥ ਬਾਹਰ ਫ਼ੈਲਾਕੇ ਉਸ ਨੂੰ ਛੋਹਿਆ ਅਤੇ ਉਸ ਨੂੰ ਆਖਿਆ, “ਮੈਂ ਤੈਨੂੰ ਰਾਜੀ ਕਰਨਾ ਚਾਹੁੰਦਾ ਹਾਂ, ਰਾਜੀ ਹੋ ਜਾ!” ਤੁਰੰਤ ਹੀ ਕੋੜ੍ਹ ਗਾਇਬ ਹੋ ਗਿਆ।
14 ਤੱਦ ਯਿਸੂ ਨੇ ਕਿਹਾ, “ਕਿਸੇ ਕੋਲ ਵੀ ਇਸ ਬਾਰੇ ਜ਼ਿਕਰ ਨਾ ਕਰੀਂ ਜਾਜਕ ਕੋਲ ਜਾਕੇ ਆਪਣੇ-ਆਪ ਨੂੰ ਵਿਖਾ ਅਤੇ ਜਿਵੇਂ ਮੂਸਾ ਨੇ ਹੁਕਮ ਦਿੱਤਾ ਜਾਕੇ ਭੇਂਟ ਚੜ੍ਹਾ। ਇੰਝ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਰਾਜੀ ਹੋ ਗਿਆ ਹੈ।”
15 ਪਰ ਯਿਸੂ ਦੀ ਚਰਚਾ ਵੱਧ ਤੋਂ ਵੱਧ ਫ਼ੈਲਦੀ ਗਈ। ਲੋਕਾਂ ਦੀ ਭੀੜ ਉਸ ਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾਂ ਤੋਂ ਰਾਜੀ ਹੋਣ ਲਈ ਉਸ ਕੋਲ ਆਈ।
16 ਪਰ ਅਕਸਰ ਯਿਸੂ ਇੱਕਾਂਤ ਵਾਲੀਆਂ ਥਾਵਾਂ ਤੇ ਪ੍ਰਾਰਥਨਾ ਕਰਨ ਲਈ ਚੱਲਿਆ ਜਾਂਦਾ ਸੀ।
ਯਿਸੂ ਦਾ ਇੱਕ ਅਧਰੰਗੀ ਨੂੰ ਠੀਕ ਕਰਨਾ
(ਮੱਤੀ 9:1-8; ਮਰਕੁਸ 2:1-12)
17 ਇੱਕ ਦਿਨ ਯਿਸੂ ਜਦੋਂ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਤਾਂ ਫ਼ਰੀਸੀ, ਅਤੇ ਕੁਝ ਨੇਮ ਦੇ ਉਪਦੇਸ਼ਕ ਵੀ ਉੱਥੇ ਬੈਠੇ ਹੋਏ ਸਨ। ਉਹ ਗਲੀਲ ਅਤੇ ਯਹੂਦਿਯਾ ਦੇ ਹਰ ਨਗਰ ਤੋਂ ਅਤੇ ਯਰੂਸ਼ਲਮ ਤੋਂ ਵੀ ਆਏ ਸਨ। ਲੋਕਾਂ ਨੂੰ ਚੰਗਾ ਕਰਨ ਲਈ, ਪ੍ਰਭੂ ਦੀ ਸ਼ਕਤੀ ਉਸ ਦੇ ਨਾਲ ਸੀ।
18 ਉੱਥੇ ਇੱਕ ਮਨੁੱਖ ਸੀ ਜਿਸ ਨੂੰ ਅਧਰੰਗ ਹੋਇਆ ਸੀ। ਕੁਝ ਲੋਕ ਉਸ ਨੂੰ ਮੰਜੀ ਤੇ ਚੁੱਕ ਕੇ ਲਿਆਏ। ਉਹ ਆਦਮੀ ਚਾਹੁੰਦੇ ਸਨ ਕਿ ਉਹ ਇਸ ਅਧਰੰਗੀ ਨੂੰ ਅੰਦਰ ਲੈਜਾਕੇ ਯਿਸੂ ਦੇ ਸਾਹਮਣੇ ਰੱਖਣ।
19 ਪਰ ਉੱਥੇ ਇੰਨੀ ਭੀੜ ਸੀ ਕਿ ਜਦ ਉਨ੍ਹਾਂ ਨੂੰ ਅੰਦਰ ਜਾਣ ਦਾ ਕੋਈ ਢੰਗ ਨਾ ਦਿਸਿਆ ਫ਼ਿਰ ਉਹ ਛੱਤ ਉੱਤੇ ਚੜ੍ਹ੍ਹੇ ਅਤੇ ਉਨ੍ਹਾਂ ਨੇ ਕੁਝ ਖਪਰੈਲਾਂ ਕੱਢੀਆਂ ਅਤੇ ਭੀੜ ਦੇ ਵਿੱਚਕਾਰ ਅਤੇ ਠੀਕ ਯਿਸੂ ਦੇ ਸਾਹਮਣੇ ਉਸ ਬਿਮਾਰ ਮਨੁੱਖ ਨੂੰ ਉਸ ਦੇ ਬਿਸਤਰੇ ਸਮੇਤ ਹੇਠਾਂ ਲਾਹ ਦਿੱਤਾ।
20 ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖਕੇ ਬਿਮਾਰ ਮਨੁੱਖ ਨੂੰ ਕਿਹਾ, “ਮਿੱਤਰ, ਤੇਰੇ ਪਾਪ ਬਖਸ਼ੇ ਗਏ ਹਨ।”
21 ਯਹੂਦੀ, ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਪਸ ਵਿੱਚ ਸੋਚਿਆ, “ਇਹ ਕੌਣ ਆਦਮੀ ਹੈ ਜੋ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹੈ? ਕਿਉਂਕਿ ਕੇਵਲ ਪਰਮੇਸ਼ੁਰ ਹੀ ਪਾਪ ਮਾਫ਼ ਕਰ ਸੱਕਦਾ ਹੈ।”
22 ਯਿਸੂ ਉਨ੍ਹਾਂ ਦੀ ਸੋਚਾਂ ਨੂੰ ਜਾਣਦਾ ਸੀ ਤਾਂ ਉਸ ਨੇ ਕਿਹਾ, “ਤੁਹਾਡੇ ਮਨ ਵਿੱਚ ਅਜਿਹੇ ਵਿੱਚਾਰ ਕਿਉਂ ਪੈਦਾ ਹੋ ਰਹੇ ਹਨ?
23 ਕਿਹੜੀ ਗੱਲ ਸੌਖੀ ਹੈ? ਇਹ ਆਖਣਾ ‘ਤੇਰੇ ਪਾਪ ਮਾਫ਼ ਹੋ ਗਏ ਹਨ’, ‘ਜਾਂ ਉੱਠ ਅਤੇ ਚੱਲ।’
24 ਪਰ ਮੈਂ ਤੁਹਾਨੂੰ ਇਹ ਸਬੂਤ ਦਿਆਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਤਾਂ ਉਸ ਨੇ ਅਧਰੰਗੀ ਮਨੁੱਖ ਨੂੰ ਆਖਿਆ। “ਮੈਂ ਤੈਨੂੰ ਕਹਿੰਦਾ ਹਾਂ, ਖੜ੍ਹਾ ਹੋ ਆਪਣਾ ਬਿਸਤਰਾ ਚੁੱਕ ਅਤੇ ਘਰ ਨੂੰ ਜਾ।”
25 ਤਾਂ ਉਹ ਮਨੁੱਖ ਤੁਰੰਤ ਹੀ ਉਨ੍ਹਾਂ ਸਾਹਮਣੇ ਉੱਠ ਖਲੋਇਆ। ਉਸ ਨੇ ਆਪਣਾ ਬਿਸਤਰਾ ਚੁੱਕਿਆ ਅਤੇ ਪਰਮੇਸ਼ੁਰ ਦੀ ਉਸਤਤਿ ਕਰਦਾ ਹੋਇਆ ਘਰ ਨੂੰ ਚੱਲਾ ਗਿਆ।
26 ਉਹ ਹੈਰਾਨ ਸਨ ਅਤੇ ਉਨ੍ਹਾਂ ਨੇ ਪੂਰੀ ਇੱਜਤ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਆਖਿਆ, “ਅੱਜ ਅਸੀਂ ਹੈਰਾਨੀ ਭਰੀਆਂ ਗੱਲਾਂ ਵੇਖਿਆਂ ਹਨ।”
ਲੇਵੀ ਯਿਸੂ ਮਗਰ ਹੋ ਪਿਆ
(ਮੱਤੀ 9:9-13; ਮਰਕੁਸ 2:13-17)
27 ਇਸਤੋਂ ਬਾਦ ਯਿਸੂ ਬਾਹਰ ਗਿਆ ਉਸ ਨੇ ਇੱਕ ਮਸੂਲੀਏ ਲੇਵੀ ਨੂੰ ਮਸੂਲ ਦੀ ਚੌਕੀਂ ਤੇ ਬੈਠੇ ਵੇਖਿਆ। ਯਿਸੂ ਨੇ ਉਸ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ!”
28 ਲੇਵੀ ਸਭ ਕੁਝ ਛੱਡ ਕੇ ਉਸ ਦੇ ਪਿੱਛੇ ਹੋ ਤੁਰਿਆ।
29 ਲੇਵੀ ਨੇ ਆਪਣੇ ਘਰ ਵਿੱਚ ਯਿਸੂ ਲਈ ਇੱਕ ਵੱਡੀ ਦਾਵਤ ਦਾ ਇੰਤਜਾਮ ਕੀਤਾ। ਖਾਣੇ ਦੀ ਮੇਜ ਤੇ ਕਾਫ਼ੀ ਸਾਰੇ ਮਸੂਲੀਏ ਅਤੇ ਕੁਝ ਹੋਰ ਵੀ ਲੋਕ ਇੱਕਤਰ ਹੋਏ ਸਨ।
30 ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਯਿਸੂ ਦੇ ਚੇਲਿਆਂ ਨੂੰ ਸ਼ਿਕਾਇਤ ਕੀਤੀ “ਤੁਸੀਂ ਮਸੂਲੀਆਂ ਅਤੇ ਪਾਪੀਆਂ ਨਾਲ ਕਿਉਂ ਖਾ-ਪੀ ਰਹੇ ਹੋ?”
31 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਇਹ ਬਿਮਾਰ ਮਨੁੱਖ ਹਨ, ਜਿਨ੍ਹਾਂ ਨੂੰ ਵੈਦ ਦੀ ਜ਼ਰੂਰਤ ਹੈ ਨਾ ਕਿ ਤੰਦਰੁਸਤਾਂ ਨੂੰ।
32 ਮੈਂ ਪਾਪੀਆਂ ਨੂੰ ਉਨ੍ਹਾਂ ਦੇ ਦਿਲ ਅਤੇ ਜੀਵਨ ਬਦਲਣ ਲਈ ਆਖਣ ਲਈ ਆਇਆ ਹਾਂ, ਨਾ ਕਿ ਧਰਮੀਆਂ ਨੂੰ।”
ਯਿਸੂ ਦਾ ਵਰਤ ਬਾਰੇ ਸਵਾਲ ਦਾ ਜਵਾਬ ਦੇਣਾ
(ਮੱਤੀ 9:14-17; ਮਰਕੁਸ 2:18-22)
33 ਉਨ੍ਹਾਂ ਨੇ ਯਿਸੂ ਨੂੰ ਕਿਹਾ, “ਯੂਹੰਨਾ ਦੇ ਚੇਲੇ ਵੀ ਆਮ ਤੌਰ ਤੇ ਫ਼ਰੀਸੀਆਂ ਦੇ ਚੇਲਿਆਂ ਵਾਂਗ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਸਨ, ਪਰ ਤੇਰੇ ਚੇਲੇ ਹਰ ਵਕਤ ਖਾਂਦੇ-ਪੀਂਦੇ ਰਹਿੰਦੇ ਹਨ।”
34 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਲਾੜੇ ਦੇ ਦੋਸਤਾਂ ਤੋਂ ਵਰਤ ਰੱਖਵਾ ਸੱਕਦੇ ਹੋ ਜਦੋਂ ਤੱਕ ਕਿ ਲਾੜਾ ਉਨ੍ਹਾਂ ਦੇ ਨਾਲ ਹੁੰਦਾ ਹੈ?
35 ਪਰ ਵਕਤ ਆਵੇਗਾ ਜਦੋਂ ਲਾੜਾ ਉਨ੍ਹਾਂ ਤੋਂ ਲੈ ਲਿਆ ਜਾਵੇਗਾ। ਉਸ ਵਕਤ ਉਹ ਵਰਤ ਰੱਖਣਗੇ।”
36 ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ, “ਕੋਈ ਵੀ ਮਨੁੱਖ ਨਵੇਂ ਕੱਪੜੇ ਦੀ ਟਾਕੀ ਪਾੜਕੇ ਪੁਰਾਣੇ ਕੱਪੜੇ ਉੱਤੇ ਨਹੀਂ ਲਾਉਂਦਾ। ਜੇਕਰ ਉਹ ਇਹ ਕਰਦਾ ਹੈ ਤਾਂ ਉਹ ਨਵੀਂ ਪੁਸ਼ਾਕ ਨੂੰ ਖਰਾਬ ਕਰ ਲਵੇਗਾ, ਪਰ ਹਾਂ ਨਵੀਂ ਪੁਸ਼ਾਕ ਦੀ ਟਾਕੀ ਵੀ ਪੁਰਾਣੀ ਪੋਸ਼ਾਕ ਤੇ ਮੇਲ ਨਹੀਂ ਖਾਂਦੀ।
37 ਲੋਕ ਨਵੀਂ ਮੈਅ ਨੂੰ ਕਦੇ ਵੀ ਪੁਰਾਣੀ ਮਸ਼ਕਾਂ ਵਿੱਚ ਨਹੀਂ ਪਾਉਂਦੇ। ਕਿਉਂ? ਕਿਉਂਕਿ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਮੈਅ ਉਨ੍ਹਾਂ ਵਿੱਚੋਂ ਡੁਲ੍ਹ ਜਾਵੇਗੀ ਅਤੇ ਮਸ਼ਕਾਂ ਨਸ਼ਟ ਹੋ ਜਾਣਗੀਆਂ।
38 ਇਸੇ ਲਈ ਲੋਕ ਨਵੀਂ ਮੈਅ ਹਮੇਸ਼ਾ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ।
39 ਅਤੇ ਪੁਰਾਣੀ ਮੈਅ ਪੀਕੇ ਨਵੀਂ ਕੋਈ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਉਹ ਆਖਦਾ ਹੈ ਕਿ, ‘ਪੁਰਾਣੀ ਮੈਅ ਹੀ ਵੱਧੀਆ ਹੈ।’”