ਫ਼ਿਲੇਮੋਨ ਨੂੰ ਪੱਤ੍ਰੀ
1
ਯਿਸੂ ਮਸੀਹ ਦੇ ਕੈਦੀ ਪੌਲੁਸ ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ ਸ਼ੁਭਕਾਮਨਾਵਾਂ।
ਸਾਡੇ ਪਿਆਰੇ ਮਿੱਤਰ ਅਤੇ ਸਹਿਕਰਮੀ ਫ਼ਿਲੇਮੋਨ ਨੂੰ। ਸਾਡੀ ਭੈਣ ਅੱਫ਼ਿਆ ਨੂੰ ਵੀ ਅਤੇ ਸਾਡੇ ਸਹਿਕਰਮੀ ਆਰੱਖਿਪੁੱਸ ਨੂੰ ਅਤੇ ਤੁਹਾਡੇ ਘਰ ਵਿੱਚ ਜੁੜਨ ਵਾਲੀ ਕਲੀਸਿਯਾ ਨੂੰ ਵੀ।
ਸਾਡੇ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਤੁਹਾਡੇ ਉੱਪਰ ਕਿਰਪਾ ਤੇ ਸ਼ਾਂਤੀ ਹੋਵੇ।
ਫ਼ਿਲੇਮੋਨ ਦਾ ਪ੍ਰੇਮ ਅਤੇ ਵਿਸ਼ਵਾਸ
ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾ ਸਮੇਂ ਚੇਤੇ ਕਰਦਾ ਹਾਂ। ਅਤੇ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਸਦਾ ਧੰਨਵਾਦ ਕਰਦਾ ਹਾਂ। ਮੈਂ ਤੁਹਾਡੇ ਪਰਮੇਸ਼ੁਰ ਦੇ ਸਮੂਹ ਪਵਿੱਤਰ ਲੋਕਾਂ ਲਈ ਪ੍ਰੇਮ ਬਾਰੇ, ਅਤੇ ਤੁਹਾਡੀ ਪ੍ਰਭੂ ਯਿਸੂ ਵਿੱਚ ਨਿਹਚਾ ਬਾਰੇ ਸੁਣ ਰਿਹਾ ਹਾਂ, ਅਤੇ ਮੈਂ ਇਸ ਪ੍ਰੇਮ ਅਤੇ ਵਿਸ਼ਵਾਸ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਹੜਾ ਵਿਸ਼ਵਾਸ ਤੁਸੀਂ ਸਾਂਝਾ ਕਰ ਰਹੇ ਹੋ ਤੁਹਾਨੂੰ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸਮਝਣ ਦੇ ਯੋਗ ਬਣਾਵੇ ਜੋ ਅਸੀਂ ਮਸੀਹ ਵਿੱਚ ਰੱਖਦੇ ਹਾਂ। ਮੇਰੇ ਭਰਾ, ਤੂੰ ਆਪਣਾ ਪਿਆਰ ਦਰਸ਼ਾਕੇ ਪਰਮੇਸ਼ੁਰ ਦੇ ਲੋਕਾਂ ਦੇ ਦਿਲਾਂ ਨੂੰ ਆਨੰਦਿਤ ਕਰ ਦਿੱਤਾ ਹੈ। ਇਸਨੇ ਮੈਨੂੰ ਬੜਾ ਆਨੰਦ ਅਤੇ ਦਿਲਾਸਾ ਦਿੱਤਾ ਹੈ।
ਓਨਿਸਿਮੁਸ ਨੂੰ ਭਰਾ ਸਮਝੋ
ਇੱਕ ਗੱਲ ਅਜਿਹੀ ਹੈ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਹੈ, ਅਤੇ ਮਸੀਹ ਵਿੱਚ ਮੈਂ ਨਿਡਰ ਹੋ ਸੱਕਦਾ ਅਤੇ ਤੁਹਾਨੂੰ ਉਹ ਕਰਨ ਦਾ ਆਦੇਸ਼ ਦੇ ਸੱਕਦਾ ਹਾਂ। ਪਰ ਮੈਂ ਤੁਹਾਨੂੰ ਆਦੇਸ਼ ਨਹੀਂ ਦੇ ਰਿਹਾ, ਮੈਂ ਤੁਹਾਨੂੰ ਇਹ ਕਰਨ ਦੀ ਬੇਨਤੀ ਪਿਆਰ ਦੇ ਕਾਰਣ ਕਰ ਰਿਹਾ ਹਾਂ। ਮੈਂ ਪੌਲੁਸ ਹਾਂ ਮੈਂ ਹੁਣ ਬੁੱਢਾ ਹੋ ਗਿਆ ਹਾਂ। ਅਤੇ ਮੈਂ ਮਸੀਹ ਯਿਸੂ ਦਾ ਕੈਦੀ ਹਾਂ। 10 ਮੈਂ ਤੁਹਾਨੂੰ ਇਹ ਆਪਣੇ ਪੁੱਤਰ ਓਨੇਸਿਮੁਸ ਲਈ ਪੁੱਛ ਰਿਹਾ ਹਾਂ। ਜਦੋਂ ਮੈਂ ਕੈਦ ਵਿੱਚ ਸਾਂ ਤਾਂ ਉਹ ਮੇਰਾ ਪੁੱਤਰ ਬਣ ਗਿਆ ਸੀ। 11 ਅਤੀਤ ਵਿੱਚ, ਉਹ ਤੁਹਾਡੇ ਲਈ ਬੇਕਾਰ ਸੀ। ਪਰ ਹੁਣ ਉਹ ਦੋਹਾਂ ਮੇਰੇ ਅਤੇ ਤੁਹਾਡੇ ਲਈ ਉਪਯੋਗੀ ਬਣ ਗਿਆ ਹੈ।
12 ਮੈਂ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਸ ਦੇ ਨਾਲ ਮੈਂ ਅਪਣਾ ਦਿਲ ਭੇਜ ਰਿਹਾ ਹਾਂ। 13 ਮੈਂ ਉਸ ਨੂੰ ਓਨਾ ਚਿਰ ਸਹਾਇਤਾ ਲਈ ਆਪਣੇ ਨਾਲ ਰੱਖਣਾ ਚਾਹੁੰਦਾ ਜਿੰਨਾ ਚਿਰ ਤੱਕ ਮੈਂ ਖੁਸ਼ਖਬਰੀ ਲਈ ਕੈਦ ਵਿੱਚ ਹਾਂ। ਉਹ ਤੁਹਾਡੀ ਜਗ਼੍ਹਾ ਮੇਰੀ ਸੇਵਾ ਕਰ ਰਿਹਾ ਹੋਵੇਗਾ। 14 ਪਰ ਤੁਹਾਨੂੰ ਪਹਿਲਾਂ ਪੁੱਛੇ ਬਗੈਰ ਮੈਂ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ। ਤਾਂ ਫ਼ੇਰ ਜਿਹੜੀ ਵੀ ਭਲਾਈ ਤੁਸੀਂ ਮੇਰੇ ਲਈ ਕਰੋਂਗੇ ਉਹ ਇਸ ਲਈ ਹੋਵੇਗੀ ਕਿ ਤੁਸੀਂ ਅਜਿਹਾ ਚਾਹੁੰਦੇ ਸੀ ਨਾ ਕਿ ਇਸ ਲਈ ਕਿ ਮੈਂ ਤੁਹਾਨੂੰ ਕਰਨ ਲਈ ਮਜ਼ਬੂਰ ਕੀਤਾ।
15 ਥੋੜੇ ਪਲਾਂ ਲਈ ਓਨੇਸਿਮੁਸ ਤੁਹਾਡੇ ਕੋਲੋਂ ਵੱਖ ਹੋ ਗਿਆ ਸੀ। ਹੋ ਸੱਕਦਾ ਹੈ ਕਿ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਉਹ ਚੰਗੇ ਲਈ ਤੁਹਾਡੇ ਕੋਲ ਵਾਪਸ ਆ ਸੱਕੇ, 16 ਅੱਗੇ ਤੋਂ ਇੱਕ ਦਾਸ ਹੋਕੇ ਨਹੀਂ, ਪਰ ਇੱਕ ਪਿਆਰੇ ਭਰਾ ਵਾਂਗ ਜੋ ਕਿ ਇੱਕ ਦਾਸ ਨਾਲੋਂ ਕਿਧਰੇ ਵੱਧ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਤੁਸੀਂ ਉਸ ਨੂੰ ਉਸਤੋਂ ਵੀ ਵੱਧੇਰੇ ਪਿਆਰ ਕਰੋਂਗੇ। ਤੁਸੀਂ ਉਸ ਨੂੰ ਦੋਨੇਂ ਤਰ੍ਹਾਂ ਇੱਕ ਵਿਅਕਤੀ ਵਾਂਗ ਅਤੇ ਪ੍ਰਭੂ ਵਿੱਚ ਭਰਾ ਹੋਣ ਕਰਕੇ ਪਿਆਰ ਕਰੋਂਗੇ।
17 ਜੇ ਤੁਸੀਂ ਮੈਨੂੰ ਆਪਣਾ ਮਿੱਤਰ ਸਮਝਦੇ ਹੋ ਤਾਂ ਓਨੇਸਿਮੁਸ ਨੂੰ ਦੁਬਾਰਾ ਅਪਨਾ ਲਵੋ। ਉਸਦਾ ਸਵਾਗਤ ਓਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸਾਂ ਮੇਰਾ ਸਵਾਗਤ ਕਰਨਾ ਸੀ। 18 ਜੋ ਓਨੇਸਿਮੁਸ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਜਾਂ ਉਸ ਨੇ ਤੁਹਾਡਾ ਕੁਝ ਦੇਣਾ ਹੈ। ਤਾਂ ਇਸ ਬਾਰੇ ਮੈਨੂੰ ਜਿੰਮੇਵਾਰ ਸਮਝੋ। 19 ਮੈਂ ਪੌਲੁਸ ਹਾਂ, ਅਤੇ ਮੈਂ ਇਹ ਆਪਣੇ ਹੱਥੀ ਲਿਖ ਰਿਹਾ ਹਾਂ। ਜੇ ਓਨੇਸਿਮੁਸ ਨੇ ਤੁਹਾਡਾ ਕੁਝ ਦੇਣਾ ਹੈ ਤਾਂ ਮੈਂ, ਅਦਾ ਕਰਾਂਗਾ ਅਤੇ ਮਾਂ ਉਸ ਬਾਰੇ ਕੁਝ ਨਹੀਂ ਆਖਾਂਗਾ ਜੋ ਕੁਝ ਤੁਸੀਂ ਆਪਣੀ ਜ਼ਿੰਦਗੀ ਲਈ ਮੇਰੇ ਦੇਣਦਾਰ ਹੋ। 20 ਇਸ ਲਈ, ਮੇਰੇ ਭਰਾਵੋ, ਮੈਂ ਤੁਹਾਨੂੰ ਪ੍ਰਭੂ ਵਿੱਚ ਆਪਣੇ ਲਈ ਕੁਝ ਕਰਨ ਲਈ ਕਹਿੰਦਾ ਹਾਂ। 21 ਇਹ ਚਿਠੀ ਮੈਂ ਇਹ ਜਾਣਦਾ ਹੋਇਆ ਲਿਖ ਰਿਹਾ ਹਾਂ ਕਿ ਤੁਸੀਂ ਉਹ ਕਰੋਂਗੇ ਜੋ ਮੈਂ ਮੰਗਾਂਗਾ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਮੰਗ ਨਾਲੋਂ ਵੀ ਵੱਧ ਕਰੋਂਗੇ।
22 ਇਸ ਤੋਂ ਇਲਾਵਾ ਮੇਰੇ ਠਹਿਰਨ ਲਈ ਇੱਕ ਕਮਰਾ ਵੀ ਤਿਆਰ ਰੱਖਣਾ। ਮੈਨੂੰ ਉਮੀਦ ਹੈ ਕਿ ਪਰਮੇਸ਼ੁਰ ਤੁਹਾਡੀਆਂ ਪ੍ਰਾਰਥਨਾ ਮੰਨ ਲਵੇਗਾ ਅਤੇ ਮੈਂ ਤੁਹਾਡੇ ਕੋਲ ਆ ਸੱਕਾਂਗਾ।
ਆਖਰੀ ਸ਼ੁਭਕਾਮਨਾਵਾਂ
23 ਇਪਫ਼ਰਾਸ ਵੀ ਮੇਰੇ ਨਾਲ ਮਸੀਹ ਯਿਸੂ ਵਿੱਚ ਕੈਦੀ ਹੈ। ਉਹ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹੈ। 24 ਮਰਕੁਸ, ਅਰਿਸਤਰੱਖੁਸ, ਦੇਮਾਸ ਅਤੇ ਲੂਕਾ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ। ਉਹ ਮੇਰੇ ਨਾਲ ਕੰਮ ਕਰਦੇ ਹਨ।
25 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਅੰਗ ਸੰਗ ਹੋਵੇ।