ਆਸਾ ਦੇ ਬਦਲਾਵ
15
1 ਪਰਮੇਸ਼ੁਰ ਦਾ ਆਤਮਾ ਉਦੇਦ ਦੇ ਪੁੱਤਰ ਅਜ਼ਰਯਾਹ ਉੱਪਰ ਆਈ।
2 ਅਜ਼ਰਯਾਹ ਆਸਾ ਨੂੰ ਮਿਲਣ ਆਇਆ ਅਤੇ ਕਹਿਣ ਲੱਗਾ, “ਹੇ ਆਸਾ! ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਦੇ ਲੋਕੋ ਮੇਰੀ ਸੁਣੋ! ਜਦ ਤੀਕ ਤੁਸੀਂ ਯਹੋਵਾਹ ਦੇ ਨਾਲ ਹੋ ਉਹ ਤੁਹਾਡੇ ਨਾਲ ਹੈ। ਜੇਕਰ ਤੁਸੀਂ ਉਸ ਦੇ ਚਾਹਵਾਨ ਹੋ ਤਾਂ ਉਹ ਤੁਹਾਨੂੰ ਜ਼ਰੂਰ ਮਿਲੇਗਾ ਪਰ ਜੇਕਰ ਤੁਸੀਂ ਉਸ ਨੂੰ ਛੱਡ ਜਾਵੋਂਗੇ ਤਾਂ ਉਹ ਤੁਹਾਨੂੰ ਛੱਡ ਦੇਵੇਗਾ।
3 ਬਹੁਤ ਸਮੇਂ ਤੀਕ ਇਸਰਾਏਲੀ ਬਿਨਾਂ ਸੱਚੇ ਪਰਮੇਸ਼ੁਰ ਅਤੇ ਬਿਨਾਂ ਜਾਜਕਾਂ ਅਤੇ ਉਸਦੀ ਬਿਵਸਬਾ ਤੋਂ ਬਿਨਾ ਜੀਵੇ ਹਨ।
4 ਪਰ ਜਦੋਂ ਉਹ ਆਪਣੇ ਦੁੱਖ ਦੀ ਘੜੀ ਵਿੱਚ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਵੱਲ ਮੁੜੇ ਤੇ ਉਸ ਦੇ ਚਾਹਵਾਨ ਹੋਏ ਉਨ੍ਹਾਂ ਨੇ ਉਸ ਨੂੰ ਪਾ ਲਿਆ।
5 ਅਤੇ ਉਨ੍ਹਾਂ ਵੇਲਿਆਂ ਵਿੱਚ ਉਸ ਔਖੀ ਘੜੀ ਵਿੱਚ ਕੋਈ ਵੀ ਸੁਰ੍ਰੱਖਿਆ ਪੂਰਵਕ ਸਫ਼ਰ ਨਹੀਂ ਸੀ ਕਰ ਸੱਕਦਾ। ਸਾਰੇ ਹੀ ਰਾਜਾਂ ਵਿੱਚ ਬੜੀ ਮੁਸੀਬਤ ਪਈ ਹੋਈ ਸੀ।
6 ਹਰ ਕੌਮ ਦੂਸਰੀ ਕੌਮ ਦੇ ਖਿਲਾਫ ਸੀ, ਅਤੇ ਹਰ ਨਗਰ ਦੂਸਰੇ ਨਗਰਾਂ ਦੇ ਖਿਲਾਫ ਯੁੱਧ ਕਰ ਰਿਹਾ ਸੀ। ਇਹ ਸਭ ਇਸ ਲਈ ਵਾਪਰਿਆ ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਕਸ਼ਟ ਦੇ ਰਿਹਾ ਸੀ।
7 ਪਰ ਹੇ ਆਸਾ, ਯਹੂਦਾਹ ਅਤੇ ਬਿਨਯਾਮੀਨ ਦੇ ਲੋਕੋ! ਤੁਸੀਂ ਤਕੜੇ ਹੋਵੋ। ਹਿਂਮਤ ਨਾ ਹਾਰੋ, ਕਮਜ਼ੋਰ ਨਾ ਪਵੋ ਕਿਉਂ ਕਿ ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ।”
8 ਜਦੋਂ ਆਸਾ ਨੇ ਇਨ੍ਹਾਂ ਗੱਲਾਂ ਬਾਰੇ ਅਤੇ ਉਦੇਦ ਨਬੀ ਦੇ ਬਚਨਾਂ ਬਾਰੇ ਸੁਣਿਆ, ਉਸ ਨੂੰ ਉਤਸਾਹ ਮਿਲਿਆ, ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਇਲਾਕਿਆ ਵਿੱਚੋਂ ਅਤੇ ਉਨ੍ਹਾਂ ਸਾਰੇ ਨਗਰਾਂ ਵਿੱਚੋਂ ਜਿਨ੍ਹਾਂ ਉੱਤੇ ਉਸ ਨੇ ਅਫ਼ਰਾਈਮ ਦੇ ਪਹਾੜੀ ਇਲਾਕਿਆ ਵਿੱਚੋਂ ਕਬਜਾ ਕੀਤਾ ਸੀ, ਸਾਰੇ ਘਿਰਣਾ ਯੋਗ ਬੁੱਤਾਂ ਨੂੰ ਹਟਾਇਆ ਉਸ ਨੇ ਯਹੋਵਾਹ ਦੀ ਜਗਵੇਦੀ ਦੀ ਫ਼ੇਰ ਤੋਂ ਮੁਰੰਮਤ ਕੀਤੀ, ਜੋ ਯਹੋਵਾਹ ਦੇ ਵਰਾਂਡੇ ਦੇ ਸਾਹਮਣੇ ਸੀ।
9 ਤੱਦ ਆਸਾ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ ਇਸਦੇ ਇਲਾਵਾ ਉਸ ਨੇ ਅਫ਼ਰਾਈਮ ਅਤੇ ਮਨੱਸ਼ਹ ਅਤੇ ਸ਼ਿਮਓਨ ਦੇ ਲੋਕਾਂ ਨੂੰ ਵੀ ਇਕੱਠਿਆਂ ਕੀਤਾ ਕਿਉਂ ਕਿ ਜਦੋਂ ਉਨ੍ਹਾਂ ਨੇ ਵੇਖਿਆ ਕਿ ਯਹੋਵਾਹ ਉਸਦਾ ਪਰਮੇਸ਼ੁਰ ਉਸ ਦੇ ਨਾਲ ਹੈ ਤਾਂ ਉਹ ਇਸਰਾਏਲ ਵਿੱਚੋਂ ਬਹੁਤ ਗਿਣਤੀ ਵਿੱਚ ਉਸ ਦੇ ਨਾਲ ਆਏ।
10 ਆਸਾ ਅਤੇ ਉਹ ਲੋਕ ਯਰੂਸ਼ਲਮ ਵਿੱਚ ਆਸਾ ਦੇ ਰਾਜ ਦੇ 15ਵਰ੍ਹੇ ਦੇ ਤੀਜੇ ਮਹੀਨੇ ਵਿੱਚ ਇਕੱਠੇ ਹੋਏ।
11 ਉਸ ਵੇਲੇ ਉਨ੍ਹਾਂ ਨੇ 700 ਬਲਦ ਅਤੇ 7,000 ਭੇਡਾਂ-ਬੱਕਰੀਆਂ ਯਹੋਵਾਹ ਦੇ ਅੱਗੇ ਚੜ੍ਹਾਈਆਂ। ਆਸਾ ਅਤੇ ਉਸਦੀ ਸੈਨਾ ਨੇ ਉਹ ਸਾਰੀ ਚਢ਼ਤ ਤੇ ਹੋਰ ਕੀਮਤੀ ਸਾਮਾਨ ਆਪਣਾ ਦੁਸ਼ਮਣਾਂ ਤੋਂ ਲੈ ਲਈਆਂ।
12 ਤੱਦ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਦਿਲੋ-ਜਾਨ ਨਾਲ ਸੇਵਾ ਕਰਨ ਦੀ ਸੌਂਹ ਖਾਧੀ। ਉਸ ਪਰਮੇਸ਼ੁਰ ਦੀ, ਜਿਸ ਦੀ ਉਨ੍ਹਾਂ ਦੇ ਪੁਰਖਿਆਂ ਨੇ ਸੇਵਾ ਕੀਤੀ ਸੀ।
13 ਜਿਹੜਾ ਕੋਈ ਵੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਤੋਂ ਇਨਕਾਰੀ ਹੋਵੇ ਉਸ ਨੂੰ ਜਾਨੋਁ ਮਾਰ ਦਿੱਤਾ ਜਾਵੇ। ਭਾਵੇਂ ਉਹ ਖਾਸ ਆਦਮੀ ਹੋਵੇ ਭਾਵੇਂ ਆਮ, ਭਾਵੇਂ ਮਰਦ ਤੇ ਭਾਵੇਂ ਔਰਤ।
14 ਤੱਦ ਆਸਾ ਅਤੇ ਉਸ ਦੇ ਲੋਕਾਂ ਨੇ ਯਹੋਵਾਹ ਅੱਗੇ ਸੌਂਹ ਚੁੱਕੀ ਅਤੇ ਉਹ ਜ਼ੋਰ ਦੀ ਉੱਚੀ ਆਵਾਜ਼ ਵਿੱਚ ਨਰਸਿਂਗਿਆਂ ਅਤੇ ਤੁਰ੍ਹੀਆਂ ਨਾਲ ਲਲਕਾਰੇ।
15 ਸਾਰੇ ਯਹੂਦੀ ਇਸ ਸੌਂਹ ਚੁੱਕਣ ਤੇ ਖੁਸ਼ ਸਨ ਕਿਉਂ ਕਿ ਇਹ ਸੌਂਹ ਉਨ੍ਹਾਂ ਨੇ ਆਪਣੇ ਦਿਲੋਂ ਖਾਧੀ ਸੀ ਤੇ ਉਨ੍ਹਾਂ ਨੇ ਪਰਮੇਸ਼ੁਰ ਦਾ ਹੁਕਮ ਤਹਿ ਦਿਲੋਂ ਮੰਨਿਆ। ਉਨ੍ਹਾਂ ਨੇ ਪਰਮੇਸ਼ੁਰ ਨੂੰ ਵੇਖਣ ਦੀ ਰੀਝ ਕੀਤੀ ਤੇ ਉਨ੍ਹਾਂ ਪਾਇਆ ਤਾਂ ਇਉਂ ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ ਵਿੱਚ ਸੁੱਖ-ਸ਼ਾਂਤੀ ਵਰਤਾਈ।
16 ਆਸਾ ਪਾਤਸ਼ਾਹ ਨੇ ਆਪਣੀ ਮਾਂ ਮਅਕਾਹ ਨੂੰ ਰਾਣੀਆਂ ਦੀ ਪਦਵੀ ਤੋਂ ਵੀ ਹਟਾਅ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀ ਦੀ ਇੱਕ ਘਿਨਾਉਣੀ ਮੂਰਤ ਬਣਾਈ ਸੀ। ਆਸਾ ਨੇ ਉਸ ਘਿਨਾਉਣੀ ਮੂਰਤ ਦੇ ਟੁਕੜੇ-ਟੁਕੜੇ ਕਰਕੇ ਚਕਨਾਚੂਰ ਕਰ ਦਿੱਤਾ। ਅਤੇ ਉਨ੍ਹਾਂ ਟੋਟਿਆਂ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ।
17 ਯਹੂਦਾਹ ਵਿੱਚੋਂ ਉਚਿਆਂ ਬਾਂਵਾਂ ਨੂੰ ਤਾਂ, ਨਾ ਹਟਾਇਆ ਗਿਆ ਪਰ ਆਸਾ ਸਾਰੀ ਉਮਰ ਯਹੋਵਾਹ ਵੱਲ ਵਫ਼ਾਦਾਰ ਰਿਹਾ।
18 ਪਰਮੇਸ਼ੁਰ ਦੇ ਮੰਦਰ ਵਿੱਚ ਉਨ੍ਹਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਅਤੇ ਉਹ ਵਸਤਾਂ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸੀ ਉਨ੍ਹਾਂ ਨੂੰ ਅੰਦਰ ਲਿਆਇਆ ਅਤੇ ਉਹ ਵਸਤਾਂ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਹੋਈਆਂ ਸਨ।
19 ਇਉਂ ਆਸਾ ਦੇ ਰਾਜ ਦੇ 35 ਸਾਲ ਤੀਕ ਕੋਈ ਲੜਾਈ ਨਾ ਹੋਈ।