21
1 ਤੱਦ ਯਹੋਸ਼ਾਫ਼ਾਟ ਦੀ ਮੌਤ ਹੋ ਗਈ ਅਤੇ ਉਹ ਆਪਣੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ। ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਤੇ ਉਸਦੀ ਬਾਵੇਂ ਉਸਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ।
2 ਯਹੋਸ਼ਾਫ਼ਾਟ ਦੇ ਪੁੱਤਰ ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹ, ਮੀਕਾਏਲ ਅਤੇ ਸਫ਼ਟਯਾਹ ਸਨ। ਇਹ ਸਾਰੇ ਇਸਰਾਏਲ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਪੁੱਤਰ ਅਤੇ ਯਹੋਰਾਮ ਦੇ ਭਰਾ ਸਨ।
3 ਯਹੋਸ਼ਾਫ਼ਾਟ ਨੇ ਆਪਣੇ ਪੁੱਤਰਾਂ ਨੂੰ ਸੋਨਾ-ਚਾਂਦੀ, ਬਹੁ-ਮੁੱਲੀਆਂ ਵਸਤਾਂ ਦੇ ਵੱਡੇ ਈਨਾਮ ਅਤੇ ਯਹੂਦਾਹ ਦੇ ਗਢ਼ ਵਾਲੇ ਸ਼ਹਿਰ ਦਿੱਤੇ ਪਰ ਰਾਜ ਯਹੋਰਾਮ ਨੂੰ ਦਿੱਤਾ। ਕਿਉਂ ਕਿ ਯਹੋਰਾਮ ਉਸਦਾ ਸਭ ਤੋਂ ਵੱਡਾ ਪੁੱਤਰ ਸੀ।
ਯਹੂਦਾਹ ਦਾ ਪਾਤਸ਼ਾਹ ਯਹੋਰਾਮ
4 ਯਹੋਰਾਮ ਨੇ ਆਪਣੇ ਪਿਤਾ ਦਾ ਰਾਜ ਸੰਭਾਲ ਕੇ ਆਪਣੇ-ਆਪ ਨੂੰ ਮਜ਼ਬੂਤ ਕੀਤਾ। ਫ਼ਿਰ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ। ਇਹ੍ਹੀ ਨਹੀਂ ਉਸ ਨੇ ਇਸਰਾਏਲ ਦੇ ਕਈ ਆਗੂਆਂ ਨੂੰ ਵੀ ਵੱਢ ਸੁੱਟਿਆ।
5 ਜਦੋਂ ਯਹੋਰਾਮ ਰਾਜ ਕਰਨ ਲੱਗਾ ਉਹ 32 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ।
6 ਯਹੋਰਾਮ ਅਹਾਬ ਦੇ ਘਰਾਣੇ ਵਾਂਗ ਇਸਰਾਏਲ ਦੇ ਪਾਤਸ਼ਾਹ ਦੇ ਰਾਹਾਂ ਉੱਪਰ ਹੀ ਤੁਰਿਆ ਕਿਉਂ ਕਿ ਉਹ ਅਹਾਬ ਦੀ ਧੀ ਨਾਲ ਵਿਆਹਿਆ ਸੀ ਅਤੇ ਉਸ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬਦ ਸੀ।
7 ਪਰ ਯਹੋਵਾਹ ਦਾਊਦ ਦੇ ਘਰਾਣੇ ਨੂੰ ਨਸ਼ਟ ਨਹੀਂ ਕਰੇਗਾ। ਕਿਉਂ ਕਿ ਉਸ ਨੇ ਦਾਊਦ ਨਾਲ ਇਕਰਾਰਨਾਮਾ ਕੀਤਾ ਸੀ ਕਿ ਹਮੇਸ਼ਾ ਉਸ ਦੇ ਪਰਿਵਾਰ ਵਿੱਚੋਂ ਇੱਕ ਆਦਮੀ ਪਾਤਸ਼ਾਹ ਬਣੇਗਾ।
8 ਯਹੋਰਾਮ ਦੇ ਸਮੇਂ ਅਦੋਮੀ ਯਹੂਦਾਹ ਦੇ ਰਾਜ ਤੋਂ ਆਕੀ ਹੋ ਗਏ ਅਤੇ ਉਨ੍ਹਾਂ ਆਪਣਾ ਇੱਕ ਹੋਰ ਪਾਤਸ਼ਾਹ ਆਪੇ ਠਹਿਰਾ ਲਿਆ।
9 ਤੱਦ ਯਹੋਰਾਮ ਆਪਣੇ ਸਰਦਾਰਾਂ ਅਤੇ ਸਾਰੇ ਰਬਾਂ ਨੂੰ ਲੈ ਕੇ ਬਾਹਰ ਨਿਕਲਿਆ ਅਤੇ ਰਾਤ ਨੂੰ ਉੱਠ ਕੇ ਉਨ੍ਹਾਂ ਅਦੋਮੀਆਂ ਨੂੰ, ਜਿਨ੍ਹਾਂ ਨੇ ਉਸ ਨੂੰ ਉਸ ਦੇ ਰਬਾਂ ਨੂੰ ਅਤੇ ਸਰਦਾਰਾਂ ਨੂੰ ਘੇਰ ਲਿਆ ਸੀ, ਮਾਰ ਦਿੱਤਾ।
10 ਉਸ ਸਮੇਂ ਤੋਂ ਹੁਣ ਤੀਕ, ਅਦੋਮ ਯਹੂਦਾਹ ਦੇ ਵਿਰੁੱਧ, ਵਿਦ੍ਰੋਹੀ ਹੈ। ਲਿਬਨਾਹ ਨਗਰ ਦੇ ਲੋਕਾਂ ਨੇ ਵੀ ਯਹੋਰਾਮ ਦੇ ਵਿਰੁੱਧ ਬਗਾਵਤ ਕਰ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂ ਕਿ ਯਹੋਰਾਮ ਨੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ।
11 ਯਹੋਰਾਮ ਨੇ ਯਹੂਦਾਹ ਦੇ ਪਰਬਤਾਂ ਉੱਪਰ ਉੱਚੇ ਅਸਬਾਨ ਬਣਾਏ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਅਤੇ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਦੇ ਰਾਹ ਤੋਂ ਗੁਮਰਾਹ ਕੀਤਾ।
12 ਯਹੋਰਾਮ ਨੂੰ ਏਲੀਯਾਹ ਨਬੀ ਵੱਲੋਂ ਇੱਕ ਸੰਦੇਸ਼ ਆਇਆ ਕਿ,
“ਯਹੋਵਾਹ ਪਰਮੇਸ਼ੁਰ ਤੇਰੇ ਬਾਰੇ ਇਉਂ ਫ਼ਰਮਾਉਂਦਾ ਹੈ: ਉਹ ਯਹੋਵਾਹ ਜਿਸ ਨੂੰ ਤੇਰੇ ਪੁਰੱਖੇ ਦਾਊਦ ਨੇ ਮੰਨਿਆ, ਤਾਂ ਯਹੋਰਾਮ ਨਾ ਤਾਂ ਤੂੰ ਉਸ ਯਹੋਵਾਹ ਨੂੰ ਜਿਵੇਂ ਤੇਰੇ ਪਿਤਾ ਯਹੋਸ਼ਾਫ਼ਾਟ ਨੇ ਮੰਨਿਆ ਸੀ ਤੂੰ ਅਮਲ ਕੀਤਾ ਤੇ ਨਾ ਹੀ ਤੂੰ ਆਪਣੇ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਹ ਉੱਪਰ ਤੁਰਿਆ।
13 ਸਗੋਁ ਤੂੰ ਇਸਰਾਏਲ ਦੇ ਪਾਤਸ਼ਾਹਾਂ ਦੇ ਜੀਵਨ ਰਾਹ ਉੱਪਰ ਤੁਰਿਆ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਜਿਵੇਂ ਕਿ ਅਹਾਬ ਦੇ ਘਰਾਣੇ ਨੇ ਕੀਤਾ ਸੀ। ਤੇਰੇ ਭਰਾ ਤੇਰੇ ਕੋਲੋਂ ਚੰਗੇ ਸਨ ਤੇ ਤੂੰ ਉਨ੍ਹਾਂ ਨੂੰ ਵੀ ਵੱਢ ਸੁੱਟਿਆ।
14 ਇਸ ਲਈ ਹੁਣ ਇਸ ਤੋਂ ਵੱਡੀ ਸਜ਼ਾ ਯਹੋਵਾਹ ਤੇਰੇ ਲੋਕਾਂ ਨੂੰ ਦੇਵੇਗਾ। ਸੋ ਵੇਖ, ਯਹੋਵਾਹ ਤੇਰੇ ਲੋਕਾਂ ਨੂੰ, ਤੇਰੇ ਪੁੱਤਰਾਂ ਨੂੰ ਅਤੇ ਤੇਰੀਆਂ ਰਾਣੀਆਂ ਨੂੰ ਵੱਡੀ ਬਿਮਾਰੀ ਨਾਲ ਮਾਰੇਗਾ। ਅਤੇ ਸਾਰੀ ਸਂਪਤੀ ਦਾ ਨਾਸ ਕਰੇਗਾ।
15 ਤੂੰ ਆਂਤੜੀਆਂ ਦੇ ਰੋਗ ਨਾਲ ਸਖਤ ਬੀਮਾਰ ਹੋ ਜਾਵੇਂਗਾ, ਇੱਥੋਂ ਤੀਕ ਕਿ ਤੇਰੀਆਂ ਆਂਤੜੀਆਂ ਹਰ ਰੋਜ਼ ਬੀਮਾਰੀ ਕਾਰਣ ਤੇਰੇ ਸ਼ਰੀਰ ਚੋ ਬਾਹਰ ਨਿਕਲਦੀਆਂ ਜਾਣਗੀਆਂ।”
16 ਯਹੋਰਾਮ ਦੇ ਵਿਰੁੱਧ ਯਹੋਵਾਹ ਨੇ ਫ਼ਲਿਸਤੀਆਂ ਅਤੇ ਉਨ੍ਹਾਂ ਅਰਬੀਆਂ ਦੇ ਜੋ ਕੂਸ਼ੀਆਂ ਦੇ ਵੱਲ ਰਹਿੰਦੇ ਸਨ ਕ੍ਰੋਧਿਤ ਕੀਤਾ।
17 ਉਨ੍ਹਾਂ ਲੋਕਾਂ ਨੇ ਯਹੂਦਾਹ ਉੱਪਰ ਹਮਲਾ ਕੀਤਾ ਅਤੇ ਉਹ ਸਾਰਾ ਯਹੋਰਾਮ ਦਾ ਖਜ਼ਾਨਾ, ਧਨ ਦੌਲਤ ਲੁੱਟ ਕੇ ਲੈ ਗਏ। ਉਹ ਯਹੋਰਾਮ ਦੇ ਮਹਿਲ ਦਾ ਸਾਰਾ ਮਾਲ, ਪਤਨੀਆਂ ਅਤੇ ਬੱਚੇ ਸਭ ਲੁੱਟ ਕੇ ਲੈ ਗਏ। ਸਿਰਫ਼ ਯਹੋਰਾਮ ਦਾ ਸਭ ਤੋਂ ਛੋਟਾ ਲੜਕਾ ਬਚ ਗਿਆ। ਉਸ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਯਹੋਆਹਾਜ਼ ਸੀ।
18 ਇਸ ਉਪਰੰਤ ਯਹੋਵਾਹ ਨੇ ਯਹੋਰਾਮ ਨੂੰ ਆਂਤੜੀਆਂ ਦੇ ਰੋਗ ਨਾਲ ਅਜਿਹਾ ਪੀੜਿਤ ਕੀਤਾ ਕਿ ਉਹ ਮੁੜ ਕਦੇ ਵੀ ਰਾਜੀ ਨਾ ਹੋ ਸੱਕਿਆ।
19 ਇਉਂ 2 ਸਾਲਾਂ ਵਿੱਚ ਹੀ ਬਿਮਾਰੀ ਨਾਲ ਉਸ ਦੀਆਂ ਆਂਦਰਾਂ ਬਾਹਰ ਨਿਕਲ ਆਈਆਂ ਅਤੇ ਉਹ ਬੜਾ ਕਰਾਹ-ਕਰਾਹ ਕੇ ਮਰਿਆ ਅਤੇ ਲੋਕਾਂ ਨੇ ਉਸ ਦੇ ਮਰਨ ਤੇ ਅੱਗ ਨਾ ਬਾਲੀ ਜਿਵੇਂ ਕਿ ਉਹ ਉਸ ਦੇ ਵੱਡੇਤਿਆਂ ਦੇ ਮਰਨ ਤੇ ਬਾਲਦੇ ਸਨ।
20 ਯਹੋਰਾਮ ਜਦੋਂ ਸਿੰਘਾਸਣ ਤੇ ਬੈਠਾ ਤਾਂ ਉਹ 32 ਵਰ੍ਹਿਆਂ ਦਾ ਸੀ। ਉਸ ਨੇ 8 ਵਰ੍ਹੇ ਪਾਤਸ਼ਾਹੀ ਕੀਤੀ ਪਰ ਜਦੋਂ ਉਹ ਮਰਿਆ ਤਾਂ ਕੋਈ ਵੀ ਮਨੁੱਖ ਦੁੱਖੀ ਜਾਂ ਉਦਾਸ ਨਹੀਂ ਹੋਇਆ। ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ’ਚ ਦਫ਼ਨਾਇਆ ਪਰ ਉਨ੍ਹਾਂ ਨੇ ਉਸ ਨੂੰ ਵੈਸੀਆਂ ਕਬਰਾਂ ਵਿੱਚ ਨਾ ਦਫ਼ਨਾਇਆ ਜੈਸੀਆਂ ਪਾਤਸ਼ਾਹਾਂ ਦੀਆਂ ਹੁੰਦੀਆਂ ਹਨ।