ਸੁਲੇਮਾਨ ਨੇ ਜਿਹੜੇ ਸ਼ਹਿਰ ਉਸਾਰੇ
8
1 ਸੁਲੇਮਾਨ ਨੂੰ ਯਹੋਵਾਹ ਦਾ ਮੰਦਰ ਅਤੇ ਆਪਣਾ ਮਹਿਲ ਉਸਾਰਣ ਵਿੱਚ ਵੀਹ ਵਰ੍ਹੇ ਲੱਗੇ।
2 ਜਿਹੜੇ ਸ਼ਹਿਰ ਹੂਰਾਮ ਨੇ ਸੁਲੇਮਾਨ ਨੂੰ ਦਿੱਤੇ ਸਨ, ਸੁਲੇਮਾਨ ਉਨ੍ਹਾਂ ਸ਼ਹਿਰਾਂ ਨੂੰ ਮੋੜ ਤੋਂ ਬਨਾਉਣ ਲੱਗਾ ਅਤੇ ਸੁਲੇਮਾਨ ਨੇ ਇਸਰਾਏਲ ਦੇ ਕੁਝ ਲੋਕਾਂ ਨੂੰ ਉੱਥੇ ਵਸਣ ਦੀ ਆਗਿਆ ਦਿੱਤੀ।
3 ਇਸ ਤੋਂ ਬਾਅਦ ਸੁਲੇਮਾਨ ਹਮਾਬ-ਸੋਬਾਹ ਨੂੰ ਗਿਆ ਅਤੇ ਉਸ ਨੂੰ ਵੀ ਜਿੱਤ ਲਿਆ।
4 ਸੁਲੇਮਾਨ ਨੇ ਉਜਾੜ ਵਿੱਚ ਵੀ ਤਦਮੋਰ ਸ਼ਹਿਰ ਉਸਾਰਿਆ ਅਤੇ ਹਮਾਬ ਵਿੱਚ ਸਾਰੀਆਂ ਵਸਤਾਂ ਸੰਭਾਲਣ ਲਈ ਭਂਡਾਰ ਦੇ ਸ਼ਹਿਰ ਬਣਵਾਏ।
5 ਉਸ ਨੇ ਉਤਲੇ ਬੈਤ-ਹੋਰੋਨ ਅਤੇ ਨੀਵੇਂ ਬੈਤ-ਹੋਰੋਨ ਨੂੰ ਬਣਵਾਇਆ। ਇਹ ਸ਼ਹਿਰ ਮਜ਼ਬੂਤ ਦੀਵਾਰਾਂ, ਫ਼ਾਟਕ ਅਤੇ ਫ਼ਾਟਕਾਂ ਤੇ ਅਰਲ ਲਗਾ ਕੇ ਪੱਕੇ ਕੀਤੇ ਗਏ।
6 ਸੁਲੇਮਾਨ ਨੇ ਬਆਲਾਬ ਅਤੇ ਭਂਡਾਰ ਦੇ ਗੋਦਾਮ ਦੇ ਸਾਰੇ ਸ਼ਹਿਰ ਦੁਬਾਰਾ ਬਣਵਾਏ। ਉਸ ਨੇ ਉਹ ਸਾਰੇ ਸ਼ਹਿਰ ਜਿੱਥੇ ਰੱਥ ਰੱਖੇ ਜਾਂਦੇ ਸਨ ਅਤੇ ਘੁੜਸਵਾਰ ਰਹਿੰਦੇ ਸਨ ਉਹ ਵੀ ਬਣਵਾਏ। ਜੋ ਕੁਝ ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਚਾਹੁੰਦਾ ਸੀ ਉਹ ਕੁਝ ਉਸ ਨੇ ਬਣਵਾਇਆ।
7-8 ਜਿੱਥੇ ਇਸਰਾਏਲੀ ਰਹਿ ਰਹੇ ਸਨ, ਉੱਥੇ ਬਹੁਤ ਸਾਰੇ ਵਿਦੇਸ਼ੀ ਬਾਕੀ ਰਹਿ ਗਏ ਸਨ। ਉਹ ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ ਸਨ। ਸੁਲੇਮਾਨ ਨੇ ਉਨ੍ਹਾਂ ਸਾਰੇ ਵਿਦੇਸੀਆਂ ਨੂੰ ਜਬਰਦਸਤੀ ਗੁਲਾਮ ਬਣਾਲਿਆ। ਇਹ ਲੋਕ ਇਸਰਾਏਲੀ ਨਹੀਂ ਸਨ। ਉਹ ਉਨ੍ਹਾਂ ਲੋਕਾਂ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਇਕਰਾਰ ਵਾਲੀ ਧਰਤੀ ਵਿੱਚ ਦਾਖਲ ਹੋਣ ਵੇਲੇ ਨਹੀਂ ਮਾਰਿਆ ਸੀ। ਇਹ ਅੱਜ ਤੀਕ ਇੰਝ ਹੀ ਜਾਰੀ ਹੈ।
9 ਸੁਲੇਮਾਨ ਨੇ ਆਪਣੇ ਕੰਮ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਵੀ ਬੇਗਾਰੀ ਨਾ ਬਣਾਇਆ। ਸਗੋਂ ਇਸਰਾਏਲੀ ਲੋਕ ਉਸ ਦੇ ਯੋਧੇ ਸਨ ਅਤੇ ਉਸਦੀ ਫ਼ੌਜ ਦੇ ਅਫ਼ਸਰ ਸਨ। ਇਸਰਾਏਲੀ ਲੋਕ ਸੁਲੇਮਾਨ ਦੇ ਰੱਥਾਂ ਦੇ ਸਰਦਾਰ ਅਤੇ ਰੱਬੀ ਸਨ।
10 ਅਤੇ ਕੁਝ ਇਸਰਾਏਲੀ ਸੁਲੇਮਾਨ ਦੇ ਖਾਸ ਦਫ਼ਤਰੀ ਕੰਮ ਦੇ ਆਗੂ ਸਨ। ਅਜਿਹੇ ਨੇਤਾ 250 ਸਨ।
11 ਸੁਲੇਮਾਨ ਫ਼ਿਰਊਨ ਦੀ ਧੀ ਨੂੰ ਦਾਊਦ ਦੇ ਸ਼ਹਿਰ ਵਿੱਚੋਂ ਉਸ ਮਹਿਲ ਵਿੱਚ ਲੈ ਆਇਆ ਜੋ ਉਸ ਨੇ ਉਸ ਲਈ ਬਣਵਾਇਆ ਸੀ ਕਿਉਂ ਕਿ ਸੁਲੇਮਾਨ ਨੇ ਆਖਿਆ ਸੀ, “ਮੇਰੀ ਪਤਨੀ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਕਿ ਉਹ ਅਸਬਾਨ ਪਵਿੱਤਰ ਹੈ ਜਿੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਆ ਗਿਆ ਹੈ।”
12 ਤੱਦ ਸੁਲੇਮਾਨ ਨੇ ਯਹੋਵਾਹ ਦੀ ਜਗਵੇਦੀ ਦੇ ਅੱਗੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ। ਸੁਲੇਮਾਨ ਨੇ ਇਹ ਜਗਵੇਦੀ ਮੰਦਰ ਦੇ ਵਿਹੜੇ ਦੇ ਸਾਹਮਣੇ ਬਣਵਾਈ ਸੀ।
13 ਸੁਲੇਮਾਨ ਹਰ ਰੋਜ਼ ਦੇ ਕਰਤਵ੍ਵ ਮੁਤਾਬਕ ਜਿਵੇਂ ਕਿ ਮੂਸਾ ਨੇ ਹੁਕਮ ਦਿੱਤਾ ਸੀ ਕਿ ਸਬਤ ਦੇ ਦਿਨ, ਅਮਸਿਆ ਨੂੰ, ਅਤੇ ਸਾਲ ਵਿੱਚ ਤਿੰਨ ਮੁਕਰ੍ਰਰ ਪਰਬਾਂ ਉੱਤੇ ਭਾਵ ਪਤੀਰੀ ਰੋਟੀ ਦੇ ਪਰਬ ਉੱਤੇ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਪਰ ਬਲੀ ਚੜ੍ਹਾਉਂਦਾ ਸੀ।
14 ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਹਿਦਾਇਤਾਂ ਨੂੰ ਮੰਨਿਆ। ਉਸ ਨੇ ਜਾਜਕਾਂ ਦੇ ਟੋਲੇ ਉਨ੍ਹਾਂ ਦੀ ਸੇਵਾ ਅਨੁਸਾਰ ਅਤੇ ਲੇਵੀਆਂ ਦੇ ਟੋਲੇ ਉਨ੍ਹਾਂ ਦੀਆਂ ਜੁਂਮੇਵਾਰੀਆਂ ਅਨੁਸਾਰ ਚੁਣੇ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਹਰ ਰੋਜ਼ ਉਸਤਤ ਅਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਨ੍ਹਾਂ ਦੀਆਂ ਵਾਰੀਆਂ ਮੁਤਾਬਕ ਹਰ ਫ਼ਾਟਕ ਉੱਪਰ ਰੱਖਵਾਲੀ ਲਈ ਲਾਇਆ ਕਿਉਂ ਕਿ ਇਸੇ ਢੰਗ ਨਾਲ ਪਰਮੇਸ਼ੁਰ ਦੇ ਮਨੁੱਖ ਦਾਊਦ ਨੇ ਹਿਦਾਇਤ ਕੀਤੀ ਸੀ।
15 ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਦੀਆਂ ਹਿਦਾਇਤਾਂ ਨੂੰ ਮੰਨਿਆ। ਜਾਜਕਾਂ ਅਤੇ ਲੇਵੀਆਂ ਨੂੰ ਜੋ ਹਿਦਾਇਤਾਂ ਉਸ ਨੇ ਦਿੱਤੀਆਂ ਉਨ੍ਹਾਂ ਉਹ ਸਿਰੇ ਚੜ੍ਹਾਈਆਂ। ਉਨ੍ਹਾਂ ਨੇ ਕੋਈ ਹੁਕਮ ਦੇ ਖਿਲਾਫ਼ ਕਾਰਜ ਨਾ ਕੀਤਾ। ਜੋ ਹੁਕਮ ਉਸ ਨੇ ਲੇਵੀਆਂ ਨੂੰ ਖਜ਼ਾਨਿਆਂ ਬਾਰੇ ਦਿੱਤਾ ਉਹ ਉਸ ਤੋਂ ਵੀ ਬਾਹਰੇ ਨਾ ਹੋਏ।
16 ਸੁਲੇਮਾਨ ਦਾ ਸਾਰਾ ਕੰਮ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਤੋਂ ਲੈ ਕੇ ਉਸ ਦੇ ਤਿਆਰ ਹੋਣ ਤੱਕ ਸੁਚੱਜੀ ਵਿਉਂਤ ਨਾਲ ਤੇ ਸਹੀ ਢੰਗ ਨਾਲ ਮੁਕੰਮਲ ਹੋਇਆ ਤੇ ਹੁਣ ਯਹੋਵਾਹ ਦਾ ਮੰਦਰ ਤਿਆਰ ਸੀ।
17 ਫ਼ਿਰ ਸੁਲੇਮਾਨ ਅਸਯੋਨ-ਗ਼ਬਰ ਅਤੇ ਏਲੋਬ ਸ਼ਹਿਰਾਂ ਨੂੰ ਗਿਆ। ਇਹ ਸ਼ਹਿਰ ਅਦੋਮ ਦੇਸ ਵਿੱਚ ਸਮੁੰਦਰ ਦੇ ਕੰਢੇ ਸਨ।
18 ਹੂਰਾਮ ਨੇ ਆਪਣੇ ਬੰਦਿਆਂ ਦੇ ਹੱਥ ਜਹਾਜ਼ ਅਤੇ ਉਹ ਮੱਲਾਹ ਜੋ ਸਮੁੰਦਰ ਤੋਂ ਵਾਕਫ਼ ਸਨ ਉਸ ਕੋਲ ਭੇਜੇ ਅਤੇ ਉਹ ਸੁਲੇਮਾਨ ਦੇ ਨੌਕਰਾਂ ਦੇ ਨਾਲ ਓਫ਼ੀਰ ਵਿੱਚ ਆਏ ਅਤੇ ਉੱਥੇ 15,300 ਕਿੱਲੋ ਸੋਨਾ ਲੈ ਕੇ ਸੁਲੇਮਾਨ ਪਾਤਸ਼ਾਹ ਕੋਲ ਆਏ।