ਥੱਸਲੁਨੀਕਾ ਵਿੱਚ ਪੌਲੁਸ ਦਾ ਕਾਰਜ
2
1 ਭਰਾਵੋ ਅਤੇ ਭੈਣੋ, ਤੁਸੀਂ ਜਾਣਦੇ ਹੋ ਕਿ ਤੁਹਾਡੀ ਜਗ਼੍ਹਾ ਵੱਲ ਸਾਡੀ ਫ਼ੇਰੀ ਅਸਫ਼ਲ ਨਹੀਂ ਸੀ।
2 ਤੁਹਾਡੇ ਵੱਲੋਂ ਆਉਣ ਤੋਂ ਪਹਿਲਾਂ ਅਸੀਂ ਫ਼ਿਲਿੱਪੈ ਵਿੱਚ ਕਸ਼ਟ ਸਹਾਰੇ। ਉੱਥੋਂ ਦੇ ਲੋਕਾਂ ਨੇ ਸਾਡੇ ਖਿਲਾਫ਼ ਮੰਦੀਆਂ ਗੱਲਾਂ ਆਖੀਆਂ। ਤੁਸੀਂ ਇਸ ਬਾਰੇ ਸਭ ਕੁਝ ਜਾਣਦੇ ਹੋ। ਅਤੇ ਜਦੋਂ ਅਸੀਂ ਤੁਹਾਡੇ ਕੋਲ ਆਏ ਬਹੁਤ ਸਾਰੇ ਲੋਕ ਸਾਡੇ ਖਿਲਾਫ਼ ਸਨ। ਪਰ ਸਾਡੇ ਪਰਮੇਸ਼ੁਰ ਨੇ ਦਲੇਰ ਬਣਨ ਵਿੱਚ ਸਾਡੀ ਸਹਾਇਤਾ ਕੀਤੀ। ਉਸ ਨੇ ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਿੱਚ ਸਾਡੀ ਸਹਾਇਤਾ ਕੀਤੀ।
3 ਅਸੀਂ ਲੋਕਾਂ ਨੂੰ ਉਤਸਾਹਤ ਕਰਦੇ ਹਾਂ। ਸਾਨੂੰ ਕਿਸੇ ਨੇ ਵੀ ਗੁਮਰਾਹ ਨਹੀਂ ਕੀਤਾ ਹੈ। ਅਸੀਂ ਦੁਸ਼ਟ ਲੋਕ ਨਹੀਂ ਹਾਂ। ਅਸੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਉਨ੍ਹਾਂ ਗੱਲਾਂ ਲਈ ਜੋ ਅਸੀਂ ਕਰ ਰਹੇ ਹਾਂ ਸਾਡੇ ਇਹ ਮਕਸਦ ਨਹੀਂ ਹਨ।
4 ਨਹੀਂ। ਅਸੀਂ ਖੁਸ਼ਖਬਰੀ ਬਾਰੇ ਬੋਲਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਪਰੱਖ ਲਿਆ ਹੈ ਅਤੇ ਸਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸੌਂਪਿਆ ਹੈ। ਇਸ ਲਈ ਜਦੋਂ ਅਸੀਂ ਬੋਲਦੇ ਹਾਂ ਅਸੀਂ ਮਨੁੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਪਰਮੇਸ਼ੁਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ। ਪਰਮੇਸ਼ੁਰ ਹੀ ਹੈ ਜਿਹੜਾ ਸਾਡੇ ਦਿਲਾਂ ਨੂੰ ਪਰੱਖਦਾ ਹੈ।
5 ਤੁਸੀਂ ਜਾਣਦੇ ਹੋ ਕਿ ਅਸੀਂ ਕਦੇ ਵੀ ਤੁਹਾਡੀ ਉਸਤਤਿ ਕਰਕੇ ਤੁਹਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਤੁਹਾਡਾ ਧਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਤੁਹਾਡੇ ਕੋਲੋਂ ਛੁਪਾਉਣ ਵਾਲੀ ਸਾਡੀ ਕੋਈ ਖੁਦਗਰਜ਼ੀ ਨਹੀਂ। ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ।
6 ਅਸੀਂ ਲੋਕਾਂ ਵੱਲੋਂ ਉਸਤਤਿ ਦੀ ਝਾਕ ਨਹੀਂ ਰੱਖਦੇ। ਅਸੀਂ ਤੁਹਾਡੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਉਸਤਤਿ ਦੀ ਝਾਕ ਨਹੀਂ ਰੱਖਦੇ।
7 ਅਸੀਂ ਮਸੀਹ ਦੇ ਰਸੂਲ ਹਾਂ। ਇਸ ਲਈ ਜਦੋਂ ਅਸੀਂ ਤੁਹਾਡੇ ਨਾਲ ਸਾਂ, ਤਾਂ ਤੁਹਾਡੇ ਵੱਲੋਂ ਕੀਤਾ ਹੋਇਆ ਕੰਮ ਪ੍ਰਾਪਤ ਕਰਨ ਲਈ ਅਸੀਂ ਆਪਣਾ ਹੱਕ ਵਰਤ ਲਿਆ ਹੁੰਦਾ। ਪਰ ਅਸੀਂ ਤੁਹਾਡੇ ਨਾਲ ਬਹੁਤ ਕੋਮਲ ਸਾਂ।+ ਪਰ … ਕੋਮਲ ਸਾਂ ਕਈ ਯੂਨਾਨੀ ਨਕਲਾਂ ਵਿੱਚ ਲਿਖਿਆ ਹੈ: “ਪਰ ਅਸੀਂ ਬੱਚੇ ਬਣ ਜਾਂਦੇ ਹਾਂ।” ਅਸੀਂ ਉਸ ਦਾਈ ਵਾਂਗ ਸਾਂ ਜੋ ਖੁਦ ਆਪਣੇ ਛੋਟੇ ਬੱਚਿਆਂ ਦਾ ਧਿਆਨ ਰੱਖਦੀ ਹੈ।
8 ਸਾਨੂੰ ਤੁਹਾਡਾ ਬਹੁਤ ਧਿਆਨ ਸੀ। ਅਸੀਂ ਖੁਸ਼ੀ ਖੁਸ਼ੀ ਤੁਹਾਡੇ ਨਾਲ ਪਰਮੇਸ਼ੁਰ ਦੀ ਖੁਸ਼ਖਬਰੀ ਸਾਂਝੀ ਕੀਤੀ। ਸਿਰਫ਼ ਇਹੀ ਨਹੀਂ, ਕਿਉਂਕਿ ਅਸੀਂ ਤੁਹਾਨੂੰ ਬਹੁਤ ਪਿਆਰ ਕੀਤਾ ਅਸੀਂ ਆਪਣੀਆਂ ਜਿੰਦਗੀਆਂ ਨੂੰ ਵੀ ਤੁਹਾਡੇ ਨਾਲ ਸਾਂਝੀਆਂ ਕਰਕੇ ਬਹੁਤ ਖੁਸ਼ ਸਾਂ।
9 ਭਰਾਵੋ ਅਤੇ ਭੈਣੋ, ਮੈਂ ਜਾਣਦਾ ਹਾਂ ਕਿ ਤੁਹਾਨੂੰ ਸਾਡੀ ਸਖਤ ਮਿਹਨਤ ਦਾ ਚੇਤਾ ਹੈ। ਅਸੀਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਦਿਨ ਰਾਤ ਕੰਮ ਕੀਤਾ। ਜਦੋਂ ਅਸੀਂ ਤੁਹਾਡੇ ਦਰਮਿਆਨ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਸਾਂ, ਅਸੀਂ ਤੁਹਾਡੇ ਵਿੱਚੋਂ ਕਿਸੇ ਉੱਪਰ ਵੀ ਬੋਝ ਨਹੀਂ ਬਣੇ।
10 ਸ਼ਰਧਾਲੂਓ, ਜਦੋਂ ਅਸੀਂ ਤੁਹਾਦੇ ਨਾਲ ਸਾਂ, ਅਸੀਂ ਪਵਿੱਤਰ, ਧਰਮੀ ਅਤੇ ਦੋਸ਼ ਰਹਿਤ ਜ਼ਿੰਦਗੀ ਵਤੀਤ ਕੀਤੀ। ਤੁਸੀਂ ਜਾਣਦੇ ਹੋ ਕਿ ਇਹ ਸੱਚ ਹੈ ਅਤੇ ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ।
11 ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਿੱਚ ਹਰ ਇੱਕ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਿਹੋ ਜਿਹਾ ਕੋਈ ਪਿਤਾ ਆਪਣੇ ਬੱਚਿਆਂ ਨਾਲ ਕਰਦਾ ਹੈ।
12 ਅਸੀਂ ਤੁਹਾਨੂੰ ਹੌਂਸਲਾ ਦਿੱਤਾ, ਤੁਹਾਨੂੰ ਸੱਕੂਨ ਦਿੱਤਾ, ਅਤੇ ਅਸੀਂ ਤੁਹਾਨੂੰ ਪਰਮੇਸ਼ੁਰ ਲਈ ਚੰਗੀਆਂ ਜ਼ਿੰਦਗੀਆਂ ਜਿਉਣ ਲਈ ਆਖਿਆ। ਪਰਮੇਸ਼ੁਰ ਤੁਹਾਨੂੰ ਆਪਣੇ ਰਾਜ ਅਤੇ ਆਪਣੀ ਮਹਿਮਾ ਵੱਲ ਬੁਲਾਉਂਦਾ ਹੈ।
13 ਇਹ ਵੀ ਕਿ, ਜਿਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਨੂੰ ਕਬੂਲਿਆ ਅਸੀਂ ਨਿਰੰਤਰ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹਿੰਦੇ ਹਾਂ। ਤੁਸੀਂ ਸਾਥੋਂ ਇਹ ਸੰਦੇਸ਼ ਸੁਣਿਆ ਅਤੇ ਇਸ ਨੂੰ ਪ੍ਰਮੇਸ਼ੁਰ ਦੇ ਸ਼ਬਦਾਂ ਵਾਂਗ ਕਬੂਲ ਲਿਆ ਨਾ ਕਿ ਇਨਸਾਨੀ ਸ਼ਬਦਾਂ ਵਾਂਗ। ਅਤੇ ਸੱਚਮੁੱਚ ਇਹ ਪਰਮੇਸ਼ੁਰ ਦਾ ਸੰਦੇਸ਼ ਹੈ। ਅਤੇ ਇਹ ਸੰਦੇਸ਼ ਤੁਹਾਡੇ ਵਿੱਚ ਕੰਮ ਕਰਦਾ ਹੈ ਜੋ ਸ਼ਰਧਾਲੂ ਹੋ।
14 ਭਰਾਵੋ ਅਤੇ ਭੈਣੋ, ਤੁਸੀਂ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਵਰਗੇ ਬਣ ਗਏ, ਜੋ ਕਿ ਮਸੀਹ ਯਿਸੂ ਵਿੱਚ ਯਹੂਦਿਯਾ ਵਿੱਚ ਹਨ। ਯਹੂਦਿਆਂ ਵਿੱਚ ਪਰਮੇਸ਼ੁਰ ਦੇ ਲੋਕਾਂ ਨੇ ਉੱਥੋਂ ਦੇ ਹੋਰ ਯਹੂਦੀਆਂ ਵੱਲੋਂ ਕਸ਼ਟ ਸਹਾਰੇ, ਅਤੇ ਤੁਸੀਂ ਆਪਣੇ ਹੀ ਦੇਸ਼ ਦੇ ਲੋਕਾਂ ਵੱਲੋਂ ਵੀ ਕਸ਼ਟ ਸਹਾਰੇ।
15 ਉਨ੍ਹਾਂ ਯਹੂਦੀਆਂ ਨੇ ਪ੍ਰਭੂ ਯਿਸੂ ਨੂੰ ਕਤਲ ਕੀਤਾ ਅਤੇ ਉਨ੍ਹਾਂ ਨੇ ਨਬੀਆਂ ਨੂੰ ਕਤਲ ਕੀਤਾ। ਅਤੇ ਉਨ੍ਹਾਂ ਯਹੂਦੀਆਂ ਨੇ ਸਾਨੂੰ ਉਹ ਕੌਮ ਛੱਡਣ ਲਈ ਮਜਬੂਰ ਕੀਤਾ। ਪਰਮੇਸ਼ੁਰ ਉਨ੍ਹਾਂ ਨਾਲ ਖੁਸ਼ ਨਹੀਂ ਹੈ। ਉਹ ਸਮੂਹ ਲੋਕਾਂ ਦੇ ਵਿਰੁੱਧ ਹੈ।
16 ਹਾਂ! ਉਹ ਸਾਨੂੰ ਗੈਰ-ਯਹੂਦੀਆਂ ਨੂੰ ਉਪਦੇਸ਼ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਗੈਰ-ਯਹੂਦੀਆਂ ਨੂੰ ਇਸ ਲਈ ਪ੍ਰਚਾਰ ਕਰਦੇ ਹਾਂ ਤਾਂ ਜੋ ਉਨ੍ਹਾਂ ਨੂੰ ਬਚਾਇਆ ਜਾ ਸੱਕੇ। ਪਰ ਉਹ ਯਹੂਦੀ ਆਪਣੇ ਹੁਣ ਤੱਕ ਕੀਤੇ ਪਾਪਾਂ ਵਿੱਚ ਹੋਰ ਪਾਪ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਪਰਮੇਸ਼ੁਰ ਦਾ ਪੂਰਾ ਕਰੋਧ ਉਨ੍ਹਾਂ ਉੱਪਰ ਹੈ।
ਪੌਲੁਸ ਦੀ ਉਨ੍ਹਾਂ ਕੋਲ ਫ਼ੇਰ ਜਾਣ ਦੀ ਇੱਛਾ
17 ਭਰਾਵੋ ਅਤੇ ਭੈਣੋ, ਅਸੀਂ ਥੋੜੇ ਸਮੇਂ ਲਈ ਤੁਹਾਡੇ ਕੋਲੋਂ ਅਲੱਗ ਹੋ ਗਏ ਸਾਂ। ਅਸੀਂ ਤੁਹਾਡੇ ਨਾਲ ਨਹੀਂ ਸਾਂ ਪਰ ਸਾਡੀਆਂ ਸੋਚਾਂ ਹਮੇਸ਼ਾਂ ਤੁਹਾਡੇ ਨਾਲ ਸਨ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਅਤੇ ਅਸੀਂ ਤੁਹਾਨੂੰ ਮਿਲਣ ਲਈ ਬਹੁਤ ਜਤਨ ਕੀਤੇ।
18 ਹਾਂ, ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਸਾਂ। ਸੱਚਮੁੱਚ ਹੀ, ਮੈਂ, ਪੌਲੁਸ ਨੇ, ਕਈ ਵਾਰੀ ਆਉਣ ਦੀ ਬਹੁਤ ਕੋਸ਼ਿਸ਼ ਕੀਤੀ ਅਰ ਸ਼ੈਤਾਨ ਨੇ ਸਾਨੂੰ ਰੋਕ ਲਿਆ।
19 ਤੁਸੀਂ ਸਾਡੀ ਆਸ, ਸਾਡੀ ਖੁਸ਼ੀ ਅਤੇ ਸਾਡਾ ਤਾਜ ਹੋ ਜਿਸ ਵਾਸਤੇ ਅਸੀਂ ਉਦੋਂ ਮਾਣ ਕਰਾਂਗੇ ਜਦੋਂ ਸਾਡਾ ਪ੍ਰਭੂ ਯਿਸੂ ਮਸੀਹ ਆਵੇਗਾ।
20 ਸੱਚਮੁੱਚ ਹੀ ਤੁਸੀਂ ਸਾਡੀ ਮਹਿਮਾ ਅਤੇ ਸਾਡੀ ਖੁਸ਼ੀ ਹੋ।