ਪਰਮੇਸ਼ੁਰ ਦਾ ਆਰਾਮ ਨੂੰ ਸੰਦੇਸ਼
17
ਇਹ ਦਮਿਸ਼ਕ ਲਈ ਉਦਾਸ ਸੰਦੇਸ਼ ਹੈ। ਯਹੋਵਾਹ ਆਖਦਾ ਹੈ ਕਿ ਦਮਿਸ਼ਕ ਨਾਲ ਇਹ ਗੱਲਾਂ ਵਾਪਰਨਗੀਆਂ:
“ਦਮਿਸ਼ਕ ਹੁਣ ਇੱਕ ਸ਼ਹਿਰ ਹੈ।
ਪਰ ਦਮਿਸ਼ਕ ਤਬਾਹ ਕਰ ਦਿੱਤਾ ਜਾਵੇਗਾ।
ਦਮਿਸ਼ਕ ਅੰਦਰ ਸਿਰਫ਼ ਤਬਾਹ ਹੋਈਆਂ ਇਮਾਰਤਾਂ ਹੀ ਬਚਣਗੀਆਂ।
ਲੋਕ ਅਰੋਏਰ ਦੇ ਸ਼ਹਿਰਾਂ ਨੂੰ ਛੱਡ ਦੇਣਗੇ।
ਭੇਡਾਂ ਦੇ ਇੱਜੜ ਉਨ੍ਹਾਂ ਖਾਲੀ ਸ਼ਹਿਰਾਂ ਅੰਦਰ ਅਵਾਰਾ ਘੁੰਮਣਗੇ।
ਉਨ੍ਹਾਂ ਨੂੰ ਤੰਗ ਕਰਨ ਵਾਲਾ ਕੋਈ ਵੀ ਬੰਦਾ ਨਹੀਂ ਹੋਵੇਗਾ।
ਇਫ਼ਰਾਈਮ (ਇਸਰਾਏਲ) ਦੇ ਕਿਲਾਨੁਮਾ ਸ਼ਹਿਰ ਤਬਾਹ ਕਰ ਦਿੱਤੇ ਜਾਣਗੇ।
ਦਮਿਸ਼ਕ ਦੀ ਸਰਕਾਰ ਖਤਮ ਕਰ ਦਿੱਤੀ ਜਾਵੇਗੀ।
ਓਹੀ ਗੱਲ ਜਿਹੜੀ ਇਸਰਾਏਲ ਨਾਲ ਵਾਪਰੇਗੀ, ਅਰਾਮ ਨਾਲ ਵੀ ਵਾਪਰੇਗੀ।
ਸਾਰੇ ਹੀ ਮਹੱਤਵਪੂਰਣ ਲੋਕ ਦੂਰ ਲਿਜਾਏ ਜਾਣਗੇ।”
ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ ਕਿ ਇਹ ਗੱਲਾਂ ਵਾਪਰਨਗੀਆਂ।
ਉਸ ਸਮੇਂ, ਯਾਕੂਬ ਦੀ (ਇਸਰਾਏਲ) ਦੌਲਤ ਚਲੀ ਜਾਵੇਗੀ।
ਯਾਕੂਬ ਉਸ ਬੰਦੇ ਵਰਗਾ ਹੋਵੇਗਾ ਜਿਹੜਾ ਬਿਮਾਰ ਸੀ ਅਤੇ ਬਹੁਤ ਕਮਜ਼ੋਰ ਅਤੇ ਪਤਲਾ ਹੋ ਗਿਆ ਸੀ।
“ਉਹ ਸਮਾਂ ਰਫ਼ਾਈਮ ਵਾਦੀ ਵਿੱਚ ਅਨਾਜ ਦੀਆਂ ਵਾਢੀਆਂ ਵਰਗਾ ਹੋਵੇਗਾ। ਕਾਮੇ ਉਨ੍ਹਾਂ ਬੂਟਿਆਂ ਨੂੰ ਇਕੱਠਾ ਕਰਦੇ ਹਨ ਜਿਹੜੇ ਖੇਤ ਵਿੱਚ ਉਗਦੇ ਹਨ। ਫ਼ੇਰ ਉਹ ਕਣਕ ਦੀਆਂ ਬਲੀਆਂ ਕੱਟ ਲੈਂਦੇ ਹਨ। ਅਤੇ ਉਹ ਅਨਾਜ ਜਮ੍ਹਾਂ ਕਰਦੇ ਹਨ।
“ਉਹ ਸਮਾਂ ਓਹੋ ਜਿਹਾ ਹੋਵੇਗਾ ਜਿਹੋ ਜਿਹਾ ਲੋਕਾਂ ਦੇ ਜ਼ੈਤੂਨ ਦੀ ਫ਼ਸਲ ਕੱਟਣ ਵੇਲੇ ਹੁੰਦਾ ਹੈ, ਲੋਕ ਜ਼ੈਤੂਨ ਦੇ ਰੁੱਖਾਂ ਉੱਤੋਂ ਜ਼ੈਤੂਨ ਦੇ ਫ਼ਲਾਂ ਨੂੰ ਝਾੜਦੇ ਹਨ। ਪਰ ਕੁਝ ਜ਼ੈਤੂਨ ਆਮ ਤੌਰ ਤੇ ਰੁੱਖ ਦੀ ਸਿਖਰ ਉੱਤੇ ਬਚੇ ਰਹਿ ਜਾਂਦੇ ਹਨ। ਚਾਰ ਪੰਜ ਜ਼ੈਤੂਨ ਕਈ ਉਤ੍ਤਲੀਆਂ ਟਾਹਣੀਆਂ ਵਿੱਚ ਬਚੇ ਰਹਿ ਜਾਂਦੇ ਹਨ। ਉਨ੍ਹਾਂ ਸ਼ਹਿਰਾਂ ਨਾਲ ਵੀ ਅਜਿਹਾ ਹੀ ਹੋਵੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
ਉਸ ਸਮੇਂ, ਲੋਕ ਪਰਮੇਸ਼ੁਰ ਵੱਲ ਤੱਕਣਗੇ, ਉਸ ਵੱਲ ਜਿਸਨੇ ਉਨ੍ਹਾਂ ਨੂੰ ਸਾਜਿਆ ਸੀ। ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੀ ਪਵਿੱਤਰ ਪੁਰੱਖ ਨੂੰ ਦੇਖਣਗੀਆਂ। ਲੋਕੀਂ ਆਪਣੇ ਹੱਥਾਂ ਦੁਆਰਾ ਬਣਾਈਆਂ ਗਈਆਂ ਜਗਵੇਦੀਆਂ ਵੱਲ ਨਹੀਂ ਪਰਤਨਗੇ, ਅਸ਼ੇਰਾਹ ਦੇ ਥੰਮਾਂ ਜਾਂ ਧੂਫ ਵਾਲੀ ਜਗਵੇਦੀਆਂ ਵੱਲ ਵੀ ਨਹੀਂ, ਜੋ ਉਨ੍ਹਾਂ ਦੀਆਂ ਉਂਗਲਾਂ ਨੇ ਬਣਾਈਆਂ ਹਨ। ਉਸ ਸਮੇਂ, ਸਾਰੇ ਕਿਲਾਬੰਦ ਸ਼ਹਿਰ ਖਾਲੀ ਹੋ ਜਾਣਗੇ। ਉਹ ਸ਼ਹਿਰ ਉਸ ਧਰਤੀ ਉੱਤੇ ਲੋਕਾਂ ਦੇ ਇਸਰਾਏਲ ਆਉਣ ਤੋਂ ਪਹਿਲਾਂ ਦੇ ਸਮੇਂ ਵਾਂਗ ਪਰਬਤਾਂ ਅਤੇ ਜੰਗਲਾਂ ਵਰਗੇ ਹੋਣਗੇ। ਅਤੀਤ ਵਿੱਚ ਸਾਰੇ ਲੋਕ ਭੱਜ ਗਏ ਸਨ ਕਿਉਂ ਕਿ ਇਸਰਾਏਲ ਦੇ ਲੋਕ ਆ ਰਹੇ ਸਨ। ਭਵਿੱਖ ਵਿੱਚ ਦੇਸ਼ ਫ਼ੇਰ ਇੱਕ ਵਾਰੀ ਖਾਲੀ ਹੋ ਜਾਵੇਗਾ। 10 ਇਹ ਇਸ ਲਈ ਵਾਪਰੇਗਾ ਕਿਉਂ ਕਿ ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਹੋ ਜਿਹੜਾ ਤੁਹਾਡੀ ਰਾਖੀ ਕਰਦਾ ਹੈ। ਤੁਸੀਂ ਆਪਣੀ ਸੁਰੱਖਿਅਤ ਥਾਂ ਉੱਤੇ ਉਸ ਪਰਮੇਸ਼ੁਰ ਨੂੰ ਚੇਤੇ ਨਹੀਂ ਕੀਤਾ।
ਤੁਸੀਂ ਕੁਝ ਬਹੁਤ ਚੰਗੀਆਂ ਅੰਗੂਰੀ ਵੇਲਾਂ ਦੂਰ ਦੁਰਾਡੀਆਂ ਥਾਵਾਂ ਤੋਂ ਲਿਆਂਦੀਆਂ। ਤੁਸੀਂ ਉਨ੍ਹਾਂ ਅੰਗੂਰੀ ਵੇਲਾਂ ਨੂੰ ਬੀਜ ਸੱਕਦੇ ਹੋ, ਪਰ ਉਹ ਪੌਦੇ ਉੱਗਣਗੇ ਨਹੀਂ। 11 ਤੁਸੀਂ ਇੱਕ ਦਿਨ ਆਪਣੀਆਂ ਵੇਲਾਂ ਨੂੰ ਬੀਜੋਗੇ ਅਤੇ ਕੋਸ਼ਿਸ਼ ਕਰੋਗੇ ਉਨ੍ਹਾਂ ਨੂੰ ਉਗਾਉਣ ਦੀ। ਅਗਲੇ ਦਿਨ ਪੌਦੇ ਉੱਗਣ ਲੱਗ ਪੈਣਗੇ। ਪਰ ਵਾਢੀ ਵੇਲੇ, ਤੁਸੀਂ ਪੌਦਿਆਂ ਤੋਂ ਫ਼ਲ ਇਕੱਠਾ ਕਰਨ ਲਈ ਜਾਵੋਗੇ ਅਤੇ ਤੁਸੀਂ ਦੇਖੋਗੇ ਕਿ ਹਰ ਚੀਜ਼ ਮਰ ਚੁੱਕੀ ਹੈ। ਇੱਕ ਬਿਮਾਰੀ ਸਾਰੇ ਪੌਦਿਆਂ ਨੂੰ ਬਰਬਾਦ ਕਰ ਦੇਵੇਗੀ।
12 ਬਹੁਤ ਸਾਰੇ ਲੋਕਾਂ ਨੂੰ ਸੁਣੋ!
ਉਹ ਉੱਚੀ-ਉੱਚੀ ਸਮੁੰਦਰ ਦੇ ਸ਼ੋਰ ਵਾਂਗ ਰੋ ਰਹੇ ਹਨ।
ਸ਼ੋਰ ਨੂੰ ਸੁਣੋ! ਇਹ ਸਮੁੰਦਰ ਦੀਆਂ ਲਹਿਰਾਂ ਦੇ ਬਪੇੜਿਆਂ ਵਰਗਾ ਹੈ।
13 ਅਤੇ ਲੋਕ ਉਨ੍ਹਾਂ ਲਹਿਰਾਂ ਵਾਂਗ ਹੋਣਗੇ।
ਪਰਮੇਸ਼ੁਰ ਲੋਕਾਂ ਨਾਲ ਕੁਰੱਖਤ ਆਵਾਜ਼ ਵਿੱਚ ਬੋਲੇਗਾ, ਤੇ ਉਹ ਭੱਜ ਜਾਣਗੇ।
ਲੋਕ ਹੋਣਗੇ ਤੂੜੀ ਦੇ ਤਿਣਕਿਆਂ ਵਾਂਗ ਹਵਾ ਵਿੱਚ ਉਡਦੇ ਹੋਏ।
ਖੁਦਰੌ ਪੌਦਿਆਂ ਵਰਗੇ ਹੋਣਗੇ ਲੋਕ ਜਿਨ੍ਹਾਂ ਦਾ ਤੂਫ਼ਾਨ ਪਿੱਛਾ ਕਰਦਾ ਹੈ।
ਹਵਾ ਵਗਦੀ ਹੈ ਅਤੇ ਖੁਦਰੌ ਪੌਦੇ ਦੂਰ ਚੱਲੇ ਜਾਂਦੇ ਹਨ।
14 ਉਸ ਰਾਤ ਲੋਕ ਭੈਭੀਤ ਹੋ ਜਾਣਗੇ।
ਸਵੇਰ ਤੋਂ ਪਹਿਲਾਂ, ਕੁਝ ਵੀ ਨਹੀਂ ਬਚੇਗਾ।
ਇਸ ਲਈ ਸਾਡੇ ਦੁਸ਼ਮਣਾਂ ਨੂੰ ਕੁਝ ਨਹੀਂ ਮਿਲੇਗਾ।
ਉਹ ਸਾਡੀ ਧਰਤੀ ਵੱਲ, ਆਉਣਗੇ ਪਰ ਉਬੇ ਕੁਝ ਵੀ ਨਹੀਂ ਹੋਵੇਗਾ।