ਦਬੋਰਾਹ ਦਾ ਗੀਤ
5
1 ਉਸ ਦਿਨ, ਜਦੋਂ ਇਸਰਾਏਲ ਦੇ ਲੋਕਾਂ ਨੇ ਸੀਸਰਾ ਨੂੰ ਹਰਾਇਆ, ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ:
2 “ਇਸਰਾਏਲ ਦੇ ਲੋਕ ਯੁੱਧ ਲਈ ਤਿਆਰ ਹੋ ਗਏ।
ਉਨ੍ਹਾਂ ਨੇ ਆਪਣੀ ਇੱਛਾ ਅਨੁਸਾਰ ਆਪਣੇ-ਆਪ ਨੂੰ ਯੁੱਧ ਲਈ ਸਮਰਪਿਤ ਕਰ ਦਿੱਤਾ,
ਯਹੋਵਾਹ ਦੀ ਉਸਤਤਿ ਕਰੋ!
3 “ਰਾਜਿਓ ਸੁਣੋ।
ਹਾਕਮੋ ਧਿਆਨ ਦੇਵੋ,
ਮੈਂ ਗਾਵਾਂਗੀ।
ਮੈਂ ਖੁਦ ਯਹੋਵਾਹ ਲਈ ਗੀਤ ਗਾਵਾਂਗੀ।
ਮੈਂ ਯਹੋਵਾਹ ਲਈ, ਇਸਰਾਏਲ ਦੇ ਲੋਕਾਂ
ਦੇ ਪਰਮੇਸ਼ੁਰ ਲਈ, ਸੰਗੀਤ ਛੇੜਾਂਗੀ।
4 “ਹੇ ਯਹੋਵਾਹ, ਜਦੋਂ ਤੂੰ ਸੇਈਰ ਤੋਂ ਆਵੇਂ,
ਜਦੋਂ ਤੂੰ ਅਦੋਮ ਧਰਤੀ ਤੋਂ
ਕੂਚ ਕੀਤਾ ਧਰਤੀ ਹਿੱਲ ਗਈ।
ਅਕਾਸ਼ ਵਰਿਆ ਅਤੇ,
ਬੱਦਲਾਂ ਨੇ ਪਾਣੀ ਸੁੱਟਿਆ।
5 ਯਹੋਵਾਹ ਸੀਨਈ ਪਰਬਤ ਦੇ ਪਰਮੇਸ਼ੁਰ ਦੇ ਸਾਹਮਣੇ ਪਰਬਤ ਹਿੱਲੇ,
ਇਸਰਾਏਲ ਦੇ ਪਰਮੇਸ਼ੁਰ ਦੇ ਸਾਹਮਣੇ।
6 “ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ,
ਅਤੇ ਯਾਏਲ ਦੇ ਦਿਨਾਂ ਅੰਦਰ, ਮੁਖ ਸੜਕਾਂ ਸਨ ਸੱਖਣੀਆਂ।
ਕਾਰਵਾਨ ਅਤੇ ਮੁਸਾਫ਼ਰ ਸਫ਼ਰ ਕਰਦੇ ਸਨ ਪਿੱਛਲੀਆਂ ਸੜਕਾਂ ਉੱਤੇ।
7 “ਉੱਥੇ ਕੋਈ ਯੋਧੇ ਨਹੀਂ ਸਨ। ਦਬੋਰਾਹ ਤੇਰੇ ਆਉਣ ਤੀਕ,
ਇਸਰਾਏਲ ਵਿੱਚ ਕੋਈ ਸਿਪਾਹੀ ਨਹੀਂ ਸਨ।
ਜਦੋਂ ਤੀਕ ਤੂੰ ਇਸਰਾਏਲ ਦੀ ਮਾਂ ਬਣਕੇ ਨਹੀਂ ਖਲੋਤੀ ਸੀ।
8 “ਚੁਣੇ ਪਰਮੇਸ਼ੁਰ ਨੇ ਨਵੇਂ ਆਗੂ ਲੜਨ ਲਈ
ਸ਼ਹਿਰ ਦੇ ਦਰਵਾਜ਼ਿਆਂ ਉੱਤੇ।
ਮਿਲਦਾ ਨਹੀਂ ਸੀ ਕਿਸੇ ਨੂੰ ਢਾਲ ਜਾਂ ਨੇਜਾ
ਕੋਈ ਇਸਰਾਏਲ ਦੇ 40,000 ਸਿਪਾਹੀਆਂ ਵਿੱਚ।
9 “ਮੇਰਾ ਦਿਲ ਇਸਰਾਏਲ ਦੇ ਉਨ੍ਹਾਂ ਕਮਾਂਡਰਾਂ ਨਾਲ ਹੈ
ਜਿਹੜੇ ਆਪਣੀ ਰਜ਼ਾ ਨਾਲ ਜੰਗ ਨੂੰ ਗਏ ਸਨ!
ਯਹੋਵਾਹ ਨੂੰ ਅਸੀਸ ਦੇਵੋ!
10 “ਤੁਸੀਂ ਲੋਕੋ
ਜੋ ਚਿੱਟੇ ਖੋਤਿਆਂ ਉੱਤੇ ਸਵਾਰੀ ਕਰਦਿਆਂ
ਕਾਠੀਆਂ ਉੱਤੇ ਬੈਠੇ ਹੋਏ,
ਅਤੇ ਸੜਕ ਉੱਤੇ ਤੁਰੇ ਜਾਂਦਿਆਂ ਇਸ ਬਾਰੇ ਗੱਲ ਕਰੋ!
11 ਪਾਣੀ ਦੀਆਂ ਥਾਵਾਂ ਉੱਤੇ
ਅਸੀਂ ਖੜਤਾਲਾਂ ਦੀ ਅਵਾਜ਼ ਸੁਣਦੇ ਹਾਂ।
ਲੋਕ ਯਹੋਵਾਹ ਦੀਆਂ ਜਿੱਤਾਂ ਬਾਰੇ
ਅਤੇ ਉਸ ਦੇ ਇਸਰਾਏਲ ਦੇ ਸਿਪਾਹੀਆਂ ਦੀਆਂ ਜਿੱਤਾਂ ਬਾਰੇ ਗਾਉਂਦੇ ਹਨ
ਜਦੋਂ ਯਹੋਵਾਹ ਦੇ ਲੋਕ ਸ਼ਹਿਰ ਦਿਆਂ ਦਰਵਾਜ਼ਿਆਂ
ਉੱਤੇ ਲੜੇ ਸਨ ਅਤੇ ਜਿੱਤ ਗਏ ਸਨ।
12 “ਉੱਠ, ਉੱਠ ਦਬੋਰਾਹ!
ਉੱਠ, ਉੱਠ ਅਤੇ ਗੀਤ ਗਾ!
ਉੱਠ ਬਾਰਾਕ! ਜਾਕੇ ਆਪਣੇ ਦੁਸ਼ਮਣਾ
ਨੂੰ ਫ਼ੜ ਲੈ ਅਬੀਨੋਅਮ ਦੇ ਪੁੱਤਰ!
13 “ਫ਼ੇਰ ਬਚੇ ਹੋਏ ਤਕੜਿਆਂ ਨਾਲ ਲੜਨ ਲਈ ਹੇਠਾਂ ਚੱਲੇ ਗਏ।
ਯਹੋਵਾਹ ਦੇ ਲੋਕ ਮੇਰੇ ਲਈ ਯੋਧਿਆਂ ਦੇ ਖਿਲਾਫ਼ ਲੜਨ ਲਈ ਹੇਠਾਂ ਗਏ।
14 “ਇਫ਼ਰਾਈਮ ਦੇ ਲੋਕ ਅਮਾਲੇਕ ਦੇ ਪਹਾੜੀ ਪ੍ਰਦੇਸ਼ ਵਿੱਚੋਂ ਆਏ।
ਹੇ ਬਿਨਯਾਮੀਨ, ਪਿੱਛਾ ਕੀਤਾ ਉਨ੍ਹਾਂ ਨੇ ਤੇਰਾ ਅਤੇ ਤੇਰੇ ਲੋਕਾਂ ਦਾ।
ਅਤੇ ਕਮਾਂਡਰ ਸਨ ਉੱਥੇ ਮਾਕੀਰ ਦੇ ਪਰਿਵਾਰ ਵਿੱਚੋਂ।
ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਸਰਦਾਰ ਆਪਣੀਆਂ ਡਾਂਗਾ ਨਾਲ ਆਏ।
15 ਯਿੱਸਾਕਾਰ ਦੇ ਆਗੂ ਦਬੋਰਾਹ ਦੇ ਨਾਲ ਸਨ।
ਯਿੱਸਾਕਾਰ ਦਾ ਪਰਿਵਾਰ ਬਾਰਾਕ ਨਾਲ ਵਫ਼ਾਦਾਰ ਸੀ।
ਉਹ ਉਸਦੀ ਕਮਾਨ ਥੱਲੇ ਵਾਦੀ ਅੰਦਰ ਭੇਜੇ ਗਏ ਸਨ।
“ਰਊਬੇਨ ਨੇ ਫ਼ੌਜੀ ਸਮੂਹਾਂ ਦਰਮਿਆਨ, ਮਹਾਨ ਹਸਤੀਆਂ ਵਾਦ-ਵਿਵਾਦ ਕਰ ਰਹੀਆਂ ਸਨ ਕਿ ਕੀ ਕਰੀਏ।
16 ਇਸ ਲਈ ਤੂੰ ਕਿਉਂ ਉੱਥੇ ਆਪਣੀਆਂ ਭੇਡਾਂ ਦੇ ਵਾੜੇ ਦੀਆਂ ਕੰਧਾਂ ਕੋਲ ਬੈਠਾ ਸੀ।
ਰਊਬੇਨ ਦਿਆਂ ਬਹਾਦੁਰ ਸਿਪਾਹੀਆਂ ਨੇ ਜੰਗ ਬਾਰੇ ਬਹੁਤ ਸੋਚਿਆ।
ਪਰ ਉਹ, ਆਪਣੀ ਭੇਡਾਂ ਲਈ ਵਜਾਏ ਸੰਗੀਤ ਨੂੰ ਸੁਣਦਿਆਂ, ਘਰਾਂ ਅੰਦਰ ਰੁਕੇ ਰਹੇ।
17 ਗਿਲਆਦ ਦੇ ਲੋਕ ਆਪਣਿਆਂ ਡੇਰਿਆਂ ਅਤੇ ਯਰਦਨ ਨਦੀ ਦੇ ਪਰਲੇ ਪਾਸੇ ਰੁਕੇ ਰਹੇ ਸਨ।
ਤੁਸੀਂ, ਦਾਨ ਦੇ ਲੋਕੋ, ਕਿਉਂ ਤੁਸੀਂ ਆਪਣੇ ਜਹਾਜ਼ਾਂ ਕੋਲ ਰੁਕੇ ਰਹੋ?
ਆਸ਼ੇਰ ਦੇ ਲੋਕ ਸਮੁੰਦਰ ਲਾਗੇ ਆਪਣਿਆਂ
ਸੁਰੱਖਿਅਤ ਬੰਦਰਗਾਹਾਂ ਉੱਤੇ ਡੇਰਾ ਲਾਈ ਰੁਕੇ ਰਹੇ।
18 “ਪਰ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ, ਉਨ੍ਹਾਂ ਪਹਾੜੀਆਂ ਉੱਤੇ ਜੰਗ ਕਰਦਿਆਂ
ਆਪਣੀਆਂ ਜਿੰਦਾਂ ਖਤਰੇ’ਚ ਪਾਈਆਂ।
19 ਕਨਾਨ ਦੇ ਰਾਜੇ ਲੜਨ ਲਈ ਆਏ,
ਪਰ ਉਹ ਕੋਈ ਖਜ਼ਾਨੇ ਲੈ ਕੇ ਨਹੀਂ ਗਏ!
ਉਹ ਮਗਿੱਦੋ ਦੇ ਝਰਨਿਆਂ ਨੇੜੇ
ਤਆਨਾਕ ਸ਼ਹਿਰ ਵਿਖੇ ਲੜੇ।
20 ਅਕਾਸ਼ ਦੇ ਤਾਰੇ ਉਨ੍ਹਾਂ ਨਾਲ ਲੜੇ,
ਉਹ ਅਕਾਸ਼ ਤੋਂ ਪਾਰ ਆਪਣੀਆਂ ਦਿਸ਼ਾਵਾਂ ਤੋਂ ਸੀਸਰਾ ਦੇ ਖਿਲਾਫ਼ ਲੜੇ।
21 ਕੀਸ਼ੋਨ ਨਦੀ, ਉਹ ਬੁੱਢੀ ਨਦੀ,
ਸੀਸਰਾ ਦੇ ਬੰਦਿਆਂ ਨੂੰ ਰੋੜ੍ਹ ਕੇ ਲੈ ਗਈ। ਹੇ ਮੇਰੀ ਜਾਨ,
ਤਾਕਤ ਨਾਲ ਅਗਾਂਹ ਵੱਧ!
22 ਘੋੜਿਆਂ ਦੇ ਸੁੰਮ ਧਰਤੀ ਉੱਤੇ ਵੱਜੇ ਸੀਸਰਾ
ਦੇ ਸ਼ਕਤੀਸ਼ਾਲੀ ਘੋੜੇ ਦੌੜਦੇ ਗਏ ਦੌੜਦੇ ਗਏ।
23 “ਯਹੋਵਾਹ ਦੇ ਦੂਤ ਨੇ ਆਖਿਆ, ‘ਮੇਰੋਜ਼ ਦੇ ਸ਼ਹਿਰ ਨੂੰ ਸਰਾਪ ਦੇਵੋ।
ਉੱਥੋਂ ਦੇ ਲੋਕਾਂ ਨੂੰ ਸਰਾਪ ਦੇਵੋ!
ਉਹ ਤਾਕਤਵਰਾਂ ਦੇ ਖਿਲਾਫ਼ ਯਹੋਵਾਹ ਦੀ
ਮਦਦ ਕਰਨ ਲਈ ਨਹੀਂ ਆਏ।’
24 ਯਾਏਲ ਕੇਨੀ ਹਬਰ ਦੀ ਪਤਨੀ ਸੀ।
ਉਹ ਸਾਰੀਆਂ ਔਰਤਾਂ ਨਾਲੋਂ ਵੱਧੇਰੇ ਧੰਨ ਹੋਵੇਗੀ।
25 ਸੀਸਰਾ ਨੇ ਪਾਣੀ ਮੰਗਿਆ
ਯਾਏਲ ਨੇ ਉਸ ਨੂੰ ਦੁੱਧ ਦਿੱਤਾ।
ਉਹ ਰਾਜੇ ਦੇ ਯੋਗ ਪਿਆਲੇ
ਅੰਦਰ ਕਰੀਮ ਲੈ ਆਈ ਸੀ।
26 ਫ਼ੇਰ ਯਾਏਲ ਨੇ ਹੱਥ ਵੱਧਾਇਆ ਅਤੇ ਤੰਬੂ ਦੀ ਕਿੱਲੀ ਫ਼ੜ ਲਈ।
ਉਸਦਾ ਸੱਜਾ ਹੱਥ ਹਥੌੜੇ ਤੀਕ ਜਾ ਪਹੁੰਚਿਆ ਜਿਸ ਨੂੰ ਕਾਮੇ ਵਰਤਦੇ ਨੇ।
ਫ਼ੇਰ ਉਸ ਨੇ ਹਥੌੜਾ ਸੀਸਰਾ ਉੱਤੇ ਵਰਤਿਆ! ਉਸ ਨੇ ਉਸ ਦੇ ਸਿਰ ਉੱਤੇ ਸੱਟ ਮਾਰੀ
ਅਤੇ ਉਸਦੀ ਪੁੜਪੁੜੀ ਅੰਦਰ ਸੁਰਾਖ ਕਰ ਦਿੱਤਾ।
27 ਉਹ ਯਾਏਲ ਦੇ ਪੈਰਾਂ ਵਿੱਚਕਾਰ ਡਿੱਗ ਪਿਆ।
ਉਹ ਡਿੱਗਿਆ। ਉਹ ਉੱਥੇ ਹੀ ਪਿਆ ਰਿਹਾ।
ਉਹ ਉਸ ਦੇ ਪੈਰਾਂ ਵਿੱਚਕਾਰ ਡਿੱਗ ਪਿਆ
ਜਿੱਥੇ ਸੀਸਰਾ ਡੁੱਬਿਆ,
ਉਹ ਉੱਥੇ ਡਿੱਗਿਆ,
ਤਬਾਹ ਹੋ ਗਿਆ।
28 “ਦੇਖੋ, ਉਹ ਸੀਸਰਾ ਦੀ ਮਾਂ ਖੜੀ, ਬਾਰੀ ਵਿੱਚੋਂ ਦੇਖ ਰਹੀ ਹੈ,
ਪਰਦਿਆਂ ਵਿੱਚੋਂ ਦੇਖ ਰਹੀ ਅਤੇ ਰੋ ਰਹੀ ਹੈ।
‘ਸੀਸਰਾ ਦੇ ਰੱਥ ਨੇ ਇੰਨੀ ਦੇਰ ਕਿਉਂ ਲਾ ਦਿੱਤੀ ਹੈ?
ਮੈਨੂੰ ਉਸ ਦੇ ਰੱਥਾਂ ਦੀ ਆਵਾਜ਼ ਕਿਉਂ ਸੁਣਦੀ ਨਹੀਂ?’
29 “ਸਭ ਤੋਂ ਸੂਝਵਾਨ ਔਰਤ ਉਸ ਨੂੰ ਜਵਾਬ ਦਿੰਦੀ ਹੈ,
ਹਾਂ ਉਹ ਜਵਾਬ ਦਿੰਦੀ ਹੈ।
30 ‘ਮੈਨੂੰ ਯਕੀਨ ਹੈ ਕਿ ਉਹ ਜੰਗ ਜਿੱਤ ਗਏ ਹਨ
ਅਤੇ ਹਰਾਏ ਹੋਏ ਲੋਕਾਂ ਤੋਂ ਉਨ੍ਹਾਂ ਦੀਆਂ ਚੀਜ਼ਾਂ ਖੋਹ ਰਹੇ ਹਨ।
ਉਹ ਆਪਸ ਵਿੱਚ ਲੁੱਟ ਦਾ ਮਾਲ ਵੰਡ ਰਹੇ ਹਨ।
ਹਰ ਸਿਪਾਹੀ ਇੱਕ ਜਾਂ ਦੋ ਕੁੜੀਆਂ ਲਿਜਾ ਰਿਹਾ ਹੈ।
ਸੀਸਰਾ ਨੂੰ ਰੰਗਦਾਰ ਕੱਪੜੇ ਲੱਭ ਗਏ ਹੋਣਗੇ। ਹਾਂ,
ਸੀਸਰਾ ਨੂੰ ਰੰਗਦਾਰ ਜੇਤੂ ਦੀ ਗਰਦਨ ਲਈ ਕੱਢਾਈ ਕੀਤੇ ਹੋਏ ਇੱਕ ਜਾਂ ਦੋ ਰੰਗਦਾਰ ਸਕਾਫ਼ ਲੱਭ ਗਏ-
ਜਾਂ ਸ਼ਾਇਦ ਦੋ-ਵਿਜੇਈ ਸੀਸਰਾ ਦੇ ਪਹਿਨਣ ਵਾਸਤੇ।’
31 “ਰਥ ਕਰੇ ਇਵੇਂ ਹੀ ਮਰਨ ਦੁਸ਼ਮਣ ਤੁਹਾਡੇ, ਯਹੋਵਾਹ ਜੀ!
ਅਤੇ ਕਾਸ਼ ਉਹ ਲੋਕ ਸਾਰੇ ਜਿਹੜੇ ਪਿਆਰ ਕਰਨ ਤੁਹਾਨੂੰ ਹੋ ਜਾਵਣ ਤਕੜੇ ਚਢ਼ਦੇ ਸੂਰਜ ਵਾਗਰਾਂ!”
ਇਸ ਤਰ੍ਹਾਂ ਉੱਥੇ 40 ਸਾਲਾਂ ਤੀਕ ਸ਼ਾਂਤੀ ਰਹੀ।