17
1 ਫ਼ੇਰ ਮਨੱਸ਼ਹ ਦੇ ਪਰਿਵਾਰ-ਸਮੂਹ ਨੂੰ ਧਰਤੀ ਦਿੱਤੀ ਗਈ। ਮਨੱਸ਼ਹ ਯੂਸੁਫ਼ ਦਾ ਵੱਡਾ ਪੁੱਤਰ ਸੀ। ਮਨੱਸ਼ਹ ਦਾ ਵੱਡਾ ਪੁੱਤਰ ਮਾਕੀਰ ਸੀ ਜਿਹੜਾ ਗਿਲਆਦ ਦਾ ਪਿਤਾ ਮਾਕੀਰ ਮਹਾਨ ਸਿਪਾਹੀ ਸੀ ਇਸ ਲਈ ਗਿਲਆਦ ਅਤੇ ਬਾਸ਼ਾਨ ਦੇ ਇਲਾਕੇ ਮਕਾਰ ਪਰਿਵਾਰ ਨੂੰ ਦਿੱਤੇ ਗਏ।
2 ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਹੋਰਨਾਂ ਪਰਿਵਾਰਾਂ ਨੂੰ ਧਰਤੀ ਦਿੱਤੀ ਗਈ। ਉਹ ਪਰਿਵਾਰ ਸਨ ਅਬੀਅਜ਼ਰ, ਹੇਲਕ, ਅਸਰੀਏਲ, ਸ਼ਕਮ, ਹੇਫ਼ਰ ਅਤੇ ਸ਼ਮੀਦਾ। ਇਹ ਸਾਰੇ ਆਦਮੀ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਹੋਰ ਪੁੱਤਰ ਸਨ। ਇਨ੍ਹਾਂ ਆਦਮੀਆਂ ਦੇ ਪਰਿਵਾਰਾਂ ਨੂੰ ਵੀ ਧਰਤੀ ਦਾ ਆਪਣਾ ਹਿੱਸਾ ਮਿਲਿਆ।
3 ਸਲਾਫ਼ਹਾਦ ਹੇਫ਼ੇਰ ਦਾ ਪੁੱਤਰ ਸੀ। ਹੇਫ਼ਰ ਗਿਲਆਦ ਦਾ ਪੁੱਤਰ ਸੀ! ਗਿਲਆਦ ਮਾਕੀਰ ਦਾ ਪੁੱਤਰ ਸੀ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਸਲਾਫ਼ਹਾਦ ਦਾ ਕੋਈ ਪੁੱਤਰ ਨਹੀਂ ਸੀ ਪਰ ਉਸ ਦੀਆਂ ਪੰਜ ਧੀਆਂ ਸਨ। ਧੀਆਂ ਦੇ ਨਾਮ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।
4 ਧੀਆਂ ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਹੋਰ ਸਾਰੇ ਆਗੂਆਂ ਕੋਲ ਗਈਆਂ। ਧੀਆਂ ਨੇ ਆਖਿਆ, “ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਉਹ ਸਾਨੂੰ ਵੀ ਸਾਡੇ ਸਾਰੇ ਰਿਸ਼ਤੇਦਾਰਾਂ ਵਾਂਗ ਹੀ ਧਰਤੀ ਦੇਵੇ।” ਇਸ ਲਈ ਉਸ ਨੇ ਯਹੋਵਾਹ ਦੀ ਆਗਿਆ ਮੰਨੀ ਅਤੇ ਧੀਆਂ ਨੂੰ ਕੁਝ ਧਰਤੀ ਦਿੱਤੀ। ਇਸ ਲਈ ਇਨ੍ਹਾਂ ਧੀਆਂ ਨੂੰ ਆਪਣੇ ਚਾਚਿਆਂ ਵਾਂਗ ਹੀ ਧਰਤੀ ਮਿਲੀ।
5 ਇਸ ਲਈ ਮਨੱਸ਼ਹ ਦੇ ਪਰਿਵਾਰ-ਸਮੂਹ ਨੂੰ ਯਰਦਨ ਨਦੀ ਦੇ ਪੱਛਮ ਵੱਲ ਧਰਤੀ ਦੇ ਦਸ ਇਲਾਕੇ ਅਤੇ ਧਰਤੀ ਦੇ ਦੋ ਹੋਰ ਇਲਾਕੇ, ਗਿਲਆਦ ਅਤੇ ਬਾਸ਼ਾਨ, ਜਿਹੜੇ ਯਰਦਨ ਨਦੀ ਦੇ ਦੂਸਰੇ ਪਾਸੇ ਸਨ, ਮਿਲੇ।
6 ਇਸ ਲਈ ਮਨੱਸ਼ਹ ਦੇ ਪਰਿਵਾਰ-ਸਮੂਹ ਦੀਆਂ ਇਨ੍ਹਾਂ ਔਰਤਾਂ ਨੂੰ ਵੀ ਮਰਦਾ ਵਾਂਗ ਹੀ ਧਰਤੀ ਮਿਲੀ। ਗਿਲਆਦ ਦੀ ਧਰਤੀ ਮਨੱਸ਼ਹ ਦੇ ਬਾਕੀ ਦੇ ਪਰਿਵਾਰਾਂ ਨੂੰ ਦਿੱਤੀ ਗਈ।
7 ਮਨੱਸ਼ਹ ਦੀਆਂ ਜ਼ਮੀਨਾ ਆਸ਼ੇਰ ਅਤੇ ਮਿਕਮੱਥਾਥ ਦੇ ਇਲਾਕੇ ਵਿੱਚਕਾਰ ਸਨ। ਇਹ ਸ਼ਕਮ ਦੇ ਨੇੜੇ ਹੈ। ਸਰਹੱਦ ਦੱਖਣ ਵੱਲ ਏਨ ਤੱਪੂਆਹ ਇਲਾਕੇ ਵੱਲ ਚਲੀ ਗਈ ਸੀ।
8 ਤੱਪੂਆਹ ਦੇ ਇਰਦ-ਗਿਰਦ ਦੀ ਧਰਤੀ ਮਨੱਸ਼ਹ ਦੀ ਸੀ ਪਰ ਖੁਦ ਕਸਬਾ ਉਸਦਾ ਨਹੀਂ ਸੀ। ਤੱਪੂਆਹ ਦਾ ਕਸਬਾ ਮਨੱਸ਼ਹ ਦੀ ਧਰਤੀ ਦੀ ਹੱਦ ਉੱਤੇ ਸੀ ਅਤੇ ਇਹ ਅਫ਼ਰਾਈਮ ਦੇ ਲੋਕਾਂ ਦਾ ਸੀ।
9 ਮਨੱਸ਼ਹ ਦੀ ਸਰਹੱਦ ਦੱਖਣ ਵੱਲ ਕਾਨਾਹ ਘਾਟੀ ਤੱਕ ਚਲੀ ਗਈ ਸੀ। ਇਹ ਇਲਾਕਾ ਮਨੱਸ਼ਹ ਦੇ ਪਰਿਵਾਰ-ਸਮੂਹ ਦਾ ਸੀ ਪਰ ਸ਼ਹਿਰ ਅਫ਼ਰਾਈਮ ਦੇ ਲੋਕਾਂ ਦੇ ਸਨ। ਮਨੱਸ਼ਹ ਦੀ ਸਰਹੱਦ ਨਦੀ ਦੇ ਉਤਰ ਵਾਲੇ ਪਾਸੇ ਸੀ ਅਤੇ ਇਹ ਪੱਛਮ ਵਿੱਚ ਮੱਧ ਸਾਗਰ ਤੱਕ ਜਾਂਦੀ ਸੀ।
10 ਦੱਖਣ ਵੱਲ ਦੀ ਧਰਤੀ ਅਫ਼ਰਾਈਮ ਦੀ ਸੀ। ਅਤੇ ਉੱਤਰ ਵਾਲੇ ਪਾਸੇ ਦੀ ਧਰਤੀ ਮਨੱਸ਼ਹ ਦੀ ਸੀ। ਮੱਧ ਸਾਗਰ ਪੱਛਮੀ ਸਰਹੱਦ ਸੀ। ਸਰਹੱਦ ਉੱਤਰ ਵਿੱਚ ਆਸ਼ੇਰ ਦੀ ਧਰਤੀ ਨੂੰ ਛੂੰਹਦੀ ਸੀ ਅਤੇ ਪੂਰਬ ਵੱਲ ਯਿੱਸਾਕਾਰ ਦੀ ਧਰਤੀ ਨੂੰ।
11 ਮਨੱਸ਼ਹ ਦੇ ਲੋਕਾਂ ਕੋਲ ਯਿੱਸਾਕਾਰ ਅਤੇ ਆਸ਼ੇਰ ਦੇ ਇਲਾਕੇ ਅੰਦਰ ਕਸਬੇ ਵੀ ਸਨ। ਬੈਤ-ਸ਼ਾਨ ਯਿਬਲਆਮ ਅਤੇ ਉਨ੍ਹਾਂ ਦੇ ਦੁਆਲੇ ਦੇ ਛੋਟੇ ਕਸਬੇ ਮਨੱਸ਼ਹ ਦੇ ਲੋਕਾਂ ਦੇ ਸਨ। ਮਨੱਸ਼ਹ ਦੇ ਲੋਕ ਦੋਰ, ਏਨਦੋਰ, ਤਅਨਾਕ, ਮਗਿੱਦੋ ਅਤੇ ਉਨ੍ਹਾਂ ਸ਼ਹਿਰਾਂ ਦੇ ਦੁਆਲੇ ਦੇ ਛੋਟੇ ਕਸਬਿਆਂ ਵਿੱਚ ਰਹਿੰਦੇ ਸਨ। ਉਹ ਨਾਫ਼ੋਥ ਦੇ ਤਿੰਨ ਕਸਬਿਆਂ ਅੰਦਰ ਵੀ ਰਹਿੰਦੇ ਸਨ।
12 ਮਨੱਸ਼ਹ ਦੇ ਲੋਕ ਉਨ੍ਹਾਂ ਸ਼ਹਿਰਾਂ ਨੂੰ ਹਰਾ ਨਹੀਂ ਸੱਕੇ ਸਨ। ਇਸ ਲਈ ਕਨਾਨੀ ਲੋਕਾਂ ਦਾ ਰਹਿਣਾ ਉੱਥੇ ਜਾਰੀ ਰਿਹਾ
13 ਪਰ ਇਸਰਾਏਲ ਦੇ ਲੋਕ ਮਜ਼ਬੂਤ ਬਣ ਗਏ ਜਦੋਂ ਇਹ ਗੱਲ ਵਾਪਰੀ ਤਾਂ ਉਨ੍ਹਾਂ ਨੇ ਕਨਾਨੀ ਲੋਕਾਂ ਨੂੰ ਆਪਣੇ ਲਈ ਕੰਮ ਕਰਨ ਵਾਸਤੇ ਮਜ਼ਬੂਰ ਕਰ ਦਿੱਤਾ। ਪਰ ਉਨ੍ਹਾਂ ਨੇ ਕਨਾਨੀ ਲੋਕਾਂ ਨੂੰ ਉਸ ਧਰਤੀ ਤੋਂ ਨਹੀਂ ਕੱਢਿਆ।
14 ਯੂਸੁਫ਼ ਦੇ ਪਰਿਵਾਰ-ਸਮੂਹ ਨੇ ਯਹੋਸ਼ੁਆ ਨਾਲ ਗੱਲ ਕੀਤੀ ਅਤੇ ਆਖਿਆ, “ਤੁਸੀਂ ਸਾਨੂੰ ਧਰਤੀ ਦਾ ਸਿਰਫ਼ ਇੱਕ ਇਲਾਕਾ ਹੀ ਦਿੱਤਾ ਹੈ। ਪਰ ਅਸੀਂ ਬਹੁਤ ਲੋਕ ਹਾਂ। ਤੁਸੀਂ ਸਾਨੂੰ ਉਸ ਸਾਰੀ ਧਰਤੀ ਦਾ ਸਿਰਫ਼ ਇੱਕ ਹਿੱਸਾ ਹੀ ਦਿੱਤਾ ਜਿਹੜੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿੱਤੀ ਸੀ?”
15 ਯਹੋਸ਼ੁਆ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਜੇ ਤੁਸੀਂ ਬਹੁਤੇ ਬੰਦੇ ਹੋ ਤਾਂ ਪਹਾੜੀ ਪ੍ਰਦੇਸ਼ ਵਿੱਚਲੇ ਜੰਗਲ ਦੇ ਇਲਾਕੇ ਵਿੱਚ ਚੱਲੇ ਜਾਓ ਅਤੇ ਉਸ ਧਰਤੀ ਨੂੰ ਸਾਫ਼ ਕਰਕੇ ਵਾਹੀ ਯੋਗ ਬਣਾ ਲਵੋ। ਉਹ ਧਰਤੀ ਹੁਣ ਫ਼ਰਿੱਜ਼ੀ ਲੋਕਾਂ ਅਤੇ ਰਫ਼ਾਈ ਲੋਕਾਂ ਦੀ ਹੈ। ਪਰ ਜੇ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਤੁਹਾਡੇ ਲਈ ਬਹੁਤ ਛੋਟਾ ਹੈ ਤਾਂ ਜਾਕੇ ਉਹ ਧਰਤੀ ਲੈ ਲਵੋ।”
16 ਯੂਸੁਫ਼ ਦੇ ਲੋਕਾਂ ਨੇ ਆਖਿਆ, “ਇਹ ਠੀਕ ਹੈ ਕਿ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਸਾਡੇ ਲਈ ਕਾਫ਼ੀ ਨਹੀਂ ਹੈ। ਪਰ ਉੱਥੇ ਰਹਿਣ ਵਾਲੇ ਕਨਾਨੀ ਲੋਕਾਂ ਕੋਲ ਸ਼ਕਤੀਸ਼ਾਲੀ ਹਥਿਆਰ ਹਨ-ਉਨ੍ਹਾਂ ਕੋਲ ਲੋਹੇ ਦੇ ਰੱਥ ਹਨ ਅਤੇ ਉਨ੍ਹਾਂ ਨੇ ਬੈਤ-ਸ਼ਾਨ ਅਤੇ ਯਿਜ਼ਰਾਏਲ ਵਾਦੀ ਵਿੱਚਲੇ ਛੋਟੇ-ਛੋਟੇ ਨਗਰਾਂ ਉੱਤੇ ਕਬਜ਼ਾ ਕਰ ਲਿਆ ਹੈ।”
17 ਫ਼ੇਰ ਯਹੋਸ਼ੁਆ ਨੇ ਯੂਸੁਫ਼ ਦੇ ਲੋਕਾਂ ਨੂੰ, ਅਫ਼ਰਾਈਮ ਦੇ ਲੋਕਾਂ ਨੂੰ ਅਤੇ ਮਨੱਸ਼ਹ ਦੇ ਲੋਕਾਂ ਨੂੰ ਆਖਿਆ, “ਪਰ ਤੁਸੀਂ ਤਾਂ ਬਹੁਤ-ਬਹੁਤ ਸਾਰੇ ਹੋ। ਅਤੇ ਤੁਸੀਂ ਬਹੁਤ ਤਾਕਤਵਰ ਹੋ। ਤੁਹਾਨੂੰ ਧਰਤੀ ਦਾ ਇੱਕ ਨਾਲੋਂ ਵੱਧੇਰੇ ਹਿੱਸਾ ਮਿਲਣਾ ਚਾਹੀਦਾ ਹੈ।
18 ਤੁਸੀਂ ਪਹਾੜੀ ਪ੍ਰਦੇਸ਼ ਲੈ ਲਵੋਂਗੇ। ਇਹ ਜੰਗਲ ਹੈ, ਪਰ ਤੁਸੀਂ ਰੁੱਖ ਕੱਟ ਕੇ ਇਸ ਨੂੰ ਰਹਿਣ ਲਈ ਚੰਗੀ ਥਾਂ ਬਣਾ ਸੱਕਦੇ ਹੋ। ਅਤੇ ਤੁਸੀਂ ਇਸ ਸਾਰੀ ਧਰਤੀ ਦੇ ਮਾਲਕ ਹੋਵੋਂਗੇ। ਤੁਸੀਂ ਕਨਾਨੀ ਲੋਕਾਂ ਨੂੰ ਉਸ ਧਰਤੀ ਤੋਂ ਕੱਢ ਦਿਉਂਗੇ। ਅਤੇ ਤੁਸੀਂ ਉਨ੍ਹਾਂ ਨੂੰ ਹਰਾ ਦਿਉਂਗੇ ਭਾਵੇਂ ਉਹ ਤਾਕਤਵਰ ਹਨ ਅਤੇ ਉਨ੍ਹਾਂ ਕੋਲ ਸ਼ਕਤੀਸ਼ਾਲੀ ਹਥਿਆਰ ਹਨ।”