ਸਮੂਏਲ ਦੀ ਪਹਿਲੀ ਪੋਥੀ
ਅਲਕਾਨਾਹ ਅਤੇ ਉਸ ਦੇ ਪਰਿਵਾਰ ਦਾ ਸ਼ੀਲੋਹ ਵਿੱਚ ਉਪਾਸਨਾ ਕਰਨਾ
1
1 ਇਫ਼ਰਾਈਮ ਦੇ ਪਹਾੜੀ ਇਲਾਕੇ ਵਿੱਚ ਰਾਮਾਤੈਮ ਤੋਂ ਇੱਕ ਮਨੁੱਖ ਸੀ ਜਿਸਦਾ ਨਾਮ ਅਲਕਾਨਾਹ ਸੀ। ਉਹ ਸੂਫ਼ ਪਰਿਵਾਰ ਤੋਂ ਸੀ ਅਤੇ ਯਰੋਹਾਮ ਦਾ ਪੁੱਤਰ ਸੀ। ਯਰੋਹਾਮ ਅਲੀਹੂ ਦਾ ਪੁੱਤਰ ਸੀ ਅਤੇ ਅਲੀਹੂ ਤੋਹੁ ਦਾ ਪੁੱਤਰ ਸੀ। ਅਤੇ ਤੋਂਹੁ ਸੂਫ਼ ਦਾ ਪੁੱਤਰ ਸੀ ਜੋ ਕਿ ਇਫ਼ਰਾਈਮ ਪਰਿਵਾਰ ਵਿੱਚੋਂ ਸੀ।
2 ਅਲਕਾਨਾਹ ਦੀਆਂ ਦੋ ਬੀਵੀਆਂ ਸਨ। ਇੱਕ ਦਾ ਨਾਮ ਹੰਨਾਹ ਅਤੇ ਦੂਜੀ ਦਾ ਨਾਮ ਪਨਿੰਨਾਹ ਸੀ। ਪਨਿੰਨਾਹ ਦੇ ਘਰ ਉਲਾਦ ਸੀ ਪਰ ਹੰਨਾਹ ਦੇ ਘਰ ਕੋਈ ਸੰਤਾਨ ਨਹੀਂ ਸੀ।
3 ਹਰ ਸਾਲ ਅਲਕਾਨਾਹ ਆਪਣਾ ਰਾਮਾਹ ਸ਼ਹਿਰ ਛੱਡ ਕੇ ਸ਼ੀਲੋਹ ਵੱਲ ਜਾਂਦਾ ਹੁੰਦਾ ਸੀ। ਅਲਕਾਨਾਹ ਸ਼ੀਲੋਹ ਵਿੱਚ ਸਰਬਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਤੇ ਬਲੀਆਂ ਚੜ੍ਹਾਉਣ ਜਾਂਦਾ ਸੀ। ਇਹ ਥਾਂ ਸ਼ੀਲੋਹ ਉੱਤੇ ਸੀ ਜਿੱਥੇ ਹਾਫ਼ਨੀ ਅਤੇ ਫ਼ੀਨਹਾਸ ਜੋ ਕਿ ਏਲੀ ਦੇ ਪੁੱਤਰ ਸਨ ਉੱਥੇ ਜਾਜਕ ਵਜੋਂ ਸੇਵਾ ਕਰਦੇ ਸਨ।
4 ਹਰ ਵਾਰ ਅਲਕਾਨਾਹ ਜੋ ਵੀ ਬਲੀਆਂ ਚੜ੍ਹਾਉਂਦਾ, ਉਸ ਭੋਜਨ ਵਿੱਚੋਂ ਇੱਕ ਹਿੱਸਾ ਉਹ ਆਪਣੀ ਪਤਨੀ ਪਨਿੰਨਾਹ ਨੂੰ ਦਿੰਦਾ ਅਤੇ ਕੁਝ ਹਿੱਸਾ ਉਸ ਵਿੱਚੋਂ ਪਨਿੰਨਾਹ ਦੇ ਬੱਚਿਆਂ ਨੂੰ ਵੀ ਦਿੰਦਾ।
5 ਅਲਕਾਨਾਹ ਹੰਨਾਹ ਨੂੰ ਵੀ ਭੋਜਨ ਦਾ ਬਰਾਬਰ ਦਾ ਹਿੱਸਾ ਦਿੰਦਾ। ਭਾਵੇਂ ਹੰਨਾਹ ਦੇ ਕੋਈ ਸੰਤਾਨ ਨਹੀਂ ਸੀ ਪਰ ਉਹ ਬਰਾਬਰ ਦਾ ਉਨ੍ਹਾਂ ਦਾ ਹਿੱਸਾ ਵੀ ਹੰਨਾਹ ਨੂੰ ਦਿੰਦਾ, ਇਹ ਉਹ ਇਸ ਲਈ ਕਰਦਾ ਕਿਉਂਕਿ ਉਹ ਸੱਚਮੁੱਚ ਆਪਣੀ ਪਤਨੀ ਹੰਨਾਹ ਨਾਲ ਪਿਆਰ ਕਰਦਾ ਸੀ।
ਪਨਿੰਨਾਹ ਦਾ ਹੰਨਾਹ ਨੂੰ ਬੇਚੈਨ ਕਰਨਾ
6 ਪਨਿੰਨਾਹ ਆਪਣੀ ਸੌਁਕਣ ਨੂੰ ਸਤਾਉਣ ਲਈ ਉਸ ਨੂੰ ਬੜਾ ਤੰਗ ਕਰਦੀ ਅਤੇ ਹਮੇਸ਼ਾ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੀ ਕਿਉਂਕਿ ਹੰਨਾਹ ਬੈਔਲਾਦੀ ਸੀ। ਹਰ ਸਾਲ ਇੰਝ ਹੀ ਹੁੰਦਾ।
7 ਹਰ ਸਾਲ ਜਦੋਂ ਉਨ੍ਹਾਂ ਦਾ ਪਰਿਵਾਰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਜਾਂਦਾ ਹੁੰਦਾ ਸੀ, ਪਨਿੰਨਾਹ, ਹੰਨਾਹ ਨੂੰ ਉਦੋਂ ਤੱਕ ਖਿਜਾਉਂਦੀ ਜਦੋਂ ਤੱਕ ਉਹ ਉਦਾਸ ਨਾ ਹੋ ਜਾਂਦੀ। ਇੱਕ ਦਿਨ ਜਦੋਂ ਅਲਕਾਨਾਹ ਬਲੀਆਂ ਚੜ੍ਹਾ ਰਿਹਾ ਸੀ, ਹੰਨਾਹ ਬਹੁਤ ਦੁੱਖੀ ਸੀ ਅਤੇ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ। ਉਸ ਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ।
8 ਉਸ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ, “ਹੰਨਾਹ, ਤੂੰ ਰੋ ਕਿਉਂ ਰਹੀ ਹੈ? ਤੂੰ ਭੋਜਨ ਕਿਉਂ ਨਹੀਂ ਖਾਂਦੀ? ਤੂੰ ਉਦਾਸ ਕਿਉਂ ਹੈ? ਮੈਂ ਤੇਰਾ ਪਤੀ ਹਾਂ। ਮੈਂ ਤੇਰਾ ਹਾਂ। ਕੀ ਤੂੰ ਇਹ ਨਹੀਂ ਸੋਚਦੀ ਕਿ ਮੇਰੇ ਜਿਹਾ ਪਤੀ ਹੋਣਾ ਦਸ ਪੁੱਤਰ ਹੋਣ ਨਾਲੋਂ ਵੱਧੇਰੇ ਬਿਹਤਰ ਹੈ।”
ਹੰਨਾਹ ਦੀ ਪ੍ਰਾਰਥਨਾ
9 ਖਾਣ-ਪੀਣ ਤੋਂ ਬਾਦ ਹੰਨਾਹ ਚੁੱਪ ਕਰਕੇ ਉੱਠੀ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਚਲੀ ਗਈ। ਉਸ ਵਕਤ ਏਲੀ ਨਾਮ ਦਾ ਜਾਜਕ ਯਹੋਵਾਹ ਦੀ ਪਵਿੱਤਰ ਇਮਾਰਤ ਦੇ ਦਰਵਾਜ਼ੇ ਕੋਲ ਕੁਰਸੀ ਉੱਤੇ ਬੈਠਾ ਹੋਇਆ ਸੀ।
10 ਹੰਨਾਹ ਬੜੀ ਉਦਾਸ ਸੀ। ਜਦੋਂ ਉਹ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਉਹ ਹਟਕੋਰੇ ਭਰ-ਭਰ ਰੋ ਰਹੀ ਸੀ।
11 ਉਸ ਨੇ ਪਰਮੇਸ਼ੁਰ ਨੂੰ ਖਾਸ ਬਚਨ ਦਿੱਤਾ ਅਤੇ ਕਿਹਾ, “ਹੇ ਸਰਬ ਸ਼ਕਤੀਮਾਨ ਯਹੋਵਾਹ! ਵੇਖ ਮੈਂ ਕਿੰਨੀ ਉਦਾਸ ਹਾਂ? ਮੈਨੂੰ ਚੇਤੇ ਰੱਖੀਂ! ਮੈਨੂੰ ਭੁੱਲ ਨਾ ਜਾਵੀਂ! ਜੇਕਰ ਤੂੰ ਮੇਰੇ ਘਰ ਪੁੱਤਰ ਬਖਸ਼ੀਸ਼ ਕਰੇ ਤਾਂ ਉਸ ਨੂੰ ਮੈਂ ਤੇਰੇ ਹਵਾਲੇ ਕਰ ਦੇਵਾਂਗੀ। ਉਹ ਨਜ਼ੀਰੀ ਹੋਵੇਗਾ। ਉਹ ਸੋਮਰਸ ਜਾਂ ਤੇਜ਼ ਸ਼ਰਾਬ ਵੀ ਨਹੀਂ ਪੀਵੇਗਾ ਅਤੇ ਨਾ ਹੀ ਕੋਈ ਸਿਰ ਦੇ ਵਾਲ ਮੁੰਨੇਗਾ।”
12 ਹੰਨਾਹ ਲੰਬੇ ਸਮੇਂ ਤਾਈਂ ਪ੍ਰਾਰਥਨਾ ਕਰਦੀ ਰਹੀ। ਜਦੋਂ ਉਹ ਪ੍ਰਾਰਥਨਾ ਕਰ ਰਹੀ ਸੀ, ਏਲੀ ਉਸਦਾ ਮੂੰਹ ਵੇਖ ਰਿਹਾ ਸੀ।
13 ਹੰਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ। ਉਸ ਦੇ ਬੁਲ੍ਹ ਫ਼ੜਫ਼ੜਾ ਰਹੇ ਸਨ ਪਰ ਉਸ ਦੇ ਮੂੰਹ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ। ਇਸ ਲਈ ਏਲੀ ਨੇ ਸੋਚਿਆ ਕਿ ਉਹ ਸ਼ਰਾਬਣ ਸੀ।
14 ਉਸ ਨੇ ਹੰਨਾਹ ਨੂੰ ਕਿਹਾ, “ਤੈਨੂੰ ਪੀਣ ਲਈ ਬਹੁਤ ਜ਼ਿਆਦੇ ਮਿਲ ਗਈ, ਇਹ ਮੈਅ ਨੂੰ ਦੂਰ ਰੱਖਣ ਦਾ ਸਮਾਂ ਹੈ।”
15 ਹੰਨਾਹ ਨੇ ਆਖਿਆ, “ਹੇ ਸੁਆਮੀ! ਨਾ ਮੈਂ ਕੋਈ ਨਸ਼ਾ ਕੀਤਾ ਹੈ ਨਾ ਮੈਅ ਪੀਤੀ ਹੈ। ਮੈਂ ਤਾਂ ਬੜੀ ਮੁਸੀਬਤ ਵਿੱਚ ਹਾਂ। ਮੈਂ ਤਾਂ ਯਹੋਵਾਹ ਨੂੰ ਆਪਣੀਆਂ ਦੁੱਖਾਂ ਤਕਲੀਫ਼ਾਂ ਬਾਰੇ ਦੱਸ ਰਹੀ ਸੀ।
16 ਮੈਨੂੰ ਬੁਰੀ ਔਰਤ ਨਾ ਸਮਝ। ਮੈਂ ਇੰਨੀ ਲੰਬੀ ਪ੍ਰਾਰਥਨਾ ਇਸ ਲਈ ਕਰ ਰਹੀ ਸਾਂ ਕਿਉਂਕਿ ਮੈਂ ਬੜੀ ਉਦਾਸ ਹਾਂ ਅਤੇ ਮੇਰੇ ਦੁੱਖਾਂ ਦੀ ਕਹਾਣੀ ਬੜੀ ਲੰਬੀ ਹੈ।”
17 ਏਲੀ ਨੇ ਕਿਹਾ, “ਜਾ! ਹੁਣ ਤੂੰ ਸੁੱਖ-ਸ਼ਾਂਤੀ ਨਾਲ ਘਰ ਜਾ। ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜ਼ੋਈ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ।”
18 ਹੰਨਾਹ ਨੇ ਕਿਹਾ, “ਮੈਨੂੰ ਉਮੀਦ ਹੈ ਤੂੰ ਮੇਰੇ ਉੱਪਰ ਮਿਹਰਬਾਨੀ ਨਾਲ ਵੇਖੇਂਗਾ।” ਫ਼ੇਰ ਉਹ ਚੱਲੀ ਗਈ ਅਤੇ ਕੁਝ ਖਾਧਾ। ਉਹ ਹੋਰ ਵੱਧੇਰੇ ਉਦਾਸ ਨਹੀਂ ਸੀ।
19 ਅਗਲੀ ਸਵੇਰ ਅਲਕਾਨਾਹ ਦਾ ਪਰਿਵਾਰ ਉੱਠਿਆ। ਉਨ੍ਹਾਂ ਨੇ ਯਹੋਵਾਹ ਦੀ ਉਪਾਸਨਾ ਕੀਤੀ ਅਤੇ ਰਾਮਾਹ ਵੱਲ ਨੂੰ ਮੁੜ ਗਏ।
ਸਮੂਏਲ ਦਾ ਜਨਮ
ਘਰ ਆਕੇ ਅਲਕਾਨਾਹ ਨੇ ਹੰਨਾਹ ਨਾਲ ਸੰਭੋਗ ਕੀਤਾ ਸੋ ਯਹੋਵਾਹ ਨੇ ਉਸ ਨੂੰ ਚੇਤੇ ਕੀਤਾ।
20 ਤਾਂ ਇੰਝ ਹੋਇਆ ਕਿ ਹੰਨਾਹ ਗਰਭਵਤੀ ਹੋ ਗਈ ਅਤੇ ਉਸੇ ਸਾਲ ਉਸ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਅਤੇ ਹੰਨਾਹ ਨੇ ਉਸਦਾ ਨਾਂ ਸਮੂਏਲ ਰੱਖਿਆ। ਉਸ ਨੇ ਕਿਹਾ, “ਮੈਂ ਇਸਦਾ ਨਾਮ ਸਮੂਏਲ ਇਸ ਲਈ ਰੱਖਿਆ ਹੈ ਕਿਉਂਕਿ ਇਸ ਨੂੰ ਮੈਂ ਯਹੋਵਾਹ ਤੋਂ ਮੰਗਕੇ ਲਿਆ ਹੈ।”
21 ਉਸ ਵਰ੍ਹੇ ਜਦੋਂ ਅਲਕਾਨਾਹ ਸਾਲਾਨਾ ਬਲੀਆਂ ਅਤੇ ਪਰਮੇਸ਼ੁਰ ਨਾਲ ਕੀਤੇ ਇਕਰਾਰ ਨੂੰ ਪੂਰਾ ਕਰਨ ਲਈ ਸ਼ੀਲੋਹ ਨੂੰ ਗਿਆ। ਉਹ ਆਪਣੇ ਪਰਿਵਾਰ ਨੂੰ ਵੀ ਆਪਣੇ ਨਾਲ ਲੈ ਗਿਆ।
22 ਪਰ ਹੰਨਾਹ ਨਾ ਗਈ। ਉਸ ਨੇ ਅਲਕਾਨਾਹ ਨੂੰ ਕਿਹਾ, “ਜਦੋਂ ਬੱਚਾ ਕੁਝ ਪਦਾਰਥ ਖਾਣ ਯੋਗ ਹੋ ਜਾਵੇਗਾ ਤਾਂ ਮੈਂ ਇਸ ਨੂੰ ਸ਼ੀਲੋਹ ਲੈ ਜਾਵਾਂਗੀ ਅਜੇ ਇਹ ਦੁੱਧ ਪੀਂਦਾ ਬਾਲ ਹੈ। ਫ਼ਿਰ ਮੈਂ ਇਸ ਨੂੰ ਯਹੋਵਾਹ ਨੂੰ ਅਰਪਨ ਕਰ ਦੇਵਾਂਗੀ। ਇਹ ਫ਼ਿਰ ਨਜ਼ੀਰੀ ਹੋਵੇਗਾ ਅਤੇ ਹਮੇਸ਼ਾ ਸ਼ੀਲੋਹ ਵਿੱਚ ਹੀ ਰਹੇਗਾ।”
23 ਹੰਨਾਹ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ, “ਤੈਨੂੰ ਜਿਵੇਂ ਠੀਕ ਲੱਗਦਾ ਹੈ ਉਵੇਂ ਹੀ ਕਰ। ਜਦ ਤੱਕ ਤੇਰਾ ਪੁੱਤਰ ਠੋਸ ਭੋਜਨ ਖਾਣਾ ਸ਼ੁਰੂ ਨਹੀਂ ਕਰਦਾ ਤੂੰ ਘਰੇ ਰਹਿ ਸੱਕਦੀ ਹੈ। ਯਹੋਵਾਹ ਆਪਣਾ ਬਚਨ ਪੂਰਾ ਕਰੇ।”2 ਇਸ ਲਈ ਉਹ ਓਨੀ ਦੇਰ ਘਰੇ ਹੀ ਰਹੀ ਜਦ ਤੱਕ ਉਸ ਦੇ ਪੁੱਤਰ ਨੇ ਠੋਸ ਭੋਜਨ ਖਾਣਾ ਸ਼ੁਰੂ ਨਾ ਕੀਤਾ।
ਹੰਨਾਹ ਦਾ ਸਮੂਏਲ ਨੂੰ ਏਲੀ ਕੋਲ ਸ਼ੀਲੋਹ ਲੈ ਕੇ ਜਾਣਾ
24 ਜਦੋਂ ਬੱਚਾ ਠੋਸ ਭੋਜਨ ਖਾਣ ਲਈ ਕਾਫ਼ੀ ਵੱਡਾ ਹੋ ਗਿਆ ਹੰਨਾਹ ਉਸ ਨੂੰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਲੈ ਗਈ। ਹੰਨਾਹ ਆਪਣੇ ਨਾਲ ਤਿੰਨ ਬਲਦ 20 ਪਾਉਂਡ ਆਟਾ ਅਤੇ ਇੱਕ ਦਾਖ ਦੀ ਬੋਤਲ ਵੀ ਲੈ ਕੇ ਗਈ।
25 ਜਦੋਂ ਉਹ ਯਹੋਵਾਹ ਦੇ ਅੱਗੇ ਹਾਜਰ ਹੋਏ ਤਾਂ ਅਲਕਾਨਾਹ ਨੇ ਯਹੋਵਾਹ ਅੱਗੇ ਬਲੀ ਦੇਣ ਲਈ ਵੱਛੇ ਨੂੰ ਮਾਰਿਆ ਜਿਵੇਂ ਕਿ ਉਹ ਹਰ ਸਾਲ ਕਰਦਾ ਸੀ। ਫ਼ਿਰ ਹੰਨਾਹ ਨੇ ਉਸ ਬਾਲਕ ਨੂੰ ਏਲੀ ਦੇ ਹਵਾਲੇ ਕੀਤਾ।
26 ਹੰਨਾਹ ਨੇ ਏਲੀ ਨੂੰ ਕਿਹਾ, “ਖਿਮਾ ਕਰਨਾ ਸੁਆਮੀ। ਮੈਂ ਉਹੀ ਔਰਤ ਹਾਂ ਜੋ ਤੇਰੇ ਸਾਹਮਣੇ ਉਸ ਦਿਨ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ। ਮੈਂ ਕਸਮ ਖਾਦੀ ਹਾਂ ਕਿ ਮੈਂ ਸੱਚ ਆਖ ਰਹੀ ਹਾਂ।
27 ਮੈਂ ਇਸ ਬੱਚੇ ਲਈ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਮੇਰੀ ਅਰਜ਼ ਸੁਣੀ ਅਤੇ ਪੂਰੀ ਕੀਤੀ ਅਤੇ ਯਹੋਵਾਹ ਨੇ ਮੈਨੂੰ ਇਸ ਬਾਲਕ ਦੀ ਦਾਤ ਬਖਸ਼ੀ।
28 ਅਤੇ ਹੁਣ ਮੈਂ ਇਹ ਬੱਚਾ ਯਹੋਵਾਹ ਨੂੰ ਸੌਂਪਣ ਆਈ ਹਾਂ। ਇਹ ਸਾਰੀ ਉਮਰ ਆਪਣੇ ਯਹੋਵਾਹ ਦੀ ਸੇਵਾ ਕਰੇਗਾ।”
ਤੱਦ ਹੰਨਾਹ ਦੇ ਬਾਲਕ ਨੂੰ ਉੱਥੇ ਛੱਡਿਆ ਅਤੇ ਯਹੋਵਾਹ ਦੀ ਉਪਾਸਨਾ ਕਰਨ ਲੱਗੀ।