ਦਾਊਦ ਅਤੇ ਯੋਨਾਥਾਨ ਦਾ ਇਕਰਾਰਨਾਮਾ
20
1 ਤੱਦ ਦਾਊਦ ਰਾਮਾਹ ਦੇ ਡੇਰੇ ਤੋਂ ਭੱਜਕੇ ਯੋਨਾਥਾਨ ਕੋਲ ਗਿਆ ਅਤੇ ਉਸ ਨੂੰ ਪੁੱਛਿਆ, “ਮੈਂ ਕੀ ਗੁਨਾਹ ਕੀਤਾ ਹੈ? ਮੇਰਾ ਕੀ ਜ਼ੁਰਮ ਹੈ? ਤੇਰਾ ਪਿਉ ਕਿਉਂ ਮੈਨੂੰ ਮਾਰਨ ਦੇ ਪਿੱਛੇ ਪਿਆ ਹੋਇਆ ਹੈ?”
2 ਯੋਨਾਥਾਨ ਨੇ ਕਿਹਾ, “ਇਹ ਸੱਚ ਨਹੀਂ ਹੋ ਸੱਕਦਾ। ਮੇਰਾ ਪਿਉ ਤੈਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿਉਂਕਿ ਪਹਿਲਾਂ ਮੈਨੂੰ ਪੁੱਛੇ ਬਗੈਰ ਉਹ ਕੁਝ ਵੀ ਨਹੀਂ ਕਰਦਾ। ਇਹ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਗੱਲ ਛੋਟੀ ਸੀ ਜਾਂ ਵੱਡੀ ਪਰ ਉਹ ਮੈਨੂੰ ਦੱਸੇ ਬਗੈਰ ਕੁਝ ਨਹੀਂ ਕਰਦਾ ਉਹ ਪਹਿਲਾਂ ਮੈਨੂੰ ਦੱਸਦਾ ਹੈ। ਤਾਂ ਇਹ ਕਿਵੇਂ ਹੋ ਸੱਕਦਾ ਹੈ ਕਿ ਉਹ ਤੈਨੂੰ ਮਾਰਨਾ ਚਾਹੁੰਦਾ ਹੋਵੇ ਅਤੇ ਮੈਨੂੰ ਨਾ ਦੱਸੇ। ਨਹੀਂ! ਇਹ ਸੱਚ ਨਹੀਂ ਹੈ।”
3 ਪਰ ਦਾਊਦ ਨੇ ਆਖਿਆ, “ਤੇਰਾ ਪਿਉ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੂੰ ਮੈਂ ਗੂੜੇ ਮਿੱਤਰ ਹਾਂ। ਤੇਰੇ ਪਿਉ ਨੇ ਆਪਣੇ-ਆਪ ਨੂੰ ਕਿਹਾ, ‘ਯੋਨਾਥਾਨ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ, ਜੇਕਰ ਉਸ ਨੂੰ ਪਤਾ ਲੱਗ ਗਿਆ ਉਹ ਦਾਊਦ ਨੂੰ ਦੱਸ ਦੇਵੇਗਾ।’ ਪਰ ਜਿਉਂਦੇ ਯਹੋਵਾਹ ਅਤੇ ਤੇਰੀ ਜਾਨ ਦੀ ਸੌਂਹ ਕਿ ਮੇਰੇ ਅਤੇ ਮੌਤ ਦੇ ਵਿੱਚਕਾਰ ਹੁਣ ਇੱਕ ਹੀ ਕਦਮ ਦੀ ਵਿੱਥ ਹੈ।”
4 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਤੂੰ ਜੋ ਚਾਹੇ ਮੈਂ ਤੇਰੇ ਲਈ ਕਰਨ ਨੂੰ ਤਿਆਰ ਹਾਂ।”
5 ਤੱਦ ਦਾਊਦ ਨੇ ਕਿਹਾ, “ਵੇਖ, ਕੱਲ੍ਹ ਨਵੇਂ ਚੰਨ ਦੀ ਦਾਵਤ ਹੈ, ਅਤੇ ਉਸ ਦਿਨ ਮੈਨੂੰ ਪਾਤਸ਼ਾਹ ਦੇ ਨਾਲ ਖਾਣਾ ਪਵੇਗਾ, ਪਰ ਤੂੰ ਮੈਨੂੰ ਸ਼ਾਮ ਤੱਕ ਖੇਤਾਂ ’ਚ ਲੁਕੇ ਰਹਿਣ ਦੀ ਆਗਿਆ ਦੇ।
6 ਜੇਕਰ ਤੇਰਾ ਪਿਉ ਵੇਖੇ ਕਿ ਮੈਂ ਨਹੀਂ ਤਾਂ ਉਸ ਨੂੰ ਆਖੀਂ, ‘ਦਾਊਦ ਬੈਤਲਹਮ ਆਪਣੇ ਘਰ ਨੂੰ ਜਾਣਾ ਚਾਹੁੰਦਾ ਸੀ। ਉਨ੍ਹਾਂ ਦੇ ਆਪਨੇ ਪਰਿਵਾਰ ਵਿੱਚ ਇਹ ਤਿਉਹਾਰ ਮਨਾਉਣਾ ਸੀ, ਮਹੀਨੇ ਦੀ ਬਲੀ ਦੀ ਦਾਵਤ ਹੋਣੀ ਸੀ। ਤਾਂ ਦਾਊਦ ਨੇ ਬੈਤਲਹਮ ਵਿੱਚ ਆਪਣੇ ਪਰਿਵਾਰ ਕੋਲ ਜਾਕੇ ਇਹ ਦਾਵਤ ਪੂਰੀ ਕਰਨ ਦੀ ਆਗਿਆ ਮੰਗੀ।’
7 ਜੇਕਰ ਤੇਰਾ ਪਿਉ ਕਹੇ, ‘ਠੀਕ ਹੈ।’ ਤਾਂ ਇਸਦਾ ਮਤਲਬ ਮੈਂ ਬਚ ਗਿਆ। ਪਰ ਜੇਕਰ ਤੇਰੇ ਪਿਉ ਨੂੰ ਕਰੋਧ ਆ ਜਾਵੇ ਤਾਂ ਫ਼ਿਰ ਤੂੰ ਜਾਣ ਜਾਵੇਂਗਾ ਕਿ ਉਹ ਮੈਨੂੰ ਮਾਰਨਾ ਚਾਹੁੰਦਾ ਹੈ।
8 ਇਸ ਲਈ ਯੋਨਾਥਾਨ ਮੇਰੇ ਉੱਤੇ ਰਹਿਮ ਕਰ। ਮੈਂ ਤੇਰਾ ਸੇਵਕ ਹਾਂ। ਤੂੰ ਮੇਰੇ ਨਾਲ ਯਹੋਵਾਹ ਦੇ ਅੱਗੇ ਇਕਰਾਰਨਾਮਾ ਕੀਤਾ ਸੀ। ਜੇਕਰ ਮੈਂ ਦੋਸ਼ੀ ਹਾਂ ਤਾਂ ਭਾਵੇਂ ਤੂੰ ਹੀ ਮੈਨੂੰ ਖੁਦ ਜਾਨੋਂ ਮਾਰ ਦੇ ਪਰ ਮੈਨੂੰ ਆਪਣੇ ਪਿਉਹ ਕੋਲ ਨਾ ਲੈ ਕੇ ਜਾਵੀਂ।”
9 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਨਹੀਂ ਇੰਝ ਕਦੇ ਨਾ ਹੋਵੇਗਾ। ਜੇਕਰ ਮੈਨੂੰ ਪਤਾ ਲੱਗਾ ਕਿ ਮੇਰਾ ਪਿਉ ਤੈਨੂੰ ਮਾਰਨ ਦੀ ਸੋਚ ਰਿਹਾ ਹੈ ਤਾਂ ਮੈਂ ਤੈਨੂੰ ਜ਼ਰੂਰ ਖਬਰ ਕਰਾਂਗਾ।”
10 ਦਾਊਦ ਨੇ ਕਿਹਾ, “ਮੈਨੂੰ ਕੌਣ ਖਬਰ ਦੇਵੇਗਾ? ਕੀ ਪਤਾ ਮੇਰੇ ਬਾਰੇ ਤੇਰਾ ਪਿਉ, ਤੇਰੇ ਕੰਨ ਭਰ ਦੇਵੇ, ਮਾੜਾ ਕਹੇ ਮੇਰੇ ਬਾਰੇ?”
11 ਤੱਦ ਯੋਨਾਥਾਨ ਨੇ ਕਿਹਾ, “ਚੱਲ, ਖੇਤਾਂ ਨੂੰ ਚੱਲੀਏ।” ਤਾਂ ਯੋਨਾਥਾਨ ਅਤੇ ਦਾਊਦ ਖੇਤਾਂ ਵੱਲ ਚੱਲੇ ਗਏ।
12 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਅੱਗੇ ਇਹ ਸੌਂਹ ਚੁੱਕਦਾ ਹਾਂ ਕਿ ਮੈਂ ਖਬਰ ਰੱਖਾਂਗਾ ਕਿ ਮੇਰਾ ਪਿਉ ਤੇਰੇ ਬਾਰੇ ਕਿਹੋ ਜਿਹੇ ਖਿਆਲ ਰੱਖਦਾ ਹੈ, ਇਹ ਵੇਖਾਂ ਕਿ ਉਹ ਤੇਰੇ ਬਾਰੇ ਚੰਗੇ ਵਿੱਚਾਰ ਰੱਖਦਾ ਹੈ ਜਾਂ ਮਾੜੇ। ਫ਼ਿਰ ਤਿੰਨ ਦਿਨਾਂ ਦੇ ਵਿੱਚ ਮੈਂ ਇੱਥੇ ਖੇਤਾਂ ਵਿੱਚ ਤੈਨੂੰ ਸੁਨੇਹਾ ਭੇਜਾਂਗਾ।
13 ਜੇਕਰ ਮੇਰਾ ਪਿਉ ਤੈਨੂੰ ਮਾਰਨਾ ਚਾਹੁੰਦਾ ਹੋਇਆ, ਮੈਂ ਤੈਨੂੰ ਖਬਰ ਕਰ ਦੇਵਾਂਗਾ ਅਤੇ ਤੈਨੂੰ ਇੱਥੋਂ ਸੁੱਖੀ-ਸਾਂਦੀ ਭਜਾ ਦੇਵਾਂਗਾ। ਜੇ ਮੈਂ ਇੰਝ ਨਾ ਕਰ ਸੱਕਾਂ ਯਹੋਵਾਹ ਮੈਨੂੰ ਸਜ਼ਾ ਦੇਵੇ। ਯਹੋਵਾਹ ਕਰੇ ਕਿ ਜਿਵੇਂ ਯਹੋਵਾਹ ਮੇਰੇ ਪਿਉ ਦੇ ਨਾਲ ਰਿਹਾ ਉਵੇਂ ਹੀ ਯਹੋਵਾਹ ਤੇਰੇ ਨਾਲ ਰਹੇ।
14 ਜੇਕਰ ਹਾਲੇ ਵੀ ਮੈਂ ਜਿਉਂਦਾ ਹਾਂ ਤਾਂ ਮੈਨੂੰ ਯਹੋਵਾਹ ਦਾ ਸੱਚਾ ਪਿਆਰ ਦਰਸਾ ਤਾਂ ਜੋ ਮੈਂ ਨਾ ਮਰਾਂ।
15 ਮੇਰੇ ਪਰਿਵਾਰ ਨੂੰ ਆਪਣੇ ਰਹਿਮੋ ਕਰਮ ਵਿੱਚ ਰੱਖੀਂ। ਯਹੋਵਾਹ ਤੇਰੇ ਸਾਰੇ ਵੈਰੀਆਂ ਦਾ ਧਰਤੀ ਤੋਂ ਨਾਸ਼ ਕਰੇ।
16 ਫ਼ੇਰ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇੱਕ ਇਕਰਾਰਨਾਮਾ ਕੀਤਾ ਅਤੇ ਯਹੋਵਾਹ ਨੇ ਦਾਊਦ ਦੇ ਦੁਸ਼ਮਣਾ ਉੱਤੇ ਸਜ਼ਾ ਲਿਆਂਦੀ।”
17 ਤੱਦ ਯੋਨਾਥਾਨ ਨੇ ਦਾਊਦ ਨੂੰ ਆਪਣੇ ਪਿਆਰ ਦੀ ਸੌਂਹ ਨੂੰ ਪੂਰੀ ਕਰਨ ਲਈ ਦੁਹਰਾਉਣ ਨੂੰ ਕਿਹਾ। ਯੋਨਾਥਾਨ ਨੇ ਇਹ ਇਸ ਲਈ ਕੀਤਾ ਕਿਉਂਕਿ ਉਹ ਦਾਊਦ ਨੂੰ ਆਪਣੀ ਰੂਹ ਸਮਝ, ਪਿਆਰ ਕਰਦਾ ਸੀ।
18 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਕੱਲ੍ਹ ਨਵੇਂ ਚੰਨ ਦੀ ਦਾਵਤ ਦੀ ਰਾਤ ਹੋਵੇਗੀ। ਤੇਰੀ ਥਾਂ ਖਾਲੀ ਰਹੇਗਾ ਤਾਂ ਮੇਰਾ ਪਿਉ ਵੇਖੇਗਾ ਕਿ ਤੂੰ ਉੱਥੇ ਨਹੀਂ ਹੈ।
19 ਸੋ ਹੁਣ ਤੂੰ ਜਾਹ ਅਤੇ ਤਿੰਨ ਦਿਨ ਤੱਕ ਉੱਥੇ ਛੁਪਿਆ ਰਹੀਂ ਜਿੱਥੇ ਤੂੰ ਉਸ ਨੇਮ ਦੇ ਦਿਨ ਲੁਕਿਆ ਰਿਹਾ ਸੀ। ਅਤੇ ਇਸ ਮੁਸੀਬਤ ਦੀ ਘੜੀ ਦੀ ਉਸ ਪਹਾੜੀ ਓਹਲੇ ਉਡੀਕ ਕਰੀਂ।
20 ਤੀਜੇ ਦਿਨ ਮੈਂ ਉਸ ਪਹਾੜੀ ਵੱਲ ਜਾਵਾਂਗਾ ਅਤੇ ਇੰਝ ਨਾਟਕ ਕਰਾਂਗਾ ਜਿਵੇਂ ਕੋਈ ਨਿਸ਼ਾਨਾ ਸੇਧ ਰਿਹਾ ਹੋਵਾ। ਮੈਂ ਕੁਝ ਤੀਰ ਛੱਡਾਂਗਾ।
21 ਤੱਦ ਮੈਂ ਕਿਸੇ ਮੁੰਡੇ ਨੂੰ ਉਹ ਤੀਰ ਲੱਭਕੇ ਲਿਆਉਣ ਨੂੰ ਆਖਾਂਗਾ। ਜੇ ਮੈਂ ਮੁੰਡੇ ਨੂੰ ਆਖਾਂ, ਵੇਖ ਤੀਰ ਤੇਰੇ ਇਸ ਪਾਸੇ ਹਨ ਲੱਭਕੇ ਲਿਆ ਤਾਂ ਤੂੰ ਬਾਹਰ ਨਿਕਲ ਆਵੀਂ ਕਿਉਂ ਜੋ ਫ਼ੇਰ ਤੇਰੇ ਲਈ ਸਮਝੀਂ ਸਭ ਠੀਕ ਹੈ ਅਤੇ ਜਿਉਂਦੇ ਯਹੋਵਾਹ ਦੀ ਸੌਂਹ ਕਿ ਕੋਈ ਮੁਸ਼ਕਿਲ ਨਹੀਂ।
22 ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ ਕਿ, ‘ਵੇਖ ਤੀਰ ਤੇਰੇ ਕੋਲੋਂ ਦੂਰ ਹਨ ਤਾਂ ਤੂੰ ਭੱਜ ਜਾਵੀਂ।’ ਇਸ ਦਾ ਮਤਲਬ ਫ਼ਿਰ ਯਹੋਵਾਹ ਨੇ ਤੈਨੂੰ ਨੱਸ ਜਾਣ ਲਈ ਆਖਿਆ ਹੈ।
23 ਇਹ ਇਕਰਾਰਨਾਮਾ ਜੋ ਤੇਰੇ ਮੇਰੇ ਵਿੱਚਕਾਰ ਹੋਇਆ, ਇਸ ਨੂੰ ਯਾਦ ਰੱਖੀਂ। ਯਹੋਵਾਹ ਹਮੇਸ਼ਾ ਸਾਡਾ ਸਾਖੀ ਹੈ।”
24 ਤੱਦ ਦਾਊਦ ਖੇਤਾਂ ’ਚ ਲੁਕ ਗਿਆ।
ਸ਼ਾਊਲ ਦਾ ਦਾਵਤ ਵਿੱਚ ਵਤੀਰਾ
ਅਗਲੇ ਦਿਨ ਤੋਂ ਬਾਦ ਨਵੇਂ ਚੰਨ ਦੀ ਦਾਵਤ ਦਾ ਵੇਲਾ ਹੋ ਗਿਆ ਅਤੇ ਪਾਤਸ਼ਾਹ ਖਾਣ ਲਈ ਬੈਠ ਗਿਆ।
25 ਪਾਤਸ਼ਾਹ ਕੰਧ ਦੇ ਨਾਲ ਜਿੱਥੇ, ਕਿ ਉਹ ਹਮੇਸ਼ਾ ਬੈਠਦਾ ਸੀ, ਬੈਠ ਗਿਆ। ਯੋਨਾਥਾਨ ਖੜਾ ਹੋ ਗਿਆ ਅਤੇ ਅਬਨੇਰ ਸ਼ਾਊਲ ਤੋਂ ਅਗਾਂਹ ਬੈਠ ਗਿਆ। ਪਰ ਦਾਊਦ ਦੀ ਜਗ਼੍ਹਾ ਖਾਲੀ ਸੀ।
26 ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ। ਉਸ ਨੇ ਸੋਚਿਆ, “ਹੋ ਸੱਕਦਾ ਹੈ ਉਸ ਨੂੰ ਕੁਝ ਬਣੀ ਹੋਈ ਹੋਵੇ, ਉਹ ਅਪਵਿੱਤਰ ਹੋਣਾ ਹੈ।”
27 ਪਰ ਅਗਲੇ ਹੀ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਦਾਊਦ ਦੀ ਕੁਰਸੀ ਫ਼ੇਰ ਖਾਲੀ ਸੀ। ਤੱਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਕਿਹਾ, “ਕੀ ਗੱਲ ਹੈ ਯੱਸੀ ਦਾ ਪੁੱਤਰ ਨਵੇਂ ਚੰਨ ਦੀ ਦਾਵਤ ਉੱਤੇ ਕੱਲ੍ਹ ਵੀ ਨਹੀਂ ਅਤੇ ਅੱਜ ਵੀ ਨਹੀਂ ਆਇਆ?”
28 ਯੋਨਾਥਾਨ ਨੇ ਕਿਹਾ, “ਦਾਊਦ ਨੇ ਬੈਤਲਹਮ ਜਾਣ ਲਈ ਮੇਰੇ ਕੋਲੋਂ ਆਗਿਆ ਮੰਗੀ ਸੀ।
29 ਉਸ ਨੇ ਕਿਹਾ ਸੀ, ‘ਮੈਨੂੰ ਜਾਣ ਦੇ ਮੇਰਾ ਪਰਿਵਾਰ ਉੱਥੇ ਬਲੀ ਦੀ ਰਸਮ ਕਰ ਰਿਹਾ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਪਹੁੰਚਣ ਦਾ ਹੁਕਮ ਦਿੱਤਾ ਹੈ। ਅਤੇ ਵੇਖ ਹੁਣ ਜੇਕਰ ਮੈਂ ਤੇਰਾ ਮਿੱਤਰ ਹਾਂ ਤਾਂ ਤੂੰ ਕਿਰਪਾ ਕਰਕੇ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਜਾਣ ਦੇ। ਇਸੇ ਕਾਰਣ ਦਾਊਦ ਪਾਤਸ਼ਾਹ ਦੀ ਖਾਣੇ ਦੀ ਮੇਜ਼ ਉੱਤੇ ਨਹੀਂ ਆ ਸੱਕਿਆ।’”
30 ਸ਼ਾਊਲ ਯੋਨਾਥਾਨ ਨਾਲ ਬੜਾ ਖਫ਼ਾ ਹੋਇਆ ਅਤੇ ਉਸ ਨੇ ਯੋਨਾਥਾਨ ਨੂੰ ਕਿਹਾ, “ਹੇ ਅਵੱਗਿਆਕਾਰੀ ਗੁਲਾਮ ਔਰਤ ਦੇ ਪੁੱਤਰ ਤੂੰ ਵੀ ਆਪਣੀ ਮਾਂ ਵਰਗਾ ਹੀ ਹੈਂ। ਮੈਂ ਜਾਣਦਾ ਹਾਂ ਕਿ ਤੂੰ ਦਾਊਦ ਦਾ ਪੱਖ ਪੂਰਦਾ ਹੈਂ। ਤੂੰ ਆਪਣੇ ਅਤੇ ਆਪਣੀ ਮਾਂ ਦੇ ਨਾਊਂ ਉੱਤੇ ਵੀ ਦਾਗ ਹੈਂ।
31 ਜਦ ਤੱਕ ਇਹ ਯੱਸੀ ਦਾ ਪੁੱਤਰ ਜਿਉਂਦਾ ਹੈ ਤੂੰ ਕਦੇ ਵੀ ਪਾਤਸ਼ਾਹ ਨਾ ਬਣ ਸੱਕੇਂਗਾ ਅਤੇ ਨਾ ਹੀ ਇਹ ਰਾਜ ਤੈਨੂੰ ਕਦੇ ਮਿਲੇਗਾ। ਜਾ, ਹੁਣੇ ਜਾਕੇ ਦਾਊਦ ਨੂੰ ਮੇਰੇ ਸਾਹਮਣੇ ਲਿਆ। ਕਿਉਂਕਿ ਉਹ ਜ਼ਰੂਰ ਮਾਰਿਆ ਹੀ ਜਾਵੇਗਾ।”
32 ਯੋਨਾਥਾਨ ਨੇ ਆਪਣੇ ਪਿਉ ਨੂੰ ਕਿਹਾ, “ਦਾਊਦ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਉਸ ਨੇ ਕੀ ਗੁਨਾਹ ਕੀਤਾ ਹੈ?”
33 ਪਰ ਸ਼ਾਊਲ ਨੇ ਉਸ ਵੱਲ ਆਪਣੀ ਸਾਂਗ ਸੁੱਟਕੇ ਯੋਨਾਥਾਨ ਨੂੰ ਮਾਰਨਾ ਚਾਹਿਆ ਤਾਂ ਯੋਨਾਥਾਨ ਸਮਝ ਗਿਆ ਕਿ ਉਹ ਅਵੱਸ਼ ਹੀ ਦਾਊਦ ਨੂੰ ਜਾਨੋਂ ਮਾਰ ਮੁਕਾਉਣਾ ਚਾਹੁੰਦਾ ਹੈ।
34 ਯੋਨਾਥਾਨ ਗੁੱਸੇ ਵਿੱਚ ਆਕੇ ਖਾਣੇ ਤੋਂ ਉੱਠ ਖਲੋਤਾ। ਯੋਨਾਥਾਨ ਆਪਣੇ ਪਿਉ ਦੇ ਵਤੀਰੇ ਤੋਂ ਇੰਨਾ ਬੇਚੈਨ ਸੀ ਕਿ ਉਸ ਨੂੰ ਇੰਨਾ ਗੁੱਸਾ ਚੜ੍ਹਿਆ ਹੋਇਆ ਸੀ ਕਿ ਉਸ ਨੇ ਦੂਜੇ ਦਿਨ ਦਾਵਤ ਉੱਤੇ ਖਾਣਾ-ਖਾਣ ਤੋਂ ਇਨਕਾਰ ਕਰ ਦਿੱਤਾ। ਯੋਨਾਥਾਨ ਇਸ ਲਈ ਵੀ ਗੁੱਸੇ ਸੀ ਇੱਕ ਤਾਂ ਉਸ ਦੇ ਪਿਉ ਨੇ ਉਸਦੀ ਬੇਇੱਜ਼ਤੀ ਕੀਤੀ ਸੀ ਅਤੇ ਦੂਜਾ ਉਹ ਦਾਊਦ ਨੂੰ ਮਾਰਨਾ ਚਾਹੁੰਦਾ ਸੀ।
ਦਾਊਦ ਅਤੇ ਯੋਨਾਥਾਨ ਦਾ ਅਲਵਿਦਾ ਕਹਿਣਾ
35 ਅਗਲੀ ਸਵੇਰ ਯੋਨਾਥਾਨ ਖੇਤਾਂ-ਪੈਲੀਆਂ ਵੱਲ ਗਿਆ। ਜਿਵੇਂ ਉਨ੍ਹਾਂ ਦਾ ਆਪਸ ਵਿੱਚ ਇਕਰਾਰ ਹੋਇਆ ਸੀ ਉਸ ਨੇਮ ਮੁਤਾਬਕ ਉਹ ਦਾਊਦ ਕੋਲ ਗਿਆ ਅਤੇ ਆਪਣੇ ਨਾਲ ਇੱਕ ਛੋਟਾ ਮੁੰਡਾ ਵੀ ਲੈ ਗਿਆ।
36 ਯੋਨਾਥਾਨ ਨੇ ਉਸ ਮੁੰਡੇ ਨੂੰ ਕਿਹਾ, “ਦੌੜ। ਅਤੇ ਜਿਹੜੇ ਤੀਰ ਮੈਂ ਛੱਡੇ ਹਨ ਉਨ੍ਹਾਂ ਨੂੰ ਲੱਭਕੇ ਲਿਆ।” ਮੁੰਡੇ ਨੇ ਦੌੜਨਾ ਸ਼ੁਰੂ ਕੀਤਾ ਅਤੇ ਯੋਨਾਥਾਨ ਨੇ ਉਸ ਦੇ ਸਿਰ ਉੱਪਰੋਂ ਦੀ ਤੀਰ ਛੱਡਿਆ।
37 ਮੁੰਡਾ ਉਸ ਥਾਵੇਂ ਪਹੁੰਚਿਆ ਜਿੱਥੇ ਤੀਰ ਡਿੱਗੇ ਸਨ। ਪਰ ਯੋਨਾਥਾਨ ਨੇ ਕਿਹਾ, “ਤੀਰ ਇੱਥੇ ਨਹੀਂ ਤੇਰੇ ਕੋਲ ਪਰੇ ਡਿੱਗੇ ਹਨ।”
38 ਫ਼ਿਰ ਯੋਨਾਥਾਨ ਜ਼ੋਰ ਦੀ ਗਰਜ਼ਿਆ, “ਜਲਦੀ ਕਰ! ਦੇਰ ਨਾ ਕਰ! ਜਲਦੀ ਫ਼ੜਕੇ ਲਿਆ! ਉੱਥੇ ਖੜਾ ਨਾ ਰਹਿ!” ਮੁੰਡੇ ਨੇ ਤੀਰ ਚੁੱਕੇ ਅਤੇ ਆਪਣੇ ਮਾਲਕ ਕੋਲ ਵਾਪਸ ਲੈ ਆਇਆ।
39 ਮੁੰਡੇ ਨੂੰ ਵਿੱਚਲੀ ਕਹਾਣੀ ਬਾਬਤ ਕੁਝ ਪਤਾ ਨਹੀਂ ਸੀ, ਸਿਰਫ਼ ਯੋਨਾਥਾਨ ਅਤੇ ਦਾਊਦ ਹੀ ਜਾਣਦੇ ਸਨ।
40 ਯੋਨਾਥਾਨ ਨੇ ਆਪਣਾ ਧਨੁਸ਼ ਅਤੇ ਤੀਰ ਉਸ ਮੁੰਡੇ ਨੂੰ ਦਿੱਤੇ ਅਤੇ ਉਸ ਮੁੰਡੇ ਨੂੰ ਕਿਹਾ, “ਜਾ ਹੁਣ ਤੂੰ ਸ਼ਹਿਰ ਵਾਪਸ ਮੁੜ ਜਾ।”
41 ਮੁੰਡਾ ਚੱਲਾ ਗਿਆ ਅਤੇ ਦਾਊਦ ਆਪਣੇ ਲੁਕਣ ਦੇ ਸਥਾਨ ਤੋਂ ਬਾਹਰ ਆ ਗਿਆ। ਜੋ ਕਿ ਪਹਾੜ ਦੇ ਦੂਸਰੇ ਪਾਸੇ ਤੇ ਸੀ। ਦਾਊਦ ਯੋਨਾਥਾਨ ਦੇ ਸਾਹਮਣੇ ਧਰਤੀ ਉੱਤੇ ਤਿੰਨ ਵਾਰੀ ਹੇਠਾਂ ਝੁਕਿਆ। ਫ਼ਿਰ ਉਹ ਦੋਵੇਂ ਇੱਕ ਦੂਜੇ ਨੂੰ ਚੁੰਮਕੇ ਰੋ ਪਏ, ਪਰ ਦਾਊਦ ਵੱਧੇਰੇ ਰੋਇਆ।
42 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਸੁੱਖੀਸਾਂਦੀ ਜਾ। ਉਸ ਨੇਮ ਦੇ ਕਾਰਣ ਜੋ ਅਸੀਂ ਦੋਨਾਂ ਨੇ ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕ ਕੇ ਕੀਤਾ ਸੀ ਕਿ ਤੇਰੇ-ਮੇਰੇ ਵਿੱਚ ਅਤੇ ਤੇਰੇ-ਮੇਰੇ ਉੱਤਰਾਧਿਕਾਰੀਆਂ ਦੇ ਵਿੱਚ ਸਦਾ ਯਹੋਵਾਹ ਸਾਖੀ ਨਾਲ ਰਹੇ, ਸੋ ਤੂੰ ਹੁਣ ਸ਼ਾਂਤੀ ਨਾਲ ਜਾ।”