ਦਾਊਦ ਦਾ ਵੱਖੋ-ਵੱਖ ਥਾਵਾਂ ਉੱਤੇ ਜਾਣਾ
22
ਦਾਊਦ ਗਥ ਤੋਂ ਵੀ ਨਿਕਲ ਕੇ ਅਦੁੱਲਾਮ ਦੀ ਗੁਫ਼ਾ ਵਿੱਚ ਭੱਜ ਆਇਆ। ਜਦੋਂ ਦਾਊਦ ਦੇ ਭਰਾਵਾਂ ਅਤੇ ਸੰਬੰਧੀਆਂ ਨੂੰ ਪਤਾ ਲੱਗਾ ਕਿ ਦਾਊਦ ਅਦੁੱਲਾਮ ਵਿੱਚ ਹੈ ਤਾਂ ਉਹ ਦਾਊਦ ਨੂੰ ਮਿਲਣ ਉੱਥੇ ਆਏ। ਬਹੁਤ ਸਾਰੇ ਲੋਕ ਦਾਊਦ ਦੇ ਮਗਰ ਹੋ ਪਏ। ਉੱਥੇ ਦੁੱਖਾਂ ਦੇ ਮਾਰੇ ਹੋਏ ਲੋਕ ਸਨ, ਕੁਝ ਕਰਜਾਈ ਕਿਸਮ ਦੇ ਗਰੀਬ ਲੋਕ, ਦੁੱਖੀ ਲੋਕ ਅਤੇ ਕੁਝ ਜ਼ਿੰਦਗੀ ਤੋਂ ਉਪਰਾਮ ਹੋਏ ਲੋਕ ਸਨ। ਇਨ੍ਹਾਂ ਸਭ ਤਰ੍ਹਾਂ ਦੇ ਲੋਕਾਂ ਨੇ ਦਾਊਦ ਨੂੰ ਆਪਣਾ ਆਗੂ ਮੰਨਿਆ। ਹੁਣ ਦਾਊਦ ਦੇ ਨਾਲ ਕਰੀਬ 400 ਮਨੁੱਖ ਸਨ।
ਦਾਊਦ ਅਦੁੱਲਾਮ ਤੋਂ ਚੱਲਾ ਗਿਆ ਅਤੇ ਮੋਆਬ ਵਿੱਚ ਮਿਸਫ਼ੇਹ ਨੂੰ ਆਇਆ। ਦਾਊਦ ਨੇ ਮੋਆਬ ਦੇ ਪਾਤਸ਼ਾਹ ਨੂੰ ਆਖਿਆ, “ਹੇ ਪਾਤਸ਼ਾਹ ਮੈਨੂੰ ਪਰਵਾਨਗੀ ਦੇ ਜੋ ਮੈਂ ਮੇਰੀ ਮਾਂ ਅਤੇ ਪਿਉ ਉੱਥੋਂ ਨਿਕਲਕੇ ਤੁਹਾਡੇ ਕੋਲ ਰਹਿਣ, ਜਦ ਤੱਕ ਮੈਂ ਇਹ ਨਾ ਜਾਣ ਲਵਾ ਕਿ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ।” ਇੰਝ ਦਾਊਦ ਨੇ ਆਪਣੇ ਮਾਪਿਆਂ ਨੂੰ ਮੋਆਬ ਦੇ ਪਾਤਸ਼ਾਹ ਕੋਲ ਛੱਡਿਆ। ਜਦ ਤੀਕ ਦਾਊਦ ਕਿਲ੍ਹੇ ਵਿੱਚ ਸੀ ਦਾਊਦ ਦੇ ਮਾਪੇ ਮੋਆਬ ਦੇ ਪਾਤਸ਼ਾਹ ਕੋਲ ਹੀ ਠਹਿਰੇ।
ਪਰ ਗਾਦ ਨਬੀ ਨੇ ਦਾਊਦ ਨੂੰ ਆਖਿਆ, “ਕਿਲ੍ਹੇ ਵਿੱਚ ਨਾ ਰਹੀਂ। ਯਹੂਦਾਹ ਦੇ ਦੇਸ਼ ਨੂੰ ਚੱਲਿਆ ਜਾਹ।” ਤਾਂ ਫ਼ੇਰ ਦਾਊਦ ਉਸ ਜਗ਼੍ਹਾ ਤੋਂ ਤੁਰਕੇ ਹਾਰਥ ਦੇ ਜੰਗਲ ਨੂੰ ਚੱਲਾ ਗਿਆ।
ਸ਼ਾਊਲ ਦਾ ਅਹੀਮਲਕ ਦੇ ਪਰਿਵਾਰ ਦਾ ਨਾਸ਼ ਕਰਨਾ
ਤੱਦ ਸ਼ਾਊਲ ਨੇ ਸੁਣਿਆ ਕਿ ਦਾਊਦ ਪਰਗਟ ਹੋਇਆ ਹੈ ਅਤੇ ਉਹ ਲੋਕ ਵੀ ਜੋ ਉਸ ਦੇ ਨਾਲ ਸਨ। ਉਸ ਵਕਤ ਸ਼ਾਊਲ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਬਿਰੱਖ ਹੇਠਾਂ ਆਪਣੀ ਬਰਛੀ ਹੱਥ ’ਚ ਫ਼ੜੀ ਬੈਠਾ ਸੀ। ਉਸ ਦੇ ਸਾਰੇ ਅਫ਼ਸਰ ਉਸ ਦੇ ਆਲੇ-ਦੁਆਲੇ ਖੜੇ ਸਨ। ਉਸ ਨੇ ਆਪਣੇ ਆਸ-ਪਾਸ ਖੜੇ ਅਫ਼ਸਰਾਂ ਨੂੰ ਕਿਹਾ, “ਹੇ ਬਿਨਯਾਮੀਨਿਓ ਸੁਣੋ! ਤੁਸੀਂ ਕੀ ਸੋਚਦੇ ਹੋ ਕਿ ਯੱਸੀ ਦਾ ਪੁੱਤਰ (ਦਾਊਦ) ਤੁਹਾਡੇ ਵਿੱਚੋਂ ਹਰ ਇੱਕ ਨੂੰ ਪੈਲੀ ਅਤੇ ਦਾਖਾਂ ਦੇ ਬਾਗ ਦੇਵੇਗਾ? ਤੁਸੀਂ ਕੀ ਸੋਚਦੇ ਹੋ ਕਿ ਉਹ ਤੁਹਾਨੂੰ 100 ਅਤੇ 1,000 ਆਦਮੀਆਂ ਦੇ ਉੱਪਰ ਅਫ਼ਸਰ ਬਣਾਵੇਗਾ। ਜੇ ਤੁਸੀਂ ਸਾਰਿਆਂ ਨੇ ਮਿਲਕੇ ਮੇਰੇ ਖਿਲਾਫ਼ ਹੋਣ ਦਾ ਏਕਾ ਕੀਤਾ ਹੈ? ਤੁਸੀਂ ਸਭ ਮਿਲਕੇ ਮੇਰੇ ਵਿਰੁੱਧ ਗੁਪਤ ਵਿਉਂਤਾ ਬਣਾਉਂਦੇ ਰਹਿੰਦੇ ਹੋ। ਤੁਹਾਡੇ ਵਿੱਚੋਂ ਕਿਸੇ ਨੇ ਵੀ ਮੈਨੂੰ ਮੇਰੇ ਪੁੱਤਰ ਯੋਨਾਥਾਨ ਦੇ ਬਾਰੇ ਨਹੀਂ ਦੱਸਿਆ। ਤੁਹਾਡੇ ਵਿੱਚੋਂ ਕਿਸੇ ਨੇ ਨਾ ਮੈਨੂੰ ਦੱਸਿਆ ਕਿ ਉਸ ਨੇ ਯੱਸੀ ਦੇ ਪੁੱਤਰ ਦਾਊਦ ਨਾਲ ਚੁੱਪ ਕਰਕੇ ਹੀ ਇੱਕ ਇਕਰਾਰਨਾਮਾ ਬਣਾਇਆ ਹੈ। ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮੇਰੀ ਪਰਵਾਹ ਨਹੀਂ ਹੈ। ਤੁਹਾਡੇ ਵਿੱਚੋਂ ਕਿਸੇ ਨੇ ਵੀ ਮੈਨੂੰ ਇਹ ਨਾ ਦੱਸਿਆ ਕਿ ਮੇਰੇ ਆਪਣੇ ਪੁੱਤਰ ਯੋਨਾਥਾਨ ਨੇ ਹੀ ਦਾਊਦ ਨੂੰ ਉਕਸਾਇਆ ਜਦ ਕਿ ਯੋਨਾਥਾਨ ਨੇ ਮੇਰੇ ਹੀ ਸੇਵਕ ਦਾਊਦ ਨੂੰ ਲੁਕਣ ਅਤੇ ਮੇਰੇ ਉੱਤੇ ਹਮਲਾ ਕਰਨ ਦੀ ਸ਼ੇਹ ਦਿੱਤੀ। ਤਾਂ ਹੀ ਹੁਣ ਉਹ ਇਹ ਕੁਝ ਕਰ ਰਿਹਾ ਹੈ।”
ਤੱਦ ਦੋਏਗਾ ਅਦੋਮੀ ਨੇ ਜੋ ਸ਼ਾਊਲ ਦੇ ਟਹਿਲੂਆਂ ਕੋਲ ਖੜਾ ਸੀ ਉੱਤਰ ਦਿੱਤਾ, “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਵੇਖਿਆ ਸੀ। ਦਾਊਦ ਅਹੀਟੂਬ ਦੇ ਪੁੱਤਰ ਅਹੀਮਲਕ ਨੂੰ ਮਿਲਣ ਆਇਆ ਸੀ। 10 ਅਹੀਮਲਕ ਨੇ ਦਾਊਦ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਨੂੰ ਖਾਣ ਲਈ ਭੋਜਨ ਵੀ ਦਿੱਤਾ ਅਤੇ ਉਸ ਨੂੰ ਫ਼ਲਿਸਤੀ ਗੋਲਿਆਥ ਦੀ ਤਲਵਾਰ ਵੀ ਦਿੱਤੀ।”
11 ਤੱਦ ਸ਼ਾਊਲ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਜਾਜਕ ਫ਼ੜਕੇ ਲਿਆਉਣ ਦਾ ਹੁਕਮ ਦਿੱਤਾ। ਸ਼ਾਊਲ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਅਤੇ ਸੰਬੰਧੀਆਂ ਨੂੰ ਨੋਬ ਤੋਂ ਫ਼ੜਕੇ ਲਿਆਉਣ ਲਈ ਆਖਿਆ। ਸਾਰੇ ਪਾਤਸ਼ਾਹ ਸਾਹਮਣੇ ਪੇਸ਼ ਕੀਤੇ ਗਏ। 12 ਸ਼ਾਊਲ ਨੇ ਅਹੀਮਲਕ ਨੂੰ ਕਿਹਾ, “ਤੂੰ ਅਹੀਟੂਬ ਦੇ ਪੁੱਤਰ, ਜ਼ਰਾ ਧਿਆਨ ਨਾਲ ਸੁਣ!”
ਅਹੀਮਲਕ ਨੇ ਕਿਹਾ, “ਜੀ, ਮਾਲਿਕ!”
13 ਸ਼ਾਊਲ ਨੇ ਅਹੀਮਲਕ ਨੂੰ ਆਖਿਆ, “ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਗੋਂਦਾ ਕਿਉਂ ਗੁੰਦੀਆਂ? ਤੂੰ ਦਾਊਦ ਨੂੰ ਰੋਟੀ ਅਤੇ ਤਲਵਾਰ ਵੀ ਦਿੱਤੀ। ਤੂੰ ਉਸ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਵੀ ਕੀਤੀ ਅਤੇ ਹੁਣ ਉਹ ਦਾਊਦ ਠੀਕ ਮੇਰੇ ਉੱਪਰ ਹਮਲਾ ਕਰਨ ਦੀ ਉਡੀਕ ਕਰ ਰਿਹਾ ਹੈ।”
14 ਅਹੀਮਲਕ ਨੇ ਜਵਾਬ ਦਿੱਤਾ, “ਦਾਊਦ ਤੇਰੇ ਨਾਲ ਵਫ਼ਾਦਾਰ ਹੈ। ਤੇਰੇ ਕਿਸੇ ਵੀ ਹੋਰ ਅਫ਼ਸਰਾਂ ਵਿੱਚੋਂ ਕੋਈ ਇੰਨਾ ਭਰੋਸੇਮਂਦ ਨਹੀਂ ਜਿੰਨਾ ਕਿ ਦਾਊਦ। ਉਹ ਤੇਰਾ ਆਪਣਾ ਜੁਆਈ ਹੈ ਅਤੇ ਦਾਊਦ ਤੇਰੇ ਦਰਬਾਨਾਂ ਦਾ ਵੀ ਕਪਤਾਨ ਹੈ ਅਤੇ ਤੇਰਾ ਆਪਣਾ ਸਾਰਾ ਪਰਿਵਾਰ ਵੀ ਉਸਦੀ ਬੜੀ ਇੱਜ਼ਤ ਕਰਦਾ ਹੈ। 15 ਇਹ ਕੋਈ ਪਹਿਲੀ ਵਾਰ ਮੈਂ ਪਰੇਮਸ਼ੁਰ ਅੱਗੇ ਦਾਊਦ ਲਈ ਪ੍ਰਾਰਥਨਾ ਨਹੀਂ ਕੀਤੀ। ਬਿਲਕੁਲ ਵੀ ਨਹੀਂ। ਇਸ ਲਈ ਮੇਰੇ ਉੱਤੇ ਜਾਂ ਮੇਰੇ ਸੰਬੰਧੀਆਂ ਉੱਤੇ ਤੁਹਮਤ ਨਾ ਲਗਾ। ਅਸੀਂ ਤਾਂ ਤੇਰੇ ਸੇਵਕ ਹਾਂ। ਮੈਨੂੰ ਬਿਲਕੁਲ ਕੁਝ ਨਹੀਂ ਪਤਾ ਕਿ ਅਸਲ ਵਿੱਚ ਕੀ ਹੋ ਰਿਹਾ ਹੈ?”
16 ਪਰ ਪਾਤਸ਼ਾਹ ਨੇ ਕਿਹਾ, “ਅਹੀਮਲਕ! ਤੇਰੀ ਅਤੇ ਤੇਰੇ ਸੰਬੰਧੀਆਂ ਦੀ ਮੌਤ ਅਵੱਸ਼ ਹੈ।” 17 ਤਾਂ ਪਾਤਸ਼ਾਹ ਨੇ ਆਪਣੇ ਕੋਲ ਖੜੇ ਦਰਬਾਨਾਂ ਨੂੰ ਕਿਹਾ, “ਜਾਉ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਦਿਉ ਕਿਉਂਕਿ ਉਹ ਵੀ ਦਾਊਦ ਦੇ ਪੱਖ ਵਿੱਚ ਸਨ। ਉਹ ਜਾਣਦੇ ਸਨ ਕਿ ਦਾਊਦ ਬਚ ਰਿਹਾ ਹੈ ਪਰ ਉਨ੍ਹਾਂ ਨੇ ਮੈਨੂੰ ਨਹੀਂ ਦੱਸਿਆ।”
ਪਰ ਪਾਤਸ਼ਾਹ ਦੇ ਅਫ਼ਸਰਾਂ ਨੇ ਯਹੋਵਾਹ ਦੇ ਜਾਜਕਾਂ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। 18 ਤਾਂ ਪਾਤਸ਼ਾਹ ਨੇ ਦੋਏਗ ਨੂੰ ਇਸ ਲਈ ਆਖਿਆ, ਸ਼ਾਊਲ ਨੇ ਕਿਹਾ, “ਦੋਏਗ! ਤੂੰ ਜਾ ਅਤੇ ਜਾਕੇ ਜਾਜਕ ਨੂੰ ਮਾਰ ਸੁੱਟ।” ਤਾਂ ਉਸ ਦਿਨ ਦੋਏਗ ਗਿਆ ਅਤੇ ਜਾਕੇ ਜਾਜਕ ਅਤੇ ਉਸ ਦੇ ਸੰਬੰਧੀਆਂ ਸਮੇਤ 85 ਲੋਕਾਂ ਨੂੰ ਜਾਨੋਂ ਮਾਰ ਸੁੱਟਿਆ। 19 ਜਾਜਕਾਂ ਦੇ ਸ਼ਹਿਰ ਨੋਬ ਵਿੱਚ ਉਸ ਨੇ ਸਾਰੇ ਲੋਕਾਂ ਨੂੰ ਵੱਢ ਸੁੱਟਿਆ। ਦੋਏਗ ਨੇ ਆਪਣੀ ਤਲਵਾਰ ਕੱਢੀ ਅਤੇ ਸਾਰੇ ਆਦਮੀਆਂ, ਔਰਤਾਂ, ਬੱਚਿਆਂ ਅਤੇ ਦੁੱਧ ਪੀਂਦੇ ਮਾਸੂਮ ਬੱਚਿਆਂ ਸਮੇਤ ਸਭ ਨੂੰ ਅਤੇ ਉਨ੍ਹਾਂ ਦੀਆਂ ਸਭ ਗਊਆਂ, ਖੋਤਿਆ, ਭੇਡਾਂ ਸਭ ਨੂੰ ਵੱਢ ਸੁੱਟਿਆ।
20 ਪਰ ਉਨ੍ਹਾਂ ਵਿੱਚੋਂ ਇੱਕ ਆਦਮੀ ਜਿਸ ਦਾ ਨਾਉਂ ਅਬਯਾਥਾਰ ਸੀ ਬਚ ਗਿਆ। ਅਬਯਾਥਾਰ ਅਹੀਟੂਬ ਦਾ ਪੁੱਤਰ ਸੀ ਜੋ ਉੱਥੋਂ ਭੱਜਕੇ ਦਾਊਦ ਦੇ ਮਗਰ ਲੱਗ ਗਿਆ ਸੀ। 21 ਅਬਯਾਥਾਰ ਨੇ ਦਾਊਦ ਨੂੰ ਖਬਰ ਕੀਤੀ ਕਿ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਮਰਵਾ ਸੁੱਟਿਆ ਹੈ। 22 ਦਾਊਦ ਨੇ ਅਬਯਾਥਾਰ ਨੂੰ ਆਖਿਆ, “ਮੈਂ ਤਾਂ ਉਸੇ ਦਿਨ ਸਮਝ ਗਿਆ ਸੀ ਕਿ ਅਦੋਮੀ ਦੋਏਗ ਜੋ ਉੱਥੇ ਸੀ ਤਾਂ ਇਹ ਸ਼ਾਊਲ ਨੂੰ ਜ਼ਰੂਰ ਖਬਰ ਦੇਵੇਗਾ। ਤੇਰੇ ਪਿਉ ਦੇ ਸਾਰੇ ਪਰਿਵਾਰ ਦੀ ਮੌਤ ਦਾ ਕਾਰਣ ਮੈਂ ਹੀ ਹਾਂ। 23 ਸ਼ਾਊਲ ਜੋ ਕਿ ਤੈਨੂੰ ਮਾਰਨਾ ਚਾਹੁੰਦਾ ਹੈ, ਉਹ ਮੈਨੂੰ ਵੀ ਮਾਰਨਾ ਚਾਹੁੰਦਾ ਹੈ। ਤੂੰ ਮੇਰੇ ਕੋਲ ਰਹਿ। ਡਰ ਨਾ। ਤੂੰ ਮੇਰੇ ਕੋਲ ਸੁਰੱਖਿਅਤ ਰਹੇਂਗਾ।”