ਦਾਊਦ ਅਤੇ ਅਬੀਸ਼ਈ ਸ਼ਾਊਲ ਦੇ ਡੇਰੇ ’ਚ ਦਾਖਲ ਹੋਏ
26
1 ਜ਼ਿਫ਼ੀ ਦੇ ਲੋਕ ਗਿਬਆਹ ਵੱਲ ਸ਼ਾਊਲ ਕੋਲ ਆਕੇ ਬੋਲੇ, “ਦਾਊਦ ਹਕੀਲਾਹ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਉੱਥੇ ਲੁਕਿਆ ਹੋਇਆ ਹੈ।”
2 ਸੋ ਸ਼ਾਊਲ ਉੱਠਿਆ ਅਤੇ ਜ਼ੀਫ਼ ਦੇ ਉਜਾੜ ਵੱਲ ਗਿਆ। ਉਸ ਨੇ ਸਾਰੇ ਇਸਰਾਏਲ ਵਿੱਚੋਂ ਜੋ 3,000 ਸਿਪਾਹੀ ਚੁਣੇ ਹੋਏ ਸਨ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ। ਸ਼ਾਊਲ ਅਤੇ ਉਸ ਦੇ ਆਦਮੀ ਇਸ ਉਜਾੜ ਵਿੱਚ ਦਾਊਦ ਨੂੰ ਲੱਭਣ ਗਏ।
3 ਸ਼ਾਊਲ ਨੇ ਹਕੀਲਾਹ ਦੇ ਪਹਾੜ ਉੱਤੇ ਆਪਣਾ ਡੇਰਾ ਲਾ ਲਿਆ ਜੋ ਯਸ਼ੀਮੋਨ ਦੇ ਸਾਹਮਣੇ ਰਾਹ ਉੱਪਰ ਹੀ ਸੀ।
ਦਾਊਦ ਉਜਾੜ ਵਿੱਚ ਠਹਿਰਿਆ ਸੀ ਪਰ ਉਸ ਨੂੰ ਪਤਾ ਲੱਗ ਗਿਆ ਕਿ ਸ਼ਾਊਲ ਉਸ ਦੇ ਪਿੱਛੇ-ਪਿੱਛੇ ਤੁਰਦਾ ਆਉਂਦਾ ਹੈ।
4 ਤਾਂ ਦਾਊਦ ਨੇ ਆਪਣੇ ਖੁਫ਼ੀਆਂ ਨੂੰ ਭੇਜਿਆ ਤਾਂ ਪਤਾ ਲੱਗਾ ਕਿ ਸ਼ਾਊਲ ਸੱਚ ਮੁੱਚ ਉਸ ਦੇ ਪਿੱਛੇ-ਪਿੱਛੇ ਆ ਰਿਹਾ ਹੈ।
5 ਤੱਦ ਦਾਊਦ ਉੱਠ ਕੇ ਸ਼ਾਊਲ ਦੇ ਡੇਰੇ ਕੋਲ ਆਇਆ ਅਤੇ ਦਾਊਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮਾ ਪਿਆ ਹੋਇਆ ਸੀ ਅਤੇ ਉਸ ਦੇ ਨਾਲ ਨੇਰ ਦੇ ਪੁੱਤਰ ਅਬਨੇਰ ਨੂੰ ਵੀ ਜੋ ਉਸਦਾ ਸੇਨਾਪਤੀ ਸੀ, ਉਨ੍ਹਾਂ ਨੂੰ ਵੇਖਿਆ ਕਿ ਉਹ ਸੁੱਤੇ ਪਏ ਸਨ। ਸ਼ਾਊਲ ਡੇਰੇ ਦੇ ਬਿਲਕੁਲ ਵਿੱਚਕਾਰ ਸੁੱਤਾ ਹੋਇਆ ਸੀ ਅਤੇ ਉਸ ਦੇ ਚਾਰੋਂ ਪਾਸੇ ਸਿਪਾਹੀ ਸਨ।
6 ਦਾਊਦ ਨੇ ਤੱਦ ਹਿੱਤੀ ਅਹੀਮਲਕ ਅਤੇ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਜੋ ਕਿ ਯੋਆਬ ਦਾ ਭਰਾ ਸੀ, ਉੱਤਰ ਦੇਕੇ ਆਖਿਆ, “ਸ਼ਾਊਲ ਦੇ ਡੇਰਿਆ ਵੱਲ ਮੇਰੇ ਨਾਲ ਕੌਣ ਚੱਲੇਗਾ?”
ਅਬੀਸ਼ਈ ਨੇ ਕਿਹਾ, “ਮੈਂ ਤੇਰੇ ਨਾਲ ਚੱਲਾਂਗਾ।”
7 ਜਦੋਂ ਰਾਤ ਪਈ ਤਾਂ ਦਾਊਦ ਅਤੇ ਅਬੀਸ਼ਈ ਸ਼ਾਊਲ ਦੇ ਡੇਰੇ ਵਿੱਚ ਚੱਲੇ ਗਏ। ਸ਼ਾਊਲ ਡੇਰੇ ਦੇ ਵਿੱਚਕਾਰ ਸੁੱਤਾ ਪਿਆ ਸੀ। ਉਸਦੀ ਬਰਛੀ ਉਸ ਦੇ ਸਿਰਹਾਨੇ ਜ਼ਮੀਨ ਉੱਪਰ ਗੱਡੀ ਪਈ ਸੀ। ਅਬੀਨੇਰ ਅਤੇ ਸਿਪਾਹੀ ਉਸ ਦੇ ਦੁਆਲੇ ਸੁੱਤੇ ਪਏ ਸਨ।
8 ਤੱਦ ਅਬੀਸ਼ਈ ਨੇ ਦਾਊਦ ਨੂੰ ਆਖਿਆ, “ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ। ਜੋ ਤੁਸੀਂ ਹੁਣ ਆਗਿਆ ਕਰੋ ਤਾਂ ਮੈਂ ਉਸ ਨੂੰ ਬਰਛੀ ਦਾ ਇੱਕੋ ਵਾਰ ਮਾਰਕੇ ਧਰਤੀ ਨਾਲ ਵਿੰਨ੍ਹਾਂ। ਮੈਂ ਇੱਕੋ ਵਾਰ ਵਿੱਚ ਉਸ ਨੂੰ ਚਿੱਤ ਕਰ ਦੇਵਾਂਗਾ।”
9 ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ, “ਉਸ ਨੂੰ ਨਾ ਮਾਰ ਕਿਉਂਕਿ ਯਹੋਵਾਹ ਦੇ ਮਸਹ ਹੋਏ ਉੱਪਰ ਕਿਹੜਾ ਹੈ ਜੋ ਹੱਥ ਚੁੱਕ ਕੇ ਖੁਦ ਬੇਦੋਸ਼ਾ ਠਹਿਰੇ?
10 ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਯਹੋਵਾਹ ਸ਼ਾਊਲ ਨੂੰ ਆਪਣੇ ਤਰੀਕੇ ਨਾਲ ਸਜ਼ਾ ਦੇਵੇਗਾ। ਉਸ ਦਿਨ, ਜਿਸਦਾ ਯਹੋਵਾਹ ਫ਼ੈਸਲਾ ਕਰੇਗਾ ਸ਼ਾਊਲ ਸੁਭਾਵਿਕ ਮੌਤ ਜਾਂ ਯੁੱਧ ਵਿੱਚ ਮਰ ਜਾਵੇਗਾ।
11 ਪਰ ਮੈਂ ਪ੍ਰਾਰਥਨਾ ਕਰਦਾ ਹਾਂ ਜੋ ਯਹੋਵਾਹ ਦੇ ਮਸਹ ਹੋਏ ਉੱਪਰ ਕਿਤੇ ਮੈਂ ਹੱਥ ਨਾ ਚਲਾਵਾਂ। ਸੋ ਹੁਣ ਸ਼ਾਊਲ ਦੇ ਸਿਰਾਹਣਿਓ ਪਾਣੀ ਦਾ ਭਾਂਡਾ ਅਤੇ ਬਰਛੀ ਚੁਕੀਏ ਅਤੇ ਚੱਲ ਇੱਥੋਂ ਵਾਪਸ ਚੱਲੀਏ।”
12 ਤਾਂ ਦਾਊਦ ਨੇ ਉਸ ਦੇ ਸਿਰਾਹਣਿਓ ਪਾਣੀ ਦਾ ਭਾਂਡਾ ਅਤੇ ਬਰਛੀ ਚੁੱਕੀ ਅਤੇ ਉਸ ਡੇਰੇ ਵਿੱਚੋਂ ਬਾਹਰ ਨਿਕਲ ਆਏ। ਕਿਸੇ ਨੂੰ ਵੀ ਪਤਾ ਨਾ ਲੱਗਿਆ ਕਿ ਕੀ ਹੋ ਚੁੱਕਾ ਹੈ। ਕਿਸੇ ਨੇ ਉਨ੍ਹਾਂ ਨੂੰ ਵੇਖਿਆ ਵੀ ਨਾ। ਸ਼ਾਊਲ ਅਤੇ ਉਸ ਦੇ ਸਾਰੇ ਸਿਪਾਹੀ ਗੂੜ੍ਹੀ ਨੀਂਦ ਸੁੱਤੇ ਰਹੇ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਖੁਦ ਗੂੜ੍ਹੀ ਨੀਂਦਰ ਸਵਾਇਆ ਸੀ।
ਦਾਊਦ ਦਾ ਦੁਬਾਰਾ ਸ਼ਾਊਲ ਨੂੰ ਸ਼ਰਮਸਾਰ ਕਰਨਾ
13 ਦਾਊਦ ਵਾਦੀਓਁ ਪਾਰ ਚੱਲਾ ਗਿਆ ਅਤੇ ਸ਼ਾਊਲ ਦੇ ਡੇਰੇ ਤੋਂ ਵਾਦੀ ਦੇ ਪਾਰ ਦੀ ਪਹਾੜੀ ਉੱਤੇ ਚੜ੍ਹਕੇ ਖੜਾ ਹੋ ਗਿਆ। ਦਾਊਦ ਅਤੇ ਸ਼ਾਊਲ ਦੇ ਡੇਰੇ ਦੂਰ-ਦੂਰ ਸਨ ਤਾਂ
14 ਦਾਊਦ ਨੇ ਜ਼ੋਰ ਦੀ ਲਲਕਾਰ ਕੇ ਨੇਰ ਦੇ ਪੁੱਤਰ ਅਬੀਨੇਰ ਨੂੰ ਅਤੇ ਉਸ ਦੇ ਸਿਪਾਹੀਆਂ ਨੂੰ ਕਿਹਾ, “ਅਬੀਨੇਰ! ਮੈਨੂੰ ਜਵਾਬ ਦੇ, ਤੂੰ ਜਵਾਬ ਕਿਉਂ ਨਹੀਂ ਦਿੰਦਾ?”
ਤੱਦ ਅਬੀਨੇਰ ਨੇ ਉੱਤਰ ਦੇਕੇ ਆਖਿਆ, “ਤੂੰ ਕੌਣ ਹੈਂ, ਜੋ ਪਾਤਸ਼ਾਹ ਨੂੰ ਲਲਕਾਰ ਰਿਹਾ ਹੈ?”
15 ਤੱਦ ਦਾਊਦ ਨੇ ਅਬੀਨੇਰ ਨੂੰ ਆਖਿਆ, “ਭਲਾ ਤੂੰ ਮਰਦ ਸੂਰਮਾ ਨਹੀਂ? ਅਤੇ ਤੂੰ ਸਾਡੇ ਇਸਰਾਏਲ ਵਿੱਚ ਸਭ ਤੋਂ ਬਹਾਦੁਰ ਮਨੁੱਖ ਹੈਂ, ਕੀ ਇਹ ਝੂਠ ਹੈ? ਤਾਂ ਫ਼ਿਰ ਤੂੰ ਆਪਣੇ ਮਾਲਕ ਪਾਤਸ਼ਾਹ ਦੀ ਰੱਖਵਾਲੀ ਕਿਵੇਂ ਕਰਦਾ ਹੈਂ? ਕੀ ਇੱਕ ਸਾਧਾਰਣ ਆਦਮੀ ਤੁਹਾਡੇ ਡੇਰੇ ਵਿੱਚ ਤੇਰੇ ਮਾਲਕ ਪਾਤਸ਼ਾਹ ਨੂੰ ਮਾਰਨ ਲਈ ਵੜ ਆਇਆ।
16 ਤੂੰ ਵੱਡੀ ਭੁੱਲ ਕੀਤੀ ਹੈ। ਜਦ ਤੱਕ ਯਹੋਵਾਹ ਜਿਉਂਦਾ ਹੈ ਤਾਂ ਤੈਨੂੰ ਅਤੇ ਤੇਰੇ ਆਦਮੀਆਂ ਨੂੰ ਮਰਨਾ ਹੀ ਪਵੇਗਾ, ਕਿਉਂ ਕਿ ਤੁਸੀਂ ਆਪਣੇ ਪਾਤਸ਼ਾਹ ਦੀ ਵੀ ਰਾਖੀ ਨਾ ਕਰ ਸੱਕੇ, ਆਪਣੇ ਸੁਆਮੀ ਦੀ ਜੋ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਹੈ। ਵੇਖ ਅਤੇ ਵੇਖਕੇ ਦੱਸ ਕਿ ਜਿਹੜਾ ਪਾਣੀ ਵਾਲਾ ਭਾਂਡਾ ਅਤੇ ਬਰਛੀ ਸ਼ਾਊਲ ਦੇ ਸਿਰਹਾਨੇ ਵੱਲ ਸੀ, ਉਹ ਕਿੱਥੇ ਹੈ?”
17 ਸ਼ਾਊਲ ਦਾਊਦ ਦੀ ਆਵਾਜ਼ ਨੂੰ ਪਛਾਣਦਾ ਸੀ ਤਾਂ ਸ਼ਾਊਲ ਨੇ ਆਖਿਆ, “ਦਾਊਦ, ਮੇਰੇ ਪੁੱਤਰ! ਕੀ ਇਹ ਤੂੰ ਬੋਲ ਰਿਹਾ ਹੈਂ?”
ਦਾਊਦ ਨੇ ਕਿਹਾ, “ਹਾਂ ਮਾਲਕ ਮੇਰੇ ਪਾਤਸ਼ਾਹ! ਇਹ ਮੇਰੀ ਹੀ ਆਵਾਜ਼ ਹੈ।
18 ਦਾਊਦ ਨੇ ਇਹ ਵੀ ਆਖਿਆ, ਹੇ ਸੁਆਮੀ! ਤੂੰ ਮੇਰੇ ਪਿੱਛੇ ਕਿਉਂ ਪਿਆ ਹੋਇਆ ਹੈਂ? ਮੈਂ ਕੀ ਗੁਨਾਹ ਕੀਤਾ ਹੈ, ਤੂੰ ਮੈਨੂੰ ਕਿਸ ਗੱਲੋਂ ਦੋਸ਼ੀ ਠਹਿਰਾਉਂਦਾ ਹੈ?
19 ਮੇਰੇ ਸੁਆਮੀ ਅਤੇ ਪਾਤਸ਼ਾਹ! ਮੇਰੀ ਗੱਲ ਧਿਆਨ ਨਾਲ ਸੁਣੋ। ਜੇਕਰ ਯਹੋਵਾਹ ਤੈਨੂੰ ਮੇਰੇ ਖਿਲਾਫ਼ ਉਕਸਾਇਆ ਹੋਵੇ ਤਾਂ ਉਹ ਇਸ ਨੂੰ ਭੇਟ ਮੰਨ ਲਵੇ ਅਤੇ ਜੇਕਰ ਆਦਮ ਜਾਇਆ ਨੇ ਅਜਿਹਾ ਕੀਤਾ ਹੋਵੇ ਤਾਂ ਉਨ੍ਹਾਂ ਨੂੰ ਯਹੋਵਾਹ ਦਾ ਸਰਾਪ ਲੱਗੇ। ਜਿਹੜੀ ਜਗ਼੍ਹਾ ਮੈਨੂੰ ਯਹੋਵਾਹ ਨੇ ਦਿੱਤੀ ਆਦਮੀਆਂ ਨੇ ਉਸ ਨੂੰ ਛੱਡਣ ਲਈ ਮੈਨੂੰ ਮਜ਼ਬੂਰ ਕੀਤਾ ਉਨ੍ਹਾਂ ਮੈਨੂੰ ਆਖਿਆ, ‘ਜਾ, ਜਾਕੇ ਦੂਜੇ ਦੇਵਤਿਆਂ ਨੂੰ ਪੂਜ।’
20 ਸੋ ਹੁਣ ਮੈਨੂੰ ਯਹੋਵਾਹ ਦੀ ਹਾਜ਼ਰੀ ਤੋਂ ਦੂਰ ਕਰਕੇ ਨਾ ਮਾਰ। ਹੁਣ ਉਸ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਪਰ ਨਾ ਵਹੇ ਕਿਉਂ ਜੋ ਇਸਰਾਏਲ ਦਾ ਪਾਤਸ਼ਾਹ ਇੱਕ ਪਿੱਸੂ ਲੱਭਣ ਨੂੰ ਨਿਕਲਿਆ ਹੈ ਜਿਵੇਂ ਕੋਈ ਪਹਾੜਾਂ ਉੱਪਰ ਤਿਤ੍ਤਰ ਦਾ ਸ਼ਿਕਾਰ ਲੱਭਣ ਲਈ ਨਿਕਲਦਾ ਹੈ।”
21 ਤੱਦ ਸ਼ਾਊਲ ਨੇ ਕਿਹਾ, “ਮੈਥੋਂ ਪਾਪ ਹੋ ਗਿਆ, ਦਾਊਦ ਮੇਰੇ ਪੁੱਤਰ ਤੂੰ ਮੇਰੇ ਕੋਲ ਵਾਪਸ ਆ ਜਾ। ਅੱਜ ਤੂੰ ਮੈਨੂੰ ਇਹ ਦਰਸਾਇਆ ਹੈ ਕਿ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਦੁਰਲੱਭ ਹੈ। ਮੈਂ ਹੁਣ ਹੋਰ ਤੈਨੂੰ ਦੁੱਖ ਨਾ ਦੇਵਾਂਗਾ। ਮੈਂ ਬਹੁਤ ਵੱਡੀ ਮੂਰੱਖਤਾਈ ਅਤੇ ਭੁੱਲ ਕੀਤੀ ਹੈ।”
22 ਦਾਊਦ ਨੇ ਆਖਿਆ, “ਇਹ ਰਹੀ ਬਾਦਸ਼ਾਹ ਦੀ ਬਰਛੀ। ਤੂੰ ਆਪਣੇ ਇੱਕ ਆਦਮੀ ਨੂੰ ਭੇਜ ਕਿ ਉਹ ਇੱਥੋਂ ਆਕੇ ਲੈ ਜਾਵੇ।
23 ਯਹੋਵਾਹ ਸਭ ਮਨੁੱਖਾਂ ਨੂੰ ਆਪੋ-ਆਪਣੀ ਨੀਤ ਅਤੇ ਭਲਮਾਣਸੀ ਦਾ ਫ਼ਲ ਦੇਵੇ ਕਿਉਂ ਕਿ ਯਹੋਵਾਹ ਨੇ ਅੱਜ ਤੈਨੂੰ ਮੇਰੇ ਹੱਥ ਸੌਂਪ ਦਿੱਤਾ ਪਰ ਮੈਂ ਨਾ ਚਾਹਿਆ ਕਿ ਯਹੋਵਾਹ ਦੇ ਮਸਹ ਹੋਏ ਉੱਪਰ ਹੱਥ ਚਲਾਵਾਂ।
24 ਵੇਖ! ਜਿਵੇਂ ਤੇਰੀ ਜਾਨ ਅੱਜ ਮੇਰੀਆਂ ਅੱਖਾਂ ਨੂੰ ਦੁਰਲੱਭ ਦਿਸੀ ਹੈ ਤਿਵੇਂ ਹੀ ਮੇਰੀ ਜਾਨ ਵੀ ਯਹੋਵਾਹ ਦੀ ਨਿਗਾਹ ਵਿੱਚ ਦੁਰਲੱਭ ਹੋਵੇ ਅਤੇ ਉਹ ਮੈਨੂੰ ਸਾਰਿਆਂ ਦੁੱਖਾਂ ਵਿੱਚੋਂ ਛੁਟਕਾਰਾ ਦੇਵੇ।”
25 ਤੱਦ ਸ਼ਾਊਲ ਨੇ ਦਾਊਦ ਨੂੰ ਆਖਿਆ, “ਪਰਮੇਸ਼ੁਰ ਤੈਨੂੰ ਅਸੀਸ ਦੇਵੇ, ਦਾਊਦ ਮੇਰੇ ਪੁੱਤਰ। ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਕਿਸਮਤ ਵਾਲਾ ਹੀ ਹੋਵੇਂਗਾ।”
ਤਾਂ ਦਾਊਦ ਆਪਣੇ ਰਾਹ ਨੂੰ ਮੁੜ ਪਿਆ ਅਤੇ ਸ਼ਾਊਲ ਆਪਣੇ ਘਰ ਨੂੰ ਵਾਪਸ ਚੱਲਾ ਗਿਆ।