ਸ਼ਾਊਲ ਦੀ ਮੌਤ
31
1 ਫ਼ਲਿਸਤੀ ਇਸਰਾਏਲੀਆਂ ਦੇ ਵਿਰੁੱਧ ਲੜੇ ਤਾਂ ਇਸਰਾਏਲੀ ਫ਼ਲਿਸਤੀ ਵਿੱਚੋਂ ਭੱਜ ਗਏ। ਬਹੁਤ ਸਾਰੇ ਇਸਰਾਏਲੀ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ।
2 ਫ਼ਲਿਸਤੀਆਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੇ ਵਿਰੁੱਧ ਬੜੀ ਸਖਤ ਅਤੇ ਔਖੀ ਲੜਾਈ ਲੜੀ। ਫ਼ਲਿਸਤੀਆਂ ਨੇ ਸ਼ਾਊਲ ਦੇ ਯੋਨਾਥਾਨ, ਅਬੀਨਾਦਾਬ ਅਤੇ ਮਲਕਿਸ਼ੂਆ ਪੁੱਤਰਾਂ ਨੂੰ ਮਾਰ ਸੁੱਟਿਆ।
3 ਸ਼ਾਊਲ ਦੇ ਉੱਪਰ ਇਹ ਲੜਾਈ ਬਹੁਤ ਭਾਰੀ ਪਈ। ਤੀਰ ਅੰਦਾਜ਼ਾਂ ਨੇ ਸ਼ਾਊਲ ਉੱਪਰ ਤੀਰ ਉੱਤੇ ਤੀਰ ਛੱਡੇ। ਤਾਂ ਉਹ ਤੀਰਾਂ ਨਾਲ ਵਿੰਨ੍ਹਕੇ ਘਾਇਲ ਹੋ ਗਿਆ।
4 ਸ਼ਾਊਲ ਨੇ ਆਪਣੇ ਸੇਵਕ ਜਿਸਨੇ ਉਸ ਦੇ ਸ਼ਸਤਰ ਚੁੱਕੇ ਹੋਏ ਸਨ ਉਸ ਨੂੰ ਆਖਿਆ, “ਆਪਣੀ ਤਲਵਾਰ ਕੱਢ ਮੈਨੂੰ ਵੱਢ ਸੁੱਟ। ਫ਼ਿਰ ਉਹ ਅਸੁੰਨਤੀਏ ਮੈਨੂੰ ਦੁੱਖ ਦੇਕੇ ਮੇਰਾ ਮਖੌਲ ਨਾ ਉਡਾਉਣਗੇ।” ਪਰ ਸ਼ਾਊਲ ਦਾ ਸਹਾਇਕ ਇਸ ਕੰਮੋਂ ਡਰ ਗਿਆ ਅਤੇ ਉਸ ਨੇ ਮਾਰਨ ਤੋਂ ਇਨਕਾਰ ਕਰ ਦਿੱਤਾ। ਸ਼ਾਊਲ ਨੇ ਆਪਣੀ ਤਲਵਾਰ ਖੁਦ ਕੱਢੀ ਅਤੇ ਆਪਣੇ-ਆਪ ਨੂੰ ਵੱਢ ਸੁੱਟਿਆ।
5 ਸਹਾਇਕ ਨੇ ਵੇਖਿਆ ਕਿ ਸ਼ਾਊਲ ਮੋਇਆ ਪਿਆ ਹੈ ਤਾਂ ਉਸ ਨੇ ਵੀ ਆਪਣੀ ਤਲਵਾਰ ਕੱਢ ਕੇ ਆਪਣੇ-ਆਪ ਨੂੰ ਵੀ ਵੱਢ ਸੁੱਟਿਆ। ਉਹ ਸ਼ਾਊਲ ਦੇ ਨਾਲ ਉੱਥੇ ਹੀ ਮਰ ਗਿਆ।
6 ਤਾਂ ਉਸ ਦਿਨ ਸ਼ਾਊਲ ਉਸਦਾ ਸਹਾਇਕ ਆਦਮੀ ਅਤੇ ਸ਼ਾਊਲ ਦੇ ਤਿੰਨ ਪੁੱਤਰ ਇੱਕੋ ਦਿਨ ਹੀ ਇਕੱਠਿਆਂ ਹੀ ਮਰੇ।
ਫ਼ਲਿਸਤੀਆਂ ਨੇ ਸ਼ਾਊਲ ਦੀ ਮੌਤ ਦਾ ਜਸ਼ਨ ਮਨਾਇਆ
7 ਉਨ੍ਹਾਂ ਇਸਰਾਏਲੀ ਮਨੁੱਖਾਂ ਨੇ ਜੋ ਉਸ ਵਾਦੀ ਦੇ ਦੂਜੇ ਪਾਸੇ ਸਨ ਅਤੇ ਉਨ੍ਹਾਂ ਨੇ ਜੋ ਯਰਦਨ ਨਦੀ ਤੋਂ ਪਾਰ ਸਨ ਜਦ ਇਹ ਵੇਖਿਆ ਕਿ ਇਸਰਾਏਲ ਦੇ ਲੋਕ ਨੱਸ ਗਏ ਹਨ ਅਤੇ ਸ਼ਾਊਲ ਅਤੇ ਉਸ ਦੇ ਪੁੱਤਰ ਮਰੇ ਪਏ ਹਨ, ਤਾਂ ਉਹ ਵੀ ਸ਼ਹਿਰਾਂ ਨੂੰ ਛੱਡ ਕੇ ਭੱਜ ਗਏ ਅਤੇ ਫ਼ਿਲਸਤੀ ਉਨ੍ਹਾਂ ਜਗ਼੍ਹਾ ਉੱਤੇ ਆਕੇ ਵੱਸ ਗਏ।
8 ਅਗਲੇ ਦਿਨ, ਜਦ ਫ਼ਲਿਸਤੀ ਉਨ੍ਹਾਂ ਲੋਥਾਂ ਦੇ ਸਮਾਨ ਲਾਹੁਣ ਆਏ ਤਾਂ ਉਨ੍ਹਾਂ ਨੂੰ ਸ਼ਾਊਲ ਅਤੇ ਉਸ ਦੇ ਤਿੰਨੋ ਪੁੱਤਰ ਗਿਲਬੋਆ ਪਹਾੜ ਵਿੱਚ ਡਿੱਗੇ ਪਏ ਲੱਭੇ।
9 ਤਾਂ ਉਨ੍ਹਾਂ ਨੇ ਉਸਦਾ ਸਿਰ ਵੱਢ ਸੁੱਟਿਆ ਅਤੇ ਉਸ ਦੇ ਸ਼ਸਤਰ ਲਾਹਕੇ ਫ਼ਲਿਸਤੀਆਂ ਦੇ ਦੇਸ਼ ਵਿੱਚ ਭੇਜ ਦਿੱਤੇ ਜੋ ਉਹ ਉਨ੍ਹਾਂ ਬੁੱਤਾਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸਦਾ ਢੰਡੋਰਾ ਫ਼ੇਰਨ।
10 ਉਨ੍ਹਾਂ ਨੇ ਉਸ ਦੇ ਸ਼ਸਤਰਾਂ ਨੂੰ ਅਸ਼ਤਾਰੋਥ ਦੇਵੀ ਦੇ ਮੰਦਰ ਵਿੱਚ ਰੱਖਿਆ। ਸ਼ਾਊਲ ਦੀ ਲੋਥ ਨੂੰ ਉਨ੍ਹਾਂ ਨੇ ਬੈਤ-ਸ਼ਾਨ ਦੀ ਕੰਧ ਉੱਪਰ ਟੰਗ ਦਿੱਤਾ।
11 ਜਦ ਯਾਬੇਸ ਗਿਲਆਦ ਦੇ ਵਾਸੀਆਂ ਨੇ ਸੁਣਿਆ ਕਿ ਫ਼ਲਿਸਤੀਆਂ ਨੇ ਸ਼ਾਊਲ ਨਾਲ ਇਵੇਂ ਕੀਤਾ।
12 ਤਾਂ ਯਾਬੇਸ਼ ਦੇ ਸਾਰੇ ਸਿਪਾਹੀ ਬੈਤ-ਸ਼ਾਨ ਨੂੰ ਗਏ। ਉਹ ਸਾਰੀ ਰਾਤ ਤੁਰਦੇ ਗਏ। ਤਾਂ ਉੱਥੇ ਜਾਕੇ ਉਨ੍ਹਾਂ ਨੇ ਸ਼ਾਊਲ ਦੇ ਸ਼ਰੀਰ ਨੂੰ ਬੈਤ-ਸ਼ਾਨ ਦੀ ਕੰਧ ਤੋਂ ਉਤਾਰਿਆ। ਉਨ੍ਹਾਂ ਨੇ ਸ਼ਾਊਲ ਪੁੱਤਰਾਂ ਦੀਆਂ ਲੋਥਾਂ ਨੂੰ ਵੀ ਦੀਵਾਰ ਤੋਂ ਉਤਾਰਿਆ। ਫ਼ੇਰ ਉਹ ਲੋਥਾਂ ਯਾਬੇਸ਼ ਨੂੰ ਲੈ ਗਏ। ਉੱਥੇ ਯਾਬੇਸ਼ ਦੇ ਲੋਕਾਂ ਨੇ ਸ਼ਾਊਲ ਅਤੇ ਉਸ ਦੇ ਤਿੰਨੋ ਪੁੱਤਰਾਂ ਦੀਆਂ ਲੋਥਾਂ ਨੂੰ ਸਾੜ ਦਿੱਤਾ।
13 ਫ਼ਿਰ ਇਨ੍ਹਾਂ ਲੋਕਾਂ ਨੇ ਸ਼ਾਊਲ ਅਤੇ ਉਸ ਦੇ ਤਿੰਨੋ ਪੁੱਤਰਾਂ ਦੀਆਂ ਹੱਡੀਆਂ ਨੂੰ ਯਾਬੇਸ ਦੇ ਵੱਡੇ ਬਲੂਤ ਦੇ ਬਿਰਛ ਹੇਠਾਂ ਦੱਬ ਦਿੱਤਾ। ਤੱਦ ਯਾਬੇਸ ਦੇ ਲੋਕਾਂ ਨੇ ਉਨ੍ਹਾਂ ਪ੍ਰਤੀ ਆਪਣਾ ਦੁੱਖ ਪਰਗਟ ਕੀਤਾ ਅਤੇ ਸੱਤ ਦਿਨ ਤੱਕ ਵਰਤ ਰੱਖਿਆ।