7
1 ਤੱਦ ਕਿਰਯਥ-ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਜੋ ਕਿ ਪਹਾੜੀ ਉੱਪਰ ਸੀ ਉੱਥੇ ਛੱਡ ਆਏ। ਉਨ੍ਹਾਂ ਨੇ ਅਬੀਨਾਦਾਬ ਦੇ ਪੁੱਤਰ ਅਲਆਜ਼ਾਰ ਨੂੰ ਖਾਸ ਰਸਮ ਨਾਲ ਪਵਿੱਤਰ ਕੀਤਾ, ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਰਾਖੀ ਕਰ ਸੱਕੇ।
2 ਕਿਰਯਥ-ਯਾਰੀਮ ਵਿੱਚ ਉਹ ਸੰਦੂਕ ਤਕਰੀਬਨ 20 ਵਰ੍ਹੇ ਪਿਆ ਰਿਹਾ।
ਯਹੋਵਾਹ ਦਾ ਇਸਰਾਏਲੀਆਂ ਨੂੰ ਬਚਾਉਣਾ
ਇਸਰਾਏਲ ਦੇ ਲੋਕਾਂ ਨੇ ਮੁੜ ਤੋਂ ਯਹੋਵਾਹ ਨੂੰ ਮੰਨਣਾ ਸ਼ੁਰੂ ਕਰ ਦਿੱਤਾ।
3 ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਸੱਚੇ ਦਿਲੋਂ ਯਹੋਵਾਹ ਵੱਲ ਵਾਪਸ ਪਰਤੇ ਹੋ ਤਾਂ ਤੁਸੀਂ ਸਾਰੇ ਬਾਹਰਲੇ ਦੇਵਤਿਆਂ ਨੂੰ ਸੁੱਟ ਦੇਵੋ। ਤੁਹਾਨੂੰ ਆਪਣੇ ਅਸ਼ਤਾਰੋਥ ਦੇ ਬੁੱਤ ਨੂੰ ਵੀ ਸੁੱਟਣਾ ਹੋਵੇਗਾ ਅਤੇ ਤੁਹਾਨੂੰ ਪੂਰਨ ਰੂਪ ਵਿੱਚ ਇੱਕ ਮਨ ਯਹੋਵਾਹ ਨੂੰ ਆਪਣਾ-ਆਪ ਸਮਰਪਣ ਕਰਨਾ ਹੋਵੇਗਾ। ਤਾਂ ਹੀ ਯਹੋਵਾਹ ਤੁਹਾਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ।”
4 ਤਾਂ ਫ਼ਿਰ ਇਸਰਾਏਲੀਆਂ ਨੇ ਆਪਣੇ ਬਆਲੀਮ ਅਤੇ ਅਸ਼ਤਾਰੋਥ ਦੇ ਬੁੱਤਾਂ ਨੂੰ ਬਾਹਰ ਕੱਢ ਸੁੱਟਿਆ। ਅਤੇ ਕੇਵਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ।
5 ਸਮੂਏਲ ਨੇ ਕਿਹਾ, “ਮਿਸਫ਼ਾਹ ਵਿੱਚ ਤੁਸੀਂ ਸਾਰੇ ਇਸਰਾਏਲੀਆਂ ਨੂੰ ਇਕੱਠੇ ਕਰੋ ਤਾਂ ਤੁਹਾਡੇ ਲਈ ਯਹੋਵਾਹ ਅੱਗੇ ਮੈਂ ਬੇਨਤੀ ਕਰਾਂਗਾ।”
6 ਸਾਰੇ ਇਸਰਾਏਲੀ ਮਿਸਫ਼ਾਹ ਵਿੱਚ ਇੱਕਤਰ ਹੋਏ। ਉਨ੍ਹਾਂ ਨੇ ਪਾਣੀ ਭਰਕੇ ਯਹੋਵਾਹ ਦੇ ਅੱਗੇ ਰੋੜ੍ਹਿਆ ਅਤੇ ਉਸ ਦਿਨ ਵਰਤ ਰੱਖਿਆ ਉਸ ਦਿਨ ਉਨ੍ਹਾਂ ਨੇ ਕੁਝ ਵੀ ਨਾ ਖਾਧਾ, ਅਤੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਕਿਹਾ, “ਅਸੀਂ ਯਹੋਵਾਹ ਦੇ ਨਾਲ ਧ੍ਰੋਹ ਕੀਤਾ ਅਤੇ ਪਾਪ ਕੀਤਾ ਹੈ।” ਅਤੇ ਮਿਸਫ਼ਾਹ ਦੇ ਵਿੱਚ ਸਮੂਏਲ ਦੇ ਇਸਰਾਏਲੀਆਂ ਦਾ ਨਿਆਉਂ ਕੀਤਾ।
7 ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਕਿ ਇਸਰਾਏਲੀ ਮਿਸਫ਼ਾਹ ਵਿੱਚ ਇਕੱਠੇ ਹੋਏ ਹਨ ਤਾਂ ਉਨ੍ਹਾਂ ਦੇ ਸ਼ਾਸਕਾਂ ਨੇ ਇਸਰਾਏਲੀਆਂ ਉੱਪਰ ਹਮਲਾ ਕਰ ਦਿੱਤਾ। ਜਦੋਂ ਇਸਰਾਏਲੀਆਂ ਨੂੰ ਫ਼ਲਿਸਤੀਆਂ ਬਾਰੇ ਪਤਾ ਲੱਗਾ ਤਾਂ ਉਹ ਡਰ ਗਏ।
8 ਇਸਰਾਏਲੀਆਂ ਨੇ ਸਮੂਏਲ ਨੂੰ ਕਿਹਾ, “ਚੁੱਪ ਨਾ ਰਹੋ? ਸਾਡੇ ਯਹੋਵਾਹ ਪਰਮੇਸ਼ੁਰ ਅੱਗੇ ਬੇਨਤੀ ਕਰੀ ਜਾਵੋ? ਯਹੋਵਾਹ ਨੂੰ ਆਖੋ ਕਿ ਸਾਨੂੰ ਫ਼ਲਿਸਤੀਆਂ ਕੋਲੋਂ ਬਚਾਵੋ।”
9 ਸਮੂਏਲ ਨੇ ਇੱਕ ਛੋਟਾ ਲੇਲਾ ਲਿਆ ਅਤੇ ਇਸ ਨੂੰ ਹੋਮ ਦੀ ਭੇਟ ਵਜੋਂ ਯਹੋਵਾਹ ਦੇ ਅੱਗੇ ਚੜ੍ਹਾਇਆ। ਉਸ ਨੇ ਇਸਰਾਏਲ ਵਾਸਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਸ ਨੂੰ ਉੱਤਰ ਦਿੱਤਾ।
10 ਜਦੋਂ ਸਮੂਏਲ ਹੋਮ ਦੀ ਬਲੀ ਚੜ੍ਹਾ ਰਿਹਾ ਸੀ ਉਸ ਵਕਤ ਫ਼ਲਿਸਤੀ ਇਸਰਾਏਲ ਉੱਪਰ ਹਮਲਾ ਕਰਨ ਵਾਲੇ ਸਨ ਕਿ ਯਹੋਵਾਹ ਫ਼ਲਿਸਤੀਆਂ ਉੱਪਰ ਇੱਕ ਵੱਡੀ ਗਰਜਨ ਦੇ ਨਾਲ ਗਰਜਿਆ। ਫ਼ਲਿਸਤੀ ਇਸ ਨਾਲ ਘਬਰਾ ਗਏ। ਗਰਜਨ ਨੇ ਉਨ੍ਹਾਂ ਨੂੰ ਡਰਾ ਦਿੱਤਾ ਅਤੇ ਉਹ ਬੜੇ ਪਰੇਸ਼ਾਨ ਹੋ ਗਏ। ਉਨ੍ਹਾਂ ਦੇ ਆਗੂ ਆਪਣੇ ਵੱਸ ਵਿੱਚ ਨਾ ਰਹੇ, ਤਾਂ ਇਉਂ ਇਸਰਾਏਲੀਆਂ ਨੇ ਫ਼ਲਿਸਤੀਆਂ ਨੂੰ ਲੜਾਈ ਵਿੱਚ ਹਰਾ ਦਿੱਤਾ।
11 ਅਤੇ ਇਸਰਾਏਲੀਆਂ ਨੇ ਮਿਸਫ਼ਾਹ ਵਿੱਚੋਂ ਨਿਕਲਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ, ਅਤੇ ਬੈਤ-ਕਰ ਤੱਕ ਉਨ੍ਹਾਂ ਦੇ ਸਿਪਾਹੀਆਂ ਨੂੰ ਮਾਰਦੇ ਚੱਲੇ ਗਏ।
ਇਸਰਾਏਲ ਵਿੱਚ ਅਮਨ ਬਹਾਲ
12 ਇਸਤੋਂ ਬਾਦ, ਸਮੂਏਲ ਨੇ ਇੱਕ ਖਾਸ ਪੱਥਰ ਲੈ ਕੇ ਮਿਸਫ਼ਾਹ ਅਤੇ ਸ਼ੇਨ ਦੇ ਵਿੱਚਕਾਰ ਖੜਾ ਕੀਤਾ। ਇਸਦਾ ਨਾਮ ਉਸ ਨੇ ਅਬਨ-ਅਜ਼ਰ ਮਦਦ ਦਾ ਪੱਥਰ ਰੱਖਿਆ। ਇਹ ਸਭ ਉਸ ਨੇ ਇਸ ਲਈ ਕੀਤਾ ਤਾਂ ਜੋ ਲੋਕ ਪਰਮੇਸ਼ੁਰ ਦੀ ਕਰਨੀ ਨੂੰ ਯਾਦ ਰੱਖਣ। ਅਤੇ ਸਮੂਏਲ ਨੇ ਆਖਿਆ, “ਇੱਥੋਂ ਤੀਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ ਹੈ।”
13 ਫ਼ਲਿਸਤੀਆਂ ਦੀ ਹਾਰ ਹੋਈ ਤਾਂ ਫ਼ਿਰ ਉਹ ਕਦੇ ਇਸਰਾਏਲ ਦੀ ਧਰਤੀ ਤੇ ਨਾ ਵੜੇ। ਸਮੂਏਲ ਦੇ ਜੀਵਨ ਕਾਲ ਤੱਕ ਯਹੋਵਾਹ ਫ਼ਲਿਸਤੀਆਂ ਦੇ ਵਿਰੁੱਧ ਹੀ ਰਿਹਾ।
14 ਫ਼ਲਿਸਤੀਆਂ ਨੇ ਅਕਰੋਨ ਅਤੇ ਗਥ ਵਿੱਚਲੇ ਇਲਾਕੇ ਦੇ ਸਾਰੇ ਇਸਰਾਏਲੀ ਨਗਰ ਲੈ ਲਈ ਸਨ। ਪਰ ਇਸਰਾਏਲੀਆਂ ਨੇ ਇਨ੍ਹਾਂ ਨਗਰਾਂ ਨੂੰ ਇਨ੍ਹਾਂ ਦੇ ਆਲੇ-ਦੁਆਲੇ ਦੀ ਜ਼ਮੀਨ ਸਮੇਤ ਵਾਪਸ ਜਿੱਤ ਲਿਆ।
ਇਸਰਾਏਲ ਅਤੇ ਅਮੋਰੀਆਂ ਵਿੱਚਕਾਰ ਅਮਨ ਹੋ ਗਿਆ।
15 ਜਦੋਂ ਤੀਕ ਸਮੂਏਲ ਜਿਉਂਦਾ ਰਿਹਾ ਇਸਰਾਏਲ ਦਾ ਨਿਆਉਂ ਕਰਦਾ ਰਿਹਾ।
16 ਉਹ ਹਰ ਵਰ੍ਹੇ ਦੇਸ਼ ਦਾ ਦੌਰਾ ਕਰਦਾ। ਅਤੇ ਬੈਤੇਲ, ਗਿਲਗਾਲ ਅਤੇ ਮਿਸਫ਼ਾਹ ਵਿੱਚ ਫ਼ੇਰੀ ਕਰਦਾ। ਇੰਝ ਉਸ ਨੇ ਇਸਰਾਏਲ ਦੀਆਂ ਇਨ੍ਹਾਂ ਸਾਰੀਆਂ ਥਾਵਾਂ ਉੱਪਰ ਨਿਆਉਂ ਅਤੇ ਰਾਜ ਕੀਤਾ।
17 ਪਰ ਸਮੂਏਲ ਦਾ ਘਰ ਰਾਮਾਹ ਵਿੱਚ ਸੀ ਇਸ ਲਈ ਅਖੀਰ ਉਹ ਰਾਮਾਹ ਨੂੰ ਜ਼ਰੂਰ ਪਰਤਦਾ ਅਤੇ ਉਸ ਸ਼ਹਿਰ ਵਿੱਚੋਂ ਸਮੂਏਲ ਇਸਰਾਏਲ ਵਿੱਚ ਰਾਜ ਅਤੇ ਨਿਆਉਂ ਕਰਦਾ ਅਤੇ ਉੱਥੇ ਰਾਮਾਹ ਵਿੱਚ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ।