ਯਹੋਵਾਹ ਨੇ ਯਰੂਸ਼ਲਮ ਨੂੰ ਅਸੀਸ ਦੇਣ ਦਾ ਇਕਰਾਰ ਕੀਤਾ
8
1 ਯਹੋਵਾਹ ਸਰਬ ਸ਼ਕਤੀਮਾਨ ਵੱਲੋਂ ਇਹ ਵਾਕ ਹੈ:
2 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਮੈਂ ਸੱਚੇ ਦਿਲੋਂ ਸੀਯੋਨ (ਪਰਬਤ) ਨੂੰ ਪਿਆਰ ਕਰਦਾ ਹਾਂ। ਮੈਂ ਉਸ ਨੂੰ ਇੰਨਾ ਪਿਆਰ ਕਰਦਾ ਹਾਂ ਕਿ ਜਦੋਂ ਉਸ ਨੇ ਮੇਰੇ ਨਾਲ ਬੇਵਫ਼ਾਈ ਕੀਤੀ ਤਾਂ ਮੈਨੂੰ ਕਰੋਧ ਆ ਗਿਆ।”
3 ਯਹੋਵਾਹ ਆਖਦਾ ਹੈ, “ਮੈਂ ਸੀਯੋਨ ਵੱਲ ਪਰਤ ਆਇਆ ਹਾਂ। ਮੈਂ ਯਰੂਸ਼ਲਮ ਵਿੱਚ ਰਹਿ ਰਿਹਾ ਹਾਂ। ਯਰੂਸ਼ਲਮ ਵਫ਼ਾਦਾਰ ਸ਼ਹਿਰ ਅਖਵਾਏਗਾ ਅਤੇ ਯਹੋਵਾਹ ਸਰਬ ਸ਼ਕਤੀਮਾਨ ਦੇ ਪਰਬਤ ਪਵਿੱਤਰ ਸਦਵਾਏਗਾ।”
4 ਉਹ ਆਖਦਾ ਹੈ, “ਬਜ਼ੁਰਗ ਆਦਮੀ ਅਤੇ ਔਰਤਾਂ ਮੁੜ ਤੋਂ ਯਰੂਸ਼ਲਮ ਦੇ ਚੌਁਕਾਂ ਵਿੱਚ ਨਜ਼ਰ ਆਉਣਗੇ। ਲੋਕ ਇੰਨੀ ਉਮਰ ਭੋਗਣਗੇ ਕਿ ਉਹ ਹੱਥ ਵਿੱਚ ਡਂਗੋਰੀ ਲੈ ਕੇ ਚੱਲਣਗੇ।
5 ਅਤੇ ਸ਼ਹਿਰ ਮੁੜ ਬੱਚਿਆਂ ਨਾਲ ਭਰਿਆ ਤੇ ਚਹਿਕਦਾ ਹੋਵੇਗਾ।
6 ਜੇਕਰ ਇਹ ਇਨ੍ਹਾਂ ਲੋਕਾਂ ਚੋ ਬੱਚਿਆਂ ਹੋਇਆਂ ਨੂੰ ਇਹ ਅਸਰਜ ਵਾਂਗ ਹੋਵੇਗਾ। ਇਹ ਮੇਰੇ ਲਈ ਵੀ ਅਸਰਜ ਵਾਂਗ ਹੋ ਸੱਕਦਾ, ਇਹ ਯਹੋਵਾਹ ਸਰਬ-ਤਾਕਤਵਰ ਘੋਸ਼ਿਤ ਕਰਦਾ ਹੈ।”
7 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਵੇਖ, ਮੈਂ ਪੂਰਬੀ ਅਤੇ ਪੱਛਮੀ ਦੇਸ਼ਾਂ ਤੋਂ ਆਪਣੇ ਲੋਕਾਂ ਨੂੰ ਬਚਾ ਰਿਹਾ ਹਾਂ।
8 ਮੈਂ ਉਨ੍ਹਾਂ ਨੂੰ ਇੱਥੇ ਸੁਰੱਖਿਅਤ ਲਿਆਵਾਂਗਾ ਅਤੇ ਉਹ ਯਰੂਸ਼ਲਮ ਵਿੱਚ ਰਹਿਣਗੇ। ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। ਮੈਂ ਆਪਣਾ ਮਨ ਨਹੀਂ ਬਦਲਾਂਗਾ ਜਾਂ ਉਨ੍ਹਾਂ ਲਈ ਦਗਾਬਾਜ਼ ਨਹੀਂ ਹੋਵਾਂਗਾ।”
9 ਉਹ ਆਖਦਾ ਹੈ, “ਤਕੜੇ ਹੋਵੋ! ਤੁਸੀਂ ਜੋ ਇਹ ਵਚਨ ਇਨ੍ਹਾਂ ਦਿਨਾਂ ਵਿੱਚ ਸੁਣਦੇ ਹੋ ਜਿਹੜੇ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਦੇ ਸਮੇਂ ਵਿੱਚ ਨਬੀਆਂ ਦੇ ਮੂੰਹੋਁ ਨਿਕਲੇ ਸਨ ਇਹ ਉਹੀ ਵਚਨ ਹਨ।
10 ਇਸ ਸਮੇਂ ਤੋਂ ਪਹਿਲਾਂ, ਲੋਕਾਂ ਕੋਲ ਮਜ਼ਦੂਰੀ ਲਈ ਪੈਸਾ ਨਹੀਂ ਸੀ। ਨਾ ਹੀ ਉਨ੍ਹਾਂ ਕੋਲ ਪਸ਼ੂਆਂ ਨੂੰ ਭਾੜੇ ਤੇ ਲੈਣ ਲਈ ਪੈਸੇ ਸਨ। ਲੋਕਾਂ ਲਈ ਅੰਦਰ ਬਾਹਰ ਜਾਣਾ ਵੀ ਸੁਰੱਖਿਅਤ ਨਹੀਂ ਸੀ। ਉੱਥੇ ਕਿਸੇ ਵਾਸਤੇ ਸੁਰੱਖਿਆ ਨਹੀਂ ਸੀ। ਮੈਂ ਹਰ ਮਨੁੱਖ ਨੂੰ ਉਸ ਦੇ ਗੁਆਂਢੀ ਦੇ ਖਿਲਾਫ਼ ਕਰ ਦਿੱਤਾ ਸੀ।
11 ਪਰ ਹੁਣ ਅਜਿਹਾ ਨਹੀਂ ਹੈ ਅਤੇ ਨਾ ਹੀ ਹੁਣ ਬਚੇ ਹੋਏ ਮਨੁੱਖਾਂ ਨਾਲ ਅਜਿਹਾ ਹੋਵੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਅਜਿਹੀਆਂ ਗੱਲਾਂ ਆਖੀਆਂ।
12 “ਇਨ੍ਹਾਂ ਮਨੁੱਖਾਂ ਦਾ ਬੀਜ ਸ਼ਾਂਤੀ ’ਚ ਬੋਇਆ ਜਾਵੇਗਾ। ਇਨ੍ਹਾਂ ਦੀਆਂ ਅੰਗੂਰੀ ਵੇਲਾਂ ਤੇ ਅੰਗੂਰ ਪਵੇਗਾ ਅਤੇ ਜ਼ਮੀਨ ਚੰਗੀ ਫ਼ਸਲ ਦੇਵੇਗੀ ਅਤੇ ਅਕਾਸ਼ ਮੀਂਹ ਦੇਵੇਗਾ। ਅਤੇ ਇਹ ਸਭ ਵਸਤਾਂ ਮੈਂ ਆਪਣੀ ਇਸ ਉੱਮਤ ਨੂੰ ਦੇਵਾਂਗਾ।
13 ਲੋਕਾਂ ਨੇ ਆਪਣੇ ਸਰਾਪਾਂ ਵਿੱਚ ਇਸਰਾਏਲ ਅਤੇ ਯਹੂਦਾਹ ਦੇ ਨਾਵਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ, ਪਰ ਹੁਣ ਮੈਂ ਇਸਰਾਏਲ ਅਤੇ ਯਹੂਦਾਹ ਨੂੰ ਬਚਾਵਾਂਗਾ ਅਤੇ ਉਨ੍ਹਾਂ ਦੇ ਨਾਉਂ ਅਸੀਸਾਂ ਵਾਂਗ ਹੋਣਗੇ। ਇਸ ਲਈ ਤਕੜੇ ਹੋਵੋ, ਘਬਰਾਵੋ ਨਾ।”
14 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਤੁਹਾਡੇ ਪੁਰਖਿਆਂ ਨੇ ਮੈਨੂੰ ਗੁੱਸਾ ਚੜ੍ਹਾਇਆ ਇਸ ਲਈ ਮੈਂ ਉਨ੍ਹਾਂ ਦਾ ਨਾਸ ਕਰਨ ਦੀ ਸੋਚੀ ਅਤੇ ਮੈਂ ਆਪਣਾ ਫ਼ੈਸਲਾ ਅਟੱਲ ਰੱਖਣ ਦੀ ਸੋਚੀ ਇਹ ਸਭ ਗੱਲਾਂ” ਯਹੋਵਾਹ ਸਰਬ ਸ਼ਕਤੀਮਾਨ ਨੇ ਆਖੀਆਂ।
15 “ਪਰ ਹੁਣ ਮੈਂ ਆਪਣਾ ਮਨ (ਫ਼ੈਸਲਾ) ਬਦਲ ਲਿਆ ਹੈ ਅਤੇ ਇਸ ਤਰ੍ਹਾਂ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਲੋਕਾਂ ਨਾਲ ਚੰਗਾ ਹੋਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਤੁਸੀਂ ਘਬਰਾਓ ਨਾ।
16 ਪਰ ਤੁਸੀਂ ਇਹ ਕੰਮ ਅਵੱਸ਼ ਕਰੋ! ਆਪਣੇ ਗੁਆਂਢੀਆਂ ਨਾਲ ਸੱਚੇ ਰਹੋ। ਜਦੋਂ ਵੀ ਤੁਸੀਂ ਆਪਣੇ ਨਗਰ ’ਚ ਕੋਈ ਫ਼ੈਸਲਾ ਲਵੋ ਤਾਂ ਉਹ ਕੰਮ ਕਰੋ ਜਿਹੜੇ ਤੁਹਾਡੇ ਨਗਰ ਦੇ ਹਿਤ੍ਤ ਵਿੱਚ ਅਤੇ ਅਮਨ ਬਹਾਲ ਕਰਨ ਵਾਲੇ ਹੋਣ।
17 ਆਪਣੇ ਗੁਆਂਢੀਆਂ ਦੇ ਵਿਰੁੱਧ ਉਨ੍ਹਾਂ ਨੂੰ ਦੁੱਖ ਦੇਣ ਵਾਲੀਆਂ ਸਾਜ਼ਿਸ਼ਾਂ ਨਾ ਰਚੋ। ਝੂਠੇ ਇਕਰਾਰ ਨਾ ਕਰੋ। ਤੁਸੀਂ ਭੈੜੇ ਕੰਮਾਂ ਵਿੱਚ ਆਨੰਦ ਨਾ ਮੰਨੋ। ਕਿਉਂ ਕਿ ਮੈਂ ਉਨ੍ਹਾਂ ਕੰਮਾਂ ਨੂੰ ਘਿਰਣਾ ਕਰਦਾ ਹਾਂ।” ਯਹੋਵਾਹ ਨੇ ਅਜਿਹਾ ਆਖਿਆ।
18 ਮੈਨੂੰ ਇਹ ਸੰਦੇਸ਼ ਯਹੋਵਾਹ ਸਰਬ ਸ਼ਕਤੀਮਾਨ ਨੇ ਦਿੱਤਾ।
19 ਉਸ ਆਖਿਆ ਹੈ, “ਉਦਾਸੀ ਸੋਗ ਅਤੇ ਵਰਤ ਦੇ ਖਾਸ ਦਿਨ, ਵਰ੍ਹੇ ਦਾ ਚੌਬਾ, ਪੰਜਵਾਂ, ਸੱਤਵਾਂ ਅਤੇ ਦਸਵਾਂ ਮਹੀਨਾ ਤੁਸੀਂ ਚੁਣਿਆ। ਹੁਣ ਉਹ ਸੋਗੀ ਦਿਨ ਅਵੱਸ਼ ਹੀ ਖੁਸ਼ੀਆਂ ਵਿੱਚ ਤਬਦੀਲ ਹੋਣੇ ਚਾਹੀਦੇ ਹਨ। ਹੁਣ ਉਹ ਖੁਸ਼ੀਆਂ ਵਾਲੀਆਂ ਛੁੱਟੀਆਂ ਹੋਣਗੀਆਂ। ਤੁਸੀਂ ਸੱਚ, ਵਫ਼ਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ।”
20 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ,
“ਭਵਿੱਖ ਵਿੱਚ ਬਹੁਤ ਸਾਰੇ ਸ਼ਹਿਰਾਂ ਵਿੱਚੋਂ ਲੋਕੀਂ ਯਰੂਸ਼ਲਮ ਨੂੰ ਆਉਣਗੇ।
21 ਅਲੱਗ-ਅਲੱਗ ਸ਼ਹਿਰਾਂ ਤੋਂ ਲੋਕ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਦੇਣਗੇ।
ਉਨ੍ਹਾਂ ਵਿੱਚੋਂ ਕੁਝ ਕਹਿਣਗੇ: ‘ਅਸੀਂ ਯਹੋਵਾਹ ਸਰਬ ਸ਼ਕਤੀਮਾਨ ਦੀ’
ਉਪਾਸਨਾ ਕਰਨ ਲਈ ਜਾ ਰਹੇ ਹਾਂ ਅਤੇ ਦੂਜੇ ਆਖਣਗੇ,
‘ਅਸੀਂ ਤੁਹਾਡੇ ਨਾਲ ਜਾਵਾਂਗੇ।’”
22 ਬਹੁਤ ਸਾਰੇ ਲੋਕ ਅਤੇ ਬਹੁਤ ਸਾਰੀਆਂ ਤਕੜੀਆਂ ਕੌਮਾਂ ਅਤੇ ਰਾਜ ਯਹੋਵਾਹ ਸਰਬ-ਸ਼ਕਤੀਮਾਨ ਦੀ ਖੋਜ ਵਿੱਚ ਅਤੇ ਉਸਦੀ ਪੂਜਾ ਕਰਨ ਲਈ ਯਰੂਸ਼ਲਮ ਨੂੰ ਆਉਣਗੇ।
23 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਨ੍ਹਾਂ ਦਿਨਾਂ ਵਿੱਚ ਵੱਖੋ-ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਬਹੁਤ ਸਾਰੇ ਮਨੁੱਖ ਇੱਕ ਯਹੂਦੀ ਮਨੁੱਖ ਦਾ ਪੱਲਾ ਫ਼ੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚਲਾਂਗੇ ਕਿਉਂ ਕਿ ਅਸੀਂ ਸੁਣਿਆ ਹੈ ਕਿ ‘ਪਰਮੇਸ਼ੁਰ ਤੁਹਾਡੇ ਨਾਲ ਹੈ। ਕੀ ਅਸੀਂ ਤੁਹਾਡੇ ਨਾਲ ਉਸਦੀ ਉਪਾਸਨਾ ਲਈ ਚੱਲ ਸੱਕਦੇ ਹਾਂ?’”