41
ਫ਼ਿਰਊਨ ਦੇ ਸੁਫ਼ਨਿਆਂ ਦਾ ਅਰਥ ਦੱਸਣਾ
1 ਪੂਰੇ ਦੋ ਸਾਲਾਂ ਦੇ ਅੰਤ ਵਿੱਚ ਫ਼ਿਰਊਨ ਨੇ ਇੱਕ ਸੁਫ਼ਨਾ ਵੇਖਿਆ ਕਿ ਉਹ ਨੀਲ ਨਦੀ ਕੋਲ ਖੜ੍ਹਾ ਸੀ, 2 ਅਤੇ ਵੇਖੋ ਨਦੀ ਵਿੱਚੋਂ ਸੱਤ ਗਾਂਈਆਂ ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ, ਨਿੱਕਲੀਆਂ ਅਤੇ ਨਦੀ ਦੇ ਕਿਨਾਰੇ ਚੁੱਗਣ ਲੱਗ ਪਈਆਂ। 3 ਅਤੇ ਵੇਖੋ, ਉਨ੍ਹਾਂ ਤੋਂ ਬਾਅਦ ਸੱਤ ਗਾਂਈਆਂ ਹੋਰ ਜਿਹੜੀਆਂ ਕਰੂਪ ਅਤੇ ਸਰੀਰ ਵਿੱਚ ਲਿੱਸੀਆਂ ਸਨ, ਨਦੀ ਵਿੱਚੋਂ ਨਿੱਕਲੀਆਂ ਅਤੇ ਨਦੀ ਦੇ ਕੰਢੇ ਉੱਤੇ ਦੂਸਰੀਆਂ ਗਾਈਆਂ ਕੋਲ ਖੜ੍ਹੀਆਂ ਹੋ ਗਈਆਂ। 4 ਤਦ ਕਰੂਪ ਅਤੇ ਲਿੱਸੀਆਂ ਗਾਈਆਂ ਨੇ ਉਨ੍ਹਾਂ ਸੱਤਾਂ ਸੋਹਣੀਆਂ ਅਤੇ ਮੋਟੀਆਂ ਗਾਂਈਆਂ ਨੂੰ ਨਿਗਲ ਲਿਆ, ਤਦ ਫ਼ਿਰਊਨ ਜਾਗ ਉੱਠਿਆ। 5 ਉਹ ਫੇਰ ਸੌਂ ਗਿਆ ਅਤੇ ਦੂਜੀ ਵਾਰ ਸੁਫ਼ਨਾ ਵੇਖਿਆ ਅਤੇ ਵੇਖੋ, ਮੋਟੇ ਅਤੇ ਚੰਗੇ ਸੱਤ ਸਿੱਟੇ ਇੱਕ ਨੜ ਵਿੱਚੋਂ ਨਿੱਕਲੇ 6 ਅਤੇ ਵੇਖੋ, ਉਸ ਦੇ ਬਾਅਦ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸੱਤ ਸਿੱਟੇ ਫੁੱਟ ਪਏ। 7 ਉਹ ਪਤਲੇ ਸਿੱਟੇ ਉਨ੍ਹਾਂ ਸੱਤਾਂ ਮੋਟੇ ਅਤੇ ਭਰੇ ਹੋਏ ਸਿੱਟਿਆਂ ਨੂੰ ਨਿਗਲ ਗਏ ਤਾਂ ਫ਼ਿਰਊਨ ਜਾਗ ਉੱਠਿਆ ਅਤੇ ਜਾਣਿਆ ਕਿ ਇਹ ਸੁਫ਼ਨਾ ਹੀ ਸੀ। 8 ਅਤੇ ਸਵੇਰੇ ਹੀ ਉਸ ਦਾ ਮਨ ਬੇਚੈਨ ਹੋ ਗਿਆ ਤਾਂ ਉਸ ਨੇ ਮਿਸਰ ਦੇ ਸਾਰੇ ਜਾਦੂਗਰ ਅਤੇ ਸਾਰੇ ਜੋਤਸ਼ੀ ਸੱਦ ਲਏ, ਤਦ ਫ਼ਿਰਊਨ ਨੇ ਉਨ੍ਹਾਂ ਨੂੰ ਆਪਣੇ ਸੁਫ਼ਨੇ ਦੱਸੇ ਪਰ ਕੋਈ ਵੀ ਫ਼ਿਰਊਨ ਨੂੰ ਉਨ੍ਹਾਂ ਦਾ ਅਰਥ ਨਾ ਦੱਸ ਸਕਿਆ। 9 ਤਦ ਸਾਕੀਆਂ ਦੇ ਮੁਖੀਏ ਨੇ ਫ਼ਿਰਊਨ ਨਾਲ ਇਹ ਗੱਲ ਕੀਤੀ, ਅੱਜ ਮੈਂ ਆਪਣੀ ਗਲਤੀ ਨੂੰ ਯਾਦ ਕਰਦਾ ਹਾਂ। 10 ਜਦ ਫ਼ਿਰਊਨ ਆਪਣੇ ਦਾਸਾਂ ਉੱਤੇ ਗੁੱਸੇ ਹੋਇਆ ਤਾਂ ਮੈਨੂੰ ਅਤੇ ਰਸੋਈਆਂ ਦੇ ਮੁਖੀਏ ਨੂੰ ਅੰਗ-ਰੱਖਿਅਕਾਂ ਦੇ ਪ੍ਰਧਾਨ ਦੇ ਘਰ ਵਿੱਚ ਕੈਦ ਕੀਤਾ। 11 ਤਦ ਅਸੀਂ ਦੋਨਾਂ ਨੇ ਇੱਕੋ ਹੀ ਰਾਤ ਵਿੱਚ ਆਪੋ ਆਪਣੇ ਅਰਥ ਅਨੁਸਾਰ ਸੁਫ਼ਨਾ ਵੇਖਿਆ। 12 ਅੰਗ-ਰੱਖਿਅਕਾਂ ਦੇ ਪ੍ਰਧਾਨ ਦਾ ਗ਼ੁਲਾਮ ਇੱਕ ਇਬਰੀ ਜੁਆਨ, ਉੱਥੇ ਸਾਡੇ ਨਾਲ ਸੀ ਅਤੇ ਜਦ ਅਸੀਂ ਉਸ ਨੂੰ ਦੱਸਿਆ ਤਾਂ ਉਸ ਨੇ ਸਾਡੇ ਸੁਫ਼ਨਿਆਂ ਦਾ ਅਰਥ ਇੱਕ-ਇੱਕ ਦੇ ਸੁਫ਼ਨੇ ਦੇ ਅਰਥ ਅਨੁਸਾਰ ਦੱਸਿਆ। 13 ਅਤੇ ਜਿਵੇਂ ਉਸ ਨੇ ਸਾਨੂੰ ਉਸ ਦਾ ਅਰਥ ਦੱਸਿਆ ਸੀ, ਉਸੇ ਤਰ੍ਹਾਂ ਹੀ ਹੋਇਆ। ਮੈਨੂੰ ਤਾਂ ਮੇਰੇ ਅਹੁਦੇ ਉੱਤੇ ਬਹਾਲ ਕੀਤਾ ਗਿਆ ਪਰ ਉਸ ਨੂੰ ਫਾਂਸੀ ਦਿੱਤੀ। 14 ਤਦ ਫ਼ਿਰਊਨ ਨੇ ਯੂਸੁਫ਼ ਨੂੰ ਸੱਦ ਭੇਜਿਆ ਅਤੇ ਉਨ੍ਹਾਂ ਨੇ ਛੇਤੀ ਨਾਲ ਯੂਸੁਫ਼ ਨੂੰ ਕੈਦ ਵਿੱਚੋਂ ਕੱਢਿਆ। ਉਹ ਹਜਾਮਤ ਕਰ ਕੇ ਅਤੇ ਬਸਤਰ ਬਦਲ ਕੇ ਫ਼ਿਰਊਨ ਦੇ ਕੋਲ ਅੰਦਰ ਆਇਆ। 15 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਮੈਂ ਇੱਕ ਸੁਫ਼ਨਾ ਵੇਖਿਆ ਹੈ, ਅਤੇ ਉਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ। ਮੈਂ ਤੇਰੇ ਬਾਰੇ ਇਹ ਸੁਣਿਆ ਹੈ ਕਿ ਤੂੰ ਸੁਫ਼ਨਾ ਸੁਣ ਕੇ ਉਸ ਦਾ ਅਰਥ ਦੱਸ ਸਕਦਾ ਹੈਂ। 16 ਤਦ ਯੂਸੁਫ਼ ਨੇ ਫ਼ਿਰਊਨ ਨੂੰ ਉੱਤਰ ਦਿੱਤਾ, ਇਹ ਮੇਰੀ ਸ਼ਕਤੀ ਨਹੀਂ। ਪਰਮੇਸ਼ੁਰ ਹੀ ਫ਼ਿਰਊਨ ਨੂੰ ਸ਼ਾਂਤੀ ਦਾ ਉੱਤਰ ਦੇਵੇਗਾ। 17 ਫਿਰ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਵੇਖੋ, ਮੈਂ ਆਪਣੇ ਸੁਫ਼ਨੇ ਵਿੱਚ ਨੀਲ ਨਦੀ ਦੇ ਕੰਢੇ ਉੱਤੇ ਖੜ੍ਹਾ ਸੀ, 18 ਅਤੇ ਵੇਖੋ, ਦਰਿਆ ਵਿੱਚੋਂ ਸੱਤ ਗਾਂਈਆਂ ਜਿਹੜੀਆਂ ਮੋਟੀਆਂ ਅਤੇ ਸੋਹਣੀਆਂ ਸਨ, ਨਿੱਕਲੀਆਂ ਅਤੇ ਉਹ ਨਦੀ ਦੇ ਕਿਨਾਰੇ ਚੁੱਗਣ ਲੱਗ ਪਈਆਂ। 19 ਫਿਰ ਵੇਖੋ, ਉਨ੍ਹਾਂ ਦੇ ਬਾਅਦ ਹੋਰ ਸੱਤ ਗਾਂਈਆਂ ਨਿੱਕਲੀਆਂ ਜਿਹੜੀਆਂ ਬਹੁਤ ਕਰੂਪ ਅਤੇ ਲਿੱਸੀਆਂ ਸਨ। ਅਜਿਹੀਆਂ ਕਰੂਪ ਗਾਂਵਾਂ ਮੈਂ ਸਾਰੇ ਮਿਸਰ ਦੇਸ਼ ਵਿੱਚ ਕਦੇ ਨਹੀਂ ਵੇਖੀਆਂ। 20 ਤਦ ਉਹ ਲਿੱਸੀਆਂ ਅਤੇ ਕਰੂਪ ਗਾਂਈਆਂ ਪਹਿਲੀਆਂ ਸੱਤ ਤਕੜੀਆਂ ਗਾਂਈਆਂ ਨੂੰ ਖਾ ਗਈਆਂ। 21 ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਪਰ ਵੇਖਣ ਵਿੱਚ ਮਲੂਮ ਨਾ ਹੋਇਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਹੈ ਕਿਉਂ ਜੋ ਉਹ ਵੇਖਣ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਸਨ। ਤਦ ਮੈਂ ਜਾਗ ਉੱਠਿਆ। 22 ਫੇਰ ਮੈਂ ਦੂਜਾ ਸੁਫ਼ਨਾ ਵੇਖਿਆ ਅਤੇ ਵੇਖੋ, ਇੱਕ ਨੜ ਵਿੱਚੋਂ ਭਰੇ ਹੋਏ ਅਤੇ ਚੰਗੇ ਸੱਤ ਸਿੱਟੇ ਨਿੱਕਲੇ, 23 ਅਤੇ ਵੇਖੋ ਉਨ੍ਹਾਂ ਦੇ ਬਾਅਦ ਸੱਤ ਸਿੱਟੇ ਕੁਮਲਾਏ ਹੋਏ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਫੁੱਟ ਪਏ। 24 ਅਤੇ ਉਨ੍ਹਾਂ ਪਤਲਿਆਂ ਸਿੱਟਿਆਂ ਨੇ ਸੱਤ ਚੰਗੇ ਸਿੱਟਿਆਂ ਨੂੰ ਨਿਗਲ ਲਿਆ। ਮੈਂ ਇਹ ਸੁਫ਼ਨਾ ਜਾਦੂਗਰਾਂ ਨੂੰ ਦੱਸਿਆ ਪਰ ਕੋਈ ਮੈਨੂੰ ਇਸ ਦਾ ਅਰਥ ਨਾ ਦੱਸ ਸਕਿਆ। 25 ਯੂਸੁਫ਼ ਨੇ ਫ਼ਿਰਊਨ ਨੂੰ ਆਖਿਆ, ਫ਼ਿਰਊਨ ਦਾ ਸੁਫ਼ਨਾ ਇੱਕੋ ਹੀ ਹੈ। ਪਰਮੇਸ਼ੁਰ ਜੋ ਕੁਝ ਕਰਨ ਵਾਲਾ ਹੈ, ਉਸ ਨੇ ਫ਼ਿਰਊਨ ਦੇ ਉੱਤੇ ਪਰਗਟ ਕੀਤਾ ਹੈ। 26 ਇਹ ਸੱਤ ਚੰਗੀਆਂ ਗਾਂਈਆਂ ਸੱਤ ਸਾਲ ਹਨ ਅਤੇ ਇਹ ਸੱਤ ਸਿੱਟੇ ਵੀ ਸੱਤ ਸਾਲ ਹਨ। ਇਹ ਸੁਫ਼ਨਾ ਇੱਕੋ ਹੀ ਹੈ। 27 ਅਤੇ ਉਹ ਲਿੱਸੀਆਂ ਅਤੇ ਕਰੂਪ ਸੱਤ ਗਾਂਈਆਂ ਜਿਹੜੀਆਂ ਉਨ੍ਹਾਂ ਦੇ ਬਾਅਦ ਨਿੱਕਲੀਆਂ, ਅਤੇ ਉਹ ਸੱਤ ਸਿੱਟੇ ਜਿਹੜੇ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸਨ, ਉਹ ਕਾਲ ਦੇ ਸੱਤ ਸਾਲ ਹੋਣਗੇ। 28 ਇਹ ਇਹੋ ਹੀ ਗੱਲ ਹੈ ਜਿਹੜੀ ਮੈਂ ਫ਼ਿਰਊਨ ਨਾਲ ਕੀਤੀ ਹੈ ਕਿ ਪਰਮੇਸ਼ੁਰ ਜੋ ਕੁਝ ਕਰਨ ਨੂੰ ਹੈ, ਉਹ ਉਸ ਨੇ ਫ਼ਿਰਊਨ ਦੇ ਉੱਤੇ ਪਰਗਟ ਕੀਤਾ ਹੈ। 29 ਵੇਖੋ, ਸਾਰੇ ਮਿਸਰ ਦੇਸ਼ ਵਿੱਚ ਸੱਤ ਸਾਲ ਭਰਪੂਰੀ ਦੇ ਆਉਣ ਵਾਲੇ ਹਨ। 30 ਪਰ ਉਨ੍ਹਾਂ ਦੇ ਬਾਅਦ ਸੱਤ ਸਾਲ ਕਾਲ ਦੇ ਹੋਣਗੇ ਅਤੇ ਮਿਸਰ ਦੇਸ਼ ਦੀ ਸਾਰੀ ਭਰਪੂਰੀ ਮੁੱਕ ਜਾਵੇਗੀ ਅਤੇ ਕਾਲ ਇਸ ਦੇਸ਼ ਨੂੰ ਮੁਕਾ ਦੇਵੇਗਾ। 31 ਉਸ ਕਾਲ ਦੇ ਕਾਰਨ ਦੇਸ਼ ਵਿੱਚ ਭਰਪੂਰੀ ਨੂੰ ਯਾਦ ਨਾ ਰੱਖਿਆ ਜਾਵੇਗਾ ਕਿਉਂ ਜੋ ਕਾਲ ਬਹੁਤ ਹੀ ਭਾਰਾ ਹੋਵੇਗਾ। 32 ਇਹ ਸੁਫ਼ਨਾ ਫ਼ਿਰਊਨ ਨੂੰ ਦੋ ਵਾਰ ਇਸ ਲਈ ਵਿਖਾਇਆ ਗਿਆ ਹੈ ਕਿਉਂ ਜੋ ਇਹ ਗੱਲ ਪਰਮੇਸ਼ੁਰ ਵੱਲੋਂ ਪੱਕੀ ਹੈ ਅਤੇ ਪਰਮੇਸ਼ੁਰ ਇਸ ਨੂੰ ਜਲਦ ਹੀ ਪੂਰਾ ਕਰੇਗਾ। 33 ਇਸ ਲਈ ਹੁਣ ਫ਼ਿਰਊਨ ਇੱਕ ਸਿਆਣੇ ਅਤੇ ਬੁੱਧਵਾਨ ਮਨੁੱਖ ਨੂੰ ਲੱਭੇ ਅਤੇ ਉਸ ਨੂੰ ਮਿਸਰ ਦੇਸ਼ ਉੱਤੇ ਠਹਿਰਾਵੇ। 34 ਫ਼ਿਰਊਨ ਅਜਿਹਾ ਕਰੇ ਕਿ ਇਸ ਦੇਸ਼ ਉੱਤੇ ਅਧਿਕਾਰੀਆਂ ਨੂੰ ਨਿਯੁਕਤ ਕਰੇ ਅਤੇ ਉਹ ਮਿਸਰ ਦੀ ਸੱਤ ਸਾਲ ਦੀ ਭਰਪੂਰੀ ਦਾ ਪੰਜਵਾਂ ਹਿੱਸਾ ਲਿਆ ਕਰੇ। 35 ਉਹ ਇਨ੍ਹਾਂ ਆਉਣ ਵਾਲਿਆਂ ਚੰਗਿਆਂ ਸਾਲਾਂ ਦਾ ਸਾਰਾ ਅੰਨ ਇਕੱਠਾ ਕਰਨ ਅਤੇ ਫ਼ਿਰਊਨ ਦੇ ਅਧੀਨ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ। 36 ਤਦ ਉਹੀ ਅੰਨ ਸੱਤਾਂ ਸਾਲਾਂ ਦੇ ਕਾਲ ਲਈ ਜਿਹੜਾ ਮਿਸਰ ਦੇਸ਼ ਵਿੱਚ ਪਵੇਗਾ ਭੰਡਾਰ ਹੋਵੇਗਾ, ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ ਨਾ ਹੋ ਜਾਵੇ।
ਯੂਸੁਫ਼ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਣਾ
37 ਇਹ ਗੱਲ ਫ਼ਿਰਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਦੀਆਂ ਨਜ਼ਰਾਂ ਵਿੱਚ ਚੰਗੀ ਲੱਗੀ। 38 ਇਸ ਲਈ ਫ਼ਿਰਊਨ ਨੇ ਆਪਣੇ ਕਰਮਚਾਰੀਆਂ ਨੂੰ ਆਖਿਆ, ਭਲਾ, ਸਾਨੂੰ ਇਸ ਵਰਗਾ ਕੋਈ ਹੋਰ ਮਨੁੱਖ ਲੱਭੇਗਾ ਜਿਸ ਵਿੱਚ ਪਰਮੇਸ਼ੁਰ ਦਾ ਆਤਮਾ ਹੈ? 39 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਕਿਉਂ ਜੋ ਇਹ ਸਭ ਕੁਝ ਪਰਮੇਸ਼ੁਰ ਨੇ ਤੇਰੇ ਉੱਤੇ ਪਰਗਟ ਕੀਤਾ, ਇਸ ਲਈ ਤੇਰੇ ਜਿਹਾ ਸਿਆਣਾ ਅਤੇ ਬੁੱਧਵਾਨ ਕੋਈ ਨਹੀਂ। 40 ਤੂੰ ਮੇਰੇ ਘਰ ਉੱਤੇ ਅਧਿਕਾਰੀ ਹੋਵੇਂਗਾ ਅਤੇ ਮੇਰੀ ਸਾਰੀ ਪਰਜਾ ਤੇਰੇ ਆਖੇ ਦੇ ਅਨੁਸਾਰ ਚੱਲੇਗੀ। ਸਿਰਫ਼ ਰਾਜ ਗੱਦੀ ਵਿੱਚ ਮੈਂ ਤੇਰੇ ਨਾਲੋਂ ਵੱਡਾ ਹੋਵਾਂਗਾ। 41 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਵੇਖ, ਮੈਂ ਤੈਨੂੰ ਸਾਰੇ ਮਿਸਰ ਦੇਸ਼ ਉੱਤੇ ਹਾਕਮ ਨਿਯੁਕਤ ਕੀਤਾ ਹੈ। 42 ਤਦ ਫ਼ਿਰਊਨ ਨੇ ਆਪਣੀ ਮੋਹਰ ਦੀ ਅੰਗੂਠੀ ਆਪਣੇ ਹੱਥੋਂ ਲਾਹ ਕੇ ਯੂਸੁਫ਼ ਦੇ ਹੱਥ ਵਿੱਚ ਪਾ ਦਿੱਤੀ ਅਤੇ ਉਸ ਨੂੰ ਮਹੀਨ ਬਸਤਰ ਪਵਾਏ ਅਤੇ ਸੋਨੇ ਦੀ ਮਾਲਾ ਉਸ ਦੇ ਗਲ਼ ਵਿੱਚ ਪਾ ਦਿੱਤੀ। 43 ਉਸ ਨੇ ਉਹ ਨੂੰ ਆਪਣੇ ਤੋਂ ਦੂਜੇ ਦਰਜੇ ਦੇ ਰਥ ਵਿੱਚ ਬਿਠਾਲਿਆ ਅਤੇ ਉਨ੍ਹਾਂ ਨੇ ਉਸ ਦੇ ਅੱਗੇ ਮਨਾਦੀ ਕਰਵਾਈ “ਗੋਡੇ ਨਿਵਾਓ ਅਤੇ ਮੱਥਾ ਟੇਕੋ,” ਇਸ ਤਰ੍ਹਾਂ ਉਸ ਨੇ ਯੂਸੁਫ਼ ਨੂੰ ਸਾਰੇ ਮਿਸਰ ਦੇਸ਼ ਉੱਤੇ ਪ੍ਰਧਾਨ ਨਿਯੁਕਤ ਕੀਤਾ। 44 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਮੈਂ ਫ਼ਿਰਊਨ ਹਾਂ, ਅਤੇ ਤੇਰੇ ਬਿਨ੍ਹਾਂ ਮਿਸਰ ਦੇ ਸਾਰੇ ਦੇਸ਼ ਵਿੱਚ ਕੋਈ ਮਨੁੱਖ ਆਪਣਾ ਹੱਥ-ਪੈਰ ਨਹੀਂ ਹਿਲਾਵੇਗਾ। 45 ਫ਼ਿਰਊਨ ਨੇ ਯੂਸੁਫ਼ ਦਾ ਨਾਮ ਸਾਫਨਥ ਪਾਨੇਆਹ ਰੱਖਿਆ ਅਤੇ ਉਸ ਨੂੰ ਊਨ ਦੇ ਜਾਜਕ ਪੋਟੀ-ਫ਼ਰਾ ਦੀ ਧੀ ਆਸਨਥ ਵਿਆਹ ਦਿੱਤੀ ਅਤੇ ਯੂਸੁਫ਼ ਮਿਸਰ ਦੇ ਸਾਰੇ ਦੇਸ਼ ਵਿੱਚ ਗਿਆ। 46 ਜਦ ਯੂਸੁਫ਼ ਮਿਸਰ ਦੇ ਰਾਜਾ ਫ਼ਿਰਊਨ ਦੇ ਸਨਮੁਖ ਖੜ੍ਹਾ ਹੋਇਆ ਤਾਂ ਉਹ ਤੀਹ ਸਾਲ ਦਾ ਸੀ ਅਤੇ ਯੂਸੁਫ਼ ਨੇ ਫ਼ਿਰਊਨ ਦੇ ਸਾਹਮਣਿਓਂ ਨਿੱਕਲ ਕੇ ਮਿਸਰ ਦੇ ਸਾਰੇ ਦੇਸ਼ ਵਿੱਚ ਦੌਰਾ ਕੀਤਾ। 47 ਭਰਪੂਰੀ ਦੇ ਸੱਤ ਸਾਲਾਂ ਵਿੱਚ ਧਰਤੀ ਉੱਤੇ ਭਰਪੂਰ ਫ਼ਸਲ ਹੋਈ। 48 ਤਦ ਉਸ ਨੇ ਉਨ੍ਹਾਂ ਸੱਤ ਸਾਲਾਂ ਵਿੱਚ ਜੋ ਮਿਸਰ ਦੇਸ਼ ਉੱਤੇ ਆਏ, ਸਾਰਾ ਅੰਨ ਇਕੱਠਾ ਕੀਤਾ ਅਤੇ ਨਗਰਾਂ ਵਿੱਚ ਰੱਖਿਆ ਅਤੇ ਹਰ ਇੱਕ ਨਗਰ ਦੇ ਨੇੜੇ-ਤੇੜੇ ਦੇ ਖੇਤਾਂ ਦਾ ਅੰਨ ਉਸੇ ਨਗਰ ਵਿੱਚ ਰੱਖਿਆ। 49 ਯੂਸੁਫ਼ ਨੇ ਢੇਰ ਸਾਰਾ ਅੰਨ ਸਮੁੰਦਰ ਦੀ ਰੇਤ ਵਾਂਗੂੰ ਜਮ੍ਹਾ ਕਰ ਲਿਆ ਅਤੇ ਉਹ ਇੰਨ੍ਹਾਂ ਜ਼ਿਆਦਾ ਸੀ ਕਿ ਉਨ੍ਹਾਂ ਨੇ ਉਸ ਦਾ ਲੇਖਾ ਕਰਨਾ ਛੱਡ ਦਿੱਤਾ ਕਿਉਂ ਜੋ ਉਹ ਲੇਖਿਓਂ ਬਾਹਰ ਸੀ। 50 ਯੂਸੁਫ਼ ਦੇ ਦੋ ਪੁੱਤਰ ਕਾਲ ਦੇ ਸਮੇਂ ਤੋਂ ਪਹਿਲਾਂ ਪੈਦਾ ਹੋਏ, ਜਿਨ੍ਹਾਂ ਨੂੰ ਊਨ ਸ਼ਹਿਰ ਦੇ ਜਾਜਕ ਪੋਟੀ-ਫ਼ਰਾ ਦੀ ਧੀ ਆਸਨਥ ਨੇ ਜਨਮ ਦਿੱਤਾ। 51 ਯੂਸੁਫ਼ ਨੇ ਪਹਿਲੌਠੇ ਦਾ ਨਾਮ ਮਨੱਸ਼ਹ* 41:51 ਭੁੱਲ ਜਾਣਾ ਰੱਖਿਆ ਕਿਉਂ ਜੋ ਉਸ ਨੇ ਆਖਿਆ ਕਿ ਪਰਮੇਸ਼ੁਰ ਨੇ ਮੈਨੂੰ ਮੇਰੇ ਸਾਰੇ ਕਸ਼ਟ ਅਤੇ ਮੇਰੇ ਪਿਤਾ ਦਾ ਸਾਰਾ ਘਰ ਭੁਲਾ ਦਿੱਤਾ ਹੈ। 52 ਦੂਜੇ ਦਾ ਨਾਮ ਇਹ ਆਖ ਕੇ ਇਫ਼ਰਾਈਮ† 41:52 ਫਲਦਾਰ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਮੇਰੇ ਦੁੱਖ ਦੇ ਦੇਸ਼ ਵਿੱਚ ਫਲਦਾਰ ਬਣਾਇਆ ਹੈ। 53 ਭਰਪੂਰੀ ਦੇ ਸੱਤ ਸਾਲ ਜਿਹੜੇ ਮਿਸਰ ਦੇਸ਼ ਉੱਤੇ ਆਏ ਸਨ, ਮੁੱਕ ਗਏ। 54 ਜਦ ਕਾਲ ਦੇ ਸੱਤ ਸਾਲ ਸ਼ੁਰੂ ਹੋਏ ਜਿਵੇਂ ਯੂਸੁਫ਼ ਨੇ ਆਖਿਆ ਸੀ, ਤਾਂ ਸਾਰੇ ਦੇਸਾਂ ਵਿੱਚ ਕਾਲ ਸੀ ਪਰ ਸਾਰੇ ਮਿਸਰ ਦੇਸ਼ ਵਿੱਚ ਰੋਟੀ ਸੀ। 55 ਜਦ ਮਿਸਰ ਦਾ ਸਾਰਾ ਦੇਸ਼ ਭੁੱਖਾ ਮਰਨ ਲੱਗਾ ਤਦ ਪਰਜਾ ਫ਼ਿਰਊਨ ਦੇ ਅੱਗੇ ਰੋਟੀ ਲਈ ਦੁਹਾਈ ਦੇਣ ਲੱਗੀ, ਅਤੇ ਫ਼ਿਰਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ, ਯੂਸੁਫ਼ ਕੋਲ ਜਾਓ ਅਤੇ ਜੋ ਕੁਝ ਉਹ ਆਖੇ ਸੋ ਕਰੋ। 56 ਸਾਰੀ ਧਰਤੀ ਉੱਤੇ ਕਾਲ ਸੀ ਤਾਂ ਯੂਸੁਫ਼ ਨੇ ਸਾਰੇ ਭੰਡਾਰ ਖੋਲ੍ਹ ਕੇ ਮਿਸਰੀਆਂ ਕੋਲ ਅੰਨ ਵੇਚਿਆ, ਕਿਉਂ ਜੋ ਮਿਸਰ ਦੇਸ਼ ਵਿੱਚ ਕਾਲ ਬਹੁਤ ਸਖ਼ਤ ਹੋ ਗਿਆ। 57 ਸਾਰੇ ਸੰਸਾਰ ਦੇ ਲੋਕ ਯੂਸੁਫ਼ ਦੇ ਕੋਲੋਂ ਅੰਨ ਖਰੀਦਣ ਲਈ ਮਿਸਰ ਵਿੱਚ ਆਉਣ ਲੱਗੇ ਕਿਉਂ ਜੋ ਸਾਰੀ ਧਰਤੀ ਉੱਤੇ ਕਾਲ ਬਹੁਤ ਸਖ਼ਤ ਸੀ।