ਇਬਰਾਨੀਆਂ ਨੂੰ
ਲੇਖਕ
ਇਬਰਾਨੀਆਂ ਨੂੰ ਲਿਖੀ ਪੱਤ੍ਰੀ ਦਾ ਲੇਖਕ ਗੁਪਤ ਹੈ। ਕੁਝ ਵਿਦਵਾਨਾਂ ਦੁਆਰਾ ਪੌਲੁਸ ਨੂੰ ਇਸ ਦੇ ਲੇਖਕ ਦੇ ਰੂਪ ਵਿੱਚ ਸੁਝਾਇਆ ਗਿਆ ਹੈ, ਪਰ ਵਾਸਤਵਿਕ ਲੇਖਕ ਅਗਿਆਤ ਹੀ ਹੈ। ਕੋਈ ਹੋਰ ਪੁਸਤਕ ਐਨੇ ਪ੍ਰਸ਼ੰਸਾਵਾਦੀ ਰੂਪ ਵਿੱਚ ਮਸੀਹ ਨੂੰ ਮਸੀਹਤ ਦਾ ਪ੍ਰਧਾਨ ਜਾਜਕ, ਹਾਰੂਨ ਦੀ ਜਾਜਕਾਈ ਨਾਲੋਂ ਉੱਤਮ ਅਤੇ ਬਿਵਸਥਾ ਅਤੇ ਭਵਿੱਖਬਾਣੀਆਂ ਦੀ ਪੂਰਤੀ ਕਰਨ ਵਾਲਾ ਕਰਕੇ ਨਹੀਂ ਦਰਸਾਉਂਦੀ, ਜਿੰਨਾ ਕਿ ਇਹ ਪੱਤ੍ਰੀ ਦੱਸਦੀ ਹੈ। ਇਹ ਪੱਤ੍ਰੀ ਮਸੀਹ ਨੂੰ ਸਾਡੇ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਕਰਕੇ ਦਰਸਾਉਂਦੀ ਹੈ (ਇਬਰਾਨੀਆਂ 12:2)।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 64-70 ਈ. ਦੇ ਵਿਚਕਾਰ ਲਿਖੀ ਗਈ।
ਇਬਰਾਨੀਆਂ ਦੀ ਇਹ ਪੱਤ੍ਰੀ ਯਰੂਸ਼ਲਮ ਵਿੱਚ ਲਿਖੀ ਗਈ ਸੀ, ਮਸੀਹ ਦੇ ਸਵਰਗ ਵਾਪਸ ਜਾਣ ਤੋਂ ਕੁਝ ਸਮਾਂ ਬਾਅਦ ਅਤੇ ਯਰੂਸ਼ਲਮ ਦੀ ਤਬਾਹੀ ਤੋਂ ਕੁਝ ਸਮਾਂ ਪਹਿਲਾਂ।
ਪ੍ਰਾਪਤ ਕਰਤਾ
ਇਹ ਪੱਤ੍ਰੀ ਮੁੱਖ ਤੌਰ ਤੇ ਯਹੂਦੀ ਵਿਸ਼ਵਾਸੀਆਂ ਲਈ ਲਿਖੀ ਗਈ ਸੀ, ਜਿਹੜੇ ਪੁਰਾਣੇ ਨਿਯਮ ਦੇ ਜਾਣੂ ਸਨ ਅਤੇ ਜੋ ਯਹੂਦੀ ਧਰਮ ਵਿੱਚ ਵਾਪਸ ਪਰਤਣ ਲਈ ਜਾਂ ਖੁਸ਼ਖਬਰੀ ਨੂੰ ਯਹੂਦੀ ਧਰਮ ਦੇ ਅਨੁਸਾਰ ਬਦਲਣ ਲਈ ਪਰਤਾਏ ਜਾ ਰਹੇ ਸਨ। ਇਹ ਵੀ ਅੰਦਾਜ਼ਾ ਲਗਾਇਆ ਜਾਂਦਾ ਹੈ ਇਸ ਦੇ ਪ੍ਰਾਪਤ ਕਰਤਾ ਇੱਕ ਵੱਡੀ ਗਿਣਤੀ ਵਿੱਚ ਉਹ ਜਾਜਕ ਸਨ ਜਿਨ੍ਹਾਂ ਨੇ ਵਿਸ਼ਵਾਸ ਦੇ ਪ੍ਰਤੀ ਆਗਿਆਕਾਰੀ ਕੀਤੀ ਸੀ (ਰਸੂਲ 6:7)।
ਉਦੇਸ਼
ਇਬਰਾਨੀਆਂ ਦੇ ਲੇਖਕ ਨੇ ਆਪਣੇ ਪਾਠਕਾਂ ਨੂੰ ਸਥਾਨਕ ਯਹੂਦੀ ਸਿੱਖਿਆਵਾਂ ਨੂੰ ਰੱਦ ਕਰਨ ਅਤੇ ਯਿਸੂ ਦੇ ਪ੍ਰਤੀ ਵਫ਼ਾਦਾਰ ਰਹਿਣ ਅਤੇ ਯਿਸੂ ਮਸੀਹ ਨੂੰ ਉੱਤਮ ਦਰਸਾਉਣ ਲਈ ਉਤਸ਼ਾਹਿਤ ਕਰਨ ਲਈ ਇਹ ਪੱਤ੍ਰੀ ਲਿਖੀ, ਪਰਮੇਸ਼ੁਰ ਦਾ ਪੁੱਤਰ ਸਵਰਗ ਦੂਤਾਂ, ਜਾਜਕਾਂ, ਪੁਰਾਣੇ ਨੇਮ ਦੇ ਆਗੂਆਂ ਜਾਂ ਕਿਸੇ ਵੀ ਧਰਮ ਨਾਲੋਂ ਉੱਤਮ ਹੈ। ਸਲੀਬ ਉੱਤੇ ਮਰ ਕੇ ਅਤੇ ਮੁਰਦਿਆਂ ਵਿੱਚੋਂ ਜੀ ਉੱਠ ਕੇ, ਯਿਸੂ ਨੇ ਵਿਸ਼ਵਾਸੀਆਂ ਦੀ ਮੁਕਤੀ ਅਤੇ ਸਦੀਪਕ ਜੀਵਨ ਨੂੰ ਯਕੀਨੀ ਬਣਾਇਆ, ਸਾਡੇ ਪਾਪਾਂ ਲਈ ਮਸੀਹ ਦੀ ਕੁਰਬਾਨੀ ਸਿੱਧ ਅਤੇ ਸੰਪੂਰਣ ਸੀ, ਵਿਸ਼ਵਾਸ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ, ਅਸੀਂ ਪਰਮੇਸ਼ੁਰ ਦੀ ਆਗਿਆਕਾਰੀ ਕਰਕੇ ਆਪਣੀ ਨਿਹਚਾ ਪ੍ਰਗਟ ਕਰਦੇ ਹਾਂ।
ਵਿਸ਼ਾ-ਵਸਤੂ
ਮਸੀਹ ਦੀ ਉੱਤਮਤਾਈ
ਰੂਪ-ਰੇਖਾ
1. ਯਿਸੂ ਮਸੀਹ ਦੂਤਾਂ ਤੋਂ ਉੱਚਾ ਹੈ — 1:1-2:18
2. ਯਿਸੂ ਬਿਵਸਥਾ ਅਤੇ ਪੁਰਾਣੇ ਨੇਮ ਨਾਲੋਂ ਉੱਤਮ ਹੈ — 3:1-10:18
3. ਵਫ਼ਾਦਾਰ ਹੋਣ ਲਈ ਅਤੇ ਪਰਤਾਵੇ ਸਹਿਣ ਲਈ ਬੁਲਾਹਟ — 10:19-12:29
4. ਅੰਤਿਮ ਉਪਦੇਸ਼ ਅਤੇ ਨਮਸਕਾਰ — 13:1-25
1
ਪਰਮੇਸ਼ੁਰ ਦਾ ਵਚਨ, ਪੁੱਤਰ ਦੁਆਰਾ
1 ਪਰਮੇਸ਼ੁਰ ਨੇ ਬੀਤੇ ਹੋਏ ਸਮਿਆਂ ਵਿੱਚ ਨਬੀਆਂ ਦੇ ਦੁਆਰਾ ਸਾਡੇ ਬਜ਼ੁਰਗਾਂ ਨਾਲ ਕਈ ਵਾਰੀ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ। 2 ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਦੁਆਰਾ ਗੱਲ ਕੀਤੀ, ਜਿਸ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਿਸ ਬਣਾਇਆ ਅਤੇ ਉਸੇ ਦੇ ਦੁਆਰਾ ਉਹ ਨੇ ਸੰਸਾਰ ਨੂੰ ਵੀ ਰਚਿਆ। 3 ਉਹ ਉਸ ਮਹਿਮਾ ਦਾ ਪ੍ਰਕਾਸ਼ ਅਤੇ ਉਸ ਦੀ ਸਖਸ਼ੀਅਤ ਦਾ ਨਕਸ਼ ਹੋ ਕੇ, ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਅਤੇ ਪਾਪਾਂ ਨੂੰ ਸਾਫ਼ ਕਰ ਕੇ, ਸਰਬ ਉੱਚ ਸਥਾਨ ਵਿੱਚ ਅੱਤ ਮਹਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। 4 ਉਹ ਦੂਤਾਂ ਨਾਲੋਂ ਐਨਾ ਉੱਤਮ ਹੋਇਆ, ਜਿੰਨਾਂ ਉਹ ਨੇ ਉਨ੍ਹਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ।
ਪਰਮੇਸ਼ੁਰ ਦੇ ਪੁੱਤਰ ਦੀ ਸਰੇਸ਼ਠਤਾ
5 ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ੁਰ ਨੇ ਕਿਸਨੂੰ ਕਦੇ ਆਖਿਆ ਕਿ ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੈਨੂੰ ਜਨਮ ਦਿੱਤਾ ਹੈ?। ਅਤੇ ਫੇਰ, ਮੈਂ ਉਹ ਦਾ ਪਿਤਾ ਹੋਵਾਂਗਾ, ਅਤੇ ਉਹ ਮੇਰਾ ਪੁੱਤਰ ਹੋਵੇਗਾ। 6 ਅਤੇ ਜਦੋਂ ਉਸ ਪਹਿਲੇ ਨੂੰ ਸੰਸਾਰ ਵਿੱਚ ਫਿਰ ਲਿਆਉਂਦਾ ਹੈ ਤਾਂ ਉਹ ਕਹਿੰਦਾ ਹੈ - “ਪਰਮੇਸ਼ੁਰ ਦੇ ਸੱਭੇ ਦੂਤ ਉਹ ਨੂੰ ਮੱਥਾ ਟੇਕਣ।” 7 ਅਤੇ ਉਹ ਦੂਤਾਂ ਦੇ ਬਾਰੇ ਆਖਦਾ ਹੈ - ਉਹ ਆਪਣਿਆਂ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਬਣਾਉਂਦਾ ਹੈ। 8 ਪਰ ਪੁੱਤਰ ਦੇ ਬਾਰੇ - ਹੇ ਪਰਮੇਸ਼ੁਰ, ਤੇਰਾ ਸਿੰਘਾਸਣ ਸਦੀਪਕ ਕਾਲ ਤੱਕ ਹੈ ਅਤੇ ਤੇਰੇ ਰਾਜ ਦਾ ਅਧਿਕਾਰ ਧਾਰਮਿਕਤਾ ਦਾ ਅਧਿਕਾਰ ਹੈ, 9 ਤੂੰ ਧਰਮ ਨਾਲ ਪਿਆਰ ਅਤੇ ਬਦੀ ਨਾਲ ਵੈਰ ਕੀਤਾ; ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ। 10 ਅਤੇ ਇਹ ਵੀ, - ਹੇ ਪ੍ਰਭੂ, ਤੂੰ ਆਦ ਵਿੱਚ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ, 11 ਉਹ ਨਾਸ ਹੋ ਜਾਣਗੇ ਪਰ ਤੂੰ ਅਟੱਲ ਰਹਿੰਦਾ ਹੈਂ, ਉਹ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, 12 ਅਤੇ ਚਾਦਰ ਵਾਂਗੂੰ ਤੂੰ ਉਹਨਾਂ ਨੂੰ ਲਪੇਟੇਂਗਾ ਅਤੇ ਕੱਪੜੇ ਵਾਂਗੂੰ ਉਹ ਬਦਲੇ ਜਾਣਗੇ, ਪਰ ਤੂੰ ਉਹ ਹੀ ਹੈ ਅਤੇ ਤੇਰੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ। 13 ਪਰ ਦੂਤਾਂ ਵਿੱਚੋਂ ਕਿਸ ਦੇ ਬਾਰੇ ਉਹ ਨੇ ਕਦੇ ਆਖਿਆ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦੇਵਾਂ? 14 ਕੀ ਉਹ ਸਾਰੇ, ਮੁਕਤੀ ਪ੍ਰਾਪਤ ਕਰਨ ਵਾਲਿਆਂ ਦੀ ਸੇਵਾ ਕਰਨ ਲਈ ਭੇਜੇ ਗਏ ਆਤਮੇ ਨਹੀਂ ਹਨ?