1 ਬੈਤਲਹਮ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ। ਉਸਦਾ ਨਾਮ ਬੋਅਜ਼ ਸੀ। ਬੋਅਜ਼ ਅਲੀਮਲਕ ਦੇ ਪਰਿਵਾਰ ਵਿੱਚੋਂ ਨਾਓਮੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਸੀ।
2 ਇੱਕ ਦਿਨਮ (ਮੋਆਬ ਦੀ ਔਰਤ) ਰੂਥ ਨੇ ਨਾਓਮੀ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਮੈਨੂੰ ਖੇਤਾ ਵਿੱਚ ਜਾਣਾ ਚਾਹੀਦਾ ਹੈ। ਸ਼ਾਇਦ ਮੈਨੂੰ ਕੋਈ ਅਜਿਹਾ ਬੰਦਾ ਮਿਲ ਜਾਵੇ ਮਿਹੜਾ ਮੇਰੇ ਉੱਤੇ ਮਿਹਰਬਾਨ ਹੋਵੇ ਅਤੇ ਮੈਨੂੰ ਆਪਣੇ ਖੇਤਾਂ ਵਿੱਚੋਂ ਬਚੇ ਹੋਏ ਅਨਾਜ਼ ਨੂੰ ਇਕਠਾ ਕਰਨ ਦੇਵੇ।”ਨਾਓਮੀ ਨੇ ਆਖਿਆ, “ਚੰਗੀ ਗੱਲ ਹੈ ਧੀਏ ਜਾ।”
3 ਇਸ ਲਈ ਰੂਥ ਖੇਤਾਂ ਵੱਲ ਗਈ। ਉਸਨੇ ਉਨ੍ਹਾਂ ਕਾਮਿਆਂ ਦਾ ਪਿੱਛਾ ਕੀਤਾ ਜਿਹੜੇ ਅਨਾਜ਼ ਕੱਟ ਰਹੇ ਸਨ ਅਤੇ ਉਸਨੇ ਬਚਿਆ ਹੋਇਆ ਅਨਾਜ਼ ਇਕਠਾ ਕਰ ਲਿਆ। ਗੱਲ ਇਸ ਤਰ੍ਹਾਂ ਹੋਈ ਕਿ ਉਸ ਖੇਤ ਦਾ ਇੱਕ ਹਿੱਸਾ ਅਲੀਮਲਕ ਦੇ ਪਰਿਵਾਰ ਦੇ ਇੱਕ ਬੰਦੇ ਬੋਅਜ਼ ਦਾ ਸੀ।
4 ਬਾਦ ਵਿੱਚ ਬੋਅਜ਼ ਬੈਤਲਹਮ ਵਿੱਚੋਂ ਖੇਤ ਵੱਲ ਆਇਆ। ਬੋਅਜ਼ ਨੇ ਆਪਣੇ ਕਾਮਿਆਂ ਨਾਲ ਦੁਆ ਸਲਾਮ ਕੀਤੀ। ਉਸਨੇ ਆਖਿਆ, “ਯਹੋਵਾਹ ਤੁਹਾਡੇ ਅੰਗ-ਸੰਗ ਰਹੇ!”ਅਤੇ ਕਾਮਿਆਂ ਨੇ ਜਵਾਬ ਦਿੱਤਾ, “ਅਤੇ ਯਹੋਵਾਹ ਤੈਨੂੰ ਅਸੀਸ ਦੇਵੇ।”
5 ਫ਼ੇਰ ਬੋਅਜ਼ ਨੇ ਆਪਣੇ ਉਸ ਨੌਕਰ ਨਾਲ ਗੱਲ ਕੀਤੀ ਜਿਹੜਾ ਕਾਮਿਆਂ ਦਾ ਨਿਗਰਾਨ ਸੀ। ਉਸਨੇ ਪੁਛਿਆ, “ਉਹ ਕਿਸਦੀ ਕੁੜੀ ਹੈ?”
6 ਨੌਕਰ ਨੇ ਜਵਾਬ ਦਿੱਤਾ, “ਉਹ ਮੋਆਬੀ ਔਰਤ ਹੈ ਜਿਹੜੀ ਨਾਓਮੀ ਦੇ ਨਾਲ ਮੋਆਬ ਦੀ ਧਰਤੀ ਤੋਂ ਆਈ ਹੈ।
7 ਉਹ ਮੇਰੇ ਕੋਲ ਆਈ ਅਤੇ ਪੁਛਿਆ ਕੀ ਉਹ ਕਾਮਿਆਂ ਦੁਆਰਾ ਛੱਡਿਆ ਹੋਇਆ ਅਨਾਜ਼ ਇਕਠਾ ਕਰ ਸਕਦੀ ਹੈ, ਉਸਨੇ, ਸ਼ਰਣ-ਸਥਾਨ ਵਿੱਚ ਥੋੜਾ ਜਿਹਾ ਅਰਾਮ ਕਰਨ ਤੋਂ ਇਲਾਵਾ, ਸਵੇਰੇ ਤੋਂ ਲੈਕੇ ਹੁਣ ਤਾਈਂ ਕੰਮ ਕੀਤਾ ਹੈ।”
8 ਤਾਂ ਬੋਅਜ਼ ਨੇ ਰੂਥ ਨੂੰ ਆਖਿਆ, “ਸੁਣ, ਮੇਰੀਏ ਧੀਏ। ਆਪਣੇ ਲਈ ਅਨਾਜ਼ ਇਕਠਾ ਕਰਨ ਵਾਸਤੇ ਇੱਥੇ ਮੇਰੇ ਖੇਤ ਵਿੱਚ ਠਹਿਰ ਜਾ। ਤੈਨੂੰ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚ ਜਾਣ ਦੀ ਲੋੜ ਨਹੀਂ। ਮੇਰੀਆਂ ਕਾਮੀਆਂ ਦੇ ਮਗਰ-ਮਗਰ ਚੱਲਦੀ ਜਾ।
9 ਇਹ ਦੇਖ ਕਿ ਉਹ ਕਿਹੜੇ ਖੇਤ ਵੱਲ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪਿਛੇ ਜਾ। ਮੈਂ ਨੌਜਵਾਨ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਤੈਨੂੰ ਤੰਗ ਨਾ ਕਰਨ। ਜਦੋਂ ਤੈਨੂੰ ਪਿਆਸ ਲੱਗੇ ਤਾਂ ਉਸ ਘੜੇ ਵਿੱਚੋਂ ਪਾਣੀ ਪੀ ਲਵੀ ਜਿਸ ਵਿੱਚੋਂ ਮੇਰੇ ਆਦਮੀ ਪੀਂਦੇ ਹਨ।”
10 ਫ਼ੇਰ ਰੂਥ ਨੇ ਝੁਕਕੇ ਪ੍ਰਣਾਮ ਕੀਤਾ। ਉਸਨੇ ਬੋਅਜ਼ ਨੂੰ ਆਖਿਆ, “ਮੈਨੂੰ ਹੈਰਾਨੀ ਹੈ ਕਿ ਤੁਸੀਂ ਮੇਰੇ ਵੱਲ ਧਿਆਨ ਕਰ ਲਿਆ! ਮੈਂ ਤਾਂ ਅਜਨਬੀ ਹਾਂ ਪਰ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨੀ ਕੀਤੀ ਹੈ।”
11 ਬੋਅਜ਼ ਨੇ ਉਸਨੂੰ ਜਵਾਬ ਦਿੱਤਾ, “ਮੈਨੂੰ ਉਸ ਸਾਰੀ ਸਹਾਇਤਾ ਬਾਰੇ ਪਤਾ ਹੈ ਜਿਹੜੀ ਤੂੰ ਆਪਣੀ ਸਸ੍ਸ ਨਾਓਮੀ ਨੂੰ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਤੂੰ ਉਦੋਂ ਵੀ ਉਸਦੀ ਸਹਾਇਤਾ ਕੀਤੀ ਜਦੋਂ ਤੇਰੇ ਪਤੀ ਦਾ ਦੇਹਾਂਤ ਹੋ ਗਿਆ। ਅਤੇ ਮੈਂ ਜਾਣਦਾ ਹਾਂ ਕਿ ਤੂੰ ਆਪਣੇ ਮਾਤਾ-ਪਿਤਾ ਅਤੇ ਆਪਨੇ ਦੇਸ਼ ਨੂੰ ਛੱਡਕੇ ਇਸ ਦੇਸ਼ ਵਿੱਚ ਆ ਗਈ ਹੈਂ। ਤੂੰ ਇਸ ਦੇਸ਼ ਦੇ ਕਿਸੇ ਹੋਰ ਬੰਦੇ ਨੂੰ ਨਹੀਂ ਜਾਣਦੀ ਸੀ ਪਰ ਤੂੰ ਨਾਓਮੀ ਦੇ ਨਾਲ ਇੱਥੇ ਆ ਗਈ।
12 ਯਹੋਵਾਹ ਤੈਨੂੰ ਇਨ੍ਹਾਂ ਸਾਰੇ ਨੇਕ ਕੰਮਾਂ ਦਾ ਫ਼ਲ ਦੇਵੇਗਾ ਜੋ ਤੂੰ ਕੀਤੇ ਹਨ। ਤੈਨੂੰ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਪੂਰਾ ਇਵਜ਼ਾਨਾ ਦੇਵੇਗਾ। ਤੂੰ ਉਸ ਕੋਲ ਸ਼ਰਣ ਲਈ ਹੈ। ਅਤੇ ਉਹ ਤੇਰੀ ਰੱਖਿਆ ਕਰੇਗਾ।”
13 ਤਾਂ ਰੂਥ ਨੇ ਆਖਿਆ, “ਸ਼੍ਰੀਮਾਨ ਜੀ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨ ਹੋ। ਮੈਂ ਤਾਂ ਸਿਰਫ਼ ਇੱਕ ਨੌਕਰ ਹਾਂ। ਮੈਂ ਤੁਹਾਡੇ ਕਿਸੇ ਇੱਕ ਨੌਕਰ ਦੇ ਵੀ ਬਰਾਬਰ ਨਹੀਂ ਹਾਂ। ਪਰ ਤੁਸੀਂ ਮੈਨੂੰ ਮਿਹਰ ਭਰੇ ਸ਼ਬਦ ਆਖੇ ਹਨ ਅਤੇ ਮੈਨੂੰ ਹੌਸਲਾ ਦਿੱਤਾ ਹੈ।
14 ਦੁਪਿਹਰ ਦੀ ਰੋਟੀ ਸਮੇਂ ਬੋਅਜ਼ ਨੇ ਰੂਥ ਨੂੰ ਆਖਿਆ, “ਇੱਥੇ ਆ ਜਾ! ਸਾਡੀ ਰੋਟੀ ਵਿੱਚੋਂ ਕੁਝ ਖਾ ਲੈ। ਇੱਥੇ ਆਪਣੀ ਰੋਟੀ ਸਾਡੇ ਸਿਰਕੇ ਵਿੱਚ ਡੁਬੋ ਲੈ।”ਇਸ ਲਈ ਰੂਥ ਕਾਮਿਆਂ ਦੇ ਨਾਲ ਹੀ ਬੈਠ ਗਈ। ਬੋਅਜ਼ ਨੇ ਉਸਨੂੰ ਕੁਝ ਭੁਜਿਆ ਹੋਇਆ ਅਨਾਜ਼ ਦਿੱਤਾ। ਰੂਥ ਨੇ ਪੇਟ ਭਰਕੇ ਖਾਧਾ ਅਤੇ ਕੁਝ ਭੋਜਨ ਬਚ ਗਿਆ।
15 ਫ਼ੇਰ ਰੂਥ ਉਠ ਖਲੋਤੇ ਅਤੇ ਕੰਮ ਉੱਤੇ ਵਾਪਸ ਚਲੀ ਗਈ।ਫ਼ੇਰ ਬੋਅਜ਼ ਨੇ ਆਪਣੇ ਨੌਕਰਾਂ ਨੂੰ ਆਖਿਆ, “ਰੂਥ ਨੂੰ ਅਨਾਜ਼ ਦੀਆਂ ਢੇਰੀਆਂ ਦੇ ਲਾਗਿਉ ਵੀ ਇਕਠਾ ਕਰਨ ਦਿਉ। ਉਸਨੂੰ ਰੋਕਿਓ ਨਾ।
16 ਜ਼ਮੀਨ ਉੱਤੇ ਕੁਝ ਅਨਾਜ਼ ਨਾਲ ਭਰੇ ਸਿੱਟੇ ਸੁੱਟਕੇ ਉਸਦਾ ਕੰਮ ਆਸਾਨ ਕਰ ਦਿਉ। ਉਸਨੂੰ ਇਹ ਅਨਾਜ਼ ਇਕਠਾ ਕਰ ਲੈਣ ਦਿਉ ਅਤੇ ਉਸਨੂੰ ਤੰਗ ਨਾ ਕਰਿਉ।”
17 ਰੂਥ ਨੇ ਸ਼ਾਮ ਤੱਕ ਖੇਤਾਂ ਵਿੱਚ ਕੰਮ ਕੀਤਾ। ਫ਼ੇਰ ਉਸਨੇ ਅਨਾਜ਼ ਨੂੰ ਤੂੜੀ ਨਾਲੋਂ ਵੱਖ ਕੀਤਾ। ਉਸਦੇ ਕੋਲ ਲਗਭਗ
10 ਕਿੱਲੋ ਜੌਁ ਸਨ।
18 ਰੂਥ ਉਹ ਅਨਾਜ਼ ਚੁੱਕੇ ਸ਼ਹਿਰ ਲੈ ਗਈ ਆਪਣੀ ਸਸ੍ਸ ਨੂੰ ਇਹ ਦਿਖਾਉਣ ਲਈ ਕਿ ਉਸਨੇ ਕੀ ਇਕਠਾ ਕੀਤਾ ਹੈ। ਉਸਨੇ ਉਸਨੂੰ ਕੁਝ ਭੋਜਨ ਵੀ ਦਿੱਤਾ ਜਿਹੜਾ ਦੁਪਿਹਰ ਦੇ ਭੋਜਨ ਵਿੱਚੋਂ ਬਚ ਗਿਆ ਸੀ।
19 ਉਸਦੀ ਸਸ੍ਸ ਨੇ ਉਸਨੂੰ ਪੁਛਿਆ, “ਇਹ ਸਾਰਾ ਅਨਾਜ਼ ਤੂੰ ਕਿਥੋਂ ਇਕਠਾ ਕੀਤਾ ਹੈ? ਤੂੰ ਕਿਥੇ ਕੰਮ ਕੀਤਾ? ਉਸ ਆਦਮੀ ਨੂੰ ਅਸੀਸ ਦੇ ਜਿਸਨੇ ਤੇਰੇ ਵੱਲ ਧਿਆਨ ਦਿੱਤਾ।”ਫ਼ੇਰ ਰੂਥ ਨੇ ਉਸਨੂੰ ਦੱਸਿਆ ਕਿ ਉਸਨੇ ਕਿਸਦੇ ਨਾਲ ਕੰਮ ਕੀਤਾ ਸੀ। ਉਸਨੇ ਆਖਿਆ, “ਅੱਜ ਮੈਂ ਜਿਸ ਬੰਦੇ ਨਾਲ ਕੰਮ ਕੀਤਾ ਹੈ ਉਸਦਾ ਨਾਮ ਬੋਅਜ਼ ਹੈ।”
20 ਨਾਓਮੀ ਨੇ ਆਪਣੀ ਨੂਹ ਨੂੰ ਆਖਿਆ, “ਯਹੋਵਾਹ ਉਸਦਾ ਭਲਾ ਕਰੇ! ਉਸਨੇ ਜਿਉਂਦਿਆਂ ਅਤੇ ਮੁਰਦਿਆਂ ਦੋਹਾਂ ਉੱਤੇ ਮਿਹਰ ਕੀਤੀ ਹੈ।” ਫ਼ੇਰ ਨਾਓਮੀ ਨੇ ਆਪਣੀ ਨੂਹ ਨੂੰ ਆਖਿਆ, “ਬੋਅਜ਼ ਸਾਡੇ ਰਿਸ਼ਤੇਦਾਰਾਂ ਵਿੱਚੋਂ ਹੈ। ਬੋਅਜ਼ ਸਾਡੇ ਰਖਿਅਕਾਂ ਵਿੱਚੋਂ ਹੈ।”
21 ਫ਼ੇਰ ਰੂਥ ਨੇ ਆਖਿਆ, “ ਬੋਅਜ਼ ਨੇ ਮੈਨੂੰ ਇਹ ਵੀ ਆਖਿਆ ਸੀ ਕਿ ਮੈਂ ਫ਼ੇਰ ਆਵਾਂ ਅਤੇ ਕੰਮ ਕਰਦੀ ਰਹਾਂ। ਬੋਅਜ਼ ਨੇ ਆਖਿਆ ਸੀ ਕਿ ਮੈਂ ਫ਼ਸਲ ਦੀ ਪੂਰੀ ਵਾਢੀ ਹੋਣ ਤੀਕ ਉਸਦੇ ਨੌਕਰਾਂ ਨਾਲ ਨੇੜੇ ਰਹਿਕੇ ਕੰਮ ਕਰਾਂ।”
22 ਫ਼ੇਰ ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ, “ਤੇਰੇ ਲਈ ਉਸ ਦੀਆਂ ਕਾਮੀਆਂ ਨਾਲ ਕੰਮ ਕਰਦੇ ਰਹਿਣਾ ਚੰਗੀ ਗੱਲ ਹੈ। ਜੇ ਤੂੰ ਕਿਸੇ ਹੋਰ ਦੇ ਖੇਤ ਵਿੱਚ ਕੰਮ ਕਰੇਗੀ ਤਾਂ ਕੋਈ ਬੰਦਾ ਤੈਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।”
23 ਇਸ ਤਰ੍ਹਾਂ ਰੂਥ ਨੇ ਬੋਅਜ਼ ਦੀਆਂ ਕਾਮੀਆਂ ਨਾਲ ਨੇੜੇ ਹੋਕੇ ਕੰਮ ਕਰਨਾ ਜਾਰੀ ਰੱਖਿਆ। ਉਸਨੇ ਜੌਆਂ ਦੀ ਫ਼ਸਲ ਦੀ ਵਾਢੀ ਹੋਣ ਤੱਕ ਅਨਾਜ਼ ਇਕਠਾ ਕੀਤਾ। ਉਸਨੇ ਕਣਕ ਦੀ ਵਾਢੀ ਦੇ ਅੰਤ ਤੱਕ ਵੀ ਉਥੇ ਕੰਮ ਕੀਤਾ। ਰੂਥ ਆਪਣੀ ਸਸ੍ਸ ਨਾਓਮੀ ਦੇ ਨਾਲ ਰਹਿੰਦੀ ਰਹੀ।