1 ਅੱਯੂਬ ਨੇ ਆਪਣੀ ਕਹਾਣੀ ਜਾਰੀ ਰੱਖੀ ਅਤੇ ਆਖਿਆ,
2 "ਕਾਸ਼ ਮੇਰਾ ਜੀਵਨ ਹੁੰਦਾ ਜਿਵੇਂ ਇਹ ਕੁਝ ਮਹੀਨੇ ਪਹਿਲਾਂ ਸੀ। ਉਸ ਵੇਲੇ, ਪਰਮੇਸ਼ੁਰ ਨੇ ਮੇਰਾ ਖਿਆਲ ਰੱਖਿਆ ਅਤੇ ਮੇਰੀ ਦੇਖ-ਭਾਲ ਕੀਤੀ।
3 ਉਸ ਵੇਲੇ ਪਰਮੇਸ਼ੁਰ ਦੀ ਰੌਸ਼ਨੀ ਮੇਰੇ ਉੱਤੇ ਚਮਕਦੀ ਸੀ, ਤਾਂ ਜੋ ਮੈਂ ਹਨੇਰੇ ਵਿੱਚ ਤੁਰ ਸਕਾਂ। ਪਰਮੇਸ਼ੁਰ ਨੇ ਮੈਨੂੰ ਸਹੀ ਜੀਵਨ ਢੰਗ ਦਰਸਾਇਆ ਸੀ।
4 ਮੈਂ ਉਨ੍ਹਾਂ ਦਿਨਾਂ ਨੂੰ ਲੋਚਦਾ ਹਾਂ ਜਦੋਂ ਮੈਂ ਵਧੀਆ ਹਲਾਤਾਂ ਵਿੱਚ ਸਾਂ ਅਤੇ ਪਰਮੇਸ਼ੁਰ ਮੇਰਾ ਨਜ਼ਦੀਕੀ ਮਿੱਤਰ ਸੀ। ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੀ ਅਸੀਸ ਮੇਰੇ ਘਰ ਉੱਤੇ ਸੀ।
5 ਮੈਂ ਉਸ ਸਮੇਂ ਨੂੰ ਲੋਚਦਾ ਹਾਂ ਜਦੋਂ ਹਾਲੇ ਸਰਬ-ਸ਼ਕਤੀਮਾਨ ਪਰਮੇਸ਼ੁਰ ਮੇਰੇ ਨਾਲ ਸੀ ਅਤੇ ਮੇਰੇ ਬੱਚੇ ਮੇਰੇ ਆਲੇ-ਦੁਆਲੇ ਸਨ।
6 ਜ਼ਿਂਦਗੀ ਉਸ ਵੇਲੇ ਬਹੁਤ ਵਧੀਆ ਸੀ। ਮੈਂ ਆਪਣੇ ਪੈਰ ਮਲਾਈ ਨਾਲ ਧੋਁਦਾ ਸੀ ਅਤੇ ਮੇਰੇ ਕੋਲ ਵਧੀਆ ਤੇਲਾਂ ਦਾ ਭਂਡਾਰ ਸੀ।
7 ਉਹ ਦਿਨ ਸਨ ਜਦੋਂ ਮੈਂ ਸ਼ਹਿਰ ਦੇ ਫ਼ਾਟਕ ਵੱਲ ਜਾਂਦਾ ਸਾਂ ਤੇ ਆਮ ਸਭਾ ਦੇ ਸਬਾਨ ਵਿੱਚ ਸ਼ਹਿਰ ਦੇ ਵੱਡੇਰਿਆਂ ਦੇ ਨਾਲ ਬੈਠਦਾ ਸਾਂ।
8 ਉੱਥੇ ਸਾਰੇ ਲੋਕ ਮੇਰੀ ਇੱਜ਼ਤ ਕਰਦੇ ਸਨ। ਜਵਾਨ ਆਦਮੀ ਮੇਰੇ ਲਈ ਰਾਹ ਛੱਡ ਦਿੰਦੇ ਸਨ ਜਦੋਂ ਉਹ ਮੈਨੂੰ ਆਉਂਦਿਆਂ ਦੇਖਦੇ ਸਨ। ਤੇ ਬਜ਼ੁਰਗ ਆਦਮੀ ਉੱਠ ਖਲੋਂਦੇ ਸਨ। ਉਹ ਮੇਰੇ ਲਈ ਆਪਣੀ ਇੱਜ਼ਤ ਦਰਸਾਉਣ ਲਈ ਖਲੋ ਜਾਂਦੇ ਸਨ।
9 ਲੋਕਾਂ ਦੇ ਆਗੂ ਗੱਲਾਂ ਕਰਨੋ ਹਟ ਜਾਂਦੇ ਸਨ ਤੇ ਹੋਰਾਂ ਲੋਕਾਂ ਨੂੰ ਚੁੱਪ ਕਰਾਉਣ ਲਈ ਆਪਣੇ ਮੂੰਹਾਂ ਉੱਤੇ ਆਪਣੇ ਹੱਥ ਰੱਖ ਲੈਂਦੇ ਸਨ।
10 ਬਹੁਤ ਮਹੱਤਵਪੂਰਣ ਆਗੂ ਵੀ ਆਪਣੀ ਆਵਾਜ਼ ਧੀਮੀ ਰੱਖਦੇ ਜਦੋਂ ਉਹ ਗੱਲ ਕਰਦੇ ਸਨ। ਹਾਂ, ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਦੀਆਂ ਜੀਭਾਂ ਉਨ੍ਹਾਂ ਦੇ ਤਾਲੂਆਂ ਨਾਲ ਜੁੜ ਗਈਆਂ ਹੋਣ।
11 ਲੋਕੀ ਸੁਣਦੇ ਸਨ ਜੋ ਵੀ ਮੈਂ ਆਖਦਾ ਸਾਂ ਤੇ ਮੇਰੇ ਬਾਰੇ ਚੰਗੀਆਂ ਗੱਲਾਂ ਕਰਦੇ ਸਨ। ਜੋ ਵੀ ਮੈਂ ਕਰਦਾ ਸਾਂ ਲੋਕੀਂ ਤੱਕਦੇ ਸਨ ਤੇ ਮੇਰੀ ਪ੍ਰਸ਼ਂਸਾ ਕਰਦੇ ਸਨ।
12 ਕਿਉਂਕਿ ਜਦੋਂ ਕੋਈ ਗਰੀਬ ਆਦਮੀ ਸਹਾਇਤਾ ਲਈ ਪੁਕਾਰ ਕਰਦਾ ਸੀ ਮੈਂ ਉਸ ਦੀ ਸਹਾਇਤਾ ਕੀਤੀ। ਮੈਂ ਉਸ ਬੱਚੇ ਨੂੰ ਸਹਾਇਤਾ ਦਿੱਤੀ ਜਿਹੜਾ ਯਤੀਮ ਸੀ ਤੇ ਜਿਸਦੀ ਦੇਖ ਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ।
13 ਮਰਨ ਵਾਲਾ ਆਦਮੀ ਮੈਨੂੰ ਅਸੀਸ ਦਿੰਦਾ ਸੀ। ਮੈਂ ਉਨ੍ਹਾਂ ਵਿਧਵਾਵਾਂ ਦੀ ਸਹਾਇਤਾ ਕੀਤੀ ਜਿਹੜੀਆਂ ਲੋੜਵਂਦ ਸਨ।
14 ਜੀਵਨ ਦਾ ਸਹੀ ਢੰਗ ਮੇਰੇ ਕੱਪੜਿਆਂ ਵਾਂਗ ਸੀ ਅਤੇ ਨਿਰਪੱਖਤਾ ਮੇਰੇ ਚੋਲੇ ਤੇ ਪਗੜੀ ਵਾਂਗ ਸੀ।
15 ਮੈਂ ਅੰਨ੍ਹੇ ਲਈ ਅੱਖਾਂ ਸਾਂ। ਮੈਂ ਜਿੱਥੇ ਵੀ ਉਹ ਚਾਹੁੰਦੇ ਸਨ, ਉਨ੍ਹਾਂ ਦੀ ਅਗਵਾਈ ਕੀਤੀ। ਮੈਂ ਲਂਗੜਿਆਂ ਅਤੇ ਅਪਾਹਿਜਾਂ ਲਈ ਪੈਰ ਸਾਂ। ਮੈਂ ਜਿੱਥੇ ਵੀ ਉਹ ਚਾਹੁੰਦੇ ਸਨ, ਉਨ੍ਹਾਂ ਨੂੰ ਚੁੱਕ ਕੇ ਲੈ ਜਾਂਦਾ ਸਾਂ।
16 ਮੈਂ ਗਰੀਬ ਲੋਕਾਂ ਲਈ ਇੱਕ ਪਿਉ ਵਰਗਾ ਸੀ। ਮੈਂ ਉਨ੍ਹਾਂ ਲੋਕਾਂ ਦੀ ਮੁਕੱਦਮੇ ਜਿੱਤਣ ਵਿੱਚ ਸਹਾਇਤਾ ਕਰਦਾ ਸਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਸਾਂ।
17 ਮੈਂ ਬੁਰੇ ਲੋਕਾਂ ਨੂੰ ਉਨ੍ਹਾਂ ਦੀ ਸ਼ਕਤੀ ਦੀ ਦੁਰ ਵਰਤੋਂ ਕਰਨੋ ਰੋਕਦਾ ਸਾਂ ਤੇ ਮੈਂ ਬੇਗੁਨਾਹ ਲੋਕਾਂ ਨੂੰ ਉਨ੍ਹਾਂ ਕੋਲੋਂ ਬਚਾਉਂਦਾ ਸਾਂ।
18 ਮੈਂ ਹਮੇਸ਼ਾ ਸੋਚਦਾ ਸਾਂ ਕਿ ਮੈਂ ਆਪਣੇ ਦੁਆਲੇ ਆਪਣਾ ਪਰਿਵਾਰ ਦੇਖਦਿਆਂ, ਬੁਢਾਪੇ ਵੱਲ ਵਧਦਿਆਂ ਲੰਮਾ ਜੀਵਨ ਜੀਵਾਂਗਾ।
19 ਮੈਂ ਸੋਚਦਾ ਸਾਂ ਕਿ ਮੈਂ ਸਿਹਤਮੰਦ ਅਤੇ ਨਰੋਆ ਹੋਵਾਂਗਾ ਜਿਵੇਂ ਕੋਈ ਅਜਿਹਾ ਪੌਦਾ ਹੁੰਦਾ ਹੈ ਜਿਸ ਦੀਆਂ ਜਢ਼ਾਂ ਨੂੰ ਚੋਖਾ ਪਾਣੀ ਮਿਲਦਾ ਹੈ ਤੇ ਜਿਸ ਦੀਆਂ ਟਾਹਣੀਆਂ ਤ੍ਰੇਲ ਨਾਲ ਭਿੱਜੀਆਂ ਹੁੰਦੀਆਂ ਨੇ।
20 ਮੈਂ ਸੋਚਦਾ ਸਾਂ ਕਿ ਹਰ ਦਿਨ ਨਵੀਆਂ ਅਤੇ ਉਤੇਜਕ ਸਂਭਾਵਾਨਾਵਾਂ ਨਾਲ ਭਰਿਆ ਹੋਇਆ ਹੋਵੇਗਾ।
21 ਪਿਛਲੇ ਸਮੇਂ ਵਿੱਚ ਲੋਕ ਮੈਨੂੰ ਸੁਣਦੇ ਸਨ। ਉਹ ਚੁੱਪ ਹੁੰਦੇ ਸਨ ਜਦੋਂ ਉਹ ਮੇਰੇ ਮਸ਼ਵਰੇ ਨੂੰ ਉਡੀਕਦੇ ਸਨ।
22 ਜਦੋਂ ਮੈਂ ਬੋਲਣਾ ਬੰਦ ਕਰਦਾ ਸਾਂ ਮੈਨੂੰ ਸੁਣਨ ਵਾਲੇ ਲੋਕਾਂ ਕੋਲ ਆਖਣ ਲਈ ਹੋਰ ਕੁਝ ਵੀ ਨਹੀਂ ਹੁੰਦਾ ਸੀ। ਮੇਰੇ ਸ਼ਬਦ ਉਨ੍ਹਾਂ ਦੇ ਕੰਨਾਂ ਵਿੱਚ ਕੋਮਲਤਾ ਨਾਲ ਪੈਂਦੇ ਸਨ।
23 ਲੋਕੀ ਮੇਰੇ ਬੋਲਣ ਦਾ ਇੰਤਜ਼ਾਰ ਕਰਦੇ ਸਨ ਜਿਵੇਂ ਉਹ ਬਾਰਿਸ਼ ਦਾ ਇੰਤਜ਼ਾਰ ਕਰਦੇ ਨੇ। ਲੋਕੀਂ ਮੇਰੇ ਸ਼ਬਦਾਂ ਨੂੰ ਪੀਁਦੇ ਸਨ ਜਿਵੇਂ ਕਿ ਉਹ ਬਸੰਤ ਰੁੱਤ ਦੀ ਬਾਰਿਸ਼ ਹੋਵੇ।
24 ਮੈਂ ਉਨ੍ਹਾਂ ਲੋਕਾਂ ਨਾਲ ਹੱਸਦਾ ਸਾਂ, ਅਤੇ ਉਹ ਇਸ ਤੇ ਵਿਸ਼ਵਾਸ ਨਾ ਕਰ ਸਕੇ। ਉਹ ਮੇਰੇ ਆਤਮੇ ਨੂੰ ਹੇਠਾਂ ਨਾ ਲਿਆਏ।
25 ਮੇਰੀ ਚੋਣ ਉਨ੍ਹਾਂ ਲੋਕਾਂ ਦੇ ਨਾਲ ਹੋਣਾ ਹੁੰਦੀ ਸੀ, ਭਾਵੇਂ ਕਿ ਮੈਂ ਉਨ੍ਹਾਂ ਦਾ ਆਗੂ ਸਾਂ। ਮੈਂ ਉਸ ਰਾਜੇ ਵਰਗਾ ਸਾਂ ਜਿਹੜਾ ਆਪਣੀਆਂ ਫ਼ੌਜਾਂ ਦੀ ਛਾਉਣੀ ਵਿੱਚ ਉਦਾਸ ਲੋਕਾਂ ਨੂੰ ਸਕੂਨ ਦਿੰਦਾ ਹੋਇਆ ਹੁੰਦਾ ਹੈ।