1 ਯਹੋਵਾਹ ਦਾ ਸ਼ੁਕਰਾਨਾ ਕਰੋ। ਉਸਦੇ ਨਾਮ ਦੀ ਉਪਾਸਨਾ ਕਰੋ। ਕੌਮਾਂ ਨੂੰ ਉਸਦੇ ਚਮਤਕਾਰਾਂ ਬਾਰੇ ਦੱਸੋ।
2 ਯਹੋਵਾਹ ਲਈ ਗੀਤ ਗਾਵੋ। ਉਸਦੀ ਉਸਤਤਿ ਗਾਵੋ ਉਸਦੇ ਚਮਤਕਾਰਾਂ ਬਾਰੇ ਦੱਸੋ।
3 ਯਹੋਵਾਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ। ਤੁਸੀਂ ਜਿਹੜੇ ਯਹੋਵਾਹ ਦੀ ਤਲਾਸ਼ ਵਿੱਚ ਆਏ ਸੀ ਖੁਸ਼ ਹੋ ਜਾਵੋ।
4 ਯਹੋਵਾਹ ਪਾਸੋਂ ਸ਼ਕਤੀ ਮੰਗੋ, ਹਮੇਸ਼ਾ ਸਹਾਇਤਾ ਲਈ ਉਸ ਵੱਲ ਤੱਕੋ।
5 ਉਸਦੇ ਕਰਿਸ਼ਮਿਆਂ ਅਤੇ ਸਿਆਣੇ ਨਿਰਣਿਆਂ ਨੂੰ ਚੇਤੇ ਰਖੋ।
6 ਤੁਸੀਂ ਉਸਦੇ ਨੌਕਰ ਅਬਰਾਹਾਮ ਦੀ ਔਲਾਦ ਹੋ। ਤੁਸੀਂ ਯਾਕੂਬ ਦੀ ਔਲਾਦ ਹੋ, ਜਿਸ ਬੰਦੇ ਨੂੰ ਪਰਮੇਸ਼ੁਰ ਨੇ ਚੁਣਿਆ ਸੀ।
7 ਯਹੋਵਾਹ ਹੀ ਸਾਡਾ ਪਰਮੇਸ਼ੁਰ ਹੈ। ਯਹੋਵਾਹ ਸਾਰੀ ਦੁਨੀਆਂ ਉੱਤੇ ਰਾਜ ਕਰਦਾ ਹੈ।
8 ਪਰਮੇਸ਼ੁਰ ਦੇ ਕਰਾਰ ਨੂੰ ਹਮੇਸ਼ਾ ਚੇਤੇ ਰਖੋ। ਉਸਦੇ ਹੁਕਮਾਂ ਨੂੰ ਆਉਣ ਵਾਲੀਆਂ ਹਜ਼ਾਰਾਂ ਪੀੜੀਆਂ ਤੱਕ ਯਾਦ ਕਰਦੇ ਰਹੋ।
9 ਪਰਮੇਸ਼ੁਰ ਨੇ ਅਬਰਾਹਾਮ ਨਾਲ ਇਕਰਾਰ ਕੀਤਾ ਸੀ। ਪਰਮੇਸ਼ੁਰ ਨੇ ਇਸ਼ਾਕ ਨੂੰ ਵਾਅਦਾ ਦਿੱਤਾ ਸੀ।
10 ਫ਼ੇਰ ਉਸਨੇ ਇਸਨੂੰ ਯਾਕੂਬ ਲਈ ਨੇਮ ਬਣਾ ਦਿੱਤਾ ਸੀ। ਪਰਮੇਸ਼ੁਰ ਨੇ ਜੋ ਕਰਾਰ ਇਸਰਾਏਲ ਨਾਲ ਕੀਤਾ ਸੀ ਸਦਾ ਲਈ ਜਾਰੀ ਰਹੇਗਾ।
11 ਪਰਮੇਸ਼ੁਰ ਨੇ ਆਖਿਆ ਸੀ, "ਮੈਂ ਤੁਹਾਨੂੰ ਕਨਾਨ ਦੀ ਧਰਤੀ ਦੇਵਾਂਗਾ। ਉਹ ਧਰਤੀ ਤੁਹਾਡੀ ਮਲਕੀਅਤ ਹੋਵੇਗੀ।
12 ਪਰਮੇਸ਼ੁਰ ਨੇ ਉਹ ਵਾਅਦਾ ਉਦੋਂ ਦਿੱਤਾ ਸੀ ਜਦੋਂ ਅਬਰਾਹਾਮ ਦਾ ਪਰਿਵਾਰ ਛੋਟਾ ਸੀ। ਉਹ ਅਜੇ ਮੁਸਾਫ਼ਰ ਸਨ ਅਤੇ ਉਥੇ ਵਕਤ ਕੱਟ ਰਹੇ ਸਨ।
13 ਉਨ੍ਹਾਂ ਨੇ ਕੌਮਾਂ ਤੋਂ ਕੌਮਾਂ, ਅਤੇ ਇੱਕ ਰਾਜ ਤੋਂ ਦੂਜੇ ਰਾਜ ਦਾ ਸਫ਼ਰ ਕੀਤਾ।
14 ਪਰ ਪਰਮੇਸ਼ੁਰ ਨੇ ਲੋਕਾਂ ਨੂੰ ਉਨ੍ਹਾਂ ਨਾਲ ਬਦਸਲੂਕੀ ਨਹੀਂ ਕਰਨ ਦਿੱਤੀ। ਪਰਮੇਸ਼ੁਰ ਨੇ ਰਾਜਿਆਂ ਨੂੰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਚਿਤਾਵਨੀ ਦਿੱਤੀ।
15 ਪਰਮੇਸ਼ੁਰ ਨੇ ਆਖਿਆ ਸੀ, "ਮੇਰੇ ਚੁਣੇ ਹੋਏ ਲੋਕਾਂ ਨੂੰ ਦੁੱਖ ਨਾ ਦਿਉ। ਮੇਰੇ ਨਬੀਆਂ ਦਾ ਕੁਝ ਵੀ ਬੁਰਾ ਨਾ ਕਰੋ।
16 ਪਰਮੇਸ਼ੁਰ ਨੇ ਉਸ ਦੇਸ਼ ਵਿੱਚ ਅਕਾਲ ਭੇਜਿਆ। ਲੋਕਾਂ ਕੋਲ ਖਾਣ ਲਈ ਕਾਫ਼ੀ ਭੋਜਨ ਨਹੀਂ ਸੀ।
17 ਪਰ ਪਰਮੇਸ਼ੁਰ, ਨੇ ਯੂਸੁਫ਼ ਨਾਮ ਦੇ ਬੰਦੇ ਨੂੰ ਉਨ੍ਹਾਂ ਦੇ ਅੱਗੇ ਜਾਣ ਲਈ ਭੇਜਿਆ। ਯੂਸੁਫ਼ ਨੂੰ ਇੱਕ ਗੁਲਾਮ ਵਾਂਗ ਵੇਚਿਆ ਗਿਆ ਸੀ।
18 ਉਨ੍ਹਾਂ ਨੇ ਯੂਸੁਫ਼ ਦੇ ਪੈਰਾਂ ਦੁਆਲੇ ਇੱਕ ਰੱਸਾ ਬੰਨ੍ਹ ਦਿੱਤਾ ਸੀ। ਉਨ੍ਹਾਂ ਨੇ ਉਸਦੇ ਗਲ ਵਿੱਚ ਇੱਕ ਬੇੜੀ ਪਾ ਦਿੱਤੀ ਸੀ।
19 ਯੂਸੁਫ਼ ਉਦੋਂ ਤੱਕ ਗੁਲਾਮ ਰੱਖਿਆ ਗਿਆ ਸੀ ਜਦੋਂ ਤੱਕ ਉਸ ਦੀਆਂ ਆਖੀਆਂ ਗੱਲਾਂ ਪੂਰੀਆਂ ਨਹੀਂ ਹੋਈਆਂ ਸਨ। ਸੱਚ ਮੁੱਚ ਯਹੋਵਾਹ ਦੇ ਸੰਦੇਸ਼ ਨੇ ਸਿਧ ਕਰ ਦਿੱਤਾ ਕਿ ਯੂਸੁਫ਼ ਸਹੀ ਸੀ।
20 ਇਸ ਲਈ ਮਿਸਰ ਦੇ ਰਾਜੇ ਨੇ ਉਸਨੂੰ ਮੁਕਤ ਕਰ ਦਿੱਤਾ ਸੀ। ਉਸ ਕੌਮ ਦਾ ਆਗੂ ਉਸਨੂੰ ਕੈਦ ਵਿੱਚੋਂ ਬਾਹਰ ਲੈ ਗਿਆ।
21 ਉਸਨੇ ਯੂਸੁਫ਼ ਨੂੰ ਆਪਣੇ ਘਰਾਂ ਦਾ ਮੋਹਰੀ ਬਣਾ ਦਿੱਤਾ ਸੀ। ਯੂਸੁਫ਼ ਨੇ ਉਸ ਨਾਲ ਸੰਬੰਧਿਤ ਸ਼ੈਅ ਦੀ ਦੇਖ-ਭਾਲ ਕੀਤੀ
22 ਯੂਸੁਫ਼ ਨੇ ਹੋਰ ਆਗੂਆਂ ਨੂੰ ਨਿਰਦੇਸ਼ ਦਿੱਤੇ ਅਤੇ ਯੂਸੁਫ਼ ਨੇ ਬਜ਼ੁਰਗਾਂ ਨੂੰ ਸਿਖਿਆ ਦਿੱਤੀ।
23 ਫ਼ੇਰ ਇਸਰਾਏਲ ਮਿਸਰ ਵਿੱਚ ਆਇਆ, ਯਾਕੂਬ ਹੈਮ ਦੇ ਦੇਸ਼ ਵਿੱਚ ਰਹਿੰਦਾ ਸੀ।
24 ਯਾਕੂਬ ਦਾ ਪਰਿਵਾਰ ਬਹੁਤ ਵੱਡਾ ਹੋ ਗਿਆ। ਉਹ ਆਪਣੇ ਦੁਸ਼ਮਣਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੋ ਗਏ।
25 ਇਸ ਲਈ ਮਿਸਰਿਆਂ ਨੇ ਯਾਕੂਬ ਦੇ ਪਰਿਵਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਨ੍ਹਾਂ ਦੇ ਗੁਲਾਮਾਂ ਦੇ ਖਿਲਾਫ਼ ਵਿਉਂਤਾ ਬਣਾਈਆਂ।
26 ਇਸ ਲਈ ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਨੂੰ ਅਤੇ ਪਰਮੇਸ਼ੁਰ ਦੇ ਚੁਣੇ ਜਾਜਕ ਆਰੋਨ ਨੂੰ ਭੇਜਿਆ।
27 ਪਰਮੇਸ਼ੁਰ ਨੇ ਹਾਮ ਦੇ ਦੇਸ਼ ਅੰਦਰ ਮੁਸਾ ਅਤੇ ਹਾਰੂਨ ਕੋਲੋਂ ਬਹੁਤ ਸਾਰੇ ਕਰਿਸ਼ਮੇ ਕਰਵਾਏ।
28 ਪਰਮੇਸ਼ੁਰ ਨੇ ਮਹਾ ਅੰਧਕਾਰ ਭੇਜਿਆ ਪਰ ਮਿਸਰੀਆਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ।
29 ਇਸ ਲਈ ਪਰਮੇਸ਼ੁਰ ਨੇ ਪਾਣੀ ਨੂੰ ਲਹੂ ਵਿੱਚ ਬਦਲ ਦਿੱਤਾ, ਅਤੇ ਉਨ੍ਹਾਂ ਦੀਆਂ ਸਾਰੀਆਂ ਮਛੀਆਂ ਮਰ ਗਈਆਂ।
30 ਉਨ੍ਹਾਂ ਦਾ ਦੇਸ਼ ਡੱਡੂਆਂ ਨਾਲ ਭਰ ਗਿਆ। ਰਾਜੇ ਦੇ ਸੌਣ ਦੇ ਕਮਰੇ ਵਿੱਚ ਡੱਡੂ ਹੀ ਡੱਡੂ ਸਨ।
31 ਪਰਮੇਸ਼ੁਰ ਨੇ ਆਦੇਸ਼ ਕੀਤਾ, ਅਤੇ ਉਥੇ ਮਖੀਆਂ ਅਤੇ ਪਿਸ੍ਸੂ ਆ ਗਏ। ਉਹ ਹਰ ਥਾਂ ਫ਼ੈਲ ਗਏ।
32 ਪਰਮੇਸ਼ੁਰ ਨੇ ਗਢ਼ਿਆਂ ਦੀ ਵਰਖਾ ਕਰ ਦਿੱਤੀ ਉਨ੍ਹਾਂ ਦੇ ਦੇਸ਼ ਵਿੱਚ ਹਰ ਥਾਂ ਬਿਜਲੀ ਡਿੱਗੀ।
33 ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦੀਆਂ ਵੇਲਾਂ ਦੇ ਅੰਜੀਰ ਨਸ਼ਟ ਕਰ ਦਿੱਤੇ। ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦਾ ਹਰ ਰੁੱਖ ਨਸ਼ਟ ਕਰ ਦਿੱਤਾ।
34 ਪਰਮੇਸ਼ੁਰ ਨੇ ਆਦੇਸ਼ ਕੀਤਾ, ਅਤੇ ਟਿੱਡੀ ਦਲ ਅਤੇ ਘਾਹ ਦੇ ਟਿੱਡੇ ਆ ਪਏ ਉਹ ਬੇਸ਼ੁਮਾਰ ਸਨ।
35 ਟਿਡ੍ਡੀ ਦਲ ਨੇ ਅਤੇ ਘਾਹ ਦੇ ਟਿਡਿਆਂ ਨੇ ਦੇਸ਼ ਦੇ ਸਾਰੇ ਪੌਦੇ ਖਾ ਲੇ। ਉਨ੍ਹਾਂ ਨੇ ਖੇਤਾਂ ਦੀਆਂ ਸਾਰੀਆਂ ਫ਼ਸਲਾਂ ਖਾ ਲਈਆਂ।
36 ਅਤੇ ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦਾ ਹਰ ਪਲੇਠਾ ਬੱਚਾ ਮਾਰ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਮਾਰ ਦਿੱਤੇ।
37 ਫ਼ਿਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਲਿਆ। ਉਹ ਆਪਣੇ ਨਾਲ ਸੋਨਾ ਚਾਂਦੀ ਲੈ ਗਏ। ਉਹ ਸਾਰੇ ਹੀ ਤਕੜੇ ਆਦਮੀ ਸਨ।
38 ਮਿਸਰ ਪਰਮੇਸ਼ੁਰ ਦੇ ਬੰਦਿਆਂ ਨੂੰ ਜਾਂਦਿਆਂ ਤੱਕ ਕੇ ਖੁਸ਼ ਸੀ, ਕਿਉਂ ਕਿ ਉਹ ਪਰਮੇਸ਼ੁਰ ਦੇ ਬੰਦਿਆਂ ਤੋਂ ਡਰਦੇ ਸਨ।
39 ਪਰਮੇਸ਼ੁਰ ਨੇ ਆਪਣਾ ਕੰਬਲ ਬੱਦਲ ਵਾਂਗ ਵਿਛਾ ਦਿੱਤਾ। ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਰਾਤ ਵੇਲੇ ਰੌਸ਼ਨੀ ਦੇਣ ਲਈ ਆਪਣੀ ਅਗਨੀ ਦੀ ਵਰਤੋਂ ਕੀਤੀ।
40 ਲੋਕਾਂ ਨੇ ਭੋਜਨ ਮੰਗਿਆ, ਅਤੇ ਪਰਮੇਸ਼ੁਰ ਨੇ ਉਨ੍ਹਾਂ ਲਈ ਬਟੇਰੇ ਲਿਆਂਦੇ। ਪਰਮੇਸ਼ੁਰ ਨੇ ਉਨ੍ਹਾਂ ਨੂੰ ਸਵਰਗ ਵਿੱਚੋਂ ਬਹੁਤ ਸਾਰੀ ਰੋਟੀ ਦਿੱਤੀ।
41 ਪਰਮੇਸ਼ੁਰ ਨੇ ਚੱਟਾਨ ਨੂੰ ਚੀਰ ਦਿੱਤਾ, ਅਤੇ ਬੁਲਬੁਲੇ ਛੱਡਦਾ ਪਾਣੀ ਬਾਹਰ ਆਇਆ। ਮਾਰੂਥਲ ਵਿੱਚ ਇੱਕ ਨਦੀ ਵਗਣ ਲਗੀ।
42 ਪਰਮੇਸ਼ੁਰ ਨੂੰ ਆਪਣਾ ਪਵਿੱਤਰ ਵਾਅਦਾ ਯਾਦ ਸੀ। ਪਰਮੇਸ਼ੁਰ ਨੂੰ ਆਪਣਾ ਉਹ ਵਾਅਦਾ ਯਾਦ ਸੀ ਜੋ ਉਸਨੇ ਸੇਵਕ ਅਬਰਾਹਾਮ ਨਾਲ ਕੀਤਾ ਸੀ।
43 ਪਰਮੇਸ਼ੁਰ ਆਪਣੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਆਇਆ। ਲੋਕੀਂ ਖੁਸ਼ੀ ਮਨਾਉਂਦੇ ਅਤੇ ਆਨੰਦ ਦੇ ਗੀਤ ਗਾਉਂਦੇ ਆ ਗਏ।
44 ਫ਼ੇਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਉਹ ਦੇਸ਼ ਦਿੱਤਾ ਜਿਥੇ ਹੋਰ ਲੋਕੀਂ ਰਹਿ ਰਹੇ ਸਨ। ਪਰਮੇਸ਼ੁਰ ਦੇ ਲੋਕਾਂ ਨੂੰ ਉਹ ਚੀਜ਼ਾਂ ਮਿਲੀਆਂ ਜਿਨ੍ਹਾਂ ਲਈ ਹੋਰਾਂ ਲੋਕਾਂ ਨੇ ਕੰਮ ਕੀਤਾ ਸੀ।
45 ਪਰਮੇਸ਼ੁਰ ਨੇ ਅਜਿਹਾ ਕਿਉਂ ਕੀਤਾ? ਤਾਂ ਜੋ ਉਸਦੇ ਲੋਕ ਉਸਦੇ ਨੇਮਾਂ ਦੀ ਪਾਲਣਾ ਕਰ ਸਕਣ। ਤਾਂ ਜੋ ਉਹ ਧਿਆਨ ਨਾਲ ਉਸਦੇ ਉਪਦੇਸ਼ਾਂ ਨੂੰ ਮੰਨਣ।