Home

੩ ਯੂਹੰਨਾ

ਕਾਂਡ : 1


-Reset+

ਕਾਂਡ 1

1 ਲਿਖਤੁਮ ਕਲੀਸਿਯਾ ਦਾ ਬਜ਼ੁਰਗ, ਅੱਗੇ ਜੋਗ ਪਿਆਰੇ ਗਾਯੁਸ ਨੂੰ ਜਿਹ ਦੇ ਨਾਲ ਮੈਂ ਸੱਚੀਂ ਮੁੱਚੀਂ ਪ੍ਰੇਮ ਰੱਖਦਾ ਹਾਂ।
2 ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਜਿਵੇਂ ਤੇਰੀ ਜਾਨ ਸੁਖ ਸਾਂਦ ਨਾਲ ਹੈ ਤਿਵੇਂ ਤੂੰ ਸਭਨੀਂ ਗੱਲੀਂ ਸੁਖ ਸਾਂਦ ਨਾਲ ਅਤੇ ਨਰੋਆ ਰਹੇਂ।
3 ਮੈਂ ਡਾਢਾ ਅਨੰਦ ਹੋਇਆ ਜਦ ਕਦੇ ਭਰਾਵਾਂ ਨੇ ਆਣ ਕੇ ਤੇਰੀ ਸਚਿਆਈ ਦੀ ਸਾਖੀ ਦਿੱਤੀ, ਜਿਵੇਂ ਤੂੰ ਸਚਿਆਈ ਉੱਤੇ ਚੱਲਦਾ ਭੀ ਹੈਂ।
4 ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।
5 ਪਿਆਰਿਆ, ਤੂੰ ਜੋ ਸੇਵਾ ਭਰਾਵਾਂ ਨਾਲ ਅਤੇ ਪਰਦੇਸੀਆਂ ਨਾਲ ਵੀ ਕਰਦਾ ਹੈ ਸੋ ਵਫ਼ਾਦਾਰੀ ਦਾ ਕੰਮ ਕਰਦਾ ਹੈਂ।
6 ਜਿਨ੍ਹਾਂ ਨੇ ਕਲੀਸਿਯਾ ਦੇ ਅੱਗੇ ਤੇਰੇ ਪ੍ਰੇਮ ਦੀ ਸਾਖੀ ਦਿੱਤੀ। ਜੇ ਤੂੰ ਓਹਨਾਂ ਨੂੰ ਅਗਾਹਾਂ ਪੁਚਾ ਦੇਵੇਂ ਜਿਸ ਤਰਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਰਨਾ ਜੋਗ ਹੈ ਤਾਂ ਚੰਗਾ ਕਰੇਂ।
7 ਕਿਉਂ ਜੋ ਓਹ ਉਸ ਨਾਮ ਦੇ ਨਮਿੱਤ ਨਿੱਕਲ ਤੁਰੇ ਅਤੇ ਪਰਾਈਆਂ ਕੌਮਾਂ ਤੋਂ ਕੁਝ ਨਹੀਂ ਲੈਂਦੇ।
8 ਇਸ ਲਈ ਸਾਨੂੰ ਚਾਹੀਦਾ ਹੈ ਜੋ ਏਹੋ ਜੇਹਿਆਂ ਦੀ ਆਗਤ ਭਾਗਤ ਕਰੀਏ ਭਈ ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੋਈਏ।
9 ਮੈਂ ਕਲੀਸਿਯਾ ਨੂੰ ਕੁਝ ਲਿਖਿਆ ਸੀ ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਸਿਰ ਕੱਢ ਹੋਣਾ ਚਾਹੁੰਦਾ ਹੈ ਸਾਨੂੰ ਨਹੀਂ ਮੰਨਦਾ।
10 ਇਸ ਕਾਰਨ ਜੇ ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਚਿਤਾਰਾਂਗਾ ਕਿ ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਬਕਦਾ ਹੈ, ਅਤੇ ਐਨੇ ਨਾਲ ਹੀ ਰਾਜੀ ਨਹੀਂ ਹੁੰਦਾ ਪਰ ਨਾ ਤਾਂ ਆਪ ਭਰਾਵਾਂ ਦਾ ਆਦਰ ਭਾਉ ਕਰਦਾ ਅਤੇ ਜਿਹੜੇ ਕਰਨਾ ਚਾਹੁੰਦੇ ਹਨ ਓਹਨਾਂ ਨੂੰ ਵਰਜਦਾ ਹੈ ਅਤੇ ਓਹਨਾਂ ਨੂੰ ਕਲੀਸਿਯਾ ਵਿੱਚ ਛੇਕ ਦਿੰਦਾ ਹੈ !
11 ਪਿਆਰਿਆ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਜਿਹੜਾ ਭਲਾ ਕਰਦਾ ਹੈ ਉਹ ਪਰਮੇਸ਼ੁਰ ਤੋਂ ਹੈ। ਜਿਹੜਾ ਬੁਰਾ ਕਰਦਾ ਹੈ ਉਹ ਨੇ ਪਰਮੇਸ਼ੁਰ ਨੂੰ ਨਹੀਂ ਵੇਖਿਆ ਹੈ।
12 ਦੇਮੇਤ੍ਰਿਯੁਸ ਦੀ ਸਭਨਾਂ ਨੇ ਅਤੇ ਸਚਿਆਈ ਨੇ ਆਪ ਵੀ ਸਾਖੀ ਦਿੱਤੀ ਹੈ ਸਗੋਂ ਅਸੀਂ ਵੀ ਸਾਖੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਭਈ ਸਾਡੀ ਸਾਖੀ ਸਤ ਹੈ।
13 ਲਿਖਣਾ ਤਾਂ ਤੈਨੂੰ ਮੈਂ ਬਹੁਤ ਕੁਝ ਸੀ ਪਰ ਮੈਂ ਨਹੀਂ ਚਾਹੁੰਦਾ ਭਈ ਸਿਆਹੀ ਅਤੇ ਲਿੱਖਣ ਨਾਲ ਤੈਨੂੰ ਲਿਖਾਂ।
14 ਪਰ ਮੈਨੂੰ ਆਸ ਹੈ ਭਈ ਤੈਨੂੰ ਝੱਬਦੇ ਮਿਲਾਂ। ਤਦ ਅਸੀਂ ਰੋਬਰੂ ਗੱਲਾਂ ਕਰਾਂਗੇ। ਤੈਨੂੰ ਸ਼ਾਂਤੀ ਪਰਾਪਤ ਹੋਵੇ। ਸਾਡੇ ਮਿੱਤ੍ਰ ਤੇਰੀ ਸੁਖ ਸਾਂਦ ਪੁੱਛਦੇ ਹਨ। ਤੂੰ ਸਾਡੇ ਮਿੱਤ੍ਰਾਂ ਨੂੰ ਨਾਉਂ ਲੈ ਲੈ ਕੇ ਸੁਖ ਸਾਂਦ ਆਖੀਂ।

1 ਯੂਹੰਨਾ ਬਜ਼ੁਰਗ ਵੱਲੋਂ ਮੇਰੇ ਮਿੱਤਰ ਗਾਯੁਸ ਨੂੰ ਸ਼ੁਭ ਕਾਮਨਾਵਾਂ, ਜਿਸਨੂੰ ਮੈਂ ਸੱਚਾ ਪਿਆਰ ਕਰਦਾ ਹਾਂ।
2 ਮੇਰੇ ਪਿਆਰੇ ਮਿੱਤਰੋ, ਜਿਵੇਂ ਕਿ ਤੁਹਾਡੀ ਆਤਮਕ ਜ਼ਿੰਦਗੀ ਚੰਗੀ ਚੱਲ ਰਹੀ ਹੈ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਨਾਲ ਸਭ ਕੁਝ ਵਧੀਆ ਹੋਵੇ ਅਤੇ ਤੁਸੀਂ ਚੰਗੀ ਸਿਹਤ ਦਾ ਆਨੰਦ ਮਾਣੋ।
3 ਕੁਝ ਭਰਾ ਮੇਰੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਮੈਨੂੰ ਤੁਹਾਡੇ ਜੀਵਨ ਦੀ ਸਚਾਈ ਬਾਰੇ ਦਸਿਆ। ਉਨ੍ਹਾਂ ਨੇ ਮੈਨੂੰ ਦਸਿਆ ਕਿ ਤੁਸੀਂ ਨਿਰੰਤਰ ਸੱਚ ਦੇ ਮਾਰਗ ਤੇ ਤੁਰ ਰਹੇ ਹੋ। ਇਸ ਨਾਲ ਮੈਨੂੰ ਖੁਸ਼ੀ ਹੋਈ।
4 ਜਦੋਂ ਵੀ ਮੈਂ ਇਹ ਸੁਣਦਾ ਹਾਂ ਕਿ ਮੇਰੇ ਬੱਚੇ ਸੱਚ ਦੇ ਮਾਰਗ ਦਾ ਅਨੁਸਰਣ ਕਰਦੇ ਹਨ ਤਾਂ ਮੈਂ ਬਹੁਤ ਖੁਸ਼ ਹੁੰਦਾ ਹਾਂ। ਮੈਨੂੰ ਇਸ ਤੋਂ ਵਧ ਹੋਰ ਕੋਈ ਆਨੰਦ ਨਹੀਂ ਹੈ।
5 ਮੇਰੇ ਪਿਆਰੇ ਮਿੱਤਰੋ ਇਹ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਭਰਾਵਾਂ ਦੀ ਸਹਾਇਤਾ ਵੀ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ.
6 ਇਨ੍ਹਾਂ ਭਰਾਵਾਂ ਨੇ ਕਲੀਸਿਯਾ ਨੂੰ ਤੁਹਾਡੇ ਪਿਆਰ ਬਾਰੇ ਦਸਿਆ। ਕਿਰ੍ਰਪਾ ਕਰਕੇ ਉਨ੍ਹਾਂ ਦੀ ਯਾਤਰਾ ਲਈ ਉਨ੍ਹਾਂ ਦੀ ਸਹਾਇਤਾ ਕਰਨੀ ਜਾਰੀ ਰਖੋ। ਉਨ੍ਹਾ ਦੀ ਇਸ ਢੰਗ ਨਾਲ ਸਹਾਇਤਾ ਕਰੋ ਜਿਸ ਨਾਲ ਪਰਮੇਸ਼ੁਰ ਪ੍ਰਸੰਨ ਹੋਵੇ।
7 ਇਹ ਭਰਾ ਮਸੀਹ ਦੀ ਸੇਵਾ ਕਰਨ ਲਈ ਆਪਣੀ ਯਾਤਰਾ ਤੇ ਗਏ। ਉਨ੍ਹਾਂ ਨੇ ਅਨਾਸਥਾਵਾਨਾਂ ਪਾਸੋਂ ਕੋਈ ਸਹਾਇਤਾ ਪ੍ਰਵਾਨ ਨਾ ਕੀਤੀ।
8 ਇਸ ਲਈ ਸਾਨੂੰ ਅਜਿਹੇ ਭਰਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ, ਤਾਂ ਅਸੀਂ ਸੱਚ ਲਈ ਉਨ੍ਹਾਂ ਦੇ ਕਾਰਜ ਵਿੱਚ ਹਿੱਸੇਦਾਰ ਬਣ ਜਾਂਦੇ ਹਾਂ।
9 ਮੈਂ ਕਲੀਸਿਯਾ ਨੂੰ ਖਤ ਲਿਖਿਆ ਸੀ, ਪਰ ਦਿਯੁਤ੍ਰਿਫ਼ੇਸ ਨੇ ਸਾਡੀ ਗੱਲ ਨਹੀਂ ਸੁਣੀ। ਉਹ ਹਮੇਸ਼ਾ ਉਨ੍ਹਾਂ ਦਾ ਆਗੂ ਹੋਣ ਦਾ ਵਿਖਾਵਾ ਕਰਨਾ ਪਸੰਦ ਕਰਦਾ ਹੈ।
10 ਜਦੋਂ ਮੈਂ ਆਵਾਂਗਾ, ਮੈਂ ਦਿਖਾ ਦੇਵਾਂਗਾ ਕਿ ਦਿਯੁਤ੍ਰਿਫ਼ੇਸ ਕੀ ਕਰ ਰਿਹਾ ਹੈ। ਉਹ ਝੂਠ ਬੋਲਦਾ ਹੈ ਅਤੇ ਸਾਡੇ ਬਾਰੇ ਮੰਦਾ ਬੋਲਦਾ ਹੈ। ਸਿਰਫ਼ ਇਹੀ ਹੀ ਨਹੀਂ, ਉਹ ਉਨ੍ਹਾਂ ਭਰਾਵਾਂ ਦਾ ਸਵਾਗਤ ਕਰਨ ਤੋਂ ਵੀ ਇਨਕਾਰ ਕਰਦਾ ਹੈ ਜਿਹੜੇ ਮਸੀਹ ਦੀ ਸੇਵਾ ਲਈ ਯਾਤਰਾ ਕਰਦੇ ਹਨ। ਉਹ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ, ਜਿਹੜੇ ਉਨ੍ਹਾਂ ਭਰਾਵਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਲੀਸਿਯਾ ਛੱਡਣ ਲਈ ਮਜਬੂਰ ਕਰਦਾ ਹੈ।
11 ਮੇਰੇ ਪਿਆਰੇ ਮਿੱਤਰ, ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਨਾ ਕਰ ਜਿਹੜੇ ਬਦੀ ਕਰਦੇ ਹਨ, ਸਗੋਂ ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਕਰ ਜਿਹੜੇ ਨੇਕੀ ਕਰਦੇ ਹਨ। ਜਿਹੜਾ ਵਿਅਕਤੀ ਚੰਗੀਆਂ ਗੱਲਾਂ ਕਰਦਾ ਹੈ ਪਰਮੇਸ਼ੁਰ ਨਾਲ ਸੰਬੰਧਿਤ ਹੈ। ਪਰ ਉਹ ਵਿਅਕਤੀ ਜਿਹੜਾ ਬਦੀ ਕਰਦਾ ਹੈ ਉਸਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਿਆ।
12 ਹਰ ਕੋਈ ਦੇਮੇਤ੍ਰਿਯੁਸ ਦੀ ਉਸਤਤਿ ਕਰਦਾ ਹੈ। ਸੱਚ ਖੁਦ ਉਸ ਨਾਲ ਸਹਿਮਤ ਹੁੰਦਾ ਹੈ ਜੋ ਉਹ ਆਖਦੇ ਹਨ। ਸਾਡੇ ਕੋਲ ਵੀ ਉਸ ਲਈ ਆਖਣ ਲਈ ਚੰਗੀਆਂ ਗੱਲਾਂ ਹਨ। ਤੁਸੀਂ ਜਾਣਦੇ ਹੋ ਕਿ ਜੋ ਕੁਝ ਵੀ ਅਸੀਂ ਆਖਦੇ ਹਾਂ, ਸੱਚ ਹੈ।
13 ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਨਾ। ਪਰ ਮੈਂ ਕਲਮ ਦਵਾਤ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ।
14 ਮੈਂ ਤੁਹਾਨੂੰ ਛੇਤੀ ਹੀ ਵੇਖਣ ਦੀ ਆਸ ਰਖਦਾ ਹਾਂ। ਫ਼ੇਰ ਅਸੀਂ ਆਮ੍ਹੋ-ਸਾਮ੍ਹਣੇ ਗੱਲ ਕਰ ਸਕਦੇ ਹਾਂ।
15 ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇ। ਮੇਰੇ ਨਾਲ ਦੇ ਇਥੋਂ ਦੇ ਮਿਤਰ ਤੁਹਾਨੂੰ ਆਪਣਾ ਪਿਆਰ ਦਿੰਦੇ ਹਨ। ਕਿਰਪਾ ਕਰਕੇ ਉਥੋਂ ਦੇ ਸਾਡੇ ਸਾਰੇ ਮਿੱਤਰਾਂ ਨੂੰ ਸਾਡਾ ਪਿਆਰ ਸੂਚਤ ਕਰਨਾ।